ਪੱਤਰ ਪ੍ਰੇਰਕ
ਫਰੀਦਾਬਾਦ, 3 ਫਰਵਰੀ
ਜੇ.ਸੀ. ਬੋਸ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ, ਵਾਈ.ਐੱਮ.ਸੀ.ਏ, ਫਰੀਦਾਬਾਦ ਤੇ ਗੁਰੂਗ੍ਰਾਮ ਯੂਨੀਵਰਸਿਟੀ ਨੇ ਆਪਸੀ ਗਿਆਨ ਤੇ ਮੁਹਾਰਤ ਨੂੰ ਸਾਂਝਾ ਕਰਨ ਤੇ ਉਭਰਦੇ ਖੇਤਰਾਂ ਵਿੱਚ ਸਾਂਝੇ ਅਕਾਦਮਿਕ ਪ੍ਰੋਗਰਾਮਾਂ ਨੂੰ ਸ਼ੁਰੂ ਕਰਨ ਲਈ ਸਮਝੌਤਾ ਸਹੀਬੱਧ ਕੀਤਾ ਹੈ। ਦੋਵੇਂ ਯੂਨੀਵਰਸਿਟੀਆਂ ਅਕਾਦਮਿਕ ਤਰੱਕੀ ਨੂੰ ਉਤਸ਼ਾਹਿਤ ਕਰਨ ਲਈ ਫੈਕਲਟੀ ਐਕਸਚੇਂਜ ਸਣੇ ਆਪਸੀ ਹਿੱਤ ਦੇ ਵੱਖ-ਵੱਖ ਖੇਤਰਾਂ ਵਿੱਚ ਮਿਲ ਕੇ ਕੰਮ ਕਰਨਗੀਆਂ।
ਸਮਝੌਤੇ ’ਤੇ ਜੇਸੀ ਬੋਸ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਐੱਸ.ਕੇ. ਗਰਗ ਅਤੇ ਗੁਰੂਗ੍ਰਾਮ ਯੂਨੀਵਰਸਿਟੀ ਦੀ ਤਰਫੋਂ ਇਸ ’ਤੇ ਰਜਿਸਟਰਾਰ ਡਾ. ਸ਼ਸ਼ੀ ਭੂਸ਼ਣ ਭਾਰਤੀ ਨੇ ਦੋਵਾਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਰਾਜ ਨਹਿਰੂ ਤੇ ਪ੍ਰੋ. ਦਿਨੇਸ਼ ਕੁਮਾਰ ਦੀ ਮੌਜੂਦਗੀ ਵਿੱਚ ਦਸਤਖ਼ਤ ਕੀਤੇ। ਇਸ ਮੌਕੇ ਜੇ.ਸੀ. ਬੋਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਾਜ ਨਹਿਰੂ ਨੇ ਕਿਹਾ ਕਿ ਉੱਭਰਦੀ ਤਕਨਾਲੋਜੀ ਤੇ ਉਦਯੋਗ-ਮੁਖੀ ਹੁਨਰ ਵਿਕਾਸ ’ਤੇ ਖੋਜ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਖੇਤਰ ਦੀਆਂ ਯੂਨੀਵਰਸਿਟੀਆਂ/ ਨੌਜਵਾਨਾਂ ਲਈ ਉਨ੍ਹਾਂ ਕੋਲ ਅਕਾਦਮਿਕ ਸਮਝੌਤਿਆਂ ਰਾਹੀਂ ਇਕੱਠੇ ਕੰਮ ਕਰਨ ਦੀ ਸੰਭਾਵਨਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨੌਜਵਾਨਾਂ ਲਈ ਰੁਜ਼ਗਾਰ ਦੇ ਮੁੱਦੇ ਨੂੰ ਹੱਲ ਕਰਨ ਲਈ ਯੂਨੀਵਰਸਿਟੀਆਂ ਵਿਦਿਆਰਥੀਆਂ ਦੇ ਨਵੀਨ ਵਿਚਾਰਾਂ ਨੂੰ ਉਤਸ਼ਾਹਿਤ ਕਰਨ ਲਈ ਮਿਲ ਕੇ ਕੰਮ ਕਰ ਸਕਦੀਆਂ ਹਨ।ਗੁਰੂਗ੍ਰਾਮ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਦਿਨੇਸ਼ ਕੁਮਾਰ ਨੇ ਦੱਸਿਆ ਕਿ ਜੇ.ਸੀ. ਬੋਸ ਯੂਨੀਵਰਸਿਟੀ ਰਾਜ ਵਿੱਚ ਤਕਨੀਕੀ ਸਿੱਖਿਆ ਦੇ ਖੇਤਰ ਵਿੱਚ ਸਥਾਪਿਤ ਸੰਸਥਾ ਹੈ, ਗੁਰੂਗ੍ਰਾਮ ਯੂਨੀਵਰਸਿਟੀ, ਜੋ ਮੁਕਾਬਲਤਨ ਨਵੀਂ ਯੂਨੀਵਰਸਿਟੀ ਹੈ ਤੇ ਗੁਰੂਗ੍ਰਾਮ ਯੂਨੀਵਰਸਿਟੀ ਨੂੰ ਦੇਸ਼ ਦੇ ਮਿਲੇਨੀਅਮ ਸਿਟੀ ਵਿੱਚ ਸਥਿਤ ਹੋਣ ਦਾ ਰਣਨੀਤਕ ਫ਼ਾਇਦਾ ਹੈ।