ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਜੂਨ
‘ਆਪ’ ਆਗੂ ਸੰਜੇ ਸਿੰਘ ਨੇ ਕਿਹਾ ਕਿ ਅਗਨੀਪਥ ਯੋਜਨਾ ਨੌਜਵਾਨਾਂ ਨੂੰ ਬੇਰੁਜ਼ਗਾਰ ਕਰਨ ਤੇ ਦੇਸ਼ ਨਾਲ ਧੋਖਾ ਕਰਨ ਦੀ ਮੋਦੀ ਸਰਕਾਰ ਦੀ ਯੋਜਨਾ ਹੈ। ਫੌਜ ਵਿੱਚ ਭਰਤੀ ਹੋਣ ਵਾਲੇ ਜਵਾਨਾਂ ਨੂੰ 1 ਸਾਲ ਦੀ ਸਿਖਲਾਈ ਦੇਣ ਦਾ ਨਿਯਮ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਿਖਲਾਈ ਨੂੰ 6 ਮਹੀਨੇ ਤੱਕ ਘਟਾ ਦਿੱਤਾ ਹੈ, ਕੀ ਇਹ ਭਾਰਤ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਹੈ। ਸੰਜੇ ਸਿੰਘ ਨੇ ਕਿਹਾ ਕਿ ਲੱਖਾਂ ਕਰੋੜਾਂ ਰੁਪਏ ਲੁੱਟਣ ਵਾਲੇ ਫੜੇ ਜਾਣ ਤਾਂ ਮੋਟੀ ਰਕਮ ਵਸੂਲ ਕੀਤੀ ਜਾ ਸਕਦੀ ਹੈ। ਇੰਨੇ ਪੈਸੇ ਮਿਲਣ ਕਿ ਉਹ 20 ਸਾਲਾਂ ਤੱਕ ਆਸਾਨੀ ਨਾਲ ਤਨਖਾਹ ਦੇ ਸਕਦੇ ਹਨ। ਮੇਹੁਲ ਚੋਕਸੀ 20 ਹਜ਼ਾਰ ਕਰੋੜ, ਵਿਜੇ ਮਾਲਿਆ 10 ਹਜ਼ਾਰ ਕਰੋੜ, ਨਿਤਿਨ ਸੰਦੇਸ਼ਰਾ 6 ਹਜ਼ਾਰ ਕਰੋੜ ਅਤੇ ਲਲਿਤ ਮੋਦੀ ਕਰੀਬ 2800 ਕਰੋੜ ਲੁੱਟ ਕੇ ਭੱਜ ਗਏ ਜਦਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਤਨਖਾਹ ਦੇਣ ਦਾ ਖਰਚਾ 30 ਹਜ਼ਾਰ ਕਰੋੜ ਤੱਕ ਹੀ ਆਵੇਗਾ। ਉਨ੍ਹਾਂ ਕਿਹਾ ਕਿ ਅਡਾਨੀ, ਨੀਰਵ ਮੋਦੀ, ਮੇਹੁਲ ਚੋਕਸੀ ਲਈ ਕੋਈ ਆਰਥਿਕ ਸੰਕਟ ਨਹੀਂ ਹੈ ਪਰ ਭਾਰਤੀ ਫੌਜ ਅਤੇ ਭਾਰਤ ਦੀ ਸੁਰੱਖਿਆ ਲਈ ਆਰਥਿਕ ਸੰਕਟ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਅੰਦੋਲਨ ਸੜਕ ’ਤੇ ਚੱਲ ਰਿਹਾ ਹੈ, ਸਦਨ ਸ਼ੁਰੂ ਹੁੰਦੇ ਹੀ ਸੰਸਦ ਦੇ ਅੰਦਰ ਜ਼ੋਰਦਾਰ ਢੰਗ ਨਾਲ ਇਹ ਮਾਮਲਾ ਉਠਾਵਾਂਗੇ ਕਿ ਇਸ ਯੋਜਨਾ ਨੂੰ ਵਾਪਸ ਲਿਆ ਜਾਵੇ। ਨੌਜਵਾਨਾਂ ਦੇ ਗੁੱਸੇ ਨਾਲ ਨਾ ਖੇਡੋ, ਜਿਸ ਤਰ੍ਹਾਂ ਉਨ੍ਹਾਂ ਨੇ ਨਰਿੰਦਰ ਮੋਦੀ ਨੂੰ ਮੋਢਿਆਂ ’ਤੇ ਚੁੱਕ ਕੇ ਸੱਤਾ ਦੇ ਸਿਖਰ ‘ਤੇ ਪਹੁੰਚਾਇਆ ਹੈ, ਉਸੇ ਤਰ੍ਹਾਂ ਉਹ ਵੋਟਾਂ ਦੀ ਤਾਕਤ ਨਾਲ ਉਨ੍ਹਾਂ ਨੂੰ ਜ਼ਮੀਨ ’ਤੇ ਰੱਖਣ ਦਾ ਕੰਮ ਕਰਨਗੇ।ਉਨ੍ਹਾਂ ਕਿਹਾ ਕਿ ਭਾਜਪਾ ਦੇ ਕੇਂਦਰੀ ਮੰਤਰੀ ਕਿਸ਼ਨ ਰੈੱਡੀ ਕਹਿ ਰਹੇ ਹਨ ਕਿ ਜਵਾਨਾਂ ਨੂੰ ਵਾਲ ਕੱਟਣ, ਇਲੈਕਟ੍ਰੀਸ਼ੀਅਨ, ਧੋਬੀ ਦੀ ਸਿਖਲਾਈ ਦਿੱਤੀ ਜਾਵੇਗੀ, ਭਾਜਪਾ ਦੀ ਫੌਜ ਦਾ ਇੰਨਾ ਅਪਮਾਨ ਨਾ ਕਰੋ। ਭਾਜਪਾ ਦੇ ਨੇਤਾ ਕਿਸ਼ਨ ਰੈਡੀ ਅਤੇ ਕੈਲਾਸ਼ ਵਿਜੇਵਰਗੀਆ ਨੇ ਉਨ੍ਹਾਂ ਗੱਲ ਨੂੰ ਸਹੀ ਸਾਬਤ ਕੀਤਾ ਹੈ, ਪ੍ਰਾਈਵੇਟ ਕੰਪਨੀਆਂ ਲਈ ਸੁਰੱਖਿਆ ਗਾਰਡ ਬਣਾਉਣ ਲਈ ਨਰਿੰਦਰ ਮੋਦੀ ਸਰਕਾਰ ਦੀ ਇਹ ਯੋਜਨਾ ਹੈ। ਉਨ੍ਹਾਂ ਕਿਹਾ ਕਿ ਜੇ ਅਗਨੀਪਥ ਇੰਨੀ ਚੰਗੀ ਯੋਜਨਾ ਹੈ ਤਾਂ ਪ੍ਰਧਾਨ ਮੰਤਰੀ ਮੋਦੀ, ਅਮਿਤ ਸ਼ਾਹ, ਰੱਖਿਆ ਮੰਤਰੀ, ਕੇਂਦਰੀ ਮੰਤਰੀ ਤੇ ਭਾਜਪਾ ਦੇ ਸੰਸਦ ਮੈਂਬਰ-ਵਿਧਾਇਕ ਆਪਣੇ ਪੁੱਤਰਾਂ-ਭਤੀਜਿਆਂ ਨੂੰ ਅਗਨੀ ਸਕੀਮ ਲਈ ਭੇਜਣ।
ਭਾਰਤ ਬੰਦ ਦਾ ਜੀਂਦ ਵਿੱਚ ਮਿਲਿਆ-ਜੁਲਿਆ ਅਸਰ
ਜੀਂਦ (ਪੱਤਰ ਪ੍ਰੇਰਕ): ਸੈਨਾ ਵਿੱਚ ਚਾਰ ਸਾਲ ਲਈ ਭਰਤੀ ਤੋਂ ਬਾਅਦ ਸੇਵਾਮੁਕਤ ਕਰਨ ਦੀ ਅਗਨੀਪਥ ਯੋਜਨਾ ਦਾ ਵਿਰੋਧ ਕਰਨ ਲਈ ਅੰਦੋਲਨਕਾਰੀਆਂ ਨੇ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਸੀ, ਜਿਸ ਦੇ ਚਲਦੇ ਅੱਜ ਭਾਰਤ ਬੰਦ ਨੂੰ ਜੀਂਦ ਵਿੱਚ ਮਿਲਿਆ-ਜੁਲਿਆ ਹੁੰਗਾਰਾ ਮਿਲਿਆ। ਕੁਝ ਹੀ ਦੁਕਾਨਾਂ ਨੂੰ ਛੱਡ ਬਾਕੀ ਦੇ ਬਾਜ਼ਾਰ ਆਮ ਦਿਨਾਂ ਵਾਂਗ ਖੁੱਲ੍ਹੇ ਰਹੇ। ਹੋਰਾਂ ਰਾਜਾਂ ਅਤੇ ਰਾਤਰੀ ਦੀ ਬੱਸਾਂ ਦੀ ਸੇਵਾ ਬੰਦ ਰਹੀ ਅਤੇ ਲੰਬੇ ਰੂਟ ਵਾਲੀ ਬੱਸਾਂ ਨੂੰ ਵੀ ਨਹੀਂ ਭੇਜਿਆ ਗਿਆ। ਯਾਤਰੀਆਂ ਨੂੰ ਅਪਣੇ ਠਿਕਾਣੇ ਤੱਕ ਪਹੁੰਚਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸੇ ਪ੍ਰਕਾਰ ਕੁਝ ਪਿੰਡਾਂ ਦੇ ਲੋਕਾਂ ਨੂੰ ਵੀ ਬੱਸ ਸੇਵਾ ਨਹੀਂ ਮਿਲ ਸਕੀ। ਜੀਂਦ ਡਿੱਪੂ ਦੇ ਡੀਆਈ ਰਾਜਵੀਰ ਸਿੰਘ ਨੇ ਕਿਹਾ ਕਿ ਪਿਛਲੇ ਅੰਦੋਲਨਾਂ ਵਿੱਚ ਅੰਦੋਲਨਕਾਰੀਆਂ ਨੇ ਵਧੇਰੇ ਨੁਕਸਾਨ ਬੱਸਾਂ ਨੂੰ ਪਹੁੰਚਾਇਆ ਸੀ। ਇਸ ਕਾਰਨ ਰੋਡਵੇਜ਼ ਵਿਭਾਗ ਨੇ ਕੁਝ ਬੱਸਾਂ ਨੂੰ ਬੰਦ ਹੀ ਰੱਖਣ ਦਾ ਫੈਸਲਾ ਲਿਆ ਸੀ।