ਮਹਾਂਵੀਰ ਮਿੱਤਲ
ਜੀਂਦ, 28 ਮਈ
ਖੜਕੜ ਟੌਲ ਪਲਾਜ਼ਾ ਕੋਲ ਕਿਸਾਨਾਂ ਦੇ ਧਰਨੇ ਨੂੰ 5 ਮਹੀਨਿਆਂ ਤੋਂ ਵੱਧ ਸਮਾਂ ਹੋ ਚੁੱਕਿਆ ਹੈ। ਉਦੋਂ ਤੋਂ ਹੀ ਆਉਣ ਜਾਣ ਵਾਲੇ ਵਾਹਨਾਂ ਲਈ ਟੌਲ ਫਰੀ ਕਰਵਾਇਆ ਹੋਇਆ ਹੈ। 24 ਮਈ ਨੂੰ ਹਿਸਾਰ ਵਿੱਚ ਕਿਸਾਨਾਂ ਦੇ ਅੰਦੋਲਨ ਵਿੱਚ ਖਟਕੜ ਟੌਲ ਪਲਾਜ਼ਾ ਤੋਂ ਕਿਸਾਨਾਂ ਵੱਲੋਂ ਭਾਗ ਲੈਣ ’ਤੇ ਹਿਸਾਰ ਦੇ ਰਾਮਾਇਣ, ਚਿਕਨਵਾਸ, ਚੌਧਰੀ ਤੇ ਬਾਡੋਪਤੀ ਟੌਲ ਕੋਲ ਚੱਲ ਰਹੇ ਧਰਨੇ ਤੋਂ ਕਿਸਾਨਾਂ ਦਾ ਪ੍ਰਤੀਨਿਧੀ ਮੰਡਲ ਖਟਕੜ ਟੌਲ ਪਲਾਜ਼ਾ ਉੱਤੇ ਪਹੁੰਚਿਆ ਤੇ ਹਿਸਾਰ ਪਹੁੰਚਣ ਲਈ ਕਿਸਾਨਾਂ ਦਾ ਧੰਨਵਾਦ ਕੀਤਾ। ਧਰਨੇ ਦੀ ਪ੍ਰਧਾਨਗੀ ਮੇਵਾ ਸਿੰਘ ਬੜੋਦਾ ਨੇ ਕੀਤੀ। ਸੰਕੇਤਕ ਭੁੱਖ ਹੜਤਾਲ ਉੱਤੇ ਸੰਦੀਪ, ਜਗਦੀਸ਼, ਸਾਹਿਬ ਸਿੰਘ, ਬਲਦੇਵ ਸਿੰਘ ਅਤੇ ਸੁਖਬੀਰ ਬੜੋਦਾ ਰਹੇ। ਕਿਸਾਨਾਂ ਦੇ ਧਰਨੇ ਜੀਂਦ ਦੇ ਵਪਾਰੀਆਂ ਨੇ ਵੀ ਪਹੁੰਚ ਕੇ ਕਿਸਾਨਾਂ ਨੂੰ ਅਪਣਾ ਸਮਰਥਨ ਦਿੱਤਾ। ਇਸ ਮੌਕੇ ਉੱਤੇ ਵਿਕਾਸ ਸੀਂਸਰ ਨੇ ਕਿਹਾ ਕਿ ਹਿਸਾਰ ਦੇ ਪ੍ਰਦਰਸ਼ਨ ਵਿੱਚ ਕਿਸਾਨ ਮਜ਼ਦੂਰ ਦੀ ਏਕਤਾ ਨੇ ਸਾਸ਼ਨ ਅਤੇ ਪ੍ਰਸ਼ਾਸਨ ਨੂੰ ਝੁਕਵਾਉਣ ਦਾ ਕੰਮ ਕੀਤਾ। ਜਿਸ ਪ੍ਰਸਾਸ਼ਨ ਨੇ ਧਾਰਾ 307 ਦੇ ਤਹਿਤ ਸੈਂਕੜੇ ਕਿਸਾਨਾਂ ਦੇ ਵਿਰੁੱਧ ਮਾਮਲੇ ਦਰਜ ਕੀਤੇ ਸੀ, ਹਜਾਰਾਂ ਦੀ ਸੰਖਿਆ ਵਿੱਚ ਕਿਸਾਨਾਂ ਦੀ ਹਾਸ਼ਰੀ ਨੂੰ ਵੇਖਦੇ ਹੋਏ ਉਹ ਮਾਮਲੇ ਵਾਪਸ ਲੈਣ ਦੀ ਸਹਿਮਤੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ 24 ਮਈ ਦੇ ਹਿਸਾਰ ਦੇ ਕਮਿਸ਼ਨਰ ਦੇ ਘਿਰਾਓ ਵਿੱਚ ਜੋ ਕਿਸਾਨ ਖਟਕੜ ਟੌਲ ਪਲਾਜ਼ਾ ਤੋਂ ਵੱਡੀ ਗਿਣਤੀ ਵਿੱਚ ਉੱਥੇ ਗਏ ਸੀ, ਉਨ੍ਹਾਂ ਦਾ ਧੰਨਵਾਦ ਕਰਨ ਲਈ ਕਿਸਾਨਾਂ ਦਾ ਪ੍ਰਤੀਨਿੱਧੀ ਮੰਡਲ ਆਇਆ ਹੈ। ਕੈਪਟਨ ਰਣਧੀਰ ਸਿੰਘ, ਬਲਰਾਜ ਨਗੂਰਾਂ, ਬਿਜਿੰਦਰ ਸਿੰਧੂ ਆਦਿ ਨੇ ਕਿਹਾ ਕਿ ਕਿਸਾਨ ਅਤੇ ਮਜਦੂਰ ਫੈਸਲਾ ਕਰ ਚੁੱਕੇ ਹਨ ਕਿ ਜਦੋਂ ਤੱਕ ਕਿਸਾਨ ਅੰਦੋਲਨ ਰਹੇਗਾ, ਉਦੋਂ ਤੱਕ ਭਾਜਪਾ, ਜਜਪਾ ਦੇ ਆਗੂਆਂ ਦਾ ਪ੍ਰਦੇਸ਼ ਵਿੱਚ ਪ੍ਰੋਗਰਾਮ ਹੋਣ ਉੱਤੇ ਵਿਰੋਧ ਕੀਤਾ ਜਾਵੇਗਾ। ਜੀਂਦ ਵਿੱਚ ਵਪਾਰੀ ਨਾਲ ਪੁਲੀਸ ਵੱਲੋਂ ਮਾਰਕੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਿੱਚ ਵਪਾਰੀ ਅਪਣੇ ਆਪ ਨੂੰ ਇੱਕਲਾ ਨਾ ਸਮਝਣ। ਕਿਸਾਨ ਮਜ਼ਦੂਰ ਵਪਾਰੀ ਨਾਲ ਖੜ੍ਹਾ ਹੈ। ਲੌੜ ਪਵੇਗੀ ਤਾਂ ਕਿਸਾਨ ਜੀਂਦ ਆ ਕੇ ਅੰਦੋਲਨ ਸ਼ੁਰੂ ਕਰਨਗੇ।