ਨਿੱਜੀ ਪੱਤਰ ਪ੍ਰੇਰਕ
ਸਿਰਸਾ, 20 ਅਗਸਤ
ਪਸ਼ੂਆਂ ’ਚ ਲੰਪੀ ਚਮੜੀ ਰੋਗ ਦੇ ਦਿਨੋਂ-ਦਿਨ ਵੱਧਣ ਨਾਲ ਪਸ਼ੂ ਪਾਲਕਾਂ ’ਚ ਜਿਥੇ ਚਿੰਤਾ ਵੱਧ ਰਹੀ ਹੈ ਉਥੇ ਹੀ ਰਾਜਸਥਾਨ ਤੋਂ ਪਸ਼ੂ ਚਰਾਉਣ ਲਈ ਆਏ ਪਸ਼ੂ ਪਾਲਕਾਂ ’ਚ ਡਰ ਦਾ ਮਾਹੌਲ ਬਣ ਗਿਆ ਹੈ। ਰਾਜਸਥਾਨ ਤੋਂ ਇਥੇ ਪਸ਼ੂਆਂ ਲਿਆ ਕੇ ਗੁਜਾਰਾ ਕਰ ਰਹੇ ਕਾਲੂ ਰਾਮ, ਤੇਜਾ ਰਾਮ ਅਤੇ ਵਿਨੋਦ ਕੁਮਾਰ ਨੇ ਦੱਸਿਆ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਤੋਂ ਇੱਥੇ ਗਊਆਂ ਲਿਆ ਕੇ ਆਪਣੇ ਪਰਿਵਾਰ ਨਾਲ ਗੁਜ਼ਾਰਾ ਕਰ ਰਹੇ ਹਨ। ਪਸ਼ੂ ਪਾਲਕਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਕਰੀਬ ਸਾਢੇ ਚਾਰ ਸੌ ਗਊਆਂ ਹਨ, ਜਿਨ੍ਹਾਂ ਵਿੱਚੋਂ ਪੰਜਾਹ ਤੋਂ ਵੱਧ ਗਊਆਂ ਬਿਮਾਰ ਹਨ ਤੇ ਕਈਆਂ ਦੀ ਮੌਤ ਵੀ ਹੋ ਚੁੱਕੀ ਹੈ। ਇਲਾਜ ਦੇ ਬਵਜੂਦ ਗਊਆਂ ਦੀ ਬਿਮਾਰੀ ਠੀਕ ਨਹੀਂ ਹੋ ਰਹੀ ਹੈ। ਗਊਆਂ ਦੇ ਇਲਾਜ ’ਤੇ ਖਰਚ ਕਾਰਨ ਲਗਾਤਾਰ ਆਰਥਿਕ ਨੁਕਸਾਨ ਹੋ ਰਿਹਾ ਹੈ ਤੇ ਹੁਣ ਲੋਕ ਉਨ੍ਹਾਂ ਨੂੰ ਪਿੰਡਾਂ ਵਿੱਚ ਰਾਤ ਨਹੀਂ ਰੁਕਣ ਦਿੰਦੇ। ਪਿੰਡਾਂ ਵਾਲੇ ਦੋਸ਼ ਲਗਾ ਰਹੇ ਹਨ ਕਿ ਇਹ ਬਿਮਾਰੀ ਰਾਜਸਥਾਨ ਦੇ ਪਸ਼ੂ ਪਾਲਕਾਂ ਦੇ ਕਾਰਨ ਇਥੇ ਫੈਲ ਰਹੀ ਹੈ। ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਬਾਹਰੀ ਸੂਬਿਆਂ ਤੋਂ ਪਸ਼ੂ ਲਿਆਉਣ ਤੇ ਲਿਜਾਣ ’ਤੇ ਪਾਬੰਦੀ ਲਾ ਦਿੱਤੀ ਹੈ। ਡਿਪਟੀ ਕਮਿਸ਼ਨਰ ਅਜੈ ਸਿੰਘ ਤੋਮਰ ਨੇ ਕਿਹਾ ਕਿ ਲੰਪੀ ਸਕਿਨ ਤੋਂ ਪੀੜਤ ਪਸ਼ੂ ਦੂਜੇ ਪਸ਼ੂਆਂ ਤੋਂ ਵੱਖ ਕਰ ਦਿੱਤੇ ਜਾਣ।