ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 6 ਜੂਨ
ਐਲਬਮ ਯੂਨੀਵਰਸਿਟੀ ਸੱਦੋਪੁਰ ਸਾਹਮਣੇ ਖਾਲੀ ਮੈਦਾਨ ਵਿੱਚੋਂ ਬੀਤੀ 20 ਮਾਰਚ ਨੂੰ ਤਿੰਨ ਹੈਂਡ ਗਰਨੇਡ ਮਿਲਣ ਦੇ ਮਾਮਲੇ ਵਿੱਚ ਐੱਸਪੀ ਅੰਬਾਲਾ ਵੱਲੋਂ ਬਣਾਈ ਗਈ ਸਾਂਝੀ ਟੀਮ ਵੱਲੋਂ ਬੀਤੇ ਦਿਨੀਂ ਗ੍ਰਿਫ਼ਤਾਰ ਤਿੰਨੋਂ ਮੁਲਜ਼ਮਾਂ ਨੂੰ ਅੱਜ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੀਆਈਏ-1 ਦੀ ਟੀਮ ਨੇ ਪਹਿਲੀ ਜੂਨ ਨੂੰ ਇੰਸਪੈਕਟਰ ਸੰਦੀਪ ਕੁਮਾਰ ਦੀ ਅਗਵਾਈ ਹੇਠ ਕਾਰਵਾਈ ਕਰਦਿਆਂ ਮੁਲਜ਼ਮ ਅਮਨਦੀਪ ਸਿੰਘ (29) ਵਾਸੀ ਬਿੰਜੋਂ ਕੇ ਮੱਖੂ, ਜ਼ਿਲ੍ਹਾ ਫ਼ਿਰੋਜ਼ਪੁਰ ਤੇ ਆਕਾਸ਼ਦੀਪ (21) ਵਾਸੀ ਪਿਰਕੀ ਨੇੜੇ ਕੈਨਾਲ ਕਲੋਨੀ ਥਾਣਾ ਸਦਰ ਜ਼ਿਲ੍ਹਾ ਫ਼ਿਰੋਜ਼ਪੁਰ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਗ੍ਰਿਫ਼ਤਾਰ ਕਰ ਕੇ ਅਦਾਲਤ ਰਾਹੀਂ ਤਿੰਨ ਦਿਨ ਦੇ ਰਿਮਾਂਡ ’ਤੇ ਲਿਆ ਸੀ, ਜਿਸ ਮਗਰੋਂ 4 ਜੂਨ ਨੂੰ ਦੋਵੇਂ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤੇ ਗਏ। ਇਸ ਮਾਮਲੇ ਦੇ ਮੁੱਖ ਸਾਜ਼ਿਸ਼ਘਾੜੇ ਗੁਰਪ੍ਰੀਤ ਉਰਫ਼ ਗੋਪੀ (27) ਵਾਸੀ ਬਿੰਜੋਂ ਕੇ ਮੱਖੂ ਨੂੰ ਵੀ ਅੱਜ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਐੱਸਪੀ ਅੰਬਾਲਾ ਜਸ਼ਨਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਉਰਫ਼ ਗੋਪੀ ਦੇ ਸਬੰਧ ਸਰਹੱਦ ਪਾਰ ਰਹਿੰਦੇ ਹਰਵਿੰਦਰ ਸਿੰਘ ਨਾਲ ਹਨ। ਉਨ੍ਹਾਂ ਦੱਸਿਆ ਕਿ ਸਰਹੱਦ ਨਾਲ ਲੱਗਦੇ ਪਿੰਡ ਮੁੱਠੇਵਾਲਾ ਵਿੱਚ ਅਕਾਸ਼ਦੀਪ ਦੀ ਨਾਨੀ ਦੇ ਖੇਤ ਹਨ, ਜਿੱਥੇ ਸਰਹੱਦ ਪਾਰ ਤੋਂ ਡਰੋਨ ਰਾਹੀਂ ਨਸ਼ੀਲੇ ਪਦਾਰਥ ਤੇ ਧਮਾਕਾਖੇਜ਼ ਸਮੱਗਰੀ ਪਹੁੰਚਦੀ ਸੀ। ਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਮੰਨਿਆ ਹੈ ਕਿ 14/15 ਮਾਰਚ ਦੀ ਰਾਤ ਨੂੰ ਹੈਂਡ ਗਰਨੇਡ, ਡਿਵਾਈਸ ਤੇ ਹੋਰ ਸਾਮਾਨ ਸਣੇ ਪੰਜਾਹ ਹਜ਼ਾਰ ਰੁਪਏ ਉਨ੍ਹਾਂ ਸੱਦੋਪੁਰ ਮੀਲ ਪੱਥਰ ਕੋਲ ਰੱਖੇ ਸਨ।