ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 25 ਸਤੰਬਰ
ਪਿਛਲੇ ਇੱਕ ਹਫ਼ਤੇ ਤੋਂ ਹੜਤਾਲ ’ਤੇ ਚੱਲ ਰਹੇ ਆੜ੍ਹਤੀਆਂ ਨੇ ਆਪਣੀਆਂ ਮੰਗਾਂ ਪੂਰੀਆਂ ਹੋਣ ਤੱਕ ਹੜਤਾਲ ’ਤੇ ਡਟੇ ਰਹਿਣ ਦਾ ਐਲਾਨ ਕੀਤਾ ਹੈ। ਆੜ੍ਹਤੀ ਐਸੋਸੀਏਸ਼ਨ ਨੇ ਝੋਨਾ ਖ਼ਰੀਦਣ ਵਾਲੇ ਆੜ੍ਹਤੀ ’ਤੇ 11 ਹਜ਼ਾਰ ਰੁਪਏ ਜੁਰਮਾਨਾ ਲਾਉਣ ਦਾ ਐਲਾਨ ਪਹਿਲਾਂ ਹੀ ਕੀਤਾ ਹੋਇਆ ਹੈ। ਦੂਜੇ ਪਾਸੇ ਮੰਡੀ ਵਿਚ ਫ਼ਸਲ ਬਰਬਾਦ ਹੁੰਦੀ ਦੇਖ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਦੇ ਬਲਾਕ-1 ਅੰਬਾਲਾ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਵਿਚ ਕਿਸਾਨ ਰੋਸ ਪ੍ਰਗਟਾਉਣ ਲਈ ਆੜ੍ਹਤੀਆਂ ਦੇ ਧਰਨਾ ਸਥਾਨ ’ਤੇ ਪਹੁੰਚੇ ਅਤੇ ਝੋਨੇ ਦੀ ਖ਼ਰੀਦ ਸਬੰਧੀ ਉਨ੍ਹਾਂ ਨਾਲ ਸੰਵਾਦ ਕੀਤਾ। ਉਨ੍ਹਾਂ ਆੜ੍ਹਤੀਆਂ ਨੂੰ ਫ਼ਸਲ ਦੀ ਖ਼ਰੀਦ ਨਾ ਹੋਣ ਤੱਕ ਬਾਰਸ਼ ਵਿਚ ਭਿੱਜੀ ਫ਼ਸਲ ਨੂੰ ਸੁਕਾਉਣ ਅਤੇ ਪੱਖਾ ਲਾਉਣ ਦੀ ਮੰਗ ਕੀਤੀ। ਨਾਲ ਹੀ ਉਨ੍ਹਾਂ ਨੇ ਮੰਡੀ ਵਿਚ ਫ਼ਸਲ ਲੈ ਕੇ ਪਹੁੰਚੇ ਕਿਸਾਨਾਂ ਦੇ ਖਾਣ-ਪੀਣ ਦਾ ਪ੍ਰਬੰਧ ਕਰਨ ਲਈ ਕਿਹਾ। ਬਲਾਕ ਪ੍ਰਧਾਨ ਨੇ ਕਿਹਾ ਕਿ ਆੜ੍ਹਤੀਆਂ ਅਤੇ ਸਰਕਾਰ ਦੀ ਲੜਾਈ ਵਿਚ ਕਿਸਾਨ ਪਿਸ ਰਹੇ ਹਨ। ਮੰਡੀਆਂ ਵਿਚ ਭਿੱਜਿਆ ਝੋਨਾ ਪੁੰਗਰਨ ਲੱਗ ਪਿਆ ਹੈ।
ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਦੁਨੀ ਚੰਦ ਦਾਨੀਪੁਰ ਨੇ ਕਿਸਾਨਾਂ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਧੁੱਪ ਨਿਕਲਣ ’ਤੇ ਲੇਬਰ ਲਾ ਕੇ ਝੋਨਾ ਸੁਕਾਇਆ ਜਾਵੇਗਾ ਪਰ ਬੋਰੀਆਂ ਵਿਚ ਉਦੋਂ ਤੱਕ ਨਹੀਂ ਭਰਿਆ ਜਾਵੇਗਾ ਜਦੋਂ ਤੱਕ ਹੜਤਾਲ ਖ਼ਤਮ ਨਹੀਂ ਹੁੰਦੀ।