ਮਹਾਂਵੀਰ ਮਿੱਤਲ
ਜੀਂਦ, 23 ਸਤੰਬਰ
ਇੱਥੇ ਉਚਾਨਾ ਦੀ ਪੁਰਾਣੀ ਅਨਾਜ ਮੰਡੀ ਵਿੱਚ ਆੜ੍ਹਤੀਆਂ ਨੇ ਅੱਜ ਇੱਕਠੇ ਹੋ ਕੇ ਸਰਕਾਰ ਅਤੇ ਮਾਰਕੀਟਿੰਗ ਬੋਰਡ ਦੇ ਖਿਲਾਫ ਰੋਸ ਮੁਜ਼ਾਹਰਾ ਕਰਦਿਆਂ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਆੜ੍ਹਤੀਆਂ ਨੇ ਦੱਸਿਆ ਕਿ ਉਹ 19 ਸਤੰਬਰ ਤੋਂ ਆਪਣੀਆਂ ਮੰਗਾਂ ਦੇ ਹੱਲ ਲਈ ਹੜਤਾਲ ’ਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਨਸੂਬਾ ਮੰਡੀਆਂ ਨੂੰ ਖਤਨ ਕਰਨ ਦਾ ਹੈ, ਜਿਸ ਨੂੰ ਕਿ ਕਦੇ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ।
ਇਸ ਮੌਕੇ ਬਲਰਾਜ ਸਿਉਕੰਦ, ਸੁਰੇਸ਼ ਖਰਕਭੁਰਾ ਅਤੇ ਜੱਸਾ ਨਗੂਰਾਂ ਨੇ ਕਿਹਾ ਕਿ ਜੀਰੀ ’ਤੇ ਸਰਕਾਰ ਵੱਲੋਂ 4 ਫੀਸਦ ਮਾਰਕੀਟ ਫੀਸ ਲਗਾਈ ਗਈ ਹੈ, ਮਾਰਕੀਟ ਫੀਸ ਵਧਣ ਕਾਰਨ ਕਿਸਾਨਾਂ ਨੂੰ ਪ੍ਰਾਈਵੇਟ ਬੋਲੀ ਉੱਤੇ ਘੱਟ ਭਾਅ ਮਿਲਣਗੇ। ਇਸ ਨਾਲ ਕਿਸਾਨਾਂ ਦਾ ਨੁਕਸਾਨ ਹੋਵੇਗਾ।
ਦੂਜੇ ਪਾਸੇ ਸਰਕਾਰ ਆੜ੍ਹਤੀਆਂ ਦੀ ਆੜ੍ਹਤ ਵੀ ਘਟਾ ਰਹੀ ਹੈ ਜੋ ਸਰਾਸਰ ਗਲਤ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆੜ੍ਹਤੀਆਂ ਦੀ ਆੜ੍ਹਤ ਘੱਟ ਨਾ ਕਰੇ ਅਤੇ ਲਗਾਈ ਹੋਈ ਮਾਰਕੀਟ ਕਮੇਟੀ ਫੀਸ ਵਾਪਸ ਲਵੇ। ਜਿਹੜੀ ਪੋਰਟਲ ਤੋਂ ਜੀਰੀ ਦੀ ਖਰੀਦ ਚਾਹੁੰਦੀ ਹੈ, ਉਹ ਨਿਯਮ ਵੀ ਰੱਦ ਕੀਤੇ ਜਾਣ।
ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਰਕਾਰ ਆੜ੍ਹਤੀਆਂ, ਕਿਸਾਨਾਂ, ਮਜ਼ਦੂਰਾਂ ਅਤੇ ਮੁਨੀਮਾਂ ਦੇ ਆਪਸੀ ਰਿਸ਼ਤਿਆਂ ਨੂੰ ਤੋੜਨਾ ਚਾਹੁੰਦੀ ਹੈ। ਇਸ ਮੌਕੇ ਰੌਸ਼ਨ ਲਾਲ ਘੋਗੜੀਆ, ਰਮੇਸ਼ ਮਖੰਡ, ਅਨੂਪ ਸਹਿਰਾਵਤ, ਕ੍ਰਿਸ਼ਨ ਕਾਪੜੋ ਅਤੇ ਰਾਜੇਸ਼ ਅਲੀਪੁਰਾ ਆਦਿ ਹਾਜ਼ਰ ਸਨ।
ਹੜਤਾਲ ਕਾਰਨ ਜਿਣਸ ਦੀ ਖਰੀਦ ਪ੍ਰਭਾਵਿਤ
ਜੀਂਦ (ਪੱਤਰ ਪ੍ਰੇਰਕ): ਉਚਾਨਾ ਦੀ ਅਨਾਜ ਮੰਡੀ ਵਿੱਚ ਆੜ੍ਹਤੀਆਂ ਦੀ ਚੱਲ ਰਹੀ ਹੜਤਾਲ ਕਾਰਨ ਜਿਣਸ ਦੀ ਖਰੀਦ ਪ੍ਰਭਾਵਿਤ ਹੋ ਰਹੀ ਹੈ। ਅੱਜ ਪੰਜਵੇਂ ਦਿਨ ਮੰਡੀ ਵਿੱਚ ਜੀਰੀ ਅਤੇ ਕਪਾਹ ਦੀ ਲਗਪਗ 500 ਕੁਇੰਟਲ ਆਮਦ ਹੋਈ, ਪਰ ਹੜਤਾਲ ਕਾਰਨ ਫਸਲ ਨਹੀਂ ਵਿਕ ਸਕੀ। ਫਸਲ ਨਾ ਵਿਕਣ ਕਾਰਨ ਕਿਸਾਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿ ਨਿਊ ਫੁੂਡਗ੍ਰੇਨ ਡੀਲਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੱਤਨਰਾਇਣ ਜੈਨ ਅਤੇ ਆੜ੍ਹਤੀ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਮੇਸ਼ ਸਾਂਗਵਾਨ ਨੇ ਕਿਹਾ ਕਿ ਜਦੋਂ ਤੱਕ ਪ੍ਰਦੇਸ਼ ਸਰਕਾਰ ਆੜ੍ਹਤੀ ਵੈੱਲਫੇਅਰ ਐਸੋਸੀਏਸ਼ਨ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਆੜ੍ਹਤੀਆਂ ਦੀਆਂ ਮੰਗਾਂ ਨਹੀਂ ਮੰਨ ਲੈਂਦੀ ਅਤੇ ਉਦੋਂ ਹੜਤਾਲ ਜਾਰੀ ਰਹੇਗੀ।