ਕਾਲਾਂਵਾਲੀ: ਪਿੰਡ ਜੰਡਵਾਲਾ ਜਾਟਾਂ ਵਿੱਚ ਬੀਤੀ ਰਾਤ ਨਰਮਾ ਚੁਗਣ ਆਏ ਹੋਏ ਇੱਕ ਵਿਅਕਤੀ ਨੇ ਇਕ ਨੌਜਵਾਨ ਦਾ ਕੁਹਾੜੀ ਨਾਲ ਵੱਢ ਕੇ ਕਤਲ ਕਰ ਦਿੱਤਾ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਰਸਾ ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਹੈ। ਪੁਲੀਸ ਨੇ ਮ੍ਰਿਤਕ ਦੇ ਭਰਾ ਸ਼ੇਰਬਾਗ ਵਾਸੀ ਨਾਥਪੁਰਾ ਦੇ ਬਿਆਨ ਉੱਤੇ ਉਸ ਦੇ ਹੀ ਪਿੰਡ ਦੇ ਮਨਜੀਤ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਔਢਾਂ ਦੇ ਇੰਚਾਰਜ ਕਾਂਸ਼ੀ ਰਾਮ ਬੈਨੀਵਾਲ ਨੇ ਦੱਸਿਆ ਕਿ ਮੁਲਜ਼ਮ ਮਨਜੀਤ ਸਿੰਘ ਨੂੰ ਰਾਜਿੰਦਰ ਉਰਫ ਗੋਲਡੀ (26) ਵਾਸੀ ਨਾਥਪੁਰਾ ’ਤੇ ਸ਼ੱਕ ਸੀ ਕਿ ਉਹ ਉਸ ਦੀ ਭੈਣ ’ਤੇ ਬੁਰੀ ਨਜ਼ਰ ਰੱਖਦਾ ਹੈ। ਇਸ ਕਾਰਨ ਉਸ ਨੇ ਰਾਤ ਨੂੰ ਸੁੱਤੇ ਹੋਏ ਰਾਜਿੰਦਰ ਦੇ ਚਿਹਰੇ ਉੱਤੇ ਕੁਹਾੜੀ ਨਾਲ ਵਾਰ ਕਰਕੇ ਉਸ ਨੂੰ ਮਾਰ ਦਿੱਤਾ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਉਸ ਤੋਂ ਕੁਹਾੜੀ ਬਰਾਮਦ ਕਰ ਲਈ ਹੈ। ਮੁਲਜ਼ਮ ਨੂੰ ਸਵੇਰੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲੀਸ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -ਪੱਤਰ ਪ੍ਰੇਰਕ