ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 8 ਮਾਰਚ
ਸ਼ਾਹਬਾਦ ਸਹਿਕਾਰੀ ਸ਼ੂਗਰ ਮਿੱਲ ਵਿਚ ਗੰਨਾ ਤੁਲਾਈ ਕੰਡਾ ਆਪਣੇ ਤੋਲ ਦੀ ਸਮਰੱਥਾ ’ਤੇ ਖਰਾ ਉਤਰਿਆ ਹੈ। ਇਹ ਸਾਰੀ ਜਾਂਚ ਦੀ ਪ੍ਰਕ੍ਰਿਆ ਮਿੱਲ ਦੇ ਅਧਿਕਾਰੀਆਂ ਤੇ ਨਾਪ ਤੋਲ ਇੰਸਪੈਕਟਰ ਦੀ ਦੇਖ ਰੇਖ ਵਿੱਚ ਦੇਰ ਸ਼ਾਮ ਕਿਸਾਨਾਂ ਦੀ ਮੌਜੂਦਗੀ ਵਿੱਚ ਹੋਈ। ਜਿਸ ਤੋਂ ਬਾਅਦ ਕਿਸਾਨਾਂ ਨੇ ਗੰਨੇ ਨਾਲ ਭਰੀਆਂ ਟਰਾਲੀਆਂ ਨੂੰ ਮਿੱਲ ਅੰਦਰ ਲਿਆਉਣਾ ਸ਼ੁਰੂ ਕੀਤਾ ਤੇ ਗੰਨੇ ਦੀ ਪਿੜਾਈ ਸ਼ੁਰੂ ਕੀਤੀ ਗਈ। ਜ਼ਿਕਰਯੋਗ ਹੈ ਕਿ ਕਿਸਾਨਾਂ ਨੇ ਮਿੱਲ ਦੇ ਕੰਡੇ ਵਿੱਚ ਤੋਲ ਤੇ ਗੜਬੜ ਕਰਨ ਦਾ ਦੋਸ਼ ਲਾਇਆ ਸੀ ਤੇ ਕਿਸਾਨਾਂ ਨੇ ਕੰਡੇ ’ਤੇ ਜਾਮ ਲਾ ਦਿੱਤਾ ਸੀ। ਮਿੱਲ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਹਾਇਕ ਕੰਟਰੋਲਰ ਨਾਪ ਤੋਲ ਵਿਭਾਗ ਅੰਬਾਲਾ ਨੂੰ ਮਿੱਲ ਵਿੱਚ ਵੇਟ ਮਸ਼ੀਨ ਭੇਜਣ ਲਈ ਕਿਹਾ। ਜਿਸ ’ਤੇ ਨਾਪ ਤੋਲ ਕੰਟਰੋਲਰ ਕੁਲਦੀਪ ਰਾਣਾ ਨੇ ਕਿਸਾਨਾਂ ਦੀ ਮੌਜੂਦਗੀ ਵਿੱਚ ਮਸ਼ੀਨ ਨਾਲ ਸਾਰੇ ਕੰਡਿਆਂ ਦਾ ਚੈਕ ਅੱਪ ਕੀਤਾ ਨਾਪਤੋਲ ਦੀ ਮਸ਼ੀਨ ਰਾਹੀਂ ਟਰਾਲੀ ਤੋਲਣ ਤੇ ਵਜ਼ਨ ਠੀਕ ਮਿਲਿਆ।
ਇਸ ਮੌਕੇ ਸ੍ਰੀ ਰਾਣਾ ਨੇ ਕਿਹਾ ਕਿ ਕਿਸੇ ਵੀ ਕੰਡੇ ਵਿੱਚ ਕੋਈ ਕਮੀ ਨਹੀਂ ਮਿਲੀ। ਮਿੱਲ ਦੇ ਐੱਮ ਡੀ ਨੇ ਦੱਸਿਆ ਕਿ ਇਸ ਸੀਜ਼ਨ ਦੌਰਾਨ ਮਿੱਲ ਨੇ ਹੁਣ ਤੱਕ 50 ਲੱਖ ਕੁਇੰਟਲ ਗੰਨੇ ਦੀ ਪਿੜਾਈ ਕੀਤੀ ਹੈ ਤੇ 3 ਕਰੋੜ 20 ਲੱਖ ਯੂਨਿਟ ਬਿਜਲੀ ਦਾ ਉਤਪਾਦਨ ਕੀਤਾ ਹੈ।