ਪੱਤਰ ਪ੍ਰੇਰਕ
ਜੀਂਦ, 18 ਅਕਤੂਬਰ
ਅਖਿਲ ਭਾਰਤੀ ਕਿਸਾਨ ਸਭਾ, ਸੀਟੂ ਤੇ ਬਿਜਲੀ ਕਰਮਚਾਰੀ ਯੂਨੀਅਨ ਸਣੇ ਹੋਰ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਅੰਦੋਲਨਕਾਰੀ ਕਿਸਾਨਾਂ ਲਈ ਜੀਂਦ ਖੰਡ ਮਿੱਲ ਅੱਗੇ ਚੱਲ ਰਿਹਾ ਲੰਗਰ 309ਵੇਂ ਦਿਨ ਵੀ ਜਾਰੀ ਰਿਹਾ। ਇਥੇ ਪੰਜਾਬ ਤੋਂ ਦਿੱਲੀ ਬਾਰਡਰ ਵੱਲ ਜਾਂਦੇ ਕਿਸਾਨਾਂ ਨੂੰ ਲੰਗਰ ਛਕਾਇਆ ਜਾਂਦਾ ਹੈ। ਲੰਗਰ ਦੇ ਪ੍ਰਬੰਧਕ ਕਪੂਰ ਸਿੰਘ ਨੇ ਦੱਸਿਆ ਕਿ ਪਿਛਲੇ 8 ਮਹੀਨਿਆਂ ਤੋਂ ਇੱਥੇ ਹਰ ਐਤਵਾਰ ਤੇ ਸੋਮਵਾਰ ਨੂੰ ਧਨਖੇੜੀ ਪਿੰਡ ਦੇ ਰਾਮ ਨਿਵਾਸ, ਸਮਸ਼ੇਰ ਸਿੰਘ, ਸੱਤਾ ਅਤੇ ਗੋਬਿੰਦਾ ਆਦਿ ਦੀ ਦੇਖ-ਰੇਖ ਵਿੱਚ ਰੋਟੀਆਂ, ਦੁੱਧ ਅਤੇ ਲੱਸੀ ਲੰਗਰ ਵਿੱਚ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੰਦੋਲਨਕਾਰੀ ਕਿਸਾਨਾਂ ਨੂੰ ਇਥੇ ਖਾਣ-ਪੀਣ ਵਿੱਚ ਕੋਈ ਘਾਟ ਮਹਿਸੂਸ ਨਹੀਂ ਹੋਣ ਦਿੱਤੀ ਜਾਂਦੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਦੋਂ ਤੱਕ ਅੰਦੋਲਨ ਜਾਰੀ ਰਹੇਗਾ ਉਦੋਂ ਤੱਕ ਇਹ ਲੰਗਰ ਵੀ ਚੱਲਦਾ ਰਹੇਗਾ।