ਅੰਬਾਲਾ: ਬਰਾੜਾ ਕਸਬੇ ਵਿੱਚ ਅੱਗ ਲੱਗਣ ਨਾਲ ਕਬਾੜੀ ਦੀ ਦੁਕਾਨ ਸੜ ਗਈ। ਫਾਇਰ ਬ੍ਰਿਗੇਡ ਨੇ ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਪਰ ਉਦੋਂ ਤੱਕ ਲੱਖਾਂ ਰੁਪਏ ਦਾ ਸਾਮਾਨ ਸੜ ਚੁੱਕਾ ਸੀ। ਦੁਕਾਨ ਮਾਲਕ ਸਤਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਮਹਾਰਾਣਾ ਪ੍ਰਤਾਪ ਚੌਕ ਦੇ ਲਾਗੇ ਕਬਾੜੀ ਦੀ ਦੁਕਾਨ ਹੈ। ਉਹ ਰਾਤ ਨੂੰ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ। ਕਰੀਬ 2 ਵਜੇ ਸੂਚਨਾ ਮਿਲੀ ਕਿ ਦੁਕਾਨ ਵਿੱਚ ਅੱਗ ਲੱਗੀ ਹੋਈ ਹੈ। ਉਹ ਮੌਕੇ ਉੱਤੇ ਪਹੁਚਿਆ ਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਸਤਪਾਲ ਸਿੰਘ ਦਾ ਕਹਿਣਾ ਹੈ ਕਿ ਕਿਸੇ ਨੇ ਉਸ ਦੀ ਦੁਕਾਨ ਨੂੰ ਅੱਗ ਲਾਈ ਹੈ ਅਤੇ ਉਸ ਦਾ 2-3 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਸਤਪਾਲ ਵੱਲੋਂ ਲਾਏ ਇਸ ਦੋਸ਼ ਤੋਂ ਬਾਅਦ ਬਰਾੜਾ ਪੁਲੀਸ ਆਸ-ਪਾਸ ਲੱਗੇ ਸੀਸੀਟੀਵੀ ਫੁਟੇਜ ਦੇਖ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ