ਆਤਿਸ਼ ਗੁਪਤਾ/ਏਜੰਸੀ
ਚੰਡੀਗੜ੍ਹ/ਗੁਰੂਗ੍ਰਾਮ, 19 ਜੁਲਾਈ
ਹਰਿਆਣਾ ਦੇ ਨੂਹ ਜ਼ਿਲ੍ਹੇ ਵਿੱਚ ਗੈਰਕਾਨੂੰਨੀ ਖਣਨ ਰੋਕਣ ਗਏ ਡੀਐੱਸਪੀ ’ਤੇ ਡੰਪਰ ਚਾੜ੍ਹ ਦਿੱਤਾ ਗਿਆ, ਜਿਸ ਦੇ ਸਿੱਟੇ ਵਜੋਂ ਡੀਐੱਸਪੀ ਦੀ ਮੌਤ ਹੋ ਗਈ। ਮ੍ਰਿਤਕ ਡੀਐੱਸਪੀ ਦੀ ਪਛਾਣ ਸੁਰਿੰਦਰ ਸਿੰਘ ਵਜੋਂ ਹੋਈ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਉਸ ਨੇ ਡੰਪਰ ਨੂੰ ਰੁਕਣ ਲਈ ਇਸ਼ਾਰਾ ਕੀਤਾ ਪਰ ਡਰਾਈਵਰ ਨੇ ਟਰੱਕ ਰੋਕਣ ਦੀ ਬਜਾਏ ਪੁਲੀਸ ਅਧਿਕਾਰੀ ਉਪਰ ਚਾੜ੍ਹ ਦਿੱਤਾ। ਪੁਲੀਸ ਅਧਿਕਾਰੀ ਦੀ ਮੌਤ ਤੋਂ ਕਈ ਘੰਟਿਆਂ ਮਗਰੋਂ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਕਤਲ ’ਚ ਕਥਿਤ ਤੌਰ ’ਤੇ ਸ਼ਾਮਲ ਇੱਕ ਵਿਅਕਤੀ ਨੂੰ ਪੁਲੀਸ ਨਾਲ ਹੋਏ ਮੁਕਾਬਲੇ ਦੌਰਾਨ ਜ਼ਖਮੀ ਹਾਲਤ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਜਾਣਕਾਰੀ ਮੁਤਾਬਕ ਤੌਰੂ ਦੇ ਡੀਐੱਸਪੀ ਸੁਰਿੰਦਰ ਸਿੰਘ ਨੇ ਟਰੱਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਸੀ। ਜਿਵੇਂ ਹੀ ਉਹ ਕਾਗ਼ਜਾਤ ਦੀ ਜਾਂਚ ਲਈ ਡੰਪਰ ਨੇੜੇ ਪੁੱਜੇ ਤਾਂ ਚਾਲਕ ਨੇ ਡੰਪਰ ਉਨ੍ਹਾਂ ’ਤੇ ਚੜ੍ਹਾ ਦਿੱਤਾ। ਉਨ੍ਹਾਂ ਦੇ ਅੰਗ ਰੱਖਿਅਕ ਤੇ ਡਰਾਈਵਰ ਨੇ ਪਾਸੇ ਛਾਲ ਮਾਰ ਕੇ ਜਾਨ ਬਚਾਈ। ਡੀਐੱਸਪੀ ਸਿੰਘ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਡੀਐੱਸਪੀ ਸੁਰਿੰਦਰ ਸਿੰਘ ਅਰਾਵਲੀ ਪਹਾੜੀਆਂ ’ਚ ਗੈਰਕਾਨੂੰਨੀ ਮਾਈਨਿੰਗ ਰੋਕਣ ਲਈ ਟੌਰੂ ਨੇੜੇ ਪੰਚਗਾਓਂ ਇਲਾਕੇ ਵਿੱਚ ਛਾਪਾ ਮਾਰਨ ਲਈ ਗਏ ਸਨ, ਜਿਸ ਦੌਰਾਨ ਸਵੇਰੇ 11.50 ਵਜੇ ਉਨ੍ਹਾਂ ਇਸ ਟਰੱਕ ਨੂੰ ਕਾਬੂ ਕੀਤਾ। ਹਰਿਆਣਾ ਦੇ ਡੀਜੀਪੀ ਪੀ ਕੇ ਅਗਰਵਾਲ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਤੇ ਦੱਸਿਆ ਕਿ ਇਸ ਮਾਮਲੇ ’ਚ ਕਤਲ ਕੇਸ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਮ੍ਰਿਤਕ ਡੀਐੱਸਪੀ ਹਿਸਾਰ ਦੇ ਪਿੰਡ ਸਾਰੰਗਪੁਰ ਦਾ ਰਹਿਣ ਵਾਲਾ ਸੀ। ਡੀਐੱਸਪੀ ਸੁਰਿੰਦਰ ਸਿੰਘ ਦੀ ਮੌਤ ਤੋਂ ਬਾਅਦ ਇਲਾਕੇ ਵਿੱਚ ਸੋਗ ਪਸਰ ਗਿਆ ਹੈ। ਦੇਰ ਸ਼ਾਮ ਡਾਕਟਰਾਂ ਦੀ ਟੀਮ ਨੇ ਗੁਰੂਗ੍ਰਾਮ ਵਿੱਚ ਮ੍ਰਿਤਕ ਦਾ ਪੋਸਟਮਾਰਟਮ ਕੀਤਾ, ਜਿਨ੍ਹਾਂ ਦਾ ਅੰਤਿਮ ਸੰਸਕਾਰ ਬੁੱਧਵਾਰ ਨੂੰ ਜੱਦੀ ਪਿੰਡ ਸਾਰੰਗਪੁਰ ਵਿੱਚ ਕੀਤਾ ਜਾਵੇਗਾ। ਡੀਐੱਸਪੀ ਸੁਰਿੰਦਰ ਸਿੰਘ ਸਾਲ 1994 ਵਿੱਚ ਹਰਿਆਣਾ ਪੁਲੀਸ ’ਚ ਬਤੌਰ ਏਐੱਸਆਈ ਭਰਤੀ ਹੋਏ ਸਨ ਜਿਨ੍ਹਾਂ ਨੇ ਤਿੰਨ ਮਹੀਨੇ ਬਾਅਦ 31 ਅਕਤੂਬਰ ਨੂੰ ਸੇਵਾਮੁਕਤ ਹੋਣਾ ਸੀ। -ਪੀਟੀਆਈ
ਮੁੱਖ ਮੰਤਰੀ ਖੱਟਰ ਵੱਲੋਂ ਸਖ਼ਤ ਕਾਰਵਾਈ ਦੇ ਹੁਕਮ
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਡੀਐੱਸਪੀ ਸੁਰਿੰਦਰ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਡੀਐੱਸਪੀ ਦੀ ਹੱਤਿਆ ਅਤੇ ਨੂਹ ’ਚ ਚੱਲ ਰਹੇ ਮਾਈਨਿੰਗ ਦੇ ਕਾਰੋਬਾਰ ਖ਼ਿਲਾਫ਼ ਸਖ਼ਤ ਕਾਰਵਾਈ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਸ੍ਰੀ ਖੱਟਰ ਨੇ ਐਲਾਨ ਕੀਤਾ ਕਿ ਮ੍ਰਿਤਕ ਡੀਐੱਸਪੀ ਸੁਰਿੰਦਰ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇਗਾ। ਉਨ੍ਹਾਂ ਮ੍ਰਿਤਕ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਅਤੇ ਪਰਿਵਾਰ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ। ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਡੀਐੱਸਪੀ ਸੁਰਿੰਦਰ ਸਿੰਘ ਦੇ ਹੱਤਿਆਰਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਮਾਈਨਿੰਗ ਮਾਫ਼ੀਆ ਖ਼ਿਲਾਫ਼ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ।
ਸੂਬੇ ਵਿੱਚ ਗੈਂਗਸਟਰਾਂ ਅਤੇ ਮਾਫ਼ੀਆ ਦਾ ਕਬਜ਼ਾ: ਹੁੱਡਾ
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਹਰਿਆਣਾ ਵਿੱਚੋਂ ਅਮਨ ਅਤੇ ਕਾਨੂੰਨ ਦਾ ਰਾਜ ਖਤਮ ਹੋ ਚੁੱਕਾ ਹੈ। ਅੱਜ ਸੂਬੇ ਵਿੱਚ ਗੈਂਗਸਟਰਾਂ ਅਤੇ ਮਾਫ਼ੀਆ ਰਾਜ ਕਾਬਜ਼ ਹੈ। ਉਨ੍ਹਾਂ ਮੰਗ ਕੀਤੀ ਕਿ ਹਰਿਆਣਾ ਸਰਕਾਰ ਕਥਿਤ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ।