ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 16 ਅਗਸਤ
ਇੱਥੇ ਅੰਬਾਲਾ ਕੈਂਟ ਦੇ ਏਅਰ ਫੋਰਸ ਸਟੇਸ਼ਨ ਖੇਤਰ ਵਿਚ ਸ਼ੱਕੀ ਡਰੋਨ ਉੱਡਦਾ ਨਜ਼ਰ ਆਉਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਏਅਰ ਫੋਰਸ ਅਤੇ ਅੰਬਾਲਾ ਪੁਲੀਸ ਨੇ ਖੇਤਰ ਵਿਚ ਗਸ਼ਤ ਤੇਜ਼ ਕਰ ਦਿੱਤੀ ਹੈ। ਸਟੇਸ਼ਨ ਸੁਰੱਖਿਆ ਅਧਿਕਾਰੀ ਵਿੰਗ ਕਮਾਂਡਰ ਪੀਪੀ ਸ੍ਰੀਵਾਸਤਵ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਆਜ਼ਾਦੀ ਦਿਹਾੜੇ ਵਾਲੇ ਦਿਨ ਸਵੇਰੇ 7.45 ਵਜੇ ਰਿਹਾਇਸ਼ੀ ਖੇਤਰ ਵਿਚ ਲਾਲ-ਭੂਰੇ ਰੰਗ ਦਾ ਡਰੋਨ ਉੱਡਦਾ ਦੇਖਿਆ ਗਿਆ ਜੋ ਏਅਰ ਫੋਰਸ ਏਰੀਆ ਵਿੱਚੋਂ ਹੁੰਦਾ ਹੋਇਆ ਜਗਾਧਰੀ ਰੋਡ, ਮੈਨ ਗਾਰਡ ਰੂਮ, ਛੱਡੇ ਜਾ ਚੁੱਕੇ ਮਿਲਟਰੀ ਡੇਅਰੀ ਫਾਰਮ ਤੋਂ ਧੂਲਕੋਟ ਵੱਲ ਚਲਾ ਗਿਆ। ਸ੍ਰੀਵਾਸਤਵ ਨੇ ਦੱਸਿਆ ਕਿ ਇਸ ਤੋਂ ਪਹਿਲਾਂ 13 ਅਗਸਤ ਨੂੰ ਵੀ ਸਵੇਰੇ 6.12 ਵਜੇ ਲਾਲ ਰੰਗ ਦਾ ਡਰੋਨ ਏਅਰਫੋਰਸ ਗੁਰਦੁਆਰੇ ਦੇ ਕੋਲ ਸਟੇਸ਼ਨ ਦੀ ਚਾਰਦੀਵਾਰੀ ਤੋਂ ਕਰੀਬ 500 ਮੀਟਰ ਦੂਰ ਉੱਡਦਾ ਹੋਇਆ ਨਜ਼ਰ ਆਇਆ ਸੀ।