ਪ੍ਰਭੂ ਦਿਆਲ
ਸਿਰਸਾ, 7 ਨਵੰਬਰ
ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਜਬਰ-ਜਨਾਹ ਅਤੇ ਕਤਲ ਕੇਸਾਂ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬੀਤੇ ਦਿਨੀਂ ਇੱਕ ਦਿਨ ਦੀ ਪੈਰੋਲ ਦਿੱਤੀ ਗਈ ਸੀ ਜੋ ਅੱਜ ਚਰਚਾ ਦਾ ਵਿਸ਼ਾ ਬਣੀ ਰਹੀ। ਹਰਿਆਣਾ ਦੇ ਜੇਲ੍ਹ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਵੇਰਵਿਆਂ ਮੁਤਾਬਕ ਡੇਰਾ ਮੁਖੀ ਨੂੰ 24 ਅਕਤੂਬਰ ਨੂੰ ਪੁਲੀਸ ਵੱਲੋਂ ਚੁੱਪ-ਚੁਪੀਤੇ ਇੱਕ ਦਿਨ ਦੀ ਪੈਰੋਲ ਦਿੱਤੀ ਗਈ ਸੀ ਤੇ ਇਸ ਬਾਰੇ ਖੁਲਾਸਾ ਹੁਣ ਹੋਇਆ ਹੈ। ਜਾਣਕਾਰੀ ਮੁਤਾਬਕ ਡੇਰਾ ਮੁਖੀ ਨੇ ਬੀਮਾਰ ਮਾਂ ਨੂੰ ਮਿਲਣ ਲਈ ਇੱਕ ਦਿਨ ਦੀ ਪੈਰੋਲ ਮੰਗੀ ਸੀ ਜੋ ਕਿ ਗੁਰੂਗ੍ਰਾਮ ਦੇ ਇੱਕ ਹਸਪਤਾਲ ਵਿਚ ਦਾਖਲ ਸਨ। ਸੁਨਾਰੀਆ ਜੇਲ੍ਹ ਤੋਂ ਗੁਰੂਗ੍ਰਾਮ ਦੇ ਹਸਪਤਾਲ ਤੱਕ ਡੇਰਾ ਮੁਖੀ ਨੂੰ ਭਾਰੀ ਸੁਰੱਖਿਆ ਹੇਠ ਲਿਜਾਇਆ ਗਿਆ। ਸੂਤਰਾਂ ਮੁਤਾਬਕ 24 ਅਕਤੂਬਰ ਸ਼ਾਮ ਤੱਕ ਉਹ ਆਪਣੀ ਬੀਮਾਰ ਮਾਂ ਦੇ ਨਾਲ ਰਿਹਾ। ਜੇਲ੍ਹ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਅੱਜ ਸਿਰਸਾ ਵਿਚ ਮੀਡੀਆ ਨੂੰ ਦੱਸਿਆ ਕਿ ਇੱਕ ਦਿਨ ਦੀ ਪੈਰੋਲ ਦਿੱਤੀ ਗਈ ਸੀ ਤੇ ਉਹ ਜੇਲ੍ਹ ਦੇ ਨਿਯਮਾਂ ਅਨੁਸਾਰ ਹੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪੁਲੀਸ ਸੁਰੱਖਿਆ ਵਿੱਚ ਹੀ ਡੇਰਾ ਮੁਖੀ ਨੂੰ ਮਾਂ ਨਾਲ ਮਿਲਵਾਇਆ ਗਿਆ। ਜੇ ਜ਼ਿਆਦਾ ਦਿਨਾਂ ਦੀ ਪੈਰੋਲ ਮੰਗੀ ਜਾਂਦੀ ਤਾਂ ਵਿਸ਼ੇਸ਼ ਕੇਸ ਨੂੰ ਦੇਖਦੇ ਹੋਏ ਸਰਕਾਰ ਤੇ ਅਦਾਲਤ ਵੱਲੋਂ ਆਗਿਆ ਲੈਣੀ ਪੈਂਦੀ। ਪਰ ਇੱਕ ਦਿਨ ਦੀ ਪੈਰੋਲ ਦੇਣ ਦੇ ਅਧਿਕਾਰ ਪੁਲੀਸ ਕੋਲ ਹਨ। ਇਸ ਲਈ 24 ਅਕਤੂਬਰ ਨੂੰ ਪੁਲੀਸ ਵੱਲੋਂ ਹੀ ਡੇਰਾ ਮੁਖੀ ਨੂੰ ਪੈਰੋਲ ਦਿੱਤੀ ਗਈ ਸੀ ਤੇ ਜਿਸ ਦੀ ਸੂਚਨਾ ਸਰਕਾਰ ਨੂੰ ਵੀ ਦਿੱਤੀ ਗਈ ਸੀ।