ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਅਕਤੂਬਰ
ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੀ ਜੈਅੰਤੀ ਮੌਕੇ ਦਿੱਲੀ ਤੇ ਐੱਨਸੀਆਰ ਵਿੱਚ ‘ਰਨ ਫਾਰ ਯੂਨਿਟੀ’ ਕਰਵਾਈ ਗਈ।
ਦਿੱਲੀ ਵਿੱਚ ਨੈਸ਼ਨਲ ਸਟੇਡੀਅਮ ਤੋਂ ਇਹ ਦੌੜ ਸ਼ੁਰੂ ਕਰਵਾਈ ਗਈ। ਦੱਖਣੀ ਦਿੱਲੀ ਦੇ ਓਖਲਾ ਇਲਾਕੇ ਵਿੱਚ ਵੀ ਸਥਾਨਕ ਭਾਜਪਾ ਆਗੂਆਂ ਵੱਲੋਂ ਇੱਕ ਦੌੜ ਕਰਵਾਈ ਗਈ। ਦਿੱਲੀ ਭਾਜਪਾ ਵੱਲੋਂ ਕੇਂਦਰੀ ਦਿੱਲੀ ਵਿੱਚ ਪਟੇਲ ਚੌਕ ਵਿੱਚ ਇੱਕ ਸਮਾਗਮ ਕਰ ਕੇ ਸਰਦਾਰ ਵੱਲਭ ਭਾਈ ਪਟੇਲ ਨੂੰ ਯਾਦ ਕੀਤਾ ਗਿਆ। ਦਿੱਲੀ ਯੂਨੀਵਰਸਿਟੀ ਵਿੱਚ ‘ਕੌਮੀ ਏਕਤਾ ਦਿਵਸ’ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਭਾਰਤ ਦੇ ਸਿਆਸੀ ਤੇ ਸੱਭਿਆਚਾਰਕ ਪਛਾਣ ਵਿੱਚ ਵੱਲਭ ਪਟੇਲ ਦਾ ਅਹਿਮ ਯੋਗਦਾਨ ਸੀ।
ਮੰਤਰੀ ਨੇ ਕਿਹਾ ਕਿ ਪਟੇਲ ਨੇ ਰਾਸ਼ਟਰੀ ਲੀਡਰਸ਼ਿਪ ਵਿੱਚ ਵੱਖ-ਵੱਖ ਵਿਚਾਰਧਾਰਾਵਾਂ ਦੇ ਲੋਕਾਂ ਵਿਚਕਾਰ ਸੰਤੁਲਨ ਵਾਲੀ ਭੂਮਿਕਾ ਨਿਭਾਈ ਅਤੇ ਉਹ ਅੱਜ ਦੇ ਨੇਤਾਵਾਂ ਲਈ ਦੇਸ਼ ਦੇ ਹਿੱਤ ਵਿੱਚ ਫ਼ੈਸਲੇ ਲੈਣ ਲਈ ਸਭ ਤੋਂ ਵਧੀਆ ਰੋਲ ਮਾਡਲ ਹਨ।
ਉਨ੍ਹਾਂ ਕਿਹਾ,‘‘ਅਸੀਂ ਖੁਸ਼ਕਿਸਮਤ ਹਾਂ ਕਿ ਪਟੇਲ ਦੀ ਬਦੌਲਤ ਅੱਜ ਸਾਡਾ ਦੇਸ਼ ਏਕਤਾ ਭਾਰਤ ਦੇ ਰੂਪ ਵਿੱਚ ਸਾਡੇ ਸਾਹਮਣੇ ਹੈ।’’ ’ਵਰਸਿਟੀ ਵੱਲੋਂ ‘ਰਨ ਫਾਰ ਯੂਨਿਟੀ’ ਦਾ ਕਰਵਾਈ ਗਈ ਜੋ ਕਿ ਸਟੇਡੀਅਮ ਵਿੱਚੋਂ ਲੰਘ ਕੇ ਗਾਂਧੀ ਬੁੱਤ ਦੇ ਸਾਹਮਣੇ ਸਮਾਪਤ ਹੋਈ। ਉਨ੍ਹਾਂ ਯੂਨੀਵਰਸਿਟੀ ਨੂੰ ਪਟੇਲ ਦੇ ਕੰਮ ਨੂੰ ਖੋਜ ਕਾਰਜਾਂ ਵਿੱਚ ਵਰਤ ਕੇ ਚਰਚਾ ਵਿੱਚ ਲਿਆਉਣ ਦੀ ਅਪੀਲ ਕੀਤੀ। ਪ੍ਰੋਗਰਾਮ ਦੇ ਪ੍ਰਧਾਨ ਵਾਈਸ ਚਾਂਸਲਰ ਯੋਗੇਸ਼ ਸਿੰਘ ਨੇ ਕਿਹਾ ਕਿ ਭਾਵੇਂ ਪਟੇਲ ਨੇ ਵੱਡੇ ਪੱਧਰ ’ਤੇ ਯੋਗਦਾਨ ਪਾਇਆ ਪਰ ਉਨ੍ਹਾਂ ਦਾ ਸਭ ਤੋਂ ਵੱਡਾ ਯੋਗਦਾਨ ਏਕੀਕ੍ਰਿਤ ਭਾਰਤ ਸੀ।
‘ਰਨ ਫਾਰ ਯੂਨਿਟੀ’ ਮੈਰਾਥਨ ਨੂੰ ਹਰੀ ਝੰਡੀ ਦਿਖਾਈ
ਫਰੀਦਾਬਾਦ(ਪੱਤਰ ਪ੍ਰੇਰਕ): ਡੀਸੀ ਵਿਕਰਮ ਸਿੰਘ ਦੀ ਪ੍ਰਧਾਨਗੀ ਹੇਠ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਅਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੀ ਲੜੀ ਵਿੱਚ ਸੋਮਵਾਰ ਨੂੰ ਸੈਕਟਰ-12 ਸਪੋਰਟਸ ਕੰਪਲੈਕਸ ਤੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਡ ਤੇ ਯੁਵਾ ਪ੍ਰੋਗਰਾਮ ਵਿਭਾਗ ਵੱਲੋਂ ‘ਰਨ ਫਾਰ ਯੂਨਿਟੀ’ ਮੈਰਾਥਨ ਕਰਵਾਈ ਗਈ। ਡੀਸੀ ਨੇ ‘ਰਨ ਫਾਰ ਯੂਨਿਟੀ’ ਮੈਰਾਥਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਖੁਦ ਇਸ ਮੈਰਾਥਨ ਦੌੜ ਵਿੱਚ ਭਾਗ ਲਿਆ ਅਤੇ ਦੌੜ ਪੂਰੀ ਕੀਤੀ। ਵੱਲਭ ਭਾਈ ਪਟੇਲ ਦਾ ਜਨਮ ਦਿਨ ਦੇਸ਼ ਭਰ ਵਿੱਚ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਜ਼ਿਲ੍ਹਾ ਖੇਡ ਅਤੇ ਯੁਵਾ ਪ੍ਰੋਗਰਾਮ ਅਫ਼ਸਰ ਦੇਵੇਂਦਰ ਸਿੰਘ ਗੁਲੀਆ ਨੇ ਦੱਸਿਆ ਕਿ ਰਨ ਫਾਰ ਯੂਨਿਟੀ ਮੈਰਾਥਨ ’ਚ 600 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ| ਮੈਰਾਥਨ ਦੌੜ ਸਪੋਰਟਸ ਕੰਪਲੈਕਸ ਸੈਕਟਰ-12 ਤੋਂ ਸ਼ੁਰੂ ਹੋ ਕੇ ਹੈਲੀਪੈਡ ਗਰਾਊਂਡ ਰੋਡ ਤੋਂ ਹੁੰਦੀ ਹੋਈ ਐਸਕਾਰਟਸ ਰੋਡ, ਸੈਕਟਰ-15-12 ਡਿਵਾਈਡਿੰਗ ਰੋਡ ਤੋਂ ਹੁੰਦੀ ਹੋਈ ਸਪੋਰਟਸ ਕੰਪਲੈਕਸ ਸੈਕਟਰ-12 ਵਿੱਚ ਸਮਾਪਤ ਹੋਈ। ਫਰੀਦਾਬਾਦ ਦੇ ਸੈਕਟਰ-12 ਸਥਿਤ ਸਪੋਰਟਸ ਕੰਪਲੈਕਸ ਸਥਿਤ ਇਨਡੋਰ ਸਟੇਡੀਅਮ ਦੇ ਬਾਹਰ ਰਾਸ਼ਟਰੀ ਏਕਤਾ ਦੀ ਸਹੁੰ ਚੁੱਕੀ ਗਈ।