ਰਤੀਆ (ਪੱਤਰ ਪ੍ਰੇਰਕ): ਥਾਣਾ ਸਦਰ ਦੀ ਪੁਲੀਸ ਨੇ ਸ਼ਰਾਬ ਦੇ ਇੱਕ ਕੇਸ ਵਿੱਚ 20 ਸਾਲ ਤੋਂ ਭਗੌੜੇ ਇੱਕ ਵਿਅਕਤੀ ਨੂੰ ਪੰਜਾਬ ਖੇਤਰ ਤੋਂ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ, ਜਿਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹਿਸਾਰ ਜੇਲ੍ਹ ਭੇਜ ਦਿੱਤਾ ਗਿਆ ਹੈ। ਥਾਣਾ ਮੁਖੀ ਦਵਿੰਦਰ ਜੈਨ ਨੇ ਦੱਸਿਆ ਕਿ ਪੰਜਾਬ ਦੇ ਸ਼ਹਿਰ ਧੂਰੀ ਨੇੜਲੇ ਪਿੰਡ ਪੁੰਨਾਵਾਲਾ ਦੇ ਨਾਜਰ ਖਾਨ ਨੂੰ ਸਾਲ 1999 ਵਿੱਚ ਸ਼ਰਾਬ ਦੀ ਤਸਕਰੀ ਦੇ ਦੋਸ਼ ਹੇਠ ਗ੍ਰਿਫਤਾਰ ਕਰਕੇ ਥਾਣਾ ਰਤੀਆ ਵਿੱਚ ਮਾਮਲਾ ਦਰਜ ਕੀਤਾ ਸੀ। ਉਨ੍ਹਾਂ ਦੱਸਿਆ ਕਿ ਜ਼ਮਾਨਤ ਲੈਣ ਤੋਂ ਬਾਅਦ ਉਕਤ ਵਿਅਕਤੀ 2002 ਤੋਂ ਭਗੌੜਾ ਚੱਲਿਆ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਗੁਆਂਢੀ ਪਿੰਡ ਵਿੱਚ ਨਾਮ ਬਦਲ ਕੇ ਰਹਿ ਰਿਹਾ ਸੀ, ਜਿਸ ਦਾ ਪਤਾ ਲੱਗਣ ’ਤੇ ਸਦਰ ਪੁਲੀਸ ਨੇ ਉੱਥੇ ਛਾਪੇ ਮਾਰ ਕੇ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕਰਕੇ ਹਿਸਾਰ ਜੇਲ੍ਹ ਭੇਜ ਦਿੱਤਾ ਗਿਆ ਹੈ।