ਕੁਲਵਿੰਦਰ ਕੌਰ
ਫਰੀਦਾਬਾਦ, 8 ਜਨਵਰੀ
ਨਾਜਾਇਜ਼ ਉਸਾਰੀਆਂ ਖ਼ਿਲਾਫ਼ ਕਾਰਵਾਈ ਕਰਦਿਆਂ ਫਰੀਦਾਬਾਦ ਨਗਰ ਨਿਗਮ ਨੇ ਅੱਜ ਯਮੁਨਾ ਖੇਤਰ ’ਚ 720 ਡੀਪੀਸੀ ਤੇ 87 ਨਿਰਮਾਣ ਅਧੀਨ ਵਾਲੇ ਘਰਾਂ ਨੂੰ ਤੋੜ ਦਿੱਤਾ। ਇਹ ਭੰਨਤੋੜ ਜੈਪਾਲ ਯਾਦਵ ਦੇ ਆਦੇਸ਼ਾਂ ’ਤੇ ਫਰੀਦਾਬਾਦ ਪੁਰਾਣੇ ਜ਼ੋਨ ਦੀ ਸੰਯੁਕਤ ਕਮਿਸ਼ਨਰ ਅਲਕਾ ਚੌਧਰੀ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਭਾਰੀ ਪੁਲੀਸ ਫੋਰਸ ਦੀ ਅਗਵਾਈ ਕਾਰਜਕਾਰੀ ਇੰਜਨੀਅਰ ਓਮਦੱਤ, ਸਹਾਇਕ ਇੰਜਨੀਅਰ ਅਨਿਲ ਕੁਮਾਰ, ਜੂਨੀਅਰ ਇੰਜਨੀਅਰ ਸੁਰਿੰਦਰ ਹੁੱਡਾ, ਸੁਨੀਲ ਕੁਮਾਰ ਅਤੇ ਐੱਸਐੱਚਓ ਸੋਹਣਪਾਲ ਖਟਾਨਾ, ਸਬ ਇੰਸਪੈਕਟਰ ਰਾਕੇਰਾ ਕੁਮਾਰ ਨੇ ਕੀਤੀ। ਜੈਪਾਲ ਯਾਦਵ ਨੇ ਕਿਹਾ ਹੈ ਕਿ ਨਿਗਮ ਖੇਤਰ ਵਿੱਚ ਨਿਗਮ ਦੀਆਂ ਜ਼ਮੀਨਾਂ ’ਤੇ ਨਾਜਾਇਜ਼ ਉਸਾਰੀਆਂ ਤੇ ਅਣਅਧਿਕਾਰਤ ਕਬਜ਼ੇ ਕਿਸੇ ਵੀ ਹਾਲਾਤ ਵਿੱਚ ਬਰਦਾਸ਼ਤ ਨਹੀਂ ਕੀਤੇ ਜਾਣਗੇ ਤੇ ਉਨ੍ਹਾਂ ਖ਼ਿਲਾਫ਼ ਨਿਸ਼ਚਤ ਤੌਰ ’ਤੇ ਕਾਰਵਾਈ ਜਾਰੀ ਰਹੇਗੀ। ਆਮ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਨਾ ਤਾਂ ਪਲਾਟ ਖਰੀਦਣ ਤੇ ਨਾ ਹੀ ਯਮੁਨਾ ਵਾਲੇ ਖੇਤਰ ਸਮੇਤ ਕਿਸੇ ਹੋਰ ਖੇਤਰ ਵਿੱਚ ਗੈਰਕਾਨੂੰਨੀ ਬਣੀਆਂ ਕਾਲੋਨੀਆਂ ਵਿੱਚ ਕੋਈ ਨਿਰਮਾਣ ਕਰਨ ਨਹੀਂ ਤਾਂ ਉਨ੍ਹਾਂ ਨੂੰ ਇਸ ਦਾ ਸਿੱਟਾ ਭੁਗਤਣਾ ਪਏਗਾ।