ਰਤਨ ਸਿੰਘ ਢਿੱਲੋਂ
ਅੰਬਾਲਾ, 25 ਅਪਰੈਲ
ਛਾਉਣੀ ਦੇ ਇਕ ਜੋੜੇ ਅਤੇ ਉਨ੍ਹਾਂ ਦੇ ਮਾਮੇ ਵੱਲੋਂ ਰਾਮ ਬਾਗ ਰੋਡ ਨਿਵਾਸੀ ਗੌਰਵ ਨਾਲ ਕੈਨੇਡਾ ਦੀ ਪੀਆਰਸ਼ਿਪ ਦਿਵਾਉਣ ਅਤੇ ਟੋਰਾਂਟੋ ਵਿਚ ਆਪਣੀ ਲਾਈਵ ਹੋਲੀਡੇਜ਼ ਨਾਂ ਦੀ ਕੰਪਨੀ ਦਾ ਚੀਫ ਮੈਨੇਜਰ ਲਾਉਣ ਦਾ ਝਾਂਸਾ ਦੇ ਕੇ 31 ਲੱਖ 70 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੌਦਾ 40 ਲੱਖ ਵਿੱਚ ਹੋਇਆ ਸੀ। ਆਰਥਿਕ ਅਪਰਾਧ ਸ਼ਾਖ਼ਾ ਦੀ ਜਾਂਚ ਤੋਂ ਬਾਅਦ ਛਾਉਣੀ ਪੁਲੀਸ ਨੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਗੌਰਵ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਛਾਉਣੀ ਦੀ ਸੁਪਰ ਮਾਰਕੀਟ ਸਥਿਤ ਵੀਜ਼ਾ ਏਜੰਟ ਰਿਸ਼ਭ ਗਰਗ, ਉਸ ਦੀ ਪਤਨੀ ਸ਼ਿਵਾਨੀ ਅਤੇ ਉਨ੍ਹਾਂ ਦੇ ਮਾਮੇ ਨੇ ਉਸ ਨੂੰ ਕੈਨੇਡਾ ਦੇ ਟੋਰਾਂਟੋ ਵਿੱਚ ਪੀਆਰਸ਼ਿਪ ਦਿਵਾਉਣ ਅਤੇ ਉੱਥੇ ਆਪਣੀ ਲਾਈਵ ਹੋਲੀਡੇਜ਼ ਕੰਪਨੀ ਦਾ ਚੀਫ ਮੈਨੇਜਰ ਲਾ ਕੇ 5 ਹਜ਼ਾਰ ਕੈਨੇਡੀਅਨ ਡਾਲਰ ਤਨਖਾਹ ਦੇਣ ਲਈ 40 ਲੱਖ ਰੁਪਏ ਦੀ ਮੰਗ ਕੀਤੀ ਜੋ 8 ਕਿਸ਼ਤਾਂ ਵਿੱਚ ਦੇਣੇ ਸਨ। ਪਹਿਲਾਂ ਉਸ ਨੂੰ ਦੋ ਸਾਲ ਦੀ ਸਿਖਲਾਈ ਲਈ ਪੰਜ ਕਿਸ਼ਤਾਂ ਵਿੱਚ 5-5 ਲੱਖ ਰੁਪਏ ਦੇਣੇ ਹੋਣਗੇ। ਰਿਸ਼ਭ ਨੇ ਉਸ ਨੂੰ ਦੱਸਿਆ ਕਿ ਪਹਿਲੀ ਸਿਖਲਾਈ ਮਲੇਸ਼ੀਆ ਦੇ ਕੁਆਲਾਲੰਪਰ ਵਿੱਚ ਹੈ ਜਿਸ ਲਈ 8 ਨਵੰਬਰ 2018 ਨੂੰ ਉਸ ਕੋਲੋਂ 5 ਲੱਖ ਦੀ ਪਹਿਲੀ ਕਿਸ਼ਤ ਤੋਂ ਬਿਨਾਂ 50 ਹਜ਼ਾਰ ਰੁਪਏ ਮਲੇਸ਼ੀਆ ਦੀ ਕਰੰਸੀ ਰਿੰਗਟ ਦੇਣ ਲਈ ਲਏ ਗਏ। 10 ਨਵੰਬਰ ਨੂੰ ਸਵੇਰੇ ਉਹ ਕੁਆਲਾਲੰਪਰ ਪਹੁੰਚ ਗਿਆ ਜਿਥੇ ਵਿਕਰਮ ਨਾਂ ਦਾ ਏਜੰਟ ਉਸ ਨੂੰ ਕੋਸਮੋ ਨਾਂ ਦੇ ਹੋਟਲ ਵਿੱਚ ਲੈ ਗਿਆ। 13 ਨਵੰਬਰ ਨੂੰ ਉਹ ਸਿਖਲਾਈ ਵਾਸਤੇ ਲਿਜਾਣ ਲਈ ਆਇਆ ਅਤੇ ਇਸ ਲਈ ਉਸ ਨੇ 3500 ਰਿੰਗਟ ਲੈ ਲਏ। ਉਹ ਥੋੜ੍ਹੀ ਦੇਰ ਗੱਡੀ ਵਿੱਚ ਘੁਮਾ ਕੇ ਕਹਿਣ ਲੱਗਿਆ ਕਿ ਸਿਖਲਾਈ ਪੂਰੀ ਹੋ ਗਈ ਹੈ ਜਿਸ ਲਈ ਸਰਟੀਫਿਕੇਟ ਉਸ ਨੂੰ ਇੰਡੀਆ ਵਿੱਚ ਜਾ ਕੇ ਮਿਲੇਗਾ। 16 ਨਵੰਬਰ ਨੂੰ ਉਹ ਵਾਪਸ ਭਾਰਤ ਆ ਗਿਆ।
ਇਸੇ ਤਰ੍ਹਾਂ ਉਸ ਨੂੰ ਸਿਖਲਾਈ ਲਈ ਚੀਨ, ਦੋ ਵਾਰ ਦੁਬਈ, ਥਾਈਲੈਂਡ ਅਤੇ ਤਨਜ਼ਾਨੀਆ ਭੇਜ ਕੇ ਉਸ ਕੋਲੋਂ ਪੈਸੇ ਲਏ ਗਏ। 8 ਮਾਰਚ 2019 ਨੂੰ ਤਨਜ਼ਾਨੀਆ ਤੋਂ ਵਾਪਸੀ ਲਈ ਉਸ ਨੂੰ 1 ਲੱਖ ਰੁਪਏ ਤੋਂ ਵੱਧ ਦੀ ਟਿਕਟ ਲੈ ਕੇ ਭਾਰਤ ਵਾਪਸ ਆਉਣਾ ਪਿਆ। ਉਸ ਨੇ ਅੰਬਾਲਾ ਆ ਕੇ ਏਜੰਟ ਨੂੰ ਪੈਸੇ ਵਾਪਸ ਦੇਣ ਜਾਂ ਟੋਰਾਂਟੋ ਭੇਜਣ ਲਈ ਕਿਹਾ। ਏਜੰਟ ਨੇ ਚੁੱਪ ਰਹਿਣ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਬਾਅਦ ਵਿੱਚ ਪਤਾ ਲੱਗਾ ਕਿ ਟੋਰਾਂਟੋ ਵਿੱਚ ਤਾਂ ਲਾਈਵ ਹੋਲੀਡੇਜ਼ ਨਾਂ ਦੀ ਕੋਈ ਟਰੈਵਲ ਕੰਪਨੀ ਹੀ ਨਹੀਂ ਹੈ। ਹੁਣ ਉਹ ਏਜੰਟ ਦਫ਼ਤਰ ਨੂੰ ਤਾਲਾ ਲਾ ਕੇ ਗਾਇਬ ਹੋ ਗਿਆ ਹੈ। ਉਹ ਇਸ ਏਜੰਟ ਜੋੜੇ ਨੂੰ 31 ਲੱਖ 74 ਹਜ਼ਾਰ ਰੁਪਏ ਦੇ ਚੁੱਕਿਆ ਹੈ। ਪੁਲੀਸ ਨੇ ਰਿਸ਼ਭ ਗਰਗ, ਉਸ ਦੀ ਪਤਨੀ ਸ਼ਿਵਾਨੀ ਗਰਗ ਅਤੇ ਮਾਮੇ ਸੰਜੀਵ ਗੋਇਲ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।