ਪੱਤਰ ਪ੍ਰੇਰਕ
ਟੋਹਾਣਾ, 15 ਅਕਤੂਬਰ
ਆਦਮਪੁਰ ਜ਼ਿਮਨੀ ਚੋਣ ਲਈ 30 ਉਮੀਦਵਾਰਾਂ ਨੇ ਪਰਚੇ ਦਾਖ਼ਲ ਕੀਤੇ। ਇਨ੍ਹਾਂ ਵਿੱਚ ਤਿੰਨ ਉਮੀਦਵਾਰਾਂ ਨੇ ਦੋ-ਦੋ ਕਾਪੀਆਂ ਜਮ੍ਹਾਂ ਕਰਵਾਈਆਂ। ਨਾਮਜ਼ਦਗੀ ਦਾਖ਼ਲ ਪੱਤਰ ਕਰਨ ਕਰਨ ਦੇ ਆਖ਼ਰੀ ਦਿਨ ਕਾਂਗਰਸ ਪਾਰਟੀ ਦੇ ਉਮੀਦਵਾਰ ਜੈ ਪ੍ਰਕਾਸ਼ ਵੱਲੋਂ ਪਰਚਾ ਦਾਖ਼ਲ ਕਰਨ ਮੌਕੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਸੂਬਾ ਪ੍ਰਧਾਨ ਉਦੇਭਾਨ, ਸੰਸਦ ਮੈਂਬਰ ਦਪਿੰਦਰ ਸਿੰਘ ਹੁੱਡਾ ਤੇ ਸੀਨੀਅਰ ਕਾਂਗਰਸ ਨੇਤਾ ਸ਼ਾਮਲ ਹੋਏ। ਭੁਪਿੰਦਰ ਸਿੰਘ ਹੁੱਡਾ ਨੇ ਸਕੱਤਰੇਤ ਦੇ ਬਾਹਰ ਪੱਤਰਕਾਰਾਂ ਦੇ ਰੁਬਰੂ ਹੁੰਦਿਆਂ ਕਿਹਾ ਕਿ ਕਾਂਗਰਸ ਦੇ ਮੁਕਾਬਲੇ ਵਿੱਚ ਆਏ ਭਾਜਪਾ, ਇਨੈਲੋ ਤੇ ‘ਆਪ’ ਨੇ ਮੰਗਵੇਂ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇਨ੍ਹਾਂ ਤਿੰਨ੍ਹਾਂ ਪਾਰਟੀਆਂ ਕੋਲ ਨਿੱਜੀ ਕੈਡਰ ਦਾ ਕੋਈ ਉਮੀਦਵਾਰ ਨਾ ਹੋਣਾ ਆਦਮਪੁਰ ਦੇ ਲੋਕਾਂ ਨੂੰ ਸਮਝ ਆ ਰਿਹਾ ਹੈ। ਇਨੈਲੋ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰ ਕੁਰੜਾਰਾਮ ਨੰਬਰਦਾਰ ਦੋ ਘੰਟੇ ਪਹਿਲਾਂ ਹੀ ਇਨੈਲੋ ਵਿੱਚ ਸ਼ਾਮਲ ਹੋਏ ਤੇ ਉਮੀਦਵਾਰ ਐਲਾਨ ਦਿੱਤਾ ਗਿਆ। ਉਸ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਮੌਕੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ, ਪਾਰਟੀ ਦੇ ਸੂਬਾ ਪ੍ਰਧਾਨ ਨਫ਼ੇ ਸਿੰਘ ਰਾਠੀ ਤੇ ਜਨਰਲ ਸਕੱਤਰ ਤੇ ਵਿਧਾਇਕ ਅਭੈ ਚੌਟਾਲਾ ਤੇ ਆਦਿ ਮੌਜੂਦ ਸਨ।
ਓਮ ਪ੍ਰਕਾਸ਼ ਚੌਟਾਲਾ ਨੇ ਕਿਹਾ ਕਿ ਇਨੈਲੋ ਸਰਕਾਰ ਸਮੇਂ ਹਰਿਆਣਾ ਦਾ ਖ਼ਜਾਨਾ ਭਰਿਆ ਹੋਇਆ ਸੀ, ਪਰ ਹੁਣ ਸੂਬਾ ਸਰਕਾਰ ਕਰਜ਼ਾਈ ਹੋ ਗਿਆ ਹੈ। ਵਿਧਾਇਕ ਅਭੈ ਚੌਟਾਲਾ ਨੇ ਦੋਸ਼ ਲਾਇਆ ਕਿ ਕੁਲਦੀਪ ਬਿਸ਼ਨੋਈ ਦੇ ਈਡੀ ਦੇ ਡਰੋਂ ਵਿਧਾਇਕੀ ਤੋਂ ਅਸਤੀਫ਼ਾ ਦਿੱਤੇ ਜਾਣ ਕਾਰਨ ਆਦਮਪੁਰ ਦੇ ਲੋਕਾਂ ’ਤੇ ਜ਼ਿਮਨੀ ਚੋਣ ਥੋਪੀ ਗਈ ਹੈ। ਕਾਂਗਰਸ ਦੇ ਸੂਬਾਈ ਪ੍ਰਧਾਨ ਉਦੈਭਾਨ ਨੇ ਕਿਹਾ ਕਿ ਕੁਲਦੀਪ ਨੇ ਆਦਮਪੁਰ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਉਮੀਦਵਾਰ ਦਾ ਮੁਕਾਬਲਾ ਭਾਜਪਾ-ਜੇਜੇਪੀ ਉਮੀਦਵਾਰ ਨਾਲ ਹੈ। ਪਰ ਪਿਛੋਕੜ ਵਿੱਚ ਕਿਸਾਨ ਅੰਦੋਲਨ ਗਵਾਹ ਹੈ ਕਿ ਭਾਜਪਾ-ਜਜਪਾ ਕਿਸਾਨ ਵਿਰੋਧੀ ਹਨ।