ਪੱਤਰ ਪ੍ਰੇਰਕ
ਗੂਹਲਾ ਚੀਕਾ, 11 ਜੁਲਾਈ
ਗੂਹਲਾ ਨੇੜੇ ਪਿੰਡ ਖਰੌਦੀ ਵਿੱਚ 2 ਬੱਚਿਆਂ ਦੀ ਪਾਣੀ ਵਾਲੇ ਖੱਡੇ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਜਦਕਿ ਉਨ੍ਹਾਂ ਦੇ ਦੋ ਹੋਰ ਸਾਥੀ ਵਾਲ-ਵਾਲ ਬਚ ਗਏ। ਮ੍ਰਿਤਕ ਬੱਚਿਆਂ ਦੀ ਪਛਾਣ ਅਮਨ (10) ਅਤੇ ਅੰਕਿਤ (11) ਵਜੋਂ ਦੱਸੀ ਗਈ ਹੈ। ਜਾਣਕਾਰੀ ਅਨੁਸਾਰ ਚਾਰ ਬੱਚੇ ਇੱਕ ਨਹਿਰ ਵਿੱਚ ਨਹਾਉਣ ਲਈ ਚਲੇ ਗਏ ਪਰ ਉੱਥੇ ਨਹਿਰ ਦੇ ਆਲੇ ਦੁਆਲੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਨਹਾਉਣ ਨਹੀਂ ਦਿੱਤਾ ਅਤੇ ਉੱਥੇ ਤੋਂ ਭਜਾ ਦਿੱਤਾ। ਪਰ ਚਾਰੋਂ ਬੱਚਿਆਂ ਨੇ ਜਦੋਂ ਪਿੰਡ ਵਿੱਚ ਹੀ ਬਣ ਰਹੇ ਇੱਕ ਮਕਾਨ ’ਚ ਪਾਣੀ ਦਾ ਭਰਿਆ ਖੱਡਾ ਦੇਖਿਆ ਤੇ ਉਸ ਵਿੱਚ ਨੁਹਾਉਣ ਲੱਗ ਪਏੇ। ਖੱਡਾ ਡੂੰਘਾ ਹੋਣ ਕਾਰਨ ਦੋ ਬੱਚੇ ਅਮਨ ਅਤੇ ਅੰਕਿਤ ਪਾਣੀ ’ਚ ਡੁੱਬ ਗਏ। ਅਮਨ ਅਤੇ ਅੰਕਿਤ ਨੂੰ ਡੁੱਬਦਿਆਂ ਵੇਖ ਦੋ ਬੱਚੀਆਂ ਤੁਰੰਤੇ ਖੱਡੇ ਤੋਂ ਬਾਹਰ ਨਿਕਲ ਗਈਆਂ ਜਿਸ ਕਰਕੇ ਉਨ੍ਹਾਂ ਦੀ ਜਾਨ ਬਚ ਗਈ। ਬੱਚੀਆਂ ਵੱਲੋਂ ਰੌਲਾ ਪਾਉਣ ’ਤੇ ਇਕੱਠੇ ਹੋਏ ਲੋਕਾਂ ਨੇ ਦੋਵਾਂ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਦੋਵੇਂ ਬੱਚੇ ਦਮ ਤੋੜ ਚੁੱਕੇ ਸਨ।ਇਹ ਬੱਚੇ ਗਰੀਬ ਪਰਿਵਾਰਾਂ ਨਾਲ ਸਬੰਧਤ ਸਨ।
ਟੋਹਾਣਾ (ਪੱਤਰ ਪ੍ਰੇਰਕ): ਇਥੋਂ ਦੇ ਪਿੰਡ ਡੁੱਲਟ ਦੇ ਕਿਸਾਨ ਵਿਜੈ (28) ਦੀ ਪਿੰਡ ਸ਼ਹੀਦਾਂਵਾਲੀ ਵਿੱਚ ਠੇਕੇ ’ਤੇ ਲਈ ਜ਼ਮੀਨ ਵਿੱਚ ਕਰੰਟ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਨੌਜਵਾਨ ਕਿਸਾਨ ਵਿਜੈ ਨੇ ਸ਼ਹੀਦਾਂਵਾਲੀ ਵਿੱਚ ਖੇਤੀ ਲਈ ਜ਼ਮੀਨ ਠੇਕੇ ’ਤੇ ਲਈ ਸੀ। ਸੋਮਵਾਰ ਸ਼ਾਮ ਉਹ ਆਪਣੇ ਜੀਜੇ ਨਾਲ ਖੇਤ ਵਿੱਚ ਗਿਆ ਸੀ ਜਿੱਥੇ ਟਿਊਬਵੈੱਲ ਤੋਂ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ। ਪੁਲੀਸ ਨੂੰ ਸੂਚਨਾ ਦੇਣ ’ਤੇ ਲਾਸ਼ ਪੋਸਟਮਾਰਟਮ ਲਈ ਨਾਗਰਿਕ ਹਸਪਤਾਲ ਭੇਜੀ ਗਈ ਹੈ। ਦੱਸਣਯੋਗ ਹੈ ਕਿ ਵਿਜੈ ਦਾ ਤਿੰਨ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ।