ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 6 ਅਗਸਤ
ਅੰਬਾਲਾ ਦੇ ਸੀਆਈਏ-1 ਦੀ ਟੀਮ ਨੇ ਅੰਬਾਲਾ ਛਾਉਣੀ ਥਾਣੇ ਵਿੱਚ ਰੈਮਡੇਸਿਵਿਰ ਟੀਕਿਆਂ ਦੀ ਬਲੈਕ ਮਾਰਕੀਟਿੰਗ ਸਬੰਧੀ ਦਰਜ ਕੇਸ ਵਿੱਚ ਕਾਰਵਾਈ ਕਰਦਿਆਂ 19 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਪਾਸੋਂ 3.65 ਲੱਖ ਰੁਪਏ, ਸੱਤ ਗੱਡੀਆਂ, 754 ਟੀਕੇ ਬਿਨਾ ਲੇਬਲ ਤੋਂ, 24 ਨਕਲੀ ਰੈਮਡੇਸਿਵਿਰ ਟੀਕੇ, 88 ਲੇਬਲਡ ਰੈਮਡੇਸਿਵਿਰ ਟੀਕੇ, 3354 ਆਊਟਰ ਕਰਟਨ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਇਸ ਸਬੰਧ ਵਿਚ ਅਜੇ ਹੋਰ ਪੜਤਾਲ ਜਾਰੀ ਹੈ। ਜ਼ਿਕਰਯੋਗ ਹੈ ਕਿ ਪੁਲੀਸ ਨੇ 21 ਅਪਰੈਲ 2021 ਨੂੰ ਰਾਤ ਦੇ ਕਰਫਿਊ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਪਾਰਸ ਵਾਸੀ ਨਡਿਆਲੀ ਥਾਣਾ ਨੱਗਲ, ਕਨਿਸ਼ਕ ਵਾਸੀ ਡਿਫੈਂਸ ਕਲੋਨੀ ਅੰਬਾਲਾ ਛਾਉਣੀ, ਦੀਪਕ ਕੁਮਾਰ ਵਾਸੀ ਧਰਮਪੁਰਾ, ਦਿੱਲੀ ਅਤੇ ਕਰਨ ਜੁਨੇਜਾ ਵਾਸੀ ਸ਼ਹਾਦਰਾ, ਦਿੱਲੀ ਨੂੰ ਗ੍ਰਿਫ਼ਤਾਰ ਕੀਤਾ ਸੀ। ਮਾਮਲਾ ਗੰਭੀਰ ਹੋਣ ਕਰਕੇ ਇਸ ਦੀ ਜਾਂਚ ਸੀਆਈਏ-1 ਨੂੰ ਸੌਂਪੀ ਗਈ ਸੀ।