ਫਰੀਦਾਬਾਦ (ਪੱਤਰ ਪ੍ਰੇਰਕ): ਕਰੋਨਾ ਵਾਇਰਸ ਦੀ ਲਾਗ ਕੌਮੀ ਰਾਜਧਾਨੀ ਦੇ ਨਾਲ ਲੱਗਦੇ ਹਰਿਆਣਾ ਦੇ ਜ਼ਿਲ੍ਹਿਆਂ ਫਰੀਦਾਬਾਦ, ਗੁਰੂਗਰਾਮ, ਸੋਨੀਪਤ, ਝੱਜਰ ਵਿੱਚ ਵੀ ਲਗਾਤਾਰ ਵਧ ਰਹੀ ਹੈ। ਫਰੀਦਾਬਾਦ ਵਿੱਚ ਬੀਤੇ 24 ਘੰਟਿਆਂ ਦੌਰਾਨ ਦੋ ਮੌਤਾਂ ਕੋਵਿਡ-19 ਕਾਰਨ ਹੋਈਆਂ ਤੇ 180 ਨਵੇਂ ਮਰੀਜ਼ ਪਾਏ ਗਏ। ਮਰਨ ਵਾਲਿਆਂ ਵਿੱਚ ਰਨਹੇੜਾ ਦਾ 34 ਸਾਲਾਂ ਦਾ ਵਿਅਕਤੀ ਤੇ ਡਬੂਆ ਕਾਲੋਨੀ ਦੀ 36 ਸਾਲਾਂ ਦੀ ਇਕ ਔਰਤ ਸ਼ਾਮਲ ਹਨ। ਨਵੇਂ 180 ਮਰੀਜ਼ ਪਾਏ ਜਾਣ ਮਗਰੋਂ ਜ਼ਿਲ੍ਹੇ ਵਿੱਚ ਕੁੱਲ ਗਿਣਤੀ 345 ਹੋ ਗਈ ਹੈ। ਹੁਣ ਤਕ 89 ਲੋਕ ਮਾਰੇ ਜਾ ਚੁੱਕੇ ਹਨ। ਮਰੀਜ਼ਾਂ ਦੇ ਦੁੱਗਣੇ ਹੋਣ ਦਾ ਸਮਾਂ 18 ਦਿਨ ਤੋਂ ਵੱਧ ਦਾ ਹੈ। ਹੁਣ ਤੱਕ 30 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਕੇਂਦਰ ਸਰਕਾਰ ਵੱਲੋਂ ਹਰਿਆਣਾ ਸਰਕਾਰ ਸਮੇਤ ਦਿੱਲੀ ਸਰਕਾਰ ਨਾਲ ਤਾਲਮੇਲ ਕਰਕੇ ਐਨਸੀਆਰ ਵਿੱਚ ਜਾਂਚ ਤੇਜ਼ ਕਰਨ ਦੀ ਕਵਾਇਦ ਕੀਤੀ ਜਾ ਰਹੀ ਹੈ। ਹਰਿਆਣਾ ਸਰਕਾਰ ਵੱਲੋਂ ਕੌਮੀ ਰਾਜਧਾਨੀ ਖੇਤਰ (ਐੱਨਸੀਆਰ) ਵਿੱਚ ਸੂਬੇ ਦੇ ਪੈਂਦੇ 5 ਜ਼ਿਲ੍ਹਿਆਂ ਵਿੱਚ ਕਰੋਨਾ ਜਾਂਚ ਲਈ ਤੇਜ਼ੀ ਲਿਆਉਣ ਬਾਰੇ ਬੀਤੇ ਦਿਨ ਜਾਣਕਾਰੀ ਦਿੱਤੀ ਸੀ। ਫਰੀਦਾਬਾਦ ਵਿੱਚ ਸੰਜੇ ਕਲੋਨੀ, ਡਬੂਆ ਕਲੋਨੀ, ਪੁਰਾਣਾ ਫਰੀਦਾਬਾਦ, ਬੱਲਭਗੜ੍ਹ, ਐੱਨਆਈਟੀ, ਜਵਾਹਰ ਕਲੋਨੀ, ਏਸੀ ਨਗਰ, ਸੈਕਟਰ-87, 88, 19, 28 ਤੋਂ ਇਲਾਵਾ ਤਿਲਪਤ ਪਿੰਡ, ਅੱਜੀ ਕਲੋਨੀ ਅਤੇ ਰਨਹੇੜਾ ਤੋਂ ਮਰੀਜ਼ ਮਿਲੇ ਹਨ।