ਪੱਤਰ ਪ੍ਰੇਰਕ
ਕਾਲਾਂਵਾਲੀ, 9 ਜੁਲਾਈ
ਇਲਾਕੇ ਦੇ ਪਿੰਡ ਰੋੜੀ ਵਿੱਚ ਕਿਸੇ ਅਣਪਛਾਤੇ ਵੱਲੋਂ ਚਾਰ ਕਿਸਾਨਾਂ ਦੀ ਕਰੀਬ 15 ਏਕੜ ਜ਼ਮੀਨ ਵਿੱਚ ਝੋਨੇ ਦੀ ਫ਼ਸਲ ’ਤੇ ਕਥਿਤ ਕੀਟਨਾਸ਼ਕ ਦੀ ਸਪਰੇਅ ਕੀਤੇ ਜਾਣ ਕਰ ਕੇ ਫ਼ਸਲ ਤਬਾਹ ਹੋ ਗਈ। ਇਸ ਦੇ ਨਾਲ ਹੀ 2 ਏਕੜ ਵਿੱਚ ਹਰਾ-ਚਾਰਾ ਵੀ ਬਰਬਾਦ ਹੋ ਗਿਆ। ਇਸ ਮੌਕੇ ਪੁੱਜੇ ਭਾਰਤੀ ਕਿਸਾਨ ਏਕਤਾ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਔਲਖ ਨੇ ਝੋਨੇ ਦੀ ਫ਼ਸਲ ਦੇ ਇਸ ਨੁਕਸਾਨ ਦੀ ਸਹੀ ਜਾਂਚ ਕਰਨ ਲਈ ਖੇਤੀਬਾੜੀ ਵਿਭਾਗ ਨੂੰ ਪੱਤਰ ਲਿਖਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਲਖਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਰੋੜੀ ਪਿੰਡ ਦੇ ਕਿਸਾਨ ਮੱਖਣ ਸਿੰਘ, ਬਲਦੇਵ ਸਿੰਘ, ਸੁਖਦੇਵ ਸਿੰਘ ਅਤੇ ਹਰਦੇਵ ਸਿੰਘ ਦਾ ਕਰੀਬ 15 ਏਕੜ ਝੋਨਾ ਅਤੇ 2 ਏਕੜ ਦੇ ਕਰੀਬ ਚਾਰਾ ਤਬਾਹ ਹੋ ਗਿਆ। ਖਰਾਬ ਹੋਈ ਫ਼ਸਲ ’ਤੇ ਨਦੀਨਨਾਸ਼ਕ ਦਾ ਛਿੜਕਾਅ ਕੀਤੇ ਜਾਣ ਦਾ ਖਦਸ਼ਾ ਹੈ।
ਲਖਵਿੰਦਰ ਸਿੰਘ ਔਲਖ ਆਪਣੀ ਟੀਮ ਸਣੇ ਪ੍ਰਾਈਵੇਟ ਕੀਟਨਾਸ਼ਕ ਕੰਪਨੀ ਦੇ ਡਾ. ਹਰਿੰਦਰ ਮਲਿਕ ਅਤੇ ਡਾ. ਚਾਂਦਵੀਰ ਸਿੰਘ ਨੂੰ ਨਾਲ ਲੈ ਕੇ ਖ਼ਰਾਬ ਹੋਈ ਫਸਲ ਦਾ ਜਾਇਜ਼ਾ ਲੈਣ ਪੁੱਜੇ ਹੋਏ ਸਨ।
ਇਸ ਦੌਰਾਨ ਥਾਣਾ ਰੋੜੀ ਦੇ ਇੰਚਾਰਜ ਚਾਂਦ ਰਾਮ ਨੇ ਵੀ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ। ਪੀੜਤ ਕਿਸਾਨਾਂ ਅਤੇ ਕਿਸਾਨ ਆਗੂ ਲਖਵਿੰਦਰ ਸਿੰਘ ਔਲਖ ਵੱਲੋਂ ਨਦੀਨਨਾਸ਼ਕ ਦਾ ਛਿੜਕਾਅ ਕਰਨ ਦਾ ਖਦਸ਼ਾ ਪ੍ਰਗਟਾਉਂਦਿਆਂ ਪੁਲੀਸ ਕੋਲ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਦੇ ਨਾਲ ਹੀ ਖਰਾਬ ਹੋਈ ਫਸਲ ਦੀ ਸਹੀ ਜਾਂਚ ਕਰਨ ਲਈ ਖੇਤੀਬਾੜੀ ਵਿਭਾਗ ਨੂੰ ਪੱਤਰ ਲਿਖਿਆ ਗਿਆ।