ਰਤਨ ਸਿੰਘ ਢਿੱਲੋਂ
ਅੰਬਾਲਾ, 30 ਸਤੰਬਰ
ਅੰਬਾਲਾ ਸ਼ਹਿਰ ਲਾਗਲੇ ਬਲਾਣਾ ਪਿੰਡ ਵਿਚ 14 ਸਾਲ ਦੇ ਗੁਰਪ੍ਰੀਤ ਦੀ ਰਜਵਾਹੇ ਵਿਚ ਡੁੱਬਣ ਨਾਲ ਮੌਤ ਹੋ ਗਈ। ਪਰਿਵਾਰ ਵਿਚ ਸਭ ਤੋਂ ਛੋਟਾ ਚਾਰ ਭੈਣਾਂ ਦਾ ਇਕਲੌਤਾ ਭਰਾ ਗੁਰਪ੍ਰੀਤ 10ਵੀਂ ਜਮਾਤ ਦਾ ਵਿਦਿਆਰਥੀ ਸੀ। ਮ੍ਰਿਤਕ ਦੇ ਪਿਤਾ ਹਰਕੇਸ਼ ਸਿੰਘ ਨੇ ਦੱਸਿਆ ਕਿ ਮੰਗਲਵਾਰ ਦੁਪਹਿਰੇ ਕਰੀਬ 3 ਵਜੇ ਗੁਰਪ੍ਰੀਤ ਨੂੰ ਕਿਸੇ ਕੰਮ ਭੇਜਿਆ ਸੀ। ਉੱਥੋਂ ਆਉਣ ਤੋਂ ਬਾਅਦ ਉਹ ਇਹ ਕਹਿ ਕੇ ਘਰੋਂ ਗਿਆ ਸੀ ਕਿ ਹੁਣੇ ਆ ਰਿਹਾ ਹੈ। ਚਾਰ ਵਜੇ ਦੇ ਕਰੀਬ ਗੁਰਦੁਆਰੇ ਦੇ ਸਪੀਕਰ ਰਾਹੀਂ ਸੂਚਨਾ ਦਿੱਤੀ ਗਈ ਕਿ ਕਿਸੇ ਦਾ ਬੱਚਾ ਰਜਵਾਹੇ ਵਿਚ ਡੁੱਬ ਗਿਆ ਹੈ। ਮੌਕੇ ’ਤੇ ਜਾ ਕੇ ਦੇਖਿਆ ਕਿ ਬੱਚੇ ਤਾਂ ਉੱਥੇ ਨਹੀਂ ਸੀ ਪਰੰਤੂ ਉਸ ਦਾ ਸਾਈਕਲ ਸੜਕ ’ਤੇ ਖੜ੍ਹਾ ਸੀ। ਉਸ ਤੋਂ ਬਾਅਦ ਰਜਵਾਹੇ ਤੇ ਬਣੇ ਹੈੱਡ ਦੇ ਮੁਲਾਜ਼ਮਾਂ ਨੂੰ ਪਾਣੀ ਰੋਕਣ ਦੀ ਗੁਜ਼ਾਰਿਸ਼ ਕੀਤੀ ਗਈ। ਪਾਣੀ ਘਟਣ ਤੋਂ ਬਾਅਦ ਦੇਖਿਆ ਕਿ ਬੱਚਾ ਦਲਦਲ ਵਿਚ ਧਸਿਆ ਪਿਆ ਸੀ। ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰ ਨੇ ਮ੍ਰਿਤਕ ਐਲਾਨ ਦਿੱਤਾ। ਪੋਸਟ ਮਾਰਟਮ ਤੋਂ ਬਾਅਦ ਬੱਚੇ ਦੀ ਲਾਸ਼ ਮਾਪਿਆਂ ਨੂੰ ਸੌਂਪ ਦਿੱਤੀ ਗਈ।