ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 10 ਜੁਲਾਈ
ਪਿੰਡ ਨੇਕਪੁਰ ਵਿੱਚ ਨਕਲੀ ਤੰਬਾਕੂ, ਪਾਨ ਮਸਾਲਾ, ਬਰਾਂਡਿਡ ਪੈਕਟਾਂ ਵਿੱਚ ਚੂਨਾ ਰੱਖਣ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਗਿਆ। ਥਾਣਾ ਧੌਜ ਦੀ ਟੀਮ ਨੇ ਕਰੀਬ 13 ਕੁਇੰਟਲ ਨਕਲੀ ਤੰਬਾਕੂ, ਚੂਨਾ ਤੇ ਪਾਨ ਮਸਾਲਾ ਸਮੇਤ ਤਿੰਨ ਮੁਲਜ਼ਮ ਕਾਬੂ ਕੀਤੇ ਹਨ। ਮੁਲਜ਼ਮਾਂ ਕੋਲੋਂ ਤੰਬਾਕੂ ਦੇ ਥੈਲੇ, ਚਿੱਟੇ ਚੂਨੇ ਦੇ 11 ਡੱਬੇ, ਤਿੰਨ ਪੈਕਿੰਗ ਮਸ਼ੀਨਾਂ, ਭਾਰ ਤੋਲਣ ਵਾਲੀ ਮਸ਼ੀਨ, ਬੈਗ ਸੀਲਿੰਗ ਮਸ਼ੀਨ, 53 ਬੈਗ ਵਿੱਚ 560 ਕਿਲੋ ਤੰਬਾਕੂ, ਖਾਲੀ ਪਾਊਚ 209, 100 ਕਿਲੋ 160 ਗ੍ਰਾਮ, ਬਰਾਮਦ ਕੀਤੇ ਗਏ ਹਨ। ਤੰਬਾਕੂ ਤੇ 465 ਕਿਲੋ ਚਿੱਟਾ ਚੂਨਾ ਬਰਾਮਦ ਕੀਤਾ ਗਿਆ। ਮੁਲਜ਼ਮ ਆਪਣੇ ਘਰ ਵਿੱਚ ਮਸ਼ੀਨ ਲਗਾ ਕੇ ਬਿਨਾਂ ਲਾਈਸੈਂਸ ਦੇ ਫਰੀਦਾਬਾਦ ਅਤੇ ਨੋਇਡਾ ਵਿੱਚ ਚੂਨਾ, ਤੰਬਾਕੂ, ਪਾਨ ਮਸਾਲਾ ਦੇ ਪਾਊਚ ਪੈਕ ਕਰਕੇ ਵੇਚਦੇ ਸਨ।
ਮੁਲਜ਼ਮ ਰਾਹੁਲ ਤੰਬਾਕੂ ਲਿਆ ਕੇ ਪਾਊਚਾਂ ਵਿੱਚ ਪੈਕ ਕਰਕੇ ਵੇਚਦਾ ਸੀ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਜਤਿੰਦਰ ਉਰਫ ਜੀਤੂ ਵਾਸੀ ਡਬੂਆ ਕਾਲੋਨੀ ਫਰੀਦਾਬਾਦ, ਰਾਹੁਲ ਵਾਸੀ ਆਗਰਾ (ਉੱਤਰ ਪ੍ਰਦੇਸ਼) ਅਤੇ ਪੱਪੂ ਵਾਸੀ ਪਿੰਡ ਨਨੋਟਾ ਜ਼ਿਲ੍ਹਾ ਆਗਰਾ ਵਜੋਂ ਹੋਈ ਹੈ। ਮੁਲਜ਼ਮਾਂ ਖ਼ਿਲਾਫ਼ ਥਾਣਾ ਧੂੜ ਵਿੱਚ ਨਾਜਾਇਜ਼ ਨਸ਼ਾ ਤਸਕਰੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁੱਛਗਿੱਛ ਤੋਂ ਬਾਅਦ ਜੀਤ ਅਤੇ ਪੱਪੂ ਨੂੰ ਅਦਾਲਤ ’ਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ ਅਤੇ ਰਾਹੁਲ ਤੋਂ ਪੁੱਛਗਿੱਛ ਲਈ ਪੁਲੀਸ ਰਿਮਾਂਡ ਲਿਆ ਗਿਆ ਹੈ।