ਪੱਤਰ ਪ੍ਰੇਰਕ
ਰਤੀਆ, 27 ਅਗਸਤ
ਅਗਰਵਾਲ ਵੈਸ਼ ਸਮਾਜ ਰਤੀਆ ਇਕਾਈ ਵੱਲੋਂ ਅੱਜ ਸਥਾਨਕ ਅਗਰਵਾਲ ਧਰਮਸ਼ਾਲਾ ਵਿੱਚ ਸੀਨੀਅਰ ਸਿਟੀਜ਼ਨ ਸਨਮਾਨ ਰਤਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਮਾਜ ਸੇਵੀ ਰਾਜ ਕੁਮਾਰ ਸਿੰਗਲਾ ਰਾਜੂ ਕਰੰਡੀ ਵਾਲਾ ਨੇ ਭਾਗ ਲਿਆ। ਜਦੋਂ ਕਿ ਪ੍ਰੋਗਰਾਮ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਮਿੱਤਲ ਨੇ ਕੀਤੀ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸਮਾਜ ਸੇਵੀ ਪ੍ਰਮੋਦ ਬਾਂਸਲ, ਅੰਚਲ ਜੈਨ, ਸੁਸ਼ੀਲ ਮੰਗਲਾ ਅਤੇ ਕਿਸ਼ਨ ਜਿੰਦਲ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਯੁਵਾ ਜ਼ਿਲ੍ਹਾ ਪ੍ਰਧਾਨ ਮੋਹਿਤ ਗਰਗ, ਰਤੀਆ ਪ੍ਰਧਾਨ ਲਵਕੇਸ਼ ਮਿੱਤਲ ਅਤੇ ਮਹਿਲਾ ਇਕਾਈ ਦੀ ਪ੍ਰਧਾਨ ਪੂਜਾ ਗੋਇਲ ਨੇ ਬਜ਼ੁਰਗਾਂ ਦਾ ਸਵਾਗਤ ਕੀਤਾ, ਉੱਥੇ ਹੀ ਮਦਰ ਇੰਡੀਆ ਸਕੂਲ ਦੀਆਂ ਵਿਦਿਆਰਥਣਾਂ ਨੇ ਸਵਾਗਤ ਗੀਤ ਪੇਸ਼ ਕਰ ਕੇ ਆਉਣ ਵਾਲੇ ਬਜ਼ੁਰਗਾਂ ਅਤੇ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਸਮਾਗਮ ਵਿੱਚ ਰਤੀਆ ਸ਼ਹਿਰ ਦੇ 70 ਸਾਲ ਦੇ ਉਪਰ ਦੇ 112 ਬਜ਼ੁਰਗਾਂ ਨੂੰ ਸਨਮਾਨ ਚਿੰਨ੍ਹ ਅਤੇ ਮਹਾਰਾਜਾ ਅਗਰਸੈਨ ਮਹਾਰਾਜ ਦੀ ਫੋਟੋ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਰਾਜ ਕੁਮਾਰ ਸਿੰਗਲਾ ਅਤੇ ਵਿਸ਼ੇਸ਼ ਮਹਿਮਾਨ ਪ੍ਰਮੋਦ ਬਾਂਸਲ ਨੇ ਕਿਹਾ ਕਿ ਅੱਜ ਸਮਾਜ ਵਿੱਚ ਬਜ਼ੁਰਗਾਂ ਦਾ ਪਹਿਲਾਂ ਜਿਹਾ ਮਾਨ ਸਨਮਾਨ ਨਹੀਂ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਅਗਰਵਾਲ ਵੈਸ਼ ਸਮਾਜ ਵਲੋਂ ਜੋ ਬਜੁਰਗਾਂ ਨੂੰ ਸਨਮਾਨਿਤ ਕਰਨ ਦੀ ਪ੍ਰਪੰਰਾ ਸ਼ੁਰੂ ਕੀਤੀ ਗਈ ਹੈ, ਉਹ ਸ਼ਲਾਘਾਯੋਗ ਹੈ। ਸਮਾਗਮ ਦੌਰਾਨ ਭਾਰਤ ਵਿਕਾਸ ਪਰਿਸ਼ਦ ਵਲੋਂ ਬਜ਼ੁਰਗਾਂ ਦੀ ਸਿਹਤ ਦੀ ਜਾਂਚ ਲਈ ਵਿਸ਼ੇਸ਼ ਰੂਪ ਵਿੱਚ ਕੈਂਪ ਲਗਾਇਆ ਗਿਆ। ਮੰਚ ਸੰਚਾਲਨ ਮਿੱਠਣ ਲਾਲ ਸਿੰਗਲਾ ਅਤੇ ਮਣਿਕ ਜੈਨ ਵੱਲੋਂ ਸਾਂਝੇ ਰੂਪ ਵਿੱਚ ਕੀਤਾ ਗਿਆ।