ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 3 ਅਕਤੂਬਰ
ਇੱਥੋਂ ਦੀ ਪੁਲੀਸ ਨੇ ਵਿਦੇਸ਼ ਭੇਜਣ ਦੇ ਨਾਂ ’ਤੇ 10 ਲੱਖ ਦੀ ਠੱਗੀ ਮਾਰਨ ਦੇ ਦੋਸ਼ ਹੇਠ ਤਿੰਨ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪਿੰਡ ਟਾਟਕੀ ਵਾਸੀ ਸੂਰਤ ਸਿੰਘ ਨੇ ਥਾਣਾ ਬਾਬੈਨ ਵਿੱਚ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਏਜੰਟ ਲਾਡਵਾ ਵਾਸੀ ਦਇਆ ਚੰਦ, ਰਜਨੀਸ਼ ਤੇ ਮੁਕੇਸ਼ ਨੇ ਉਸ ਦੇ ਪੁੱਤਰ ਅੰਕਿਤ ਨੂੰ ਅਮਰੀਕਾ ਭੇਜਣ ਲਈ 15 ਲੱਖ ਰੁਪਏ ਮੰਗੇ। ਉਸ ਨੇ ਮੁਲਜ਼ਮਾਂ ਦੇ ਖਾਤੇ ਵਿੱਚ ਪੰਜ ਲੱਖ ਰੁਪਏ ਪਾਏ ਅਤੇ ਤਿੰਨ ਲੱਖ ਰੁਪਏ ਨਕਦ ਦਿੱਤੇ। ਇਸ ਮਗਰੋਂ ਥੋੜੇ-ਥੋੜੇ ਕਰਕੇ ਉਸ ਨੇ ਕੁੱਲ 10 ਲੱਖ ਰੁਪਏ ਦਿੱਤੇ। ਬਾਅਦ ਵਿੱਚ ਏਜੰਟਾਂ ਨੇ ਨਾ ਤਾਂ ਉਸ ਦੀ ਰਕਮ ਮੋੜੀ ਅਤੇ ਨਾ ਹੀ ਉਸ ਦੇ ਪੁੱਤਰ ਨੂੰ ਅਮਰੀਕਾ ਭੇਜਿਆ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ। ਪੁਲੀਸ ਨੇ ਕਿਹਾ ਕਿ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।