ਰਾਜਨੀਤੀ ਤੋਂ ਉਪਰ ਉਠ ਕੇ ਕੰਮ ਕਰਨਾ ਜ਼ਰੂਰੀ
ਲਗਪਗ ਸਾਰਾ ਸੰਸਾਰ ਕਰੋਨਾ ਮਹਾਂਮਾਰੀ ਨਾਲ ਇਕ ਜੰਗ ਲੜ ਰਿਹਾ ਹੈ। ਇਸ ਔਖੀ ਘੜੀ ਵਿਚ ਵੱਖ-ਵੱਖ ਸਰਕਾਰੀ ਅਦਾਰੇ ਦਿਨ-ਰਾਤ ਕੰਮ ਕਰ ਰਹੇ ਹਨ। ਅਜਿਹੇ ਸੰਕਟਾਂ ਵੇਲੇ ਸਥਾਨਕ ਸੰਸਥਾਵਾਂ ਦੀ ਜ਼ਿੰਮੇਵਾਰੀ ਹੋਰ ਵਧ ਜਾਂਦੀ ਹੈ। ਇਹ ਨਿਯਮਾਂ ਨੂੰ ਬਿਹਤਰ ਢੰਗ ਨਾਲ ਲਾਗੂ ਕਰਵਾ ਕੇ ਆਪਣਾ ਯੋਗਦਾਨ ਪਾ ਸਕਦੀਆਂ ਹਨ। ਆਪਣੇ ਪਿੰਡ, ਸ਼ਹਿਰ ਦੀਆਂ ਹੱਦਾਂ ਦੀ ਨਿਗਰਾਨੀ ਅਤੇ ਅੰਦਰ ਬਾਹਰ ਆਉਣ ਜਾਣ ਵਾਲਿਆਂ ਉੱਤੇ ਨਜ਼ਰ ਰੱਖ ਸਕਦੀਆਂ ਹਨ। ਇਹ ਅਦਾਰੇ ਆਪਣੇ ਫੰਡਾਂ ਨੂੰ ਰਾਸ਼ਨ ਤੇ ਸਿਹਤ ਸੇਵਾਵਾਂ ਦੀ ਬਿਹਤਰੀ ਲਈ ਵਰਤ ਸਕਦੇ ਹਨ। ਲੋਕਾਂ ਵਿਚ ਜਾਗਰੂਕਤਾ ਫੈਲਾਉਣਾ ਸਥਾਨਕ ਸਰਕਾਰਾਂ ਦਾ ਕੰਮ ਹੈ। ਇਸ ਸੰਕਟ ਕਾਲ ਵਿਚ ਸਾਰਿਆਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਕੰਮ ਕਰਨਾ ਚਾਹੀਦਾ ਹੈ।
ਅਮਰਿੰਦਰ ਸਿੰਘ ਬਰਾੜ, ਪਿੰਡ ਭਾਗਸਰ,
ਬਾਬਾ ਫਰੀਦ ਕਾਲਜ ਆਫ ਐਜੂਕੇਸ਼ਨ, ਬਠਿੰਡਾ।
ਔਖੇ ਸਮੇਂ ਸਥਾਨਕ ਸੰਸਥਾਵਾਂ ਨੇ ਕੀਤੀ ਅਸਲ ਲੋਕ ਸੇਵਾ
ਕਰੋਨਾ ਮਹਾਂਮਾਰੀ ਦੌਰਾਨ ਸਰਕਾਰ ਨੇ ਭਾਵੇਂ ਲੋਕਾਂ ਦੀ ਸੁਰੱਖਿਆ ਪੱਖੋਂ ਲੌਕਡਾਊਨ ਜਾਂ ਕਰਫ਼ਿਊ ਲਾਗੂ ਕਰ ਦਿੱਤਾ, ਪਰ ਇਸ ਦੀ ਸਹੀ ਯੋਜਨਾਬੰਦੀ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਸੰਤਾਪ ਹੰਢਾਉਣਾ ਪਿਆ। ਲੋਕ ਕਰੋਨਾ ਦੇ ਡਰ ਤੋਂ ਘੱਟ ਤੇ ਆਪਣੇ ਬਦਤਰ ਹਾਲਾਤ ਤੋਂ ਜ਼ਿਆਦਾ ਦੁਖੀ ਸਨ। ਇਸ ਸਥਿਤੀ ‘ਚ ਸਥਾਨਕ ਸੰਸਥਾਵਾਂ ਨੇ ਸਰਕਾਰਾਂ ਨਾਲੋਂ ਵੱਧ ਲੋਕਾਂ ਦੀ ਸਹਾਇਤਾ ਕੀਤੀ ਤੇ ਉਨ੍ਹਾਂ ਤੱਕ ਦੋ ਡੰਗ ਦੀ ਰੋਟੀ ਦਾ ਰਾਸ਼ਨ, ਦਵਾਈਆਂ, ਸੈਨੇਟਾਈਜ਼ਰ, ਮਾਸਕ ਜਾਂ ਹੋਰ ਲੋੜੀਂਦਾ ਸਾਮਾਨ ਪੁੱਜਦਾ ਕੀਤਾ। ਸਿਆਸੀ ਲੀਡਰ ਤਾਂ ਆਪਣੀ ਫੋਕੀ ਚੌਧਰ ਤੇ ਫੋਟੋਆਂ ਖਿਚਵਾਉਣ ਤੱਕ ਹੀ ਸੀਮਤ ਰਹੇ, ਜਦਕਿ ਕਈ ਗੁਰਦੁਆਰਿਆਂ, ਮੰਦਰਾਂ ਜਾਂ ਹੋਰ ਸਥਾਨਕ ਸਮਾਜ-ਸੇਵੀ ਸੰਸਥਾਵਾਂ ਨੇ ਬਿਨਾਂ ਕਿਸੇ ਲਾਲਚ ਜਾਂ ਸ਼ੋਹਰਤ ਦੇ ਸੇਵਾ-ਭਾਵਨਾ ਦਾ ਅਸਲ ਫਰਜ਼ ਨਿਭਾਇਆ। ਜੇ ਲੋਕ ਸਰਕਾਰਾਂ ਦੇ ਆਸਰੇ ਰਹਿੰਦੇ ਤਾਂ ਭੁੱਖੇ ਹੀ ਮਰਦੇ। ਇਹ ਸਾਡੇ ਸਮਾਜ ਦਾ ਇਕ ਸ਼ਲਾਘਾਯੋਗ ਪੱਖ ਹੈ।
ਸਿਮਰਤੀ, ਸ਼ਾਹਕੋਟ, ਜਲੰਧਰ।
ਸਥਾਨਕ ਸਰਕਾਰਾਂ ਬਣਨ ਨੀਤੀ ਨਿਰਮਾਣ ਦਾ ਅੰਗ
ਕਰੋਨਾ ਮਹਾਂਮਾਰੀ ਦੌਰਾਨ ਸਥਾਨਕ ਸਰਕਾਰਾਂ ਵੱਲੋਂ ਲੋਕ ਭਲਾਈ ਕੰਮਾਂ ਲਈ ਨਿਭਾਈ ਭੂਮਿਕਾ ਕਿਸੇ ਤੋਂ ਲੁਕੀ ਨਹੀਂ, ਪਰ ਅੱਜ ਜ਼ਰੂਰਤ ਹੈ ਇਨ੍ਹਾਂ ਸਥਾਨਕ ਸਰਕਾਰਾਂ ਨੂੰ ਹੋਰ ਮਜ਼ਬੂਤ ਬਣਾਉਣ ਦੀ, ਤਾਂ ਜੋ ਇਨ੍ਹਾਂ ਦੀ ਕਾਰਗੁਜ਼ਾਰੀ ਹੋਰ ਬਿਹਤਰ ਹੋਵੇ। ਅੱਜ ਜ਼ਰੂਰੀ ਹੋ ਗਿਆ ਹੈ ਕਿ ਸਥਾਨਕ ਸਰਕਾਰਾਂ ਦੀ ਮਦਦ ਨਾਲ ਵੱਧ ਤੋਂ ਵੱਧ ਟੈਸਟ ਕੀਤੇ ਜਾਣ, ਜਨਤਕ ਸਥਾਨਾਂ ’ਤੇ ਸੈਨੇਟਾਈਜ਼ਰ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ, ਵੱਧ ਤੋਂ ਵੱਧ ਇਕਾਂਤਵਾਸ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇ, ਸਮਾਜਿਕ ਦੂਰੀ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਆਉਣ ਵਾਲੇ ਸਮੇਂ ਵਿਚ ਸ਼ਕਤੀਆਂ ਦੇ ਹੋਰ ਵਿਕੇਂਦਰੀਕਰਨ ਦੀ ਅਤੇ ਸਥਾਨਕ ਸਰਕਾਰਾਂ ਨੂੰ ਨੀਤੀ-ਨਿਰਮਾਣ ਵਿਚ ਸ਼ਾਮਲ ਕਰਨ ਦੀ ਜ਼ਰੂਰਤ ਹੈ, ਤਾਂ ਜੋ ਅਵਾਮ ਭਲਾਈ ਦੀਆਂ ਸਹੂਲਤਾਂ ਨੂੰ ਸਹੀ ਦਿਸ਼ਾ ਮਿਲ ਸਕੇ।
ਅਰਸ਼ਦੀਪ ਸਿੰਘ, ਜੈਤੋ, ਜ਼ਿਲ੍ਹਾ ਫਰੀਦਕੋਟ।
ਸੰਪਰਕ: 83607-70400
ਮਨੁੱਖ ਹੀ ਮਨੁੱਖ ਤੋਂ ਨਫ਼ਰਤ ਨਾ ਕਰੇ
ਸਾਡਾ ਦੇਸ਼ ਬਹੁਤ ਖਤਰਨਾਕ ਕਰੋਨਾ ਮਹਾਂਮਾਰੀ ਨਾਲ ਜੂਝ ਰਿਹਾ ਹੈ। ਇਸ ਤੋਂ ਬਚਣ ਲਈ ਸਥਾਨਕ ਸੰਸਥਾਵਾਂ, ਸਰਕਾਰ ਅਤੇ ਲੋਕਾਂ ਨੂੰ ਸਰਬ ਸਾਂਝੇ ਤੌਰ ’ਤੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਜਿੱਥੇ ਸਿਹਤ ਮਹਿਕਮਾ ਅਤੇ ਪੁਲੀਸ ਆਪਣਾ ਫਰਜ਼ ਨਿਭਾ ਰਹੇ ਹਨ, ਉੱਥੇ ਹਰ ਮਨੁੱਖ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਜਨਤਾ ਦੀਆਂ ਸਮੱਸਿਆਵਾਂ ਨੂੰ ਸਮਝੇ ਅਤੇ ਲੋੜੀਂਦੇ ਕਦਮ ਚੁੱਕੇ। ਗਰੀਬਾਂ ਦੀ ਹਾਲਤ ਨੂੰ ਸਮਝ ਕੇ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਇਸ ਮਹਾਂਮਾਰੀ ਕਾਰਨ ਇਕ ਹੋਰ ਸਮੱਸਿਆ ਦੇਖਣ ਨੂੰ ਮਿਲੀ ਹੈ ਕਿ ਕਿਤੇ ਨਾ ਕਿਤੇ ਮਨੁੱਖ ਹੀ ਮਨੁੱਖ ਤੋਂ ਨਫਰਤ ਕਰਨ ਲੱਗ ਪਿਆ ਹੈ। ਅਸੀਂ ਇਕ ਦੂਜੇ ਤੋਂ ਨਫਰਤ ਨਹੀਂ ਕਰਨੀ ਬਲਕਿ ਇਸ ਮਹਾਂਮਾਰੀ ਦਾ ਹੌਸਲੇ ਨਾਲ ਸਾਹਮਣਾ ਕਰਨਾ ਹੈ ਅਤੇ ਬਚਾਅ ਰੱਖਣਾ ਹੈ।
ਗਗਨਦੀਪ ਕੌਰ, ਬਾਬਾ ਫਰੀਦ ਕਾਲਜ
ਆਫ ਐਜੂਕੇਸ਼ਨ, ਬਠਿੰਡਾ।
ਮਹਾਂਮਾਰੀ ਦੌਰਾਨ ਸਥਾਨਕ ਸਰਕਾਰਾਂ ਦੀ ਵਧੀਆ ਭੂਮਿਕਾ
ਕਰੋਨਾ ਵਾਇਰਸ (ਕੋਵਿਡ-19) ਦਾ ਇਲਾਜ ਦੁਨੀਆ ਭਰ ਦੇ ਵਿਗਿਆਨਿਕ ਲੱਭਣ ਲੱਗੇ ਹੋਏ ਹਨ ਪਰ ਅਜੇ ਤੱਕ ਖ਼ਾਸ ਸਫਲਤਾ ਨਹੀਂ ਮਿਲ ਸਕੀ। ਵਿਸ਼ਵ ਸਿਹਤ ਸੰਸਥਾ ਵੀ ਇਸ ਅੱਗੇ ਬੇਵੱਸ ਹੋ ਕੇ ਰਹਿ ਗਈ। ਇਸ ਵਿਰੁੱਧ ਮੁਹਿੰਮ ਵਿਚ ਜਿਥੇ ਡਾਕਟਰ ਤੇ ਸਿਹਤ ਅਧਿਕਾਰੀ ਆਪਣੀ ਸੇਵਾ ਨਿਭਾ ਰਹੇ ਹਨ ਉਥੇ ਸਥਾਨਕ ਸਰਕਾਰਾਂ ਵੀ ਮਦਦਕਾਰ ਸਾਬਤ ਹੋ ਰਹੀਆਂ ਹਨ। ਸਥਾਨਕ ਸਰਕਾਰਾਂ ਵੱਲੋਂ ਸਮੇਂ-ਸਮੇਂ ਭੀੜ ਵਾਲੀਆਂ ਥਾਵਾਂ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ ਤੇ ਵਾਇਰਸ ਦੇ ਪ੍ਰਭਾਵ ਅਤੇ ਬਚਾਅ ਦੇ ਨੁਕਤੇ ਦੱਸੇ ਜਾ ਰਹੇ ਹਨ ਅਤੇ ਲੋਕਾ ਨੂੰ ਦੂਰੀ ਬਣਾਉਣ ਅਤੇ ਮਾਸਕ ਪਾਉਣ ਲਈ ਪ੍ਰੇਰਿਆ ਜਾ ਰਿਹਾ ਹੈ। ਜ਼ਰੂਰੀ ਵਸਤਾਂ ਦੀ ਸਪਲਾਈ ਲੋੜਵੰਦਾਂ ਤੱਕ ਪਹੁੰਚਦੀ ਕਰਨਾ ਵੀ ਸ਼ਲਾਘਾਯੋਗ ਕਦਮ ਹੈ।
ਅਦਿਸ਼ ਸੂਦ, ਵਾਰਡ ਨੰਬਰ 11, ਅਮਲੋਹ,
ਜ਼ਿਲ੍ਹਾ ਫਤਹਿਗੜ੍ਹ ਸਾਹਿਬ।
ਸਥਾਨਕ ਸੰਸਥਾਵਾਂ ਨੇ ਸੰਕਟ ’ਚ ਲੋਕਾਂ ਦਾ ਸਾਥ ਦਿੱਤਾ
ਕਰੋਨਾ ਸੰਕਟ ਸਭ ਲਈ ਨਵਾਂ ਹੈ। ਜਿਵੇਂ ਮਾਂ ਆਪਣੇ ਬੱਚਿਆਂ ਦਾ ਖਿਆਲ ਰੱਖਦੀ ਹੈ, ਉਨ੍ਹਾਂ ਦੀ ਉਂਗਲ ਪਕੜ ਕੇ ਤੁਰਨਾ ਸਿਖਾਉਂਦੀ ਹੈ, ਸੰਭਲਣਾ ਸਿਖਾਉਂਦੀ ਹੈ, ਹੱਥ ਫੜ ਕੇ ਰੋਟੀ ਖਾਣਾ ਸਿਖਾਉਂਦੀ ਹੈ, ਉਸੇ ਤਰਾਂ ਸਥਾਨਕ ਸੰਸਥਾਵਾਂ, ਕਮੇਟੀਆਂ ਨੇ ਵੀ ਇਸ ਔਖ ਦੀ ਘੜੀ ਵਿਚ ਸਭ ਦਾ ਸਾਥ ਦਿੱਤਾ ਹੈ ਤੇ ਆਪਣਾ ਕੰਮ ਬਾਖੂਬੀ ਨਿਭਾਇਆ ਹੈ। ਇਥੋਂ ਤੱਕ ਕਿ ਲੋਕਲ ਪ੍ਰਸ਼ਾਸਨ, ਕਮੇਟੀਆਂ ਨੇ ਤਾਂ ਹਰ ਗਲੀ-ਮੁਹੱਲੇ ਵਿਚ ਜ਼ਰੂਰੀ ਵਸਤਾਂ ਜਿਵੇਂ ਖਾਣ-ਪੀਣ ਦਾ ਸਾਮਾਨ, ਸਬਜ਼ੀਆਂ, ਫਲ, ਦੁੱਧ ਆਦਿ ਮੁਹੱਈਆ ਕਰਵਾਏ। ਲੋੜਵੰਦਾਂ ਤੱਕ ਦਵਾਈਆਂ ਪਹੁੰਚਾਈਆਂ, ਕਮੇਟੀਆਂ ਨੇ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਵੀ ਕਰਵਾਇਆ। ਹੁਣ ਦੇਖਣਾ ਹੈ ਕਿ ਅਸੀਂ ਪ੍ਰਸ਼ਾਸਨ ਦਾ ਕਿੰਨਾ ਸਾਥ ਦਿੰਦੇ ਹਾਂ। ਸਾਨੂੰ ਕਰੋਨਾ ਤੋਂ ਬਚਾਅ ਲਈ ਮਾਹਿਰਾਂ ਦੀ ਹਰ ਗੱਲ ਦਾ ਅਮਲ ਕਰਨਾ ਚਾਹੀਦਾ ਹੈ।
ਸੁਨੀਲ ਕੁਮਾਰ, ਧੂਰੀ, ਜ਼ਿਲ੍ਹਾ ਸੰਗਰੂਰ।
ਸੰਪਰਕ: 90410-32920
ਸਥਾਨਕ ਸਰਕਾਰਾਂ ਦਾ ਸਹਿਯੋਗ ਜ਼ਰੂਰੀ
ਕਰੋਨਾ ਸੰਕਟ ਦੌਰਾਨ ਸਥਾਨਕ ਸਰਕਾਰਾਂ ਕਰੋਨਾ ਯੋਧੇ ਬਣ ਕੇ ਕੰਮ ਕਰ ਰਹੀਆਂ ਹਨ। ਲੌਕਡਾਊਨ ਦੌਰਾਨ ਸਥਾਨਕ ਸੰਸਥਾਵਾਂ ਵਲੋਂ ਆਪਣੇ ਆਰਥਿਕ ਵਸੀਲਿਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਅਤੇ ਪਰਵਾਸੀ ਮਜ਼ਦੂਰਾਂ ਤੱਕ ਰਾਸ਼ਨ ਦਾ ਸਾਮਾਨ ਪਹੁੰਚਾਉਣ ਦਾ ਸਲਾਹੁਣਯੋਗ ਉਪਰਾਲਾ ਕੀਤਾ ਗਿਆ। ਜਦੋਂ ਹਰੇਕ ਵਿਅਕਤੀ ਆਪਣੇ ਘਰੋਂ ਬਾਹਰ ਨਿਕਲਣ ਤੋਂ ਵੀ ਡਰਦਾ ਸੀ, ਇਸ ਸਮੇਂ ਸਫਾਈ ਕਰਮਚਾਰੀਆਂ ਨੇ ਆਮ ਲੋਕਾਂ ਹੀ ਨਹੀਂ ਕਰੋਨਾ ਪੀੜਤ ਲੋਕਾਂ ਦੇ ਘਰੋਂ ਵੀ ਕੂੜਾ ਚੁੱਕਿਆ। ਸਥਾਨਕ ਸੰਸਥਾਵਾਂ ਵੱਲੋਂ ਸ਼ਹਿਰ ਦੀ ਸੈਨੇਟਾਈਜ਼ੇਸ਼ਨ ਕਰਨਾ ਅਤੇ ਬਿਮਾਰੀ ਤੋਂ ਬਚਾਓ ਲਈ ਆਮ ਜਨਤਾ ਨੂੰ ਜਾਣਕਾਰੀ ਦੇਣਾ ਸ਼ਲਾਘਾਯੋਗ ਕੰਮ ਹਨ। ਆਮ ਲੋਕਾਂ ਨੂੰ ਵੀ ਸਥਾਨਕ ਸਰਕਾਰਾਂ ਨੂੰ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ। ਇਹੋ ਆਪਣੇ ਸੂਬੇ ਅਤੇ ਦੇਸ਼ ਪ੍ਰਤੀ ਸੱਚੀ ਸੇਵਾ ਹੈ।
ਦਲੀਪ ਕੁਮਾਰ, ਨਜ਼ਦੀਕ ਸਨਾਤਨ ਧਰਮ ਮੰਦਿਰ, ਰਾਜਪੁਰਾ ਟਾਊਨ, ਜ਼ਿਲ੍ਹਾ ਪਟਿਆਲਾ।
ਸੰਪਰਕ: 98154-33663
(ਇਹ ਵਿਚਾਰ ਚਰਚਾ ਅਗਲੇ ਵੀਰਵਾਰ ਵੀ ਜਾਰੀ ਰਹੇਗੀ)