ਨੌਜਵਾਨ ਸੋਚ : ਕਿਸਾਨ ਸੰਘਰਸ਼ ਤੇ ਨੌਜਵਾਨ ਵਰਗ

ਨੌਜਵਾਨ ਸੋਚ :   ਕਿਸਾਨ ਸੰਘਰਸ਼ ਤੇ ਨੌਜਵਾਨ ਵਰਗ

ਨੌਜਵਾਨ ਵਰਗ ਸੰਜਮ ਤੋਂ ਕੰਮ ਲੈਂਦਿਆਂ ਅੱਗੇ ਵਧੇ

ਪਿਛਲੇ ਲੰਮੇ ਸਮੇਂ ਤੋਂ ਕਿਸਾਨੀ ਸੰਘਰਸ਼ ਚੱਲ ਰਿਹਾ ਹੈ, ਜਿਸ ਵਿੱਚ ਬਜ਼ੁਰਗਾਂ ਨਾਲ ਨੌਜਵਾਨਾਂ ਦਾ ਵੀ ਭਾਰੀ ਯੋਗਦਾਨ ਹੈ। ਛੱਬੀ ਜਨਵਰੀ ਦੀ ਘਟਨਾ ਤੋਂ ਬਾਅਦ ਨੌਜਵਾਨਾਂ ਵਿਚ ਅਸਥਾਈ ਜਿਹੀ ਨਿਰਾਸ਼ਾ ਉਪਜੀ ਸੀ ਜਿਸ ’ਤੇ ਹੌਲੀ ਹੌਲੀ ਲੋਕਾਂ ਦਾ ਜਜ਼ਬਾ ਤੇ ਸਮਾਂ ਮੱਲ੍ਹਮ ਲਾ ਰਿਹਾ ਹੈ, ਦੂਸਰਾ ਅੰਦੋਲਨ ਲੰਮਾ ਚੱਲਣ ਕਾਰਨ ਵੀ ਕਈਆਂ ’ਚ ਨਿਰਾਸ਼ਾ ਉਪਜਣੀ ਸੁਭਾਵਿਕ ਹੈ। ਪਰ ਸਾਨੂੰ ਇਤਿਹਾਸ ਤੋਂ ਸਬਕ ਲੈਣਾ ਚਾਹੀਦਾ ਹੈ ਜਿਵੇਂ ਕਿ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦਾ ਅੰਦੋਲਨ ਵੀ ਨੌਂ ਮਹੀਨੇ ਚੱਲਿਆ ਅਤੇ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਵੀ ਛੇ ਮਹੀਨੇ ਘੇਰਾ ਪਿਆ ਰਿਹਾ। ਉਸ ਸਮੇਂ ਲੜਨ ਵਾਲੇ ਯੋਧਿਆਂ ਨੇ ਪੂਰੇ ਸੰਜਮ ਨਾਲ ਕੰਮ ਕੀਤਾ ਸੀ। ਹੁਣ ਵੀ ਨੌਜਵਾਨਾਂ ਨੂੰ ਚਾਹੀਦਾ ਕਿ ਉਹ ਸੰਜਮ ਤੋਂ ਕੰਮ ਲੈਂਦਿਆਂ ਇਸ ਅੰਦੋਲਨ ਨੂੰ ਜਾਰੀ ਰੱਖਣ।

ਕੁਲਦੀਪ ਸਿੰਘ ਸਰਾਂ, ਤਲਵੰਡੀ ਅਕਲੀਆ, ਮਾਨਸਾ। ਸੰਪਰਕ: 94174-61994

ਨੌਜਵਾਨਾਂ ਨੇ ਅੰਦੋਲਨ ’ਚ ਨਵੀਂ ਰੂਹ ਫੂਕੀ

ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਸੰਘਰਸ਼ ਨੂੰ ਜੇ ਕਿਰਤੀਆਂ-ਕਿਸਾਨਾਂ ਦਾ ਸੰਘਰਸ਼ ਕਹਿ ਲਿਆ ਜਾਵੇ ਤਾਂ ਕੋਈ ਅਤਿ ਕਥਨੀ ਨਹੀਂ ਹੋਵੇਗੀ। ਇਸ ਸੰਘਰਸ਼ ਵਿੱਚ ਨੌਜਵਾਨ ਵਰਗ ਦੀ ਨਿਵੇਕਲੀ ਪਹਿਲਕਦਮੀ ਨੇ ਨਵੀਂ ਹੀ ਰੂਹ ਪਾ ਦਿੱਤੀ ਹੈ। ਹਰ ਨੌਜਵਾਨ ਮੁੰਡਾ/ਕੁੜੀ ਇਸ ਸੰਘਰਸ਼ ਨੂੰ ਆਪਣੀ ਇੱਜ਼ਤ ਦਾ ਸਵਾਲ ਸਮਝ ਕੇ ਵੱਡੇ ਪੱਧਰ ’ਤੇ ਸੰਘਰਸ਼ ਕਰ ਰਿਹਾ ਹੈ। ਨੌਜਵਾਨ ਵਰਗ ਦੇ ਆਪ ਮੁਹਾਰੇ ਮੁਹਾਣ ਨੇ ਕੇਂਦਰ ਦੀ ਹਕੂਮਤ ਨੂੰ ਕਿਸੇ ਹੱਦ ਤੱਕ ਫਿਕਰਾਂ ਵਿੱਚ ਵੀ ਧੱਕ ਦਿੱਤਾ ਹੈ। ਨੌਜਵਾਨ ਵਰਗ ਨੂੰ ਨਸਿਆਂ ਦੀ ਦਲਦਲ ਵਿੱਚ ਧੱਕਣ ਵਾਲੇ ਦੇਸ਼ ਵਿਰੋਧੀ ਅਨਸਰ ਵੀ ਸ਼ਾਇਦ ਹੈਰਾਨ ਹੋਣਗੇ ਕਿ ਜਿਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਵਿੱਚ ਧੱਕਣ ਲਈ ਉਨ੍ਹਾਂ ਕੋਈ ਕਸਰ ਬਾਕੀ ਨਹੀਂ ਛੱਡੀ ਸੀ, ਕੀ ਇਹ ਉਹੀ ਨੌਜਵਾਨ ਨੇ ਜਿਨ੍ਹਾਂ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨ ਵਾਪਿਸ ਕਰਵਾਉਣ ਲਈ ਕੇਂਦਰ ਦੀ ਹਕੂਮਤ ਦੀ ਨੀਂਦ/ਚੈਨ ਤੱਕ ਉਡਾ ਕੇ ਰੱਖ ਦਿੱਤਾ ਹੈ।

ਬਲਜੀਤ ਸਿੰਘ ਕੋਟਗੁਰੂ, ਪਿੰਡ ਤੇ ਡਾਕਖ਼ਾਨਾ ਕੋਟਗੁਰੂ, ਬਠਿੰਡਾ। ਸੰਪਰਕ: 85588-61513

ਕਿਸਾਨੀ ਸੰਘਰਸ਼ ਨੇ ਦੇਸ਼ ’ਚ ਲਿਆਂਦੀ ਏਕਤਾ

ਪੰਜਾਬ ਇਨ੍ਹੀਂ ਦਿਨੀਂ ਰੋਹ ਨਾਲ਼ ਉੱਬਲ ਰਿਹਾ ਹੈ। ਕਿਸਾਨ ਆਪਣੀ ਹੋਂਦ ਬਚਾਉਣ ਲਈ ਸੜਕਾਂ ਉੱਪਰ ਹਨ। ਪੰਜਾਬ ਤੋਂ ਉੱਠੇ ਕਿਸਾਨੀ ਸੰਘਰਸ਼ ਦੀ ਆਵਾਜ਼ ਦੁਨੀਆ ਤਕ ਪਹੁੰਚ ਗਈ ਹੈ। ਆਪਣੇ ਹੱਕ ਲਈ ਕਿਸਾਨ ਅਤੇ ਨੌਜਵਾਨ ਸਾਡੇ ਦੇਸ਼ ਦੀ ਰਾਜਧਾਨੀ ਵਿੱਚ ਧਰਨੇ ’ਤੇ ਬੈਠੇ ਹਨ। ਕੁਝ ਨੌਜਵਾਨ ਆਪਣੀ ਪੜ੍ਹਾਈ ਛੱਡ ਕੇ ਆਵਦੇ ਪੂਰਵਜਾਂ ਦੀ ਅਮਾਨਤ ਬਚਾਉਣ ਲਈ ਲੜ ਰਹੇ ਹਨ। ਅੱਜ ਕਲ ਦੇ ਨੌਜਵਾਨਾਂ ਵਿਚ ਕਿਸਾਨੀ ਸੰਘਰਸ਼ ਦੇ ਪ੍ਰਤੀ ਇੰਨਾ ਉਤਸਾਹ ਸਾਨੂੰ ਦੇਖਣ ਨੂੰ ਮਿਲਿਆ ਹੈ। ਕਿਸਾਨੀ ਸੰਘਰਸ਼ ਨਾਲ ਸਾਡੇ ਦੇਸ਼ ਦੇ ਲੋਕਾਂ ਵਿੱਚ ਏਕਤਾ ਆਈ ਹੈ ਇਹ ਇਸ ਸੰਘਰਸ਼ ਦੀ ਬਹੁਤ ਖਾਸ ਗੱਲ ਹੈ।

ਰਮਨਦੀਪ ਕੌਰ, ਵਿਦਿਆਰਥਣ ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ, ਦਿਉਣ, ਬਠਿੰਡਾ।

ਨੌਜਵਾਨਾਂ ਨੇ ਬਜ਼ੁਰਗਾਂ ਦੇ ਹੌਸਲੇ ਵੀ ਬੁਲੰਦ ਕੀਤੇ

ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਿਹਾ ਸੰਘਰਸ਼ ਨੌਜਵਾਨ ਵਰਗ ਦੀ ਬਦੌਲਤ ਲੋਕ ਅੰਦੋਲਨ ਦਾ ਰੂਪ ਧਾਰ ਚੁੱਕਾ ਹੈ। ਅੰਦੋਲਨ ਵਿੱਚ ਨੌਜਵਾਨ ਵਰਗ ਨੇ ਬਿਨਾਂ ਡਰ-ਭੈਅ ਦੇ ਆਪਣੀ ਮਿਹਨਤ ਅਤੇ ਲਗਨ ਨਾਲ ਦਿਨ ਰਾਤ ਇੱਕ ਕਰਦਿਆਂ ਕੇਂਦਰ ਸਰਕਾਰ ਨੂੰ ਕੰਬਣੀ ਛੇੜ ਕੇ ਰੱਖ ਦਿੱਤੀ ਹੈ। ਅੰਦੋਲਨ ਵਿਚ ਨੌਜਵਾਨਾਂ ਦੀ ਵੱਡੀ ਗਿਣਤੀ ਨੇ ਬਜ਼ੁਰਗ ਕਿਸਾਨਾਂ/ਮਜ਼ਦੂਰਾਂ ਦੇ ਹੌਸਲੇ ਵੀ ਪੂਰੀ ਤਰ੍ਹਾਂ ਬੁਲੰਦ ਹੋਏ ਹਨ। ਨੌਜਵਾਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਹੁਲੜ੍ਹਬਾਜ਼ੀ ਵਾਲੇ ਨਹੀਂ ਸਗੋਂ ਸ਼ਾਂਤਮਈ ਤਰੀਕੇ ਨਾਲ ਜ਼ਬਤ ਵਿਚ ਰਹਿੰਦਿਆਂ ਵੀ ਆਵਾਜ਼ ਚੁੱਕਣਾ ਜਾਣਦੇ ਹਨ। ਭਾਰਤ ਰਤਨ ਡਾ. ਭੀਮਰਾਉ ਅੰਬੇਡਕਰ ਦੀ ਕਹੀ ਗੱਲ ‘ਪੜ੍ਹੋ ਜੁੜੋ ਅਤੇ ਸੰਘਰਸ਼ ਕਰੋ’ ਨੂੰ ਪੱਲੇ ਬੰਨ੍ਹਕੇ ਇਸ ਅੰਦੋਲਨ ਵਿੱਚ ਨੌਜਵਾਨ ਵਰਗ ਨੇ ਕਾਫੀ ਹੱਦ ਤੱਕ ਜਿੱਤ ਦੇ ਨੇੜੇ ਪੁੱਜਣ ਵਿੱਚ ਸਫਲਤਾ ਵੀ ਹਾਸਲ ਕਰ ਲਈ ਹੈ।

ਜਗਦੀਪ ਸਿੰਘ, ਪਿੰਡ ਤੇ ਡਾਕ. ਮਸੀਤਾਂ,

ਜ਼ਿਲ੍ਹਾ ਸਿਰਸਾ। ਸੰਪਰਕ: 85700-40243

ਜਵਾਂ ਜੋਸ਼ ਸਦਕਾ ਆਖ਼ਰ ਅੰਦੋਲਨ ਦੀ ਜਿੱਤ ਹੋਵੇਗੀ

ਇਸ ਵਾਰ ਕਿਸਾਨ ਮੋਰਚਾ ਏਨੇ ਸੋਹਣੇ ਢੰਗ ਨਾਲ ਨੇਤਾਵਾਂ ਵੱਲੋਂ ਉਲੀਕਿਆ ਜਨ ਮੋਰਚੇ ਦਾ ਰੂਪ ਧਾਰ ਗਿਆ। ਇਸ ਦਾ ਮੁੱਖ ਕਾਰਨ ਬਜ਼ੁਰਗ ਨੇਤਾਵਾਂ ਨਾਲ ਨੌਜਵਾਨ ਵਰਗ ਦਾ ਵੀ ਅੱਗੇ ਆਉਣਾ ਹੈ। ਇਹ ਉਹੀ ਨੌਜਵਾਨ ਨੇ ਜਿਨ੍ਹਾਂ ਨੂੰ ਨਸ਼ੇੜੀ, ਆਵਾਰਾਗਰਦ ਤੇ ਵਿਗੜੇ ਹੋਏ ਤੇ ਹੋਰ ਅਨੇਕਾਂ ਨਾਵਾਂ ਨਾਲ਼ ਬੁਲਾਇਆ ਜਾਂਦਾ ਸੀ। ਅੱਜ ਇਨ੍ਹਾਂ ਨੌਜਵਾਨਾਂ ਨੇ ਹੀ ਰਸਤੇ ਵਿਚਲੇ ਪੱਥਰ ਹਟਾਏ, ਪਾਣੀ ਦੀਆਂ ਵਾਛੜਾਂ ਝੱਲਦੇ ਰਹੇ ਤੇ ਦਿੱਲੀ ਮੋਰਚਾ ਲਗਾਇਆ। ਭਾਵੇਂ ਰਾਜਨੀਤਕ ਪਾਰਟੀਆਂ ਨੇ ਵੀ ਵਿਘਨ ਪਾਇਆ, ਪਰ ਫਿਰ ਵੀ ਸਾਡੇ ਨੌਜਵਾਨ ਸ਼ਾਂਤਮਈ ਢੰਗ ਨਾਲ ਮੋਰਚੇ ਵਿਚ ਡਟੇ ਰਹੇ ਤੇ ਇੰਝ ਆਖ਼ਰ ਉਹ ਜਿੱਤ ਪ੍ਰਾਪਤ ਕਰਨਗੇ ਤੇ ਇਕ ਦਿਨ ਸਰਕਾਰ ਇਸ ਮੋਰਚੇ ਅੱਗੇ ਜ਼ਰੂਰ ਹਥਿਆਰ ਸੁੱਟੇਗੀ। ਕਿਸਾਨ ਮੋਰਚੇ ਦੀ ਜਿੱਤ ਤੋਂ ਬਾਅਦ ਭਾਰਤ ਪਹਿਲਾਂ ਵਾਲਾ ਭਾਰਤ ਨਹੀਂ ਰਹੇਗਾ, ਇਹ ਇੱਕ ਨਵੇਂ ਭਾਰਤ ਦਾ ਰੂਪ ਲਵੇਗਾ।

ਨਮਨਪ੍ਰੀਤ ਕੌਰ, ਪਿੰਡ ਕਿਸ਼ਨਪੁਰਾ,

ਜ਼ਿਲ੍ਹਾ ਲੁਧਿਆਣਾ। ਸੰਪਰਕ: 98761-72767

ਕਿਸਾਨ ਸੰਘਰਸ਼ ਪ੍ਰਤੀ ਨੌਜਵਾਨ ਵਰਗ ਦੀ ਅਹਿਮ ਜ਼ਿੰਮੇਵਾਰੀ

ਕਿਸਾਨ ਸੰਘਰਸ਼ ਨੌਜਵਾਨ ਵਰਗ ਦੀ ਬਹੁਤ ਅਹਿਮ ਭੂਮਿਕਾ ਹੈ। ਨੌਜਵਾਨ ਵਰਗ ਨੂੰ ਇਕ ਨਵੇਂ ਮੋੜ ਦੇ ਆਧਾਰ ਵਜੋਂ ਦੇਖਿਆ ਜਾ ਸਕਦਾ ਹੈ। ਜਿੱਥੇ ਪਹਿਲਾਂ ਨੌਜਵਾਨ ਇਸ ਸੰਘਰਸ਼ ਵਿਚ ਬਹੁਤੀ ਰੁਚੀ ਨਹੀਂ ਸੀ ਲੈਂਦੇ, ਪਰ ਅੱਜ ਦੇਖਿਆ ਜਾਵੇ ਤਾਂ ਸਥਿਤੀ ਇਸਦੇ ਉਲਟ ਹੈ ਅਤੇ ਨੌਜਵਾਨ ਇਸ ਸੰਘਰਸ਼ ਵਿਚ ਵਧ ਚੜ੍ਹ ਕੇ ਹਿੱਸਾ ਲੈ ਰਹੇ ਹਨ। ਇਸ ਦੌਰਾਨ ਨੌਜਵਾਨ ਵਰਗ ਉਪਰ ਕਈ ਵੱਡੀਆਂ ਜ਼ਿੰਮੇਵਾਰੀਆਂ ਵੀ ਆ ਗਈਆਂ, ਜੋ ਇਸ ਸੰਘਰਸ਼ ਦੀ ਜਿੱਤ ਅਤੇ ਹਾਰ ਨੂੰ ਤੈਅ ਕਰ ਸਕਦੀਆਂ ਹਨ, ਜਿਵੇਂ ਸੋਸ਼ਲ ਮੀਡੀਆ ਉਪਰ ਚੱਲ ਰਹੀਆਂ ਅਫਵਾਹ ਤੋਂ ਬਚਣਾ, ਬਿਨਾਂ ਕਿਸੇ ਖਾਸ ਪੱਖ ਨੂੰ ਦੇਖੇ ਕਿਸੇ ਵੀ ਆਗੂ ਨੂੰ ਗਲਤ ਜਾਂ ਸਹੀ ਕਹਿਣਾ ਅਤੇ ਹੋਰ ਕਈ ਪੱਖ। ਨੌਜਵਾਨ ਵਰਗ ਨੂੰ ਇਸ ਸਬੰਧੀ ਚੌਕਸ ਰਹਿਣ ਦੀ ਲੋੜ ਹੈ।

ਗੁਰਪਾਲ ਸਿੰਘ, ਵਿਦਿਆਰਥੀ ਬਾਬਾ ਫ਼ਰੀਦ ਕਾਲਜ ਆਫ ਐਜੂਕੇਸ਼ਨ, ਦਿਉਣ, ਬਠਿੰਡਾ।

ਸਰਕਾਰ ਨੂੰ ਕਿਉਂ ਨਜ਼ਰ ਨਹੀਂ ਆ ਰਿਹਾ ਕਿਸਾਨ ਅੰਦੋਲਨ?

ਸਾਨੂੰ ਭਾਰਤ ਦੀ ਵਿਭਿੰਨਤਾ ਅਤੇ ਸੱਭਿਆਚਾਰ ਨੂੰ ਬਚਾਉਣ ਲਈ ਸਭ ਤੋਂ ਪਹਿਲਾਂ ਸਾਨੂੰ ਕਿਸਾਨ ਨੂੰ ਬਚਾਉਣਾ ਪਵੇਗਾ। ਅਸੀਂ ਦੇਖ ਰਹੇ ਹਾਂ ਦਿੱਲੀ ਦੀਆਂ ਸਰਹੱਦਾਂ ’ਤੇ ਕਈ ਮਹੀਨੇ ਤੋਂ ਬੈਠੇ ਅੰਦੋਲਨ ਕਰ ਰਹੇ ਕਿਸਾਨ ਅਤੇ ਉਨ੍ਹਾਂ ਦਾ ਸਬਰ, ਸੰਤੋਖ ਤੇ ਸਹਿਣਸ਼ੀਲਤਾ ਨੂੰ ਅਤੇ ਨਾਲ ਹੀ ਅਸੀਂ ਦੇਖ ਰਹੇ ਹਾਂ ਦਿੱਲੀ ਦੇ ਬਾਰਡਰਾਂ ’ਤੇ ਹਰ ਦਿਨ ਕਿਸਾਨਾਂ ਦੀਆਂ ਹੋ ਰਹੀਆਂ ਸ਼ਹੀਦੀਆਂ ਨੂੰ। ਅੰਦੋਲਨ ਵਿਚ 200 ਤੋਂ ਉੱਪਰ ਕਿਸਾਨ, ਮਜ਼ਦੂਰ ਮਰਦ ਤੇ ਔਰਤਾਂ ਸ਼ਹੀਦੀਆਂ ਪਾ ਚੁੱਕੇ ਹਨ। ਅੱਜ ਹਰ ਇਕ ਨਿਗ੍ਹਾ ਕਿਸਾਨ ਅੰਦੋਲਨ ’ਤੇ ਹੈ ਦੇਸ਼ਾਂ, ਵਿਦੇਸ਼ਾ ਤੇ ਹਰ ਤਬਕੇ ਦੇ ਲੋਕ ਇਸ ਅੰਦੋਲਨ ਨੂੰ ਗਹੁ ਨਾਲ ਦੇਖ ਰਹੇ ਹਨ, ਪਰ ਬੇਹੱਦ ਹੈਰਾਨੀ ਦੀ ਗੱਲ ਹੈ ਕਿ ਕੇਂਦਰ ਸਰਕਾਰ ਵੱਲੋ ਲਾਗੂ ਕੀਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਖੁੱਲ੍ਹੇ ਅਸਮਾਨ ਹੇਠਾਂ ਬੈਠੇ ਕਿਸਾਨ, ਮਜ਼ਦੂਰ, ਬੀਬੀਆਂ ਤੇ ਬੱਚੇ ਕੇਂਦਰ ਸਰਕਾਰ ਨੂੰ ਕਿਉਂ ਨਜ਼ਰ ਨਹੀਂ ਆ ਰਹੇ?

ਹਰਮਨਪ੍ਰੀਤ ਸਿੰਘ, ਸਰਹਿੰਦ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ। ਸੰਪਰਕ: 98550-10005

(ਇਹ ਵਿਚਾਰ ਚਰਚਾ ਅਗਲੇ ਵੀਰਵਾਰ ਵੀ ਜਾਰੀ ਰਹੇਗੀ)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All