ਡਾ. ਅੰਬੇਡਕਰ: ਆਧੁਨਿਕ ਸਮਾਜ ਲਈ ਚਾਨਣ ਮੁਨਾਰਾ
ਬਹੁਤ ਗਰੀਬ ਪਰਿਵਾਰ ਵਿੱਚ ਜਨਮ ਲੈਣ ਦੇ ਬਾਵਜੂਦ ਭਾਰਤੀ ਸੰਵਿਧਾਨ ਨਿਰਮਾਤਾ ਅਤੇ ਭਾਰਤ ਰਤਨ ਬਣੇ ਡਾ. ਭੀਮ ਰਾਓ ਅੰਬੇਡਕਰ ਨੇ ਖੁਦ ਜ਼ਿੰਦਗੀ ਦੀਆਂ ਮੁਸ਼ਕਲਾਂ ਨਾਲ ਜੱਦੋਜਹਿਦ ਕਰਦਿਆਂ ਦੱਬੇ/ਲਤਾੜੇ ਤੇ ਜਾਤੀਵਾਦ ਦਾ ਸ਼ਿਕਾਰ ਲੋਕਾਂ ਦੀ ਜ਼ਿੰਦਗੀ ਸਮਾਜਿਕ ਅਤੇ ਆਰਥਿਕ ਪੱਖੋਂ ਵਧੀਆ ਬਣਾਉਣ ਲਈ ਦਿਨ-ਰਾਤ ਇਕ ਕੀਤਾ। ਔਰਤਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵੀ ਉਨ੍ਹਾਂ ਲਾਸਾਨੀ ਯੋਗਦਾਨ ਪਾਇਆ ਤੇ ਇਸ ਦੌਰਾਨ ਪੜ੍ਹਾਈ ਵਿਚ ਬੁਲੰਦੀਆਂ ਛੂਹੰਦਿਆਂ ਚੋਟੀ ਦੀਆਂ 32 ਡਿਗਰੀਆਂ ਹਾਸਲ ਕਰਕੇ ਆਧੁਨਿਕ ਸਮਾਜ ਲਈ ਲਾਮਿਸਾਲ ਚਾਨਣ ਮੁਨਾਰਾ ਬਣੇ। ਬਾਬਾ ਸਾਹਿਬ ਵੱਲੋਂ ਆਧੁਨਿਕ ਸਮਾਜ ਦੀ ਬਿਹਤਰੀ ਲਈ ਕੀਤਾ ਸੰਘਰਸ਼ ਹੀ ਅਸਲ ਵਿੱਚ ਮਨੁੱਖਤਾ ਦੀ ਸੱਚੀ ਸੇਵਾ ਕਹੀ ਜਾ ਸਕਦੀ ਹੈ। ਕਾਸ਼ ਆਧੁਨਿਕ ਸਮਾਜ ਦੇ ਪੜ੍ਹੇ-ਲਿਖੇ ਲੋਕ ਵੀ ਦੱਬੇ-ਕੁਚਲੇ/ਲਤਾੜੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਲਈ ਅੱਗੇ ਆ ਜਾਣ, ਤਾਂ ਸਮਾਜ ਦੀ ਤਸਵੀਰ ਹੀ ਕੁਝ ਹੋਰ ਬਣ ਜਾਵੇ। ਸਮੇਂ ਦੀਆਂ ਸਰਕਾਰਾਂ ਨੂੰ ਵੀ ਅੱਜ ਬਰਾਬਰੀ ਵਾਲੇ ਸਮਾਜ ਦੀ ਸਿਰਜਨਾ ਲਈ ਸੱਚੇ ਮਨੋਂ ਕੋਸ਼ਿਸ਼ ਕਰਨੀ ਚਾਹੀਦੀ ਹੈ।
ਬਲਜੀਤ ਸਿੰਘ ਕੋਟਗੁਰੂ, ਪਿੰਡ ਤੇ ਡਾਕ. ਕੋਟਗੁਰੂ, ਬਠਿੰਡਾ। ਸੰਪਰਕ: 85588-61513
ਡਾ. ਅੰਬੇਡਕਰ ਨੇ ਸਾਰੀ ਮਾਨਵਤਾ ਦੀ ਭਲਾਈ ਲਈ ਕੰਮ ਕੀਤਾ
ਡਾ. ਭੀਮ ਰਾਓ ਅੰਬੇਡਕਰ ਦਾ ਸਮਾਜ ਪ੍ਰਤੀ ਬਹੁਤ ਯੋਗਦਾਨ ਰਿਹਾ ਹੈ। ਉਹ ਦੁਨੀਆਂ ਦੇ ਮਹਾਨ ਚਿੰਤਕ ਸਨ, ਜਿਨ੍ਹਾਂ ਦੱਬੇ-ਕੁਚਲੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਤੇ ਹੱਕਾਂ ਖਾਤਰ ਸੰਘਰਸ਼ ਵੀ ਕੀਤਾ। ਉਨ੍ਹਾਂ ਜਾਤ-ਪਾਤ ਵਰਗੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਠੋਸ ਕੰਮ ਕੀਤਾ ਅਤੇ ਦੇਸ਼ ਦਾ ਸੰਵਿਧਾਨ ਤਿਆਰ ਕਰਨ ਸਦਕਾ ਸੰਵਿਧਾਨ ਨਿਰਮਾਤਾ ਅਖਵਾਏ, ਜੋ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਅਤੇ ਨਿਆਂ ਮੰਤਰੀ ਸਨ। ਅਸਲ ਵਿਚ ਡਾ. ਅੰਬੇਡਕਰ ਸਿਰਫ਼ ਦੱਬੇ-ਕੁਚਲੇ ਲੋਕਾਂ ਦੇ ਹੀ ਮਸੀਹਾ ਨਹੀਂ ਹਨ, ਬਲਕਿ ਇੱਕ ਯੁੱਗ ਪੁਰਸ਼ ਅਤੇ ਸਮੁੱਚੀ ਮਾਨਵਤਾ ਦੇ ਭਲੇ ਲਈ ਕੰਮ ਕਰਨ ਵਾਲੇ ਮਹਾਨ ਵਿਦਵਾਨ ਸਨ। ਉਹ ਮਹਾਨ ਸਮਾਜ ਸੁਧਾਰਕ ਸਨ, ਜਿਨ੍ਹਾਂ ਦਲਿਤਾਂ ਵਿਚ ਬੋਧੀ ਲਹਿਰ ਲਿਆਂਦੀ ਅਤੇ ਇਸ ਵਰਗ ਨਾਲ ਹੁੰਦੇ ਸਮਾਜਿਕ ਭੇਦਭਾਵ ਦੇ ਖਿਲਾਫ ਝੰਡਾ ਬੁਲੰਦ ਕੀਤਾ ਅਤੇ ਔਰਤਾਂ ਤੇ ਕਿਰਤੀਆਂ ਨੂੰ ਵੀ ਉਨ੍ਹਾਂ ਦੇ ਹੱਕ ਦਿਵਾਏ। ਉਨ੍ਹਾਂ ਨੂੰ ਅਕਸਰ ਬਾਬਾ ਸਾਹਿਬ ਆਖਿਆ ਜਾਂਦਾ ਹੈ, ਜਿਸ ਦਾ ਮਰਾਠੀ ਭਾਸ਼ਾ ਵਿਚ ਅਰਥ ਹੈ ‘ਸਤਿਕਾਰਤ ਪਿਤਾ’।
ਦਵਿੰਦਰ ਸਿੰਘ, ਪਿੰਡ ਤਲਵੰਡੀ ਅਕਲੀਆ, ਮਾਨਸਾ। ਸੰਪਰਕ: 88377-82802
ਬਾਬਾ ਸਾਹਿਬ ਦੇ ਵਿਚਾਰਾਂ ’ਤੇ ਚੱਲਣ ਦੀ ਲੋੜ
ਡਾ. ਭੀਮ ਰਾਓ ਅੰਬੇਡਕਰ ਬੜੇ ਉੱਚ ਵਿਚਾਰਾਂ ਦੇ ਮਾਲਕ ਸਨ। ਉਨ੍ਹਾਂ ਨੂੰ ਭਾਰਤੀ ਸੰਵਿਧਾਨ ਦਾ ਨਿਰਮਾਤਾ ਵੀ ਕਿਹਾ ਜਾਂਦਾ ਹੈ ਅਤੇ ਉਨ੍ਹਾਂ ਜਾਤੀ ਭੇਦਭਾਵ ਨੂੰ ਖ਼ਤਮ ਕਰਨ ਲਈ ਅਨੇਕਾਂ ਸੰਘਰਸ਼ ਕੀਤੇ। ਪਰ ਇਥੇ ਇਕ ਸਵਾਲ ਆਪਣੇ ਆਪ ਨੂੰ ਕਰਨਾ ਲਾਜ਼ਮੀ ਬਣਦਾ ਹੈ ਕਿ ਕੀ ਅਸੀਂ ਬਾਬਾ ਸਾਹਿਬ ਦੇ ਵਿਚਾਰਾਂ ’ਤੇ ਅਮਲ ਕੀਤਾ। ਅੱਜ ਵੀ ਸਾਡੇ ਸਮਾਜ ਵਿੱਚ ਦਲਿਤ ਭਾਈਚਾਰੇ ਨਾਲ ਪੱਖਪਾਤ ਕੀਤਾ ਜਾਂਦਾ ਹੈ, ਚਾਹੇ ਉਹ ਸਿੱਖਿਆ ਦਾ ਖੇਤਰ ਹੋਵੇ ਜਾਂ ਕੋਈ ਹੋਰ। ਇਥੇ ਦੂਜਾ ਪੱਖ ਵੀ ਵਿਚਾਰਨਾ ਬਣਦਾ ਹੈ, ਜੋ ਭਾਰਤੀ ਸੰਵਿਧਾਨ ਦੇ ਨਾਲ ਸਬੰਧਤ ਹੈ। ਅਸੀਂ ਜਾਣਦੇ ਹਾਂ ਕਿ ਪਿਛਲੇ ਸਮੇਂ ਦੌਰਾਨ ਸਾਡੇ ਦੇਸ਼ ਦੀ ਬੜੀ ‘ਸਿਆਣੀ’ ਸਰਕਾਰ ਨੇ ਗੈਰ-ਸੰਵਿਧਾਨਕ ਢੰਗ ਨਾਲ ਖੇਤੀਬਾੜੀ ਕਾਨੂੰਨ ਸੰਸਦ ਵਿੱਚ ਪਾਸ ਕੀਤੇ, ਜੋ ਬਹੁਤ ਦੁਖਦਾਈ ਗੱਲ ਹੈ।
ਜਤਿੰਦਰ ਸਿੰਘ ਬਰਾੜ, ਵਿਦਿਆਰਥੀ ਸਰਕਾਰੀ ਬ੍ਰਿਜਿੰਦਰਾ ਕਾਲਜ, ਫਰੀਦਕੋਟ। ਸੰਪਰਕ: 76966-20037
ਡਾ. ਅੰਬੇਡਕਰ ਦੇ ਸੁਪਨੇ ਸੱਚ ਨਹੀਂ ਹੋਏ
ਡਾ. ਅੰਬੇਡਕਰ ਨੇ ਇੱਕ ਸੁਪਨਾ ਦੇਖਿਆ ਸੀ ਕਿ ਸਾਡੇ ਭਾਰਤੀ ਸਮਾਜ ਵਿੱਚ ਭੇਦਭਾਵ ਖਤਮ ਹੋ ਜਾਵੇਗਾ। ਉਨ੍ਹਾਂ ਜਿਹੜੀ ਵਿਤਕਰਿਆਂ ਭਰੀ ਜ਼ਿੰਦਗੀ ਬਤੀਤ ਕੀਤੀ ਸੀ, ਉਹ ਨਹੀਂ ਚਾਹੁੰਦੇ ਸਨ ਕਿ ਬਾਕੀ ਲੋਕ ਵੀ ਉਹੋ ਜਿਹੀ ਜ਼ਿੰਦਗੀ ਜਿਉਣ। ਉਨ੍ਹਾਂ ਬਹੁਤ ਸੰਘਰਸ਼ ਕੀਤਾ ਤੇ ਆਪਣੇ ਹੌਸਲੇ, ਦਲੇਰੀ ਤੇ ਸਿਆਣਪ ਸਦਾ ਇੱਕ ਦਿਨ ਮਹਾਨ ਵਿਅਕਤੀ ਬਣੇ। ਉਨ੍ਹਾਂ ਸਮਾਜਿਕ ਭੇਦਭਾਵ ਖਤਮ ਕਰਨ ਲਈ ਜੀ-ਜਾਨ ਲਗਾ ਦਿੱਤੀ ਅਤੇ ਔਰਤਾਂ ਦੇ ਹੱਕਾਂ ਲਈ ਅਵਾਜ਼ ਬੁਲੰਦ ਕੀਤੀ ਤੇ ਉਨ੍ਹਾਂ ਦੇ ਅਧਿਕਾਰ ਦਿਵਾਏ। ਉਨ੍ਹਾਂ ਨੇ ਬਹੁਤ ਮੁਸ਼ਕਿਲਾਂ ਝੱਲ ਕੇ ਜਿੰਨੀ ਤਰੱਕੀ ਹਾਸਲ ਕੀਤੀ ਉਹ ਸਾਡੇ ਸਮਾਜ ਲਈ ਪ੍ਰੇਰਨਾਸ੍ਰੋਤ ਹੈ। ਅਫ਼ਸੋਸ ਕਿ ਅੱਜ ਵੀ ਉਨ੍ਹਾਂ ਦਾ ਸੁਪਨਾ ਸੱਚ ਨਹੀਂ ਹੋਇਆ। ਅੱਜ ਵੀ ਜਾਤਾਂ, ਧਰਮਾਂ, ਨਸਲਾਂ ਆਦਿ ਦੇ ਫ਼ਰਕ ਹੁੰਦੇ ਹਨ। ਸਾਡੀ ਇਹ ਵੀ ਸਮੱਸਿਆ ਹੈ ਕਿ ਜੇ ਕੋਈ ਚੰਗਾ ਕੰਮ ਕਰਦਾ ਹੈ ਤਾਂ ਅਸੀਂ ਉਸਦੀ ਪੂਜਾ ਕਰਨੀ ਤਾਂ ਸ਼ੁਰੂ ਕਰ ਦਿੰਦੇ ਹਾਂ ਪਰ ਉਸਦੀ ਵਿਚਾਰਧਾਰਾ ਨੂੰ ਨਹੀਂ ਅਪਣਾਉਂਦੇ।
ਮਨਜੀਤ ਕੌਰ ਲੁਧਿਆਣਵੀ, ਸ਼ੇਰਪੁਰ, ਲੁਧਿਆਣਾ। ਸੰਪਰਕ: 94646-33059
ਔਰਤਾਂ ਲਈ ਖੁਲ੍ਹ ਕੇ ਆਵਾਜ਼ ਉਠਾਉਣ ਵਾਲੇ ਮਹਾਨ ਚਿੰਤਕ
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਉਸ ਸਮਾਜ ਵਿਚ ਪੈਦਾ ਹੋਏ, ਜਿਸ ਨੂੰ ਉੱਚ ਵਰਗ ਨੇ ਹਾਸ਼ੀਏ ’ਤੇ ਧੱਕਿਆ ਹੋਇਆ ਸੀ, ਪਰ ਉਨ੍ਹਾਂ ਕਿਸੇ ਦੀ ਕੋਈ ਪ੍ਰਵਾਹ ਕੀਤੇ ਬਗੈਰ ਸਮੇਂ ਦੇ ਮਾੜੇ ਹਾਲਾਤ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਆਪਣਾ ਨਾਂ ਵੀਹਵੀਂ ਸਦੀ ਦੇ ਮਹਾਨ ਲੋਕਾਂ ਵਿੱਚ ਦਰਜ ਕਰਵਾਇਆ। ਉਨ੍ਹਾਂ ਭਾਰਤੀ ਸਮਾਜ ਵਿਚਲੀ ਵਰਣ ਵਿਵਸਥਾ ਦਾ ਜ਼ੋਰਦਾਰ ਵਿਰੋਧ ਕੀਤਾ, ਕਿਉਂਕਿ ਭਾਰਤ ਦੇਸ਼ ਦੇ ਵਿਦੇਸ਼ੀ ਹਮਲਾਵਰਾਂ ਤੋਂ ਹਾਰਨ ਤੇ ਗ਼ੁਲਾਮ ਬਣਨ ਲਈ ਇਹ ਵਿਵਸਥਾ ਵੀ ਜ਼ਿੰਮੇਵਾਰ ਸੀ। ਉਨ੍ਹਾਂ ਆਪਣੀ ਰਚਨਾ ‘ਜਾਤਪਾਤ ਦਾ ਖਾਤਮਾ’ ਵਿੱਚ ਇਸ ਦੇ ਮਾੜੇ ਪ੍ਰਭਾਵਾਂ ਦਾ ਵਰਨਣ ਕੀਤਾ। ਖ਼ਾਸ ਗੱਲ ਇਹ ਕਿ ਡਾ. ਅੰਬੇਡਕਰ ਨੇ ਭਾਰਤੀ ਸਮਾਜ ਦੇ ਹਰੇਕ ਵਰਗ ਲਈ ਕੰਮ ਕੀਤਾ। ਉਹ ਭਾਰਤ ਵਿੱਚ ਅਜਿਹੇ ਪਹਿਲੇ ਚਿੰਤਕ ਸਨ, ਜਿੰਨਾਂ ਔਰਤਾਂ ਦੇ ਹੱਕਾਂ ਲਈ ਖੁੱਲ੍ਹ ਕੇ ਅਵਾਜ਼ ਉਠਾਈ। ਅੱਜ ਦੇ ਨੌਜਵਾਨ ਵਰਗ ਨੂੰ ਉਨ੍ਹਾਂ ਤੋਂ ਮਿਹਨਤ ਕਰਨ ਅਤੇ ਵੱਧ ਤੋਂ ਵੱਧ ਪੜ੍ਹਨ ਦੀ ਪ੍ਰੇਰਨਾ ਲੈਣੀ ਚਾਹੀਦੀ ਹੈ। ਦਲਿਤਾਂ ਦੇ ਮਸੀਹਾ ਕਹੇ ਜਾਣ ਵਾਲੇ ਡਾ. ਅੰਬੇਡਕਰ ਦੇ ਦਿੱਤੇ ਸਬਕ ‘ਪੜ੍ਹੋ, ਜੁੜੋ ਤੇ ਸੰਘਰਸ਼ ਕਰੋ’ ਨੂੰ ਜ਼ਿੰਦਗੀ ਵਿੱਚ ਅਪਣਾਉਣਾ ਚਾਹੀਦਾ ਹੈ।
ਸਮਸ਼ੇਰ ਸਿੰਘ, ਪਿੰਡ ਚੁਤਾਲਾ, ਜ਼ਿਲ੍ਹਾ ਤਰਨ ਤਾਰਨ। ਸੰਪਰਕ: 79732-14207
ਸਾਰੇ ਦਫ਼ਤਰਾਂ ਵਿਚ ਲੱਗੇ ਬਾਬਾ ਸਾਹਿਬ ਦੀ ਤਸਵੀਰ
ਅੱਜ ਲੋੜ ਹੈ, ਆਪਣੇ ਅੰਦਰ ਝਾਤੀ ਮਾਰਨ ਦੀ ਕਿ ਜੋ ਭਾਰਤ ਨੂੰ ਸੰਵਿਧਾਨ ਰਾਹੀਂ ਆਜ਼ਾਦੀ ਮਿਲੀ ਹੈ, ਉਸ ਨੂੰ ਕੀ ਅਸੀਂ ਸੰਭਾਲ ਪਾ ਰਹੇ ਹਾਂ। ਕੀ ਨਿੱਤ-ਦਿਨ ਸੋਧ ਦੇ ਨਾਮ ’ਤੇ ਸੰਵਿਧਾਨ ਨਾਲ ਛੇੜਛਾੜ ਗੰਭੀਰ ਮਸਲਾ ਨਹੀਂ! ਭਾਰਤੀ ਸੰਵਿਧਾਨ ਡਾ. ਭੀਮ ਰਾਓ ਅੰਬੇਡਕਰ ਦੀ ਦੇਣ ਹੈ। ਕੀ ਅਸੀਂ ਇੰਨੇ ਕਾਬਿਲ ਹਾਂ ਕਿ 64 ਵਿਸ਼ਿਆਂ ਵਿਚ ਮਾਸਟਰ ਡਿਗਰੀ ਅਤੇ ਪੀਐਚਡੀ ਕਰਨ ਵਾਲੇ ਪਹਿਲੇ ਭਾਰਤੀ ਤੇ ਤਕਰੀਬਨ 9 ਭਾਸ਼ਾਵਾਂ ਦੇ ਜਾਣਕਾਰ ਡਾ. ਅੰਬੇਡਕਰ ਵਲੋਂ ਬਣਾਏ ਸੰਵਿਧਾਨ ’ਚ ਸੋਧ ਕਰ ਸਕੀਏ, ਕਿਤੇ ਇਹ ਅੰਨ੍ਹੇਵਾਹ ਕੀਤੀਆਂ ਜਾ ਰਹੀਆਂ ਸੰਵਿਧਾਨਕ ਤਰਮੀਮਾਂ ਸਾਨੂੰ ਮੁੜ ਗੁਲਾਮੀ ਵੱਲ ਨਾ ਧੱਕ ਦੇਣ। ਨਾਲ ਹੀ ਸਾਨੂੰ ਸੰਵਿਧਾਨ ਨਿਰਮਾਤਾ ਡਾ. ਅੰਬੇਡਕਰ ਦੀ ਤਸਵੀਰ ਸਰਕਾਰੀ ਅਦਾਰਿਆਂ ’ਚ ਘੱਟ ਹੀ ਲੱਗੀ ਨਜ਼ਰ ਆਉਂਦੀ ਹੈ, ਜਦਕਿ ਉਨ੍ਹਾਂ ਦੀਆਂ ਤਸਵੀਰਾਂ ਸਾਰੇ ਸਰਕਾਰੀ ਦਫਤਰਾਂ ਵਿਚ ਲੱਗਣੀਆਂ ਚਾਹੀਦੀਆਂ ਹਨ, ਖ਼ਾਸਕਰ ਸੰਵਿਧਾਨ ਤੇ ਕਾਨੂੰਨ ਨਾਲ ਸਿੱਧੇ ਜੁੜੇ ਦਫਤਰਾਂ ਜਿਵੇਂ ਅਦਾਲਤਾਂ, ਐਡਵੋਕੇਟ ਚੈਂਬਰਾਂ, ਪੁਲੀਸ ਸਟੇਸ਼ਨਾਂ ਵਿਚ ਉਨ੍ਹਾਂ ਦੀ ਤਸਵੀਰ ਲਾਜ਼ਮੀ ਲੱਗੀ ਹੋਣੀ ਚਾਹੀਦੀ ਹੈ।
ਹਰਮਨਪ੍ਰੀਤ ਸਿੰਘ, ਸਰਹਿੰਦ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ। ਸੰਪਰਕ: 98550-10005
ਸਾਨੂੰ ਸਿੱਖਿਅਤ, ਸੰਗਠਿਤ ਤੇ ਸੁਚੇਤ ਹੋਣ ਦੀ ਲੋੜ
ਡਾ. ਭੀਮ ਰਾਓ ਅੰਬੇਡਕਰ ਨੂੰ ਭਾਰਤੀ ਸੰਵਿਧਾਨ ਦੇ ਪਿਤਾਮਾ ਕਿਹਾ ਜਾਂਦਾ ਹੈ। ਜਦ ਸਮਾਜ ਵਿੱਚ ਜਾਤ-ਪਾਤ ਦੇ ਦੌਰ ਵਿੱਚ ਲੋਕਾਂ ਨੂੰ ਨੀਵੀਂ ਜਾਤ ਕਹਿ ਕੇ ਸਹੂਲਤਾਂ ਤੋਂ ਦੂਰ ਰੱਖਿਆ ਜਾਂਦਾ ਸੀ, ਤਦ ਉਨ੍ਹਾਂ ਨੇ ਸਹੂਲਤਾਂ ਦਿਵਾਈਆਂ ਤਾਂ ਕਿ ਉਹ ਲੋਕ ਵੀ ਸਮਾਜ ਵਿੱਚ ਅੱਗੇ ਵੱਧ ਸਕਣ। ਉਨ੍ਹਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਸੰਵਿਧਾਨ ਜਿੰਨਾ ਵੀ ਵਧੀਆ ਹੋਵੇ, ਜੇ ਇਸ ਦੀ ਵਰਤੋਂ ਗਲਤ ਕੀਤੀ ਗਈ ਤਾਂ ‘ਮੈਂ ਇਸ ਨੂੰ ਸਾੜ ਦੇਣ ਵਾਲਾ ਪਹਿਲਾ ਇਨਸਾਨ’ ਹੋਵਾਂਗਾ। ਸੋ, ਇਹ ਬੇਹੱਦ ਜ਼ਰੂਰੀ ਹੈ ਕਿ ਸੰਵਿਧਾਨ ਨੂੰ ਲੋਕਾਂ ਦੇ ਭਲੇ ਲਈ ਵਰਤਿਆ ਜਾਵੇ। ਪਰ ਅਜੋਕੀ ਹਾਲਤ, ਖ਼ਾਸਕਰ ਕਿਸਾਨੀ ਤੇ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਦੇਖ ਕੇ ਤਾਂ ਇਹੋ ਜਾਪਦਾ ਹੈ ਕਿ ਸੰਵਿਧਾਨ ਦੀ ਵਰਤੋਂ ਲੋਕਾਂ ਦੇ ਭਲੇ ਲਈ ਨਹੀਂ, ਸਗੋਂ ਸਰਮਾਏਦਾਰਾਂ ਦੇ ਭਲੇ ਲਈ ਹੋ ਰਹੀ ਹੈ। ਡਾ. ਅੰਬੇਡਕਰ ਨੇ ਕਿਹਾ ਹੈ ਕਿ ਜੇ ਅਸੀਂ ਸਿੱਖਿਅਤ, ਸੁਚੇਤ ਤੇ ਸੰਗਠਿਤ ਹੋਵਾਂਗੇ, ਤਾਂ ਹੀ ਹੱਕਾਂ ਲਈ ਲੜ ਸਕਾਂਗੇ। ਅੱਜ ਸਾਨੂੰ ਉਨ੍ਹਾਂ ਦੀ ਇਸੇ ਸੇਧ ’ਤੇ ਚੱਲਣ ਦੀ ਲੋੜ ਹੈ।
ਗੁਰਸਿਮਰਨ ਕੌਰ, ਵਿਦਿਆਰਥਣ, ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ, ਦਿਉਣ, ਬਠਿੰਡਾ।
(ਇਹ ਵਿਚਾਰ ਚਰਚਾ ਅਗਲੇ ਵੀਰਵਾਰ ਵੀ ਜਾਰੀ ਰਹੇਗੀ)