ਸੁਖਮਿੰਦਰ ਸੇਖੋਂ
ਲਤਾ ਮੰਗੇਸ਼ਕਰ ਦਾ ਨਾਂ ਜ਼ੁਬਾਨ ’ਤੇ ਆਉਂਦਿਆਂ ਹੀ ਮੂੰਹ ਵਿੱਚ ਮਿਸ਼ਰੀ ਘੁਲਣ ਲੱਗਦੀ ਹੈ। ਨਿੱਕੇ ਹੁੰਦਿਆਂ ਤੋਂ ਹੀ ਰੇਡੀਓ ਤੋਂ ਉਨ੍ਹਾਂ ਦੇ ਗੀਤ ਸੁਣਦੇ ਆਏ ਹਾਂ। ਪਿਛਲੇ ਸੱਤ ਦਹਾਕਿਆਂ ਤੋਂ ਆਪਣਾ ਜੀਵਨ ਹਿੰਦੀ ਫਿਲਮ ਸੰਗੀਤ ਦੇ ਲੇਖੇ ਲਾਉਣ ਵਾਲੀ ਇਸ ਪਿੱਠਵਰਤੀ ਗਾਇਕਾ ਦਾ ਜਨਮ 28 ਸਤੰਬਰ 1929 ਨੂੰ ਮੱਧ-ਵਰਗੀ ਪਰਿਵਾਰ ਵਿਚ ਹੋਇਆ। ਉਸ ਦੇ ਪਿਤਾ ਸ੍ਰੀ ਦੀਨਾਨਾਥ ਮੰਗੇਸ਼ਕਰ ਸੰਗੀਤ ਸ਼ਾਸਤਰੀ ਸਨ ਤੇ ਇਕ ਡਰਾਮਾ ਕੰਪਨੀ ਵੀ ਚਲਾਉਂਦੇ ਸਨ। ਇਸ ਲਈ ਸੰਗੀਤ ਦੀ ਸ਼ੁਰੂਆਤੀ ਤਾਲੀਮ ਲਤਾ ਨੇ ਆਪਣੇ ਪਿਤਾ ਜੀ ਤੋਂ ਹੀ ਗ੍ਰਹਿਣ ਕੀਤੀ। ਪਰ ਪਿਤਾ ਦਾ ਸਾਇਆ ਬਹੁਤੀ ਦੇਰ ਨਾ ਰਿਹਾ। ਜਦੋਂ ਉਸ ਦੇ ਪਿਤਾ ਦੀ ਮੌਤ ਹੋਈ ਤਾਂ ਲਤਾ ਸਿਰਫ਼ 13 ਕੁ ਵਰ੍ਹਿਆਂ ਦੀ ਸੀ। ਆਪਣੇ ਤੋਂ ਨਿੱਕੇ ਭੈਣ ਭਰਾਵਾਂ ਦੀ ਜ਼ਿੰਮੇਵਾਰੀ ਉਸ ’ਤੇ ਆਣ ਪਈ। ਅਜਿਹੇ ਮੁਸ਼ਕਿਲ ਵੇਲੇ ਉਸ ਦੇ ਸਿਰ ’ਤੇ ਉਸਤਾਦ ਗੁਲਾਮ ਹੈਦਰ ਨੇ ਹੱਥ ਰੱਖਿਆ ਤੇ ਉਸ ਨੂੰ ਸੰਗੀਤਕਾਰਾਂ ਨਾਲ ਮਿਲਵਾਇਆ। ਪਰ ਕਿਸੇ ਵੀ ਸੰਗੀਤਕਾਰ ਵੱਲੋਂ ਕੋਈ ਹਾਂ-ਪੱਖੀ ਹੁੰਗਾਰਾ ਹਾਸਲ ਨਾ ਹੋਇਆ ਕਿਉਂਕਿ ਸਾਰਿਆਂ ਦਾ ਮੰਨਣਾ ਸੀ ਕਿ ਉਸ ਦੀ ਆਵਾਜ਼ ਬਹੁਤ ਪਤਲੀ ਤੇ ਬਾਰੀਕ ਹੈ, ਇਸ ਲਈ ਫਿਲਮਾਂ ਵਿੱਚ ਪਿੱਠਵਰਤੀ ਗਾਇਕਾ ਬਣਨਾ ਸੰਭਵ ਨਹੀਂ। ਇਸ ਦੇ ਬਾਵਜੂਦ ਲਤਾ ਨੇ ਹੌਸਲਾ ਨਾ ਛੱਡਿਆ। ਉਸ ਨੂੰ ਖ਼ੁਦ ਤੇ ਗੁਲਾਮ ਹੈਦਰ ਜਿਹੇ ਪਾਰਖੂਆਂ ਨੂੰ ਸ਼ਿੱਦਤ ਨਾਲ ਇਹ ਅਹਿਸਾਸ ਸੀ ਕਿ ਇਕ ਨਾ ਇਕ ਦਿਨ ਉਸ ਦੀ ਆਵਾਜ਼ ਦਾ ਮੁੱਲ ਪਵੇਗਾ। 1942 ਵਿੱਚ ਨਿੱਕੀ ਉਮਰੇ ਹੀ ਉਸ ਨੂੰ ਇਕ ਮਰਾਠੀ ਫਿਲਮ ਵਿੱਚ ਗਾਉਣ ਦਾ ਅਵਸਰ ਪ੍ਰਾਪਤ ਹੋਇਆ। ਫਿਰ ਤਾਂ ਚੱਲ ਸੋ ਚੱਲ। ਕਮਾਲ ਅਮਰੋਹੀ ਦੀ ਫਿਲਮ ‘ਮਹਿਲ’ (ਅਸ਼ੋਕ ਕੁਮਾਰ, ਮਧੂਬਾਲਾ) ਦੇ ਗੀਤ ਸੰਗੀਤ ਨੇ ਤਾਂ ਕਮਾਲ ਹੀ ਕਰ ਦਿਖਾਇਆ। ਲਤਾ ਦਾ ਇਕ ਗੀਤ ਤਾਂ ਇੰਨਾ ਮਸ਼ਹੂਰ ਹੋਇਆ ਕਿ ਅੱਜ ਵੀ ਜਦੋਂ ਕਿਧਰੇ ਗੂੰਜਦਾ ਹੈ ਤਾਂ ਸੰਗੀਤ ਪ੍ਰੇਮੀਆਂ ਨੂੰ ਕੀਲ ਲੈਂਦਾ ਹੈ: ਆਏਗਾ… ਆਏਗਾ… ਆਨੇਵਾਲਾ… ਆਏਗਾ… ਆਏਗਾ…। ਹੇਮੰਤ ਕੁਮਾਰ ਦੇ ਸੰਗੀਤ ਨਿਰਦੇਸ਼ਨ ਵਿੱਚ ਬਣੀ ਫਿਲਮ ‘ਨਾਗਿਨ’ ਨੇ ਤਾਂ ਜਿਵੇਂ ਤਹਿਲਕਾ ਹੀ ਮਚਾ ਦਿੱਤਾ। ਇਸ ਦੇ ਗੀਤ ਇਕ ਤੋਂ ਇਕ ਵਧ ਕੇ ਸਨ, ਖ਼ਾਸ ਕਰਕੇ: ਮਨ ਡੋਲੇ ਮੇਰਾ ਤਨ ਡੋਲੇ, ਮੇਰੇ ਦਿਲ ਕਾ ਗਯਾ ਕਰਾਰ ਰੇ… ਯੇ ਕੌਨ ਬਜਾਏ ਬਾਂਸੁਰੀਆ ਅਤੇ ਮੇਰਾ ਦਿਲ ਯੇ ਪੁਕਾਰੇ ਆ ਜਾ, ਮੇਰੇ ਗਮ ਕੇ ਸਹਾਰੇ ਆ ਜਾ, ਭੀਗਾ ਭੀਗਾ ਹੈ ਸਮਾਂ ਐਸੇ ਮੇਂ ਹੈ ਤੂ ਕਹਾਂ…।
ਲਤਾ ਮੰਗੇਸ਼ਕਰ ਦੇ ਪਰਿਵਾਰ ਵਿੱਚ ਪਿਤਾ ਤੋਂ ਮਿਲੀ ਗੁੜ੍ਹਤੀ ਦਾ ਅਸਰ ਉਸ ਦੇ ਦੂਸਰੇ ਭੈਣ ਭਰਾਵਾਂ ’ਤੇ ਵੀ ਇਸ ਕਦਰ ਹਇਆ ਕਿ ਮੀਨਾ ਮੰਗੇਸ਼ਕਰ, ਹਿਰਦੇਨਾਥ ਮੰਗੇਸ਼ਕਰ ਨੇ ਵੀ ਇਸ ਖੇਤਰ ਵਿੱਚ ਆਪਣੀ ਕਲਾ ਦਾ ਲੋਹਾ ਮਨਵਾਇਆ। ਉਸ ਦੀ ਇਕ ਭੈਣ ਆਸ਼ਾ ਭੋਂਸਲੇ ਫਿਲਮੀ ਸੰਗੀਤ ਵਿੱਚ ਆਪਣੀ ਵੱਖਰੀ ਪਛਾਣ ਸਥਾਪਿਤ ਕਰਨ ਵਿਚ ਵੀ ਕਾਮਯਾਬ ਹੋ ਗਈ। ਕੁਝ ਇਕ ਫਿਲਮਾਂ ਵਿੱਚ ਦੋਵੇਂ ਭੈਣਾਂ ਨੇ ਇਕੱਠਿਆਂ ਵੀ ਗਾਇਆ, ਮਸਲਨ: ਮੈਂ ਚਲੀ ਮੈਂ ਚਲੀ ਦੇਖੋ ਪਿਆਰ ਕੀ ਗਲੀ…(ਪੜੋਸਨ)। ਕਾਲੀਆਂ ਚਿੱਟੀਆਂ ਫਿਲਮਾਂ ਦਾ ਸ਼ਾਨਦਾਰ ਸਫ਼ਰ ਤੈਅ ਕਰਦਿਆਂ ਰੰਗਦਾਰ ਫਿਲਮਾਂ ਵਿੱਚ ਵੀ ਲਤਾ ਨੇ ਲੰਮਾ ਸਮਾਂ ਸੰਗੀਤਕ ਦੁਨੀਆ ’ਤੇ ਰਾਜ ਕੀਤਾ। ਉਸ ਨੇ ਰਫ਼ਤਾ ਰਫ਼ਤਾ ਆਪਣੀ ਅਲੱਗ ਗਾਇਨ ਸ਼ੈਲੀ ਨੂੰ ਅੰਜਾਮ ਦਿੱਤਾ। ਉਹ ਆਪਣੇ ਤੋਂ ਪਹਿਲੇ ਗਾਇਕ ਕੁੰਦਨ ਲਾਲ ਸਹਿਗਲ ਤੇ ਮਲਕਾ-ਏ-ਤਰੰਨੁਮ ਨੂਰਜਹਾਂ ਦੀ ਦੀਵਾਨੀ ਸੀ। ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਦੇ ਮੱਦੇਨਜ਼ਰ ਉਸ ਨੇ ਵਿਆਹ ਨਾ ਕਰਵਾਉਣ ਦਾ ਫ਼ੈਸਲਾ ਕੀਤਾ। ਜਵਾਨੀ ਪਹਿਰੇ ਉਸ ਨੂੰ ਦੋ ਗੁੱਤਾਂ ਕਰਨ ਦਾ ਬਹੁਤ ਸ਼ੌਕ ਸੀ। ਸੋਨੇ ਦੀਆਂ ਪੰਜੇਬਾਂ ਪਾਉਣ ਵਾਲੀ ਇਸ ਗਾਇਕਾ ਨੇ ਜ਼ਿੰਦਗੀ ਨੂੰ ਆਪਣੇ ਹਿਸਾਬ ਨਾਲ ਭਰਪੂਰ ਜੀਵਿਆ। ਗਾਇਕੀ ਲਈ ਰਾਇਲਟੀ ਦੇ ਸਵਾਲ ’ਤੇ ਸ਼ੋਅਮੈਨ ਰਾਜ ਕਪੂਰ ਨਾਲ ਉਸ ਦਾ ਤਕਰਾਰ ਵੀ ਵਧਿਆ ਤੇ ਦੂਰੀ ਵੀ। ਮੁਹੰਮਦ ਰਫ਼ੀ ਨਾਲ ਵੀ ਉਸ ਦੀ ਇਸੇ ਗੱਲ ਤੋਂ ਖਟਪਟ ਹੋਈ ਕਿਉਂਕਿ ਰਫ਼ੀ ਹੋਰੀਂ ਮਸਤਮੌਲਾ ਸੁਭਾਅ ਦੇ ਮਾਲਕ ਸਨ, ਉਨ੍ਹਾਂ ਕਦੇ ਵੀ ਵਪਾਰਕ ਪੱਖ ਨੂੰ ਬਹੁਤੀ ਤਵੱਜੋ ਨਹੀਂ ਦਿੱਤੀ। ਲਤਾ ਨੇ ਆਪਣੇ ਜ਼ਮਾਨੇ ਦੇ ਪ੍ਰਸਿੱਧ ਸੰਗੀਤਕਾਰਾਂ ਦੀ ਸੰਗੀਤਕ ਹਦਾਇਤਕਾਰੀ ਵਿਚ ਖ਼ੂਬ ਗਾਇਆ ਜਿਵੇਂ ਨੌਸ਼ਾਦ, ਸਚਿਨ ਦੇਵ ਬਰਮਨ, ਮਦਨ ਮੋਹਨ, ਰਵੀ, ਸਲਿਲ ਚੌਧਰੀ, ਖੱਯਾਮ, ਕਲਿਆਣ ਜੀ ਆਨੰਦ ਜੀ, ਸ਼ੰਕਰ ਜੈਕਿਸ਼ਨ, ਲਕਸ਼ਮੀਕਾਂਤ ਪਿਆਰੇ ਲਾਲ ਆਦਿ। ਨਵੇਂ ਸੰਗੀਤਕਾਰਾਂ ਨੇ ਵੀ ਉਸ ਦੀ ਆਵਾਜ਼ ਦਾ ਢੁਕਵਾਂ ਇਸਤੇਮਾਲ ਕੀਤਾ। ਉਹ ਸੰਜੀਦਾ ਸੰਗੀਤਕਾਰ ਮਦਨ ਮੋਹਨ ਦੀ ਮੂੰਹ ਬੋਲੀ ਭੈਣ ਸੀ। ਆਪਣੇ ਜ਼ਮਾਨੇ ਦੇ ਲਗਭਗ ਹਰ ਚੰਗੇ ਗੀਤਕਾਰ ਦੀ ਰਚਨਾ ਨੂੰ ਉਸ ਨੇ ਆਪਣੇ ਹੋਠਾਂ ਨਾਲ ਛੂਹ ਕੇ ਗੀਤ ਅਮਰ ਕਰ ਦਿੱਤਾ, ਖ਼ਾਸਕਰ ਸ਼ਕੀਲ ਬਦਾਯੂੰਨੀ, ਰਾਜਾ ਮਹਿੰਦੀ ਅਲੀ ਖਾਨ, ਹਸਰਤ ਜੈਪੁਰੀ, ਮਜਰੂਹ ਸੁਲਤਾਨਪੁਰੀ, ਸ਼ੈਲੇਂਦਰ। ਜਾਵੇਦ ਅਖ਼ਤਰ ਤੇ ਗੁਲਜ਼ਾਰ ਦੇ ਗੀਤਾਂ ਨੂੰ ਵੀ ਉਸ ਨੇ ਆਪਣੀ ਮਧੁਰ ਆਵਾਜ਼ ਨਾਲ ਨਿਵਾਜਿਆ। ਕਵੀ ਪ੍ਰਦੀਪ ਨੂੰ ਉਹ ਮਹਾਨ ਕਵੀ, ਗੀਤਕਾਰ ਮੰਨਦੀ ਸੀ। ਉਸ ਦੀ ਬਿਮਾਰੀ ਵੇਲੇ ਲਤਾ ਨੇ ਮੂਹਰੇ ਹੋ ਕੇ ਉਸ ਦੀ ਮਾਇਕ ਮਦਦ ਵੀ ਕੀਤੀ। ਮੁਹੰਮਦ ਰਫ਼ੀ, ਮੰਨਾ ਡੇ, ਕਿਸ਼ੋਰ ਕੁਮਾਰ, ਹੇਮੰਤ ਕੁਮਾਰ, ਤਲਤ ਮਹਿਮੂਦ ਤੋਂ ਲੈ ਕੇ ਮੁਕੇਸ਼, ਮਹਿੰਦਰ ਕਪੂਰ ਨਾਲ ਵੀ ਉਸ ਨੇ ਗਾਣੇ ਗਾਏ।
ਭਾਰਤ ਹੀ ਨਹੀਂ, ਦੁਨੀਆ ਵਿੱਚ ਵਸਦੇ ਲੱਖਾਂ ਸੰਗੀਤ ਪ੍ਰੇਮੀਆਂ ਨੇ ਉਸ ਦੇ ਗੀਤਾਂ ਦੀ ਖ਼ੂਬ ਪ੍ਰਸ਼ੰਸਾ ਕੀਤੀ। ਫਿਲਮੀ ਹਸਤੀਆਂ ਵੀ ਸਮੇਂ ਸਮੇਂ ਉਸ ਦੀ ਆਵਾਜ਼ ਦਾ ਗੁਣਗਾਣ ਕਰਦੀਆਂ ਨਹੀਂ ਥੱਕਦੀਆਂ ਸਨ ਜਿਨ੍ਹਾਂ ਵਿੱਚ ਖ਼ਾਸ ਤੌਰ ’ਤੇ ਦਿਲੀਪ ਕੁਮਾਰ, ਅਮਿਤਾਭ ਬੱਚਨ, ਵੈਜੰਤੀ ਮਾਲਾ, ਮਾਧੁਰੀ ਦੀਕਸ਼ਤ ਆਦਿ ਸ਼ਾਮਲ ਸਨ। ਕ੍ਰਿਕਟ ਦੇ ਬਾਦਸ਼ਾਹ ਸਚਿਨ ਤੇਂਦੁਲਕਰ ਨੂੰ ਤਾਂ ਲਤਾ ਦੀਦੀ ਦੀ ਆਵਾਜ਼ ਇੰਨੀ ਪਸੰਦ ਹੈ ਕਿ ਸਮਾਂ ਮਿਲਦਿਆਂ ਹੀ ਉਸ ਦੇ ਗਾਣੇ ਸੁਣਨ ਲੱਗਦਾ ਹੈ। ਖ਼ਾਸਕਰ ਇਕ ਗੀਤ ਤਾਂ ਹਮੇਸ਼ਾ ਉਸ ਦੇ ਅੰਗ ਸੰਗ ਹੀ ਰਹਿੰਦਾ ਹੈ: ਤੂ ਜਹਾਂ ਜਹਾਂ ਰਹੇਗਾ ਮੇਰਾ ਸਾਇਆ ਸਾਥ ਹੋਗਾ…। ਉਸ ਦੀ ਆਵਾਜ਼ ਲਗਭਗ ਹਰ ਫਿਲਮ ਅਭਿਨੇਤਰੀ ’ਤੇ ਫੱਬਦੀ ਸੀ। ਇਸ ਲਈ ਫਿਲਮ ਨਿਰਮਾਤਾ, ਸੰਗੀਤਕਾਰ ਤੇ ਹੀਰੋਇਨਾਂ ਹਮੇਸ਼ਾ ਲਤਾ ਦੀ ਆਵਾਜ਼ ਦੀ ਹੀ ਸਿਫ਼ਾਰਸ਼ ਕਰਦੇ ਸਨ। ਲਤਾ ਮੰਗੇਸ਼ਕਰ ਦੇ ਗਾਏ ਗੀਤ ਨਰਗਿਸ, ਮਧੂਬਾਲਾ, ਨੂਤਨ, ਨੰਦਾ, ਸਾਧਨਾ, ਰਾਖੀ, ਰੇਖਾ, ਸ੍ਰੀਦੇਵੀ, ਮਾਧੁਰੀ ਦੀਕਸ਼ਤ ਆਦਿ ਦੇ ਨਾਲ ਨਾਲ ਹੋਰ ਅਨੇਕਾਂ ਅਦਾਕਾਰਾਵਾਂ ’ਤੇ ਫਿਲਮਾਏ ਗਏ। ਉਸ ਦੇ ਗਾਏ ਗੀਤਾਂ ਦੀ ਫਹਿਰਿਸਤ ਬਹੁਤ ਲੰਬੀ ਹੈ, ਉਹ ਵੀ ਮਸ਼ਹੂਰ ਤੇ ਸਦਾਬਹਾਰ ਗੀਤਾਂ ਦੀ। ਨਮੂਨੇ ਵਜੋਂ ਕੁਝ ਗੀਤ ਇਹ ਹਨ: ਬੇਦਰਦੀ ਬਾਲਮਾ ਤੁਝ ਕੋ ਮੇਰਾ ਮਨ ਯਾਦ ਕਰਤਾ ਹੈ (ਆਰਜ਼ੂ), ਜਾਨੇ ਕਿਊਂ ਲੋਗ ਮੁਹੱਬਤ ਕੀਆ ਕਰਤੇ ਹੈਂ (ਮਹਬਿੂਬ ਕੀ ਮਹਿੰਦੀ), ਆਪਕੀ ਨਜ਼ਰੋਂ ਨੇ ਸਮਝਾ ਪਿਆਰ ਕੇ ਕਾਬਿਲ ਮੁਝੇ (ਅਨਪੜ੍ਹ), ਐ ਮਾਲਿਕ ਤੇਰੇ ਬੰਦੇ ਹਮ (ਦੋ ਆਖੇਂ ਬਾਰਾਂ ਹਾਥ) ਆਦਿ। ਉਸ ਨੇ ਨਟਖਟ ਗੀਤਾਂ ਦੇ ਨਾਲ ਨਾਲ ਦਰਦ ਭਰੇ ਗੀਤ ਵੀ ਗਾਏ ਤੇ ਗ਼ਜ਼ਲਾਂ ਵੀ ਗਾਈਆਂ। ਹਿੰਦੀ ਫਿਲਮ ਜਗਤ ਦੀ ਸੰਗੀਤਕ ਦੁਨੀਆ ਦੀ ਇਹ ਮਹਾਨ ਗਾਇਕਾ ਬੇਸ਼ੱਕ ਕਿਸੇ ਇਨਾਮ ਸਨਮਾਨ ਦੀ ਮੁਹਤਾਜ ਨਹੀਂ ਸੀ, ਪਰ ਉਸ ਦੀ ਝੋਲੀ ਇਨਾਮਾਂ ਸਨਮਾਨਾਂ ਨਾਲ ਹਮੇਸ਼ਾ ਭਰੀ ਹੀ ਰਹਿੰਦੀ। ਫਿਲਮਫੇਅਰ ਐਵਾਰਡਾਂ ਤੋ ਇਲਾਵਾ ਉਸ ਨੂੰ ਭਾਰਤ ਸਰਕਾਰ ਵੱਲੋਂ ਪਦਮ ਭੂਸ਼ਣ ਵੀ ਪ੍ਰਾਪਤ ਹੋਇਆ ਤੇ ਭਾਰਤ ਦਾ ਸਭ ਤੋਂ ਵੱਕਾਰੀ ਸਨਮਾਨ ਭਾਰਤ ਰਤਨ ਵੀ। ਹਿੰਦ ਚੀਨ ਦੀ ਜੰਗ ਸਮੇਂ ਉਸ ਨੇ ਇਕ ਸਮਾਗਮ ਵਿੱਚ ਇਕ ਗੀਤ ਗਾਇਆ ਸੀ: ਐ ਮੇਰੇ ਵਤਨ ਕੇ ਲੋਗੋ ਜ਼ਰਾ ਆਂਖ ਮੇਂ ਭਰ ਲੋ ਪਾਨੀ, ਜੋ ਸ਼ਹੀਦ ਹੂਏ ਹੈਂ ਉਨਕੀ, ਜ਼ਰਾ ਯਾਦ ਕਰੋ ਕੁਰਬਾਨੀ। ਸਮਾਗਮ ਵਿੱਚ ਹਾਜ਼ਰ ਤਤਕਾਲੀ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੀਆਂ ਅੱਖਾਂ ਇਹ ਗੀਤ ਸੁਣਦਿਆਂ ਨਮ ਹੋ ਗਈਆਂ ਸਨ। ਕਿਸੇ ਗਾਇਕ ਦੀ ਗਾਇਨ ਕਲਾ ਵਿਚ ਪ੍ਰਬੀਨਤਾ ਦਾ ਇਸ ਤੋਂ ਵੱਡਾ ਮੁਜ਼ਾਹਰਾ ਤੇ ਇਨਾਮ-ਸਨਮਾਨ ਹੋਰ ਕੀ ਹੋ ਸਕਦਾ ਹੈ? ਹੁਣ ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਹੈ ਤੋਂ ਸੀ ਹੋ ਗਈ ਹੈ। ਉਸ ਦੀ ਮੌਤ ’ਤੇ ਲੱਖਾਂ ਸੰਗੀਤ ਪ੍ਰੇਮੀਆਂ ਦੀਆਂ ਅੱਖਾਂ ਨਮ ਹਨ। ਇਸ ਜਹਾਨ ਦੀ ਸੁਰਾਂ ਦੀ ਦੇਵੀ ਆਖੀ ਜਾ ਸਕਣ ਵਾਲੀ ਗਾਇਕਾ ਬਾਰੇ ਉਸੇ ਦਾ ਗਾਇਆ ਇੱਕ ਗੀਤ ਜ਼ੁਬਾਨ ’ਤੇ ਉਤਰ ਆਇਆ ਹੈ: ਤੁਮ ਨਾ ਜਾਨੇ ਕਿਸ ਜਹਾਂ ਮੇਂ ਖੋ ਗਏ…।
ਸੰਪਰਕ: 98145-07694