ਹਰਪ੍ਰੀਤ ਕੌਰ ਦੁੱਗਰੀ
ਸਾਡੇ ਸਮਾਜ ਵਿਚ ਪ੍ਰਾਚੀਨ ਕਾਲ ਤੋਂ ਲੈ ਕੇ ਹੁਣ ਤਕ ਔਰਤ ਦੀ ਸਥਿਤੀ ਤਰਸਯੋਗ ਰਹੀ ਹੈ। ਅੱਜ ਬੇਸ਼ੱਕ ਮਾਹੌਲ ਬਦਲ ਗਿਆ ਹੈ, ਪਰ ਮਨੁੱਖ ਦੀ ਮਾਨਸਿਕਤਾ ਨਹੀਂ ਬਦਲੀ। ਔਰਤ ਨਾਲ ਸਬੰਧਤ ਪ੍ਰਸਥਿਤੀਆਂ ਪਹਿਲਾਂ ਦੀ ਤਰ੍ਹਾਂ ਹੀ ਮੌਜੂਦ ਹਨ। ਪ੍ਰਾਚੀਨ ਕਾਲ ਵਿਚ ਔਰਤਾਂ ਨੂੰ ਸਿੱਖਿਆ ਪ੍ਰਾਪਤ ਕਰਨ ਦਾ ਅਧਿਕਾਰ ਨਹੀਂ ਸੀ ਕਿਉਂਕਿ ਸਮਾਜ ਦੇ ਹਾਕਮਾਂ ਨੂੰ ਡਰ ਸੀ ਕਿ ਜੇਕਰ ਇਨ੍ਹਾਂ ਨੂੰ ਸਿੱਖਿਆ ਦਿੱਤੀ ਗਈ ਤਾਂ ਇਹ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜਾਗਰੂਕ ਹੋ ਜਾਣਗੀਆਂ। ਹੁਣ ਉਨ੍ਹਾਂ ਨੂੰ ਸਿੱਖਿਆ ਤਾਂ ਮਿਲ ਰਹੀ ਹੈ, ਪਰ 21ਵੀਂ ਸਦੀ ਵਿਚ ਪਹੁੰਚਣ ’ਤੇ ਵੀ ਲੋਕਾਂ ਦੀ ਮਾਨਸਿਕਤਾ ਨਹੀਂ ਬਦਲੀ।
ਸਮਾਜ ਵਿਚ ਔਰਤਾਂ ਦੀ ਹਾਲਤ ਨੂੰ ਸੁਧਾਰਨ ਲਈ ਜੋਤਬਿਾ ਫੂਲੇ ਨੇ ਪਹਿਲ ਕੀਤੀ। ਉਨ੍ਹਾਂ ਨੇ ਆਪਣੀ ਪਤਨੀ ਸਾਵਿੱਤਰੀਬਾਈ ਫੂਲੇ ਨੂੰ ਸਿੱਖਿਆ ਪ੍ਰਦਾਨ ਕਰਕੇ ਨਵੇਂ ਕੀਰਤੀਮਾਨ ਸਥਾਪਤ ਕੀਤੇ। ਸਾਵਿੱਤਰੀਬਾਈ ਭਾਰਤ ਦੀ ਪਹਿਲੀ ਸਿੱਖਿਅਤ ਮਹਿਲਾ, ਸਮਾਜ-ਸੁਧਾਰਕ ਅਤੇ ਮਰਾਠੀ ਕਵਿੱਤਰੀ ਹੋਈ ਹੈ। ਇਨ੍ਹਾਂ ਨੇ ਆਪਣੇ ਪਤੀ ਨਾਲ ਮਿਲ ਕੇ ਔਰਤਾਂ ਦੇ ਅਧਿਕਾਰਾਂ ਅਤੇ ਸਿੱਖਿਆ ਦੇ ਖੇਤਰ ਵਿਚ ਬਹੁਤ ਕੰਮ ਕੀਤਾ ਅਤੇ ਉੱਥੇ ਹੀ ਇਨ੍ਹਾਂ ਨੂੰ ਸਮਾਜ ਦੇ ਭਾਰੀ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ। ਕਿਉਂਕਿ ਹਿੰਦੂ ਧਰਮ ਵਿਚ ਔਰਤਾਂ ਨੂੰ ਸਿੱਖਿਆ ਦਾ ਅਧਿਕਾਰ ਨਹੀਂ ਸੀ। ਔਰਤ ਲਈ ਬੁੱਧ ਧਰਮ ਵਿਚ ਪ੍ਰਵੇਸ਼ ਦੁਆਰ ਖੋਲ੍ਹ ਕੇ ਭਗਵਾਨ ਬੁੱਧ ਨੇ ਜਿਹੜਾ ਪੈਰੋਕਾਰ ਔਰਤਾਂ ’ਤੇ ਕੀਤਾ, ਉਹ ਸੰਸਾਰ ਦਾ ਹੋਰ ਕੋਈ ਮਹਾਂਪੁਰਖ ਨਹੀਂ ਕਰ ਸਕਿਆ। ਇਸ ਸੁਨਹਿਰੀ ਕਾਲ ਤੋਂ ਔਰਤ ਦੀ ਉੱਨਤੀ ਦਾ ਯੁੱਗ ਸ਼ੁਰੂ ਹੋਇਆ ਜਦੋਂ ਔਰਤ ਨੂੰ ਮਾਨ-ਸਨਮਾਨ ਮਿਲਿਆ। ਬੁੱਧ ਧਰਮ ਅਤੇ ਸਿੱਖ ਫ਼ਲਸਫ਼ਾ ਦੋਵੇਂ ਹੀ ਨਾਲ-ਨਾਲ ਚੱਲਦੇ ਹਨ। ਅੱਜ ਦੇ ਆਧੁਨਿਕ ਯੁੱਗ ਵਿਚ ਔਰਤਾਂ ਹਰ ਖੇਤਰ ਵਿਚ ਆਪਣੀ ਪਛਾਣ ਬਣਾ ਚੁੱਕੀਆਂ ਹਨ। ਭਾਵੇਂ ਉਹ ਸਿੱਖਿਆ ਦਾ ਖੇਤਰ ਹੋਵੇ ਜਾਂ ਸਾਇੰਸ, ਰਾਜਨੀਤੀ ਜਾਂ ਫਿਰ ਫੈਸ਼ਨ ਦੀ ਦੁਨੀਆਂ ਹੋਵੇ। ਉਹ ਹਰ ਖੇਤਰ ਵਿਚ ਆਪਣੇ ਕੰਮ ਦਾ ਲੋਹਾ ਮਨਵਾ ਚੁੱਕੀਆਂ ਹਨ, ਪਰ ਫਿਰ ਵੀ ਅੱਜ ਦੀਆਂ ਔਰਤਾਂ ਦੀ ਦੁਰਦਸ਼ਾ ਤਰਸਯੋਗ ਬਣਦੀ ਜਾ ਰਹੀ ਹੈ। ਨਵਜਾਤ ਬੱਚੀਆਂ ਤੋਂ ਲੈ ਕੇ ਬਜ਼ੁਰਗ ਔਰਤਾਂ ਨਾ ਆਪਣੇ ਘਰ ਵਿਚ ਸਰੁੱਖਿਅਤ ਹਨ ਅਤੇ ਨਾ ਹੀ ਘਰ ਤੋਂ ਬਾਹਰ। ਪਹਿਲਾਂ ਔਰਤਾਂ ਤੇਜ਼ਾਬੀ ਹਮਲੇ ਦਾ ਸ਼ਿਕਾਰ ਹੁੰਦੀਆਂ ਸਨ ਅਤੇ ਹੁਣ ਪਹਿਲਾਂ ਸਮੂਹਿਕ ਜਬਰ ਜਨਾਹ ਹੁੰਦਾ ਹੈ ਅਤੇ ਫਿਰ ਕਤਲ ਕਰ ਦਿੱਤਾ ਜਾਂਦਾ ਹੈ। ਅੰਕੜਿਆਂ ਅਨੁਸਾਰ ਭਾਰਤ ਵਿਚ ਹਰ 20 ਮਿੰਟ ਵਿਚ ਜਬਰ ਜਨਾਹ ਦੀ ਘਟਨਾ ਵਾਪਰਦੀ ਹੈ।
ਭਾਰਤ ਵਿਚ ਅਪਰਾਧ 2019 ਰਿਪੋਰਟ ਦੱਸਦੀ ਹੈ ਕਿ ਔਰਤਾਂ ਖਿਲਾਫ਼ ਅਪਰਾਧ ਪਿਛਲੇ ਸਾਲ ਤੋਂ 7.3% ਵਧ ਚੁੱਕੇ ਹਨ। 2018-19 ਵਿਚ ਬੱਚਿਆਂ ਖਿਲਾਫ਼ ਅਪਰਾਧਾਂ ਵਿਚ 4.5%ਪ੍ਰਤੀਸ਼ਤ ਵਾਧਾ ਹੋਇਆ ਹੈ। 2019 ਵਿਚ ਬੱਚਿਆਂ ਖਿਲਾਫ਼ ਅਪਰਾਧ ਦੇ ਕੁੱਲ 1.48 ਲੱਖ ਮਾਮਲੇ ਦਰਜ ਕੀਤੇ ਗਏ ਜਿਨ੍ਹਾਂ ਵਿਚੋਂ 46.6% ਪ੍ਰਤੀਸ਼ਤ ਅਗਵਾ ਕਰਨ ਦੇ ਮਾਮਲੇ ਹਨ ਅਤੇ 35.3% ਪ੍ਰਤੀਸ਼ਤ ਮਾਮਲੇ ਜਿਨਸੀ ਅਪਰਾਧਾਂ ਨਾਲ ਸਬੰਧਿਤ ਹਨ। ਮੁੱਕਦੀ ਗੱਲ ਇਹ ਹੈ ਕਿ ਆਜ਼ਾਦੀ ਦੇ 73 ਸਾਲ ਬਾਅਦ ਵੀ ਸਾਡੇ ਸਮਾਜ ਵਿਚ ਲੋਕਾਂ ਦੀ ਮਾਨਸਿਕਤਾ ਵਿਚ ਕੋਈ ਬਦਲਾਅ ਨਹੀਂ ਆਇਆ। ਅੱਜ ਵੀ ਮਨੂੰਵਾਦੀ ਸੋਚ ਅਤੇ ਜਾਤ-ਪਾਤ ਦਾ ਕੋਹੜ ਸਾਡੇ ਸਮਾਜ ਵਿਚ ਆਪਣੀਆਂ ਜੜਾਂ ਮਜ਼ਬੂਤ ਕਰ ਕੇ ਬੈਠਾ ਹੈ।
ਭਾਰਤ ਵਿਚ 2019 ਵਿਚ ਹਰ ਦਿਨ ਔਸਤਨ 87 ਬਲਾਤਕਾਰ ਦੇ ਮਾਮਲੇ ਦਰਜ ਕੀਤੇ ਗਏ ਅਤੇ ਸਾਲ ਦੌਰਾਨ ਔਰਤਾਂ ਖਿਲਾਫ਼ ਅਪਰਾਧਾਂ ਦੇ 4,05,861 ਮਾਮਲੇ ਦਰਜ ਕੀਤੇ ਗਏ। ਇਹ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਵੱਲੋਂ ਜਾਰੀ ਅੰਕੜਿਆਂ ਤੋਂ ਪਤਾ ਚੱਲਦਾ ਹੈ। ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਸਖ਼ਤ ਕਾਨੂੰਨ ਬਣਾਉਣ ਦੀ ਲੋੜ ਹੈ ਤਾਂ ਕਿ ਇਨ੍ਹਾਂ ਘਟਨਾਵਾਂ ਨੂੰ ਘੱਟ ਕੀਤਾ ਜਾ ਸਕੇ।
ਭਾਰਤ ਦੀ ਅੱਧੀ ਆਬਾਦੀ ਔਰਤਾਂ ਦੀ ਹੈ। ਜੇਕਰ ਇਹ ਦੋ ਨੰਬਰ ਬਣੀਆਂ ਰਹਿਣਗੀਆਂ ਤਾਂ ਭਾਰਤ ਕਦੇ ਵੀ ਤਰੱਕੀ ਨਹੀਂ ਕਰ ਸਕਦਾ। ਅਜਿਹੇ ਮਾਹੌਲ ਵਿਚ ਔਰਤ ਮਾਨਸਿਕ ਤੇ ਸਰੀਰਿਕ ਰੂਪ ਵਿਚ ਸਿਹਤਮੰਦ ਨਹੀਂ ਰਹਿ ਸਕਦੀ। ਦੇਸ਼ ਵਿਚ ਔਰਤਾਂ ਦੀ ਸਥਿਤੀ ਸੁਧਾਰਨ ਲਈ ਸੂਝਵਾਨ ਨੌਜਵਾਨਾਂ, ਬੁੱਧੀਜੀਵੀਆਂ ਤੇ ਚਿੰਤਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਔਰਤਾਂ ਨੂੰ ਵੀ ਅੱਗੇ ਆ ਕੇ ਆਪਣੀ ਲੜਾਈ ਆਪ ਲੜਨੀ ਚਾਹੀਦੀ ਹੈ। ਹੁਣ ਸਾਡਾ ਦਲੇਰ ਬਣਨਾ ਸਮੇਂ ਦੀ ਮੰਗ ਹੈ ਕਿਉਂਕਿ ਅਸੀਂ ਵਹਿਸ਼ੀਆਂ ਵਿਚ ਆਪਣੀ ਹੋਂਦ ਨੂੰ ਜਿੰਦਾ ਰੱਖਣਾ ਹੈ।
ਸੰਪਰਕ: 94782-38443