ਪ੍ਰਤੀਕਰਮ

ਔਰਤ ਦੀ ਗੱਲ ਸੁਣਨ ਲਈ ਅਸੀਂ ਤਿਆਰ ਕਿਉਂ ਨਹੀਂ?

ਔਰਤ ਦੀ ਗੱਲ ਸੁਣਨ ਲਈ ਅਸੀਂ ਤਿਆਰ ਕਿਉਂ ਨਹੀਂ?

ਸੁਕੀਰਤ

ਨਿਕਿਤਾ ਆਜ਼ਾਦ ਨੇ ਪਿਛਲੇ ਹਫ਼ਤੇ ਆਪਣੇ ਇਸ ਪੰਨੇ ’ਤੇ ਪ੍ਰਕਾਸ਼ਿਤ ਲੇਖ ‘ਔਰਤ ਦੀ ਗੱਲ ਸੁਣੋ ਤਾਂ ਸਹੀ’ ਵਿਚ ਇਕ ਪੰਜਾਬੀ ਗਾਇਕ ਉੱਤੇੇ ਉਸਦੀ ਪਤਨੀ ਵੱਲੋਂ ਲਾਏ ਘਰੇਲੂ ਹਿੰਸਾ ਦੇ ਦੋਸ਼ ਤੋਂ ਬਾਅਦ ਪੰਜਾਬੀ ਸਮਾਜ ਅਤੇ ਸੋਸ਼ਲ ਮੀਡੀਆ ਵਿਚ ਛਿੜੀ ਚਰਚਾ ਦੇ ਪਰਥਾਏ ਇਕ ਗੰਭੀਰ ਵਿਸ਼ੇ ਬਾਰੇ ਗੱਲ ਛੇੜੀ ਹੈ। ਪਰ ਇਸ ਘਟਨਾ ਉੱਤੇ ਹੋਏ ਅਤੇ ਖ਼ੁਦ ਨਿਕੀਤਾ ਆਜ਼ਾਦ ਦੀਆਂ ਫੇਸਬੁਕ ਪੋਸਟਾਂ ਉੱਤੇ ਹੁੰਦੇੇ ਰਹਿੰਦੇ ਪ੍ਰਤੀਕਰਮਾਂ ਤੋਂ ਇਕ ਗੱਲ ਹੋਰ ਨਿੱਤਰ ਕੇ ਸਾਹਮਣੇ ਆਉਂਦੀ ਹੈ। ਸਾਡੇ ਸਮਾਜ ਵਿਚ ਬਹੁਤੇ ਮਰਦ ਔਰਤ ਦੀ ਗੱਲ ਸੁਣਨ ਲਈ ਤਿਆਰ ਹੀ ਨਹੀਂ ਹਨ। ਕਿਉਂ ਤਿਆਰ ਨਹੀਂ ਹਨ ? ਇਹ ਸਥਿਤੀ ਆਪਣੇ ਆਪ ਵਿਚ ਡੂੰਘੇਰੇ ਵਿਸ਼ਲੇਸ਼ਣ ਦੀ ਮੰਗ ਕਰਦੀ ਹੈ।

ਕੋਈ ਡੇਢ ਦਹਾਕਾ ਪਹਿਲਾਂ ਦੀ ਗੱਲ ਹੈ, ਮੈਂ ਇਕ ਕਹਾਣੀ ਲਿਖੀ ਸੀ: ‘ਚਪੇੜ’। ਜਿਸ ਸਾਹਿਤਕ ਪਰਚੇ ਨੂੰ ਮੈਂ ਇਹ ਕਹਾਣੀ ਪਹਿਲਾਂ ਛਪਣ ਲਈ ਭੇਜੀ, ਉੱਥੋਂ ਨਾਮਨਜ਼ੂਰ ਹੋ ਗਈ। ਛਾਪਣਾ, ਨਾ ਛਾਪਣਾ ਕਿਸੇ ਵੀ ਸੰਪਾਦਕ ਦਾ ਅਧਿਕਾਰ ਹੈ ਤੇ ਹਰ ਲੇਖਕ ਨੂੰ ਆਪਣੀ ਲਿਖਤ ਦੀ ਸੰਭਾਵਤ ਨਾਮਨਜ਼ੂਰੀ ਬਾਰੇ ਤਿਆਰ ਰਹਿਣਾ ਚਾਹੀਦਾ ਹੈ, ਪਰ ਕਹਾਣੀ ਨਾਮਨਜ਼ੂਰ ਕਰਦਿਆਂ ਉਸ ਨਾਮੀ ਲੇਖਕ-ਸੰਪਾਦਕ ਦੀ ਕੀਤੀ ਇਕ ਟਿੱਪਣੀ ਮੇਰੇ ਚੇਤੇ ਵਿਚ ਖੁਣੀ ਰਹਿ ਗਈ। ਕਹਾਣੀ ਵਿਚ ਕਹਿੰਦੇ-ਕਹਾਉਂਦੇ ਉਤਲੇ ਵਰਗ ਦੇ ਘਰ ਦੀ ਚਾਰਦੀਵਾਰੀ ਵਿਚ ਇਕ ਪਤੀ ਤੇ ਬਾਪ ਵੱਲੋਂ ਆਪਣੀ ਪਤਨੀ ਤੇ ਜਵਾਨ ਧੀ ਨੂੰ ਮਾਰੀਆਂ ਗਈਆਂ ਚਪੇੜਾਂ ਦਾ ਜ਼ਿਕਰ ਸੀ। ਮੇਰੇ ਸੰਪਾਦਕ ਨੂੰ ਕਹਾਣੀ ਤੇ ਇਕ ਇਤਰਾਜ਼ ਇਹ ਵੀ ਸੀ ਕਿ ਮੇਰਾ ਮੁੱਖ ਪਾਤਰ ਘਰੇਲੂ ਹਿੰਸਾ ਤੇ ਇੰਜ ਉਤਰ ਆਉਂਦਾ ਹੈ ‘ਜਿਵੇਂ ਉਹ ਕਿਸੇ ਹੇਠਲੇ, ਜਾਹਲ ਤਬਕੇ ਵਿਚੋਂ ਹੋਵੇ।’ ਕਹਾਣੀ ਦੀ ਨਾਮਨਜ਼ੂਰੀ ’ਤੇ ਮੈਨੂੰ ਕੋਈ ਉਜ਼ਰ ਨਹੀਂ ਸੀ, ਪਰ ਪੜ੍ਹੇ-ਗੁੜ੍ਹੇ ਲੇਖਕ-ਸੰਪਾਦਕ ਦੀ ਟਿੱਪਣੀ ਵਿਚਲੀ ਇਹ ਧਾਰਨਾ ਮੈਨੂੰ ਪ੍ਰਵਾਨ ਨਹੀਂ ਸੀ ਕਿ ਘਰੇਲੂ ਹਿੰਸਾ ਸਿਰਫ਼ ‘ਹੇਠਲੇ ਤਬਕਿਆਂ’ ਦਾ ਰੋਗ ਹੈ।

ਘਰੇਲੂ ਹਿੰਸਾ ਦਰਅਸਲ, ਹਿੰਸਾ ਦਾ ਸਭ ਤੋਂ ਵੱਧ ਫੈਲਿਆ ਹੋਇਆ, ਪਰ ਓਨਾ ਹੀ ਵੱਧ ਲੁਕਾ ਕੇ ਰੱਖਿਆ ਜਾਣ ਵਾਲਾ ਰੂਪ ਹੈ। ਆਮ ਧਾਰਨਾ ਤੋਂ ਉਲਟ, ਇਹ ਨਾ ਤਾਂ ਕੁਝ ਖ਼ਾਸ ਤਬਕਿਆਂ ਤਕ ਸੀਮਤ ਹੈ ਤੇ ਨਾ ਹੀ ਇਸਨੂੰ ਸਿਰਫ਼ ਸਰੀਰਕ ਤੌਰ ’ਤੇ ਹੱਥ ਚੁੱਕਣ ਤਕ ਸੀਮਤ ਸਮਝਿਆ ਜਾਣਾ ਚਾਹੀਦਾ ਹੈ। ਸਰੀਰਕ ਹਮਲਿਆਂ ਅਤੇ ਮਾਨਸਿਕ ਤਸ਼ੱਦਦ ਤੋਂ ਲੈ ਕੇ ਕਾਮੁਕ ਹਿੰਸਾ ਤਕ ਘਰੇਲੂ ਹਿੰਸਾ ਕਈ ਰੂਪ ਧਾਰਨ ਕਰਦੀ ਹੈ। ਪਤਨੀ, ਭੈਣ, ਬੇਟੀ ਜਾਂ ਮਾਂ ਉੱਪਰ ਤਕ ਵੀ ਹੱਥ ਚੁੱਕਣ ਵਾਲਾ ਆਦਮੀ ਡਾਕਟਰ, ਵਕੀਲ, ਲੇਖਕ ਜਾਂ ਪੱਤਰਕਾਰ ਵੀ ਹੋ ਸਕਦਾ ਹੈ; ਉਸਦਾ ਅਨਪੜ੍ਹ, ਮਜ਼ਦੂਰ ਜਾਂ ਪੇਂਡੂ ਹੋਣਾ ਜ਼ਰੂਰੀ ਨਹੀਂ। ਸ਼ਾਇਦ ਇਹੋ ਕਾਰਨ ਹੈ ਕਿ ਤਕਰੀਬਨ ਹਰ ਤੀਜੇ ਭਾਰਤੀ ਘਰ ਵਿਚ ਵਾਪਰਨ ਵਾਲੇ ਇਸ ਵਰਤਾਰੇ ਨੂੰ ਜ਼ਿਕਰਯੋਗ ਹੀ ਨਹੀਂ ਸਮਝਿਆ ਜਾਂਦਾ। ਮੇਰੀ ਜਾਚੇ ਇਸ ਵਰਤਾਰੇ ਨੂੰ ਅਣਗੌਲਿਆ ਇਸ ਲਈ ਵੀ ਰਹਿਣ ਦਿੱਤਾ ਜਾਂਦਾ ਹੈ ਕਿ ਇਸ ਜ਼ਿਕਰ ਵਿਚੋਂ ਬਹੁਤ ਸਾਰੇ ਭੱਦਰ-ਪੁਰਸ਼ਾਂ ਨੂੰ ਕਿਸੇ ਨਾ ਕਿਸੇ ਵੇਲੇ ਖ਼ੁਦ ਇਹੋ ਜਿਹੀ ਕੀਤੀ ਕਰਤੂਤ ਦੇ ਝਾਉਲੇ ਪੈਂਦੇ ਦਿਸਦੇ ਤੇ ਬੇਆਰਾਮ ਕਰਨ ਲੱਗ ਪੈਂਦੇ ਹਨ।

ਕੇਂਦਰੀ ਪਰਿਵਾਰ ਸਿਹਤ ਸਰਵੇਖਣ -3 ਵੱਲੋਂ ਨਸ਼ਰ ਕੀਤੇ ਗਏ ਅੰਕੜਿਆਂ ਮੁਤਾਬਕ ਭਾਰਤ ਵਿਚ 37.2 ਔਰਤਾਂ ਕਿਸੇ ਨਾ ਕਿਸੇ ਸਮੇਂ ਆਪਣੇ ਪਤੀ ਹੱਥੋਂ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ (ਸ਼ਹਿਰਾਂ ਵਿਚ 30 ਤੋਂ ਵੱਧ ਪ੍ਰਤੀਸ਼ਤ, ਪੇਂਡੂ ਇਲਾਕਿਆਂ ਵਿਚ 40 ਤੋਂ ਵੱਧ ਪ੍ਰਤੀਸ਼ਤ)। ਸੋ, ਇਹ ਸੋਚ ਲੈਣਾ ਕਿ ਇਹੋ ਜਿਹੀਆਂ ਘਟਨਾਵਾਂ ਸਿਰਫ਼ ‘ਮਾੜੇ’ ਜਾਂ ‘ਜਾਹਲ’ ਘਰਾਂ ਵਿਚ ਵਾਪਰਦੀਆਂ ਹਨ ਜਾਂ ਤਾਂ ਨਿਰੋਲ ਅਗਿਆਨਤਾ ਵਿਚੋਂ ਉਪਜੀ ਖੁਸ਼ਫ਼ਹਿਮੀ ਹੈ ਤੇ ਜਾਂ ਫੇਰ ਜਾਣ ਬੁੱਝ ਕੇ ਡਿੱਠ ਨੂੰ ਅਣਡਿੱਠ ਕਰਨ ਦੀ ਮਿੱਥੀ ਹੋਈ ਮਰਦਾਨਾ ਸਾਜ਼ਿਸ਼।

ਸਭ ਤੋਂ ਵੱਧ ਦੁੱਖ ਅਤੇ ਨਮੋਸ਼ੀ ਦੀ ਗੱਲ ਇਹ ਹੈ ਕਿ ਇਹੋ ਜਿਹੇ ਕਾਰੇ ਕਰਨ ਵਾਲਿਆਂ ਵਿਚ ਉਹ ਲੋਕ ਵੀ ਸ਼ਾਮਲ ਹਨ ਜੋ ਜ਼ਾਹਰਾ ਤੌਰ ’ਤੇ ਔਰਤ ਦੀ ਬਰਾਬਰੀ, ਉਸਦੇ ਹੱਕਾਂ ਬਾਰੇ ਨਾਅਰੇ ਮਾਰਨ ਵਿਚ ਕੋਈ ਕਸਰ ਨਹੀਂ ਛੱਡਦੇ। ਪਰ ਅੰਦਰੋਂ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਘਰ ਦੀ ਔਰਤ ਉਨ੍ਹਾਂ ਦੀਆਂ ਸਿਰਜੀਆਂ ਸੀਮਾਵਾਂ ਅੰਦਰ ਹੀ ਵਿਚਰੇ। ਔਰਤ ਉੱਤੇ ਹਿੰਸਾ ਦਾ ਮੂਲ ਕਾਰਨ ਹੀ ਮਰਦ ਮਾਨਸਿਕਤਾ ਵਿਚ ਕਬਜ਼ੇ ਅਤੇ ਲਾਲਸਾ ਦਾ ਇਕ ਅਜੀਬ ਘਚੋਲਾ ਹੈ: ਮਰਦ ਆਪਣੇ ਘਰ ਦੀ ਔਰਤ (ਮਾਂ, ਭੈਣ, ਪਤਨੀ, ਬੇਟੀ) ਨੂੰ ਇਕ ‘ਆਦਰਸ਼’ ਚੌਖਟੇ ਅੰਦਰ ਬੱਝੀ ਦੇਖਣਾ ਚਾਹੁੰਦਾ ਹੈ, ਪਰ ਬਾਹਰ ਦੀ ਔਰਤ ਉਸਦੀ ਲਾਲਸਾ ਨੂੰ ਲੁਭਾਉਂਦੀ-ਉਕਸਾਉਂਦੀ ਹੈ। ਇਹੋ ਘਚੋਲਾ ਉਸ ਮਰਦ-ਮਾਨਸਿਕਤਾ ਦੀ ਸਿਰਜਣਾ ਕਰਦਾ ਹੈ ਜੋ ਆਪਣੀ ਧੀ-ਭੈਣ ਨੂੰ ਕੱਜਿਆ ਢਕਿਆ ਰੱਖਣਾ ਤੇ ਦੇਖਣਾ ਚਾਹੁੰਦੀ ਹੈ, ਪਰ ਕਿਸੇ ਵੀ ਹੋਰ ਔਰਤ ਨੂੰ ਮਨ ਹੀ ਮਨ ਨੰਗਿਆਂ ਕਰਦੀ ਰਹਿੰਦੀ ਹੈ।

ਇਹ ਮਾਨਸਿਕਤਾ ਰੋਜ਼ਾਨਾ ਜ਼ਿੰਦਗੀ ਵਿਚ ਕਈ ਰੂਪਾਂ ਵਿਚ ਆਪਣਾ ਫਨ ਫੈਲਾਉਂਦੀ ਹੈ। ਘਰ ਵਿਚ ਇਹੋ ਜਿਹਾ ਮਰਦ ਆਪਣੇ ਪਰਿਵਾਰ ਦੀਆਂ ਔਰਤਾਂ ਲਈ ਵੱਧ ਤੋਂ ਵੱਧ ਕਸਵਾਂ ਮਾਹੌਲ ਬਣਾਉਂਦਾ ਹੈ, ਉਨ੍ਹਾਂ ਦੇ ਸੁਤੰਤਰ ਸੋਚਣ-ਵਿਚਰਨ ਉੱਤੇ ਪਾਬੰਦੀਆਂ ਲਾਉਂਦਾ ਹੈ। ਉਹ ਕਿਹੜੇ ਫ਼ੈਸਲੇ ਆਪ ਲੈ ਸਕਦੀਆਂ ਹਨ ਜਾਂ ਉਨ੍ਹਾਂ ਕੋਲ ਕੋਈ ਵੀ ਫ਼ੈਸਲਾ ਲੈਣ ਦਾ ਅਧਿਕਾਰ ਹੈ ਵੀ ਜਾਂ ਨਹੀਂ, ਇਸ ਬਾਰੇ ਖ਼ੁਦ ਫ਼ੈਸਲਾ ਕਰਦਾ ਹੈ। ਇਹੋ ਜਿਹੀ ਮਾਨਸਿਕਤਾ ਇਕ ਖ਼ਾਸ ਪੜਾਅ ’ਤੇ ਪਹੁੰਚ ਕੇ ਘਰੇਲੂ ਹਿੰਸਾ ਦਾ ਰੂਪ ਧਾਰਨ ਕਰਦੀ ਹੈ ਜਿਸਦਾ ਇਕ ਸਿਰਾ ਘਰ ਦੀ ਔਰਤ ਨੂੰ ਮਾਰੀ ਗਈ ਚਪੇੜ ਹੋ ਸਕਦੀ ਹੈ ਤੇ ਦੂਜਾ ਸਿਰਾ ਕਤਲ ਤਕ ਦੀ ਨੌਬਤ ’ਤੇ ਪਹੁੰਚ ਸਕਦਾ ਹੈ। ਜਾਤ ਤੋਂ ਬਾਹਰ ਵਿਆਹ ਕਰਨ ਵਾਲੀ ਔਰਤ ਨੂੰ ਮਾਰ ਮੁਕਾਇਆ ਜਾਂਦਾ ਹੈ। ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਕਿਸੇ ਪਰਿਵਾਰ ਨੇ ਜਾਤ ਤੋਂ ਬਾਹਰ ਵਿਆਹ ਕਰਾਉਣ ਵਾਲੇ ਆਪਣੇ ਪੁੱਤਰ ਨੂੰ ਮਾਰ ਮੁਕਾਇਆ ਹੋਵੇ?

ਮੇਰੇ ਉਪਰੋਕਤ ਸਵਾਲ ਵਿਚ ਘਰੇਲੂ ਹਿੰਸਾ ਬਾਰੇ ਇਕ ਅਹਿਮ ਨੁਕਤਾ ਵੀ ਲੁਕਿਆ ਹੋਇਆ ਹੈ। ਇਹ ਸੰਭਵ ਹੈ ਕਿ ਕਿਸੇ ਸਮੇਂ ਘਰੇਲੂ ਝਗੜੇ ਵਿਚ ਦੋ-ਚਾਰ ਮਰਦ ਨੂੰ ਵੀ ਪੈ ਗਈਆਂ ਹੋਣ ਤੇ ਇਹ ਵੀ ਸੰਭਵ ਹੈ ਕਿ ਕੋਈ ਇੱਕਾ ਦੁੱਕਾ ਮਰਦ ਨਿਮਾਣਾ ਘਰ ਵਿਚ ਤਸ਼ੱਦਦ ਦਾ ਸ਼ਿਕਾਰ ਹੁੰਦਾ ਰਿਹਾ ਹੋਵੇ; ਪਰ ਉਹ ਹਿੰਸਾ, ਔਰਤ ’ਤੇ ਹੋਣ ਵਾਲੀ ਹਿੰਸਾ ਨਾਲੋਂ ਮੂਲੋਂ ਵੱਖਰੀ ਹੁੰਦੀ ਹੈ। ਔਰਤ ’ਤੇ ਹੋਣ ਵਾਲੀ ਹਿੰਸਾ ਜੇ ਹਮੇਸ਼ਾਂ ਨਹੀਂ ਤਾਂ ਬਹੁਤੀ ਵਾਰ ਉਸਦੇ ਔਰਤ-ਜ਼ਾਤ ਹੋਣ ਨਾਲ ਜੁੜੀ ਹੁੰਦੀ ਹੈ, ਪਰ ਮਰਦ ਨਾਲ ਹੋਈ ਹਿੰਸਾ ਕਦੇ ਵੀ ਸਿਰਫ਼ ਇਸ ਕਾਰਨ ਨਹੀਂ ਹੁੰਦੀ ਕਿਉਂਕਿ ਉਹ ਮਰਦ-ਜ਼ਾਤ ਹੈ। ਏਸੇ ਕਾਰਨ ਟੱਬਰ ਆਪਣੇ ਜਾਤੋਂ ਬਾਹਰ ਵਿਆਹ ਕਰਨ ਵਾਲੇ ਪੁੱਤਰਾਂ ਨੂੰ ਨਹੀਂ ਮਾਰਦੇ, ਇਸ ਹਿਮਾਕਤ ਲਈ ਸਿਰਫ਼ ਧੀਆਂ-ਭੈਣਾਂ ਹੀ ਕਤਲ ਕੀਤੀਆਂ ਜਾਂਦੀਆਂ ਹਨ ਕਿਉਂਕਿ ਉਨ੍ਹਾਂ ਨੇ ਉਹ ਹੱਦਾਂ ਤੋੜਨ ਦੀ ਕੋਸ਼ਿਸ਼ ਕੀਤੀ ਜੋ ਘਰ/ਸਮਾਜ ਦੀ ਮਰਦ ਮਾਨਸਿਕਤਾ ਨੇ ਤੈਅ ਕੀਤੀਆਂ ਹੋਈਆਂ ਸਨ। ਅਜਿਹੇ ਕਤਲਾਂ ਨੂੰ ਅਣਖ ਖਾਤਰ ਕਤਲ ਕਿਹਾ ਜਾਂਦਾ ਹੈ, ਪਰ ਇਹ ਖਿਆਲ ਸ਼ਾਇਦ ਕਦੇ ਸੁਹਿਰਦ ਲੋਕਾਂ ਨੂੰ ਵੀ ਨਹੀਂ ਆਉਂਦਾ ਕਿ ਕਤਲ ਵਰਗੀ ਹਿੰਸਾਤਮਕ ਵਾਪਰਨੀ ਨਾਲ ਅਣਖ ਵਰਗਾ ਹਾਂ-ਪੱਖੀ ਵਿਸ਼ੇਸ਼ਣ ਕਿਉਂ ਜੋੜ ਦਿੱਤਾ ਗਿਆ ਹੈ। ਵਰ੍ਹਿਆਂ ਨਹੀਂ, ਸਦੀਆਂ ਤੋਂ ਤੁਰੀ ਆਉਂਦੀ ਮਰਦ-ਪੱਖੀ ਮਾਨਸਿਕਤਾ ਨੇ ਔਰਤ ਪ੍ਰਤੀ ਸਾਡੀ ਸੰਵੇਦਨਸ਼ੀਲਤਾ ਨੂੰ ਏਨਾ ਖੁੰਡਾ ਕਰ ਦਿੱਤਾ ਹੈ ਕਿ ਮਰਦ ਹੀ ਨਹੀਂ, ਖ਼ੁਦ ਔਰਤਾਂ ਵੀ ਏਸੇ ਮਰਜ਼ ਦਾ ਸ਼ਿਕਾਰ ਲੱਭਦੀਆਂ ਹਨ।

ਸਮਾਜ ਸ਼ਾਸਤਰੀ ਹੁਣ ਔਰਤਾਂ ਵਿਰੁੱਧ ਹਿੰਸਾ ਨੂੰ ਲਿੰਗ-ਅਾਧਾਰਿਤ ਹਿੰਸਾ ਵੀ ਗਰਦਾਨਦੇ ਹਨ। ਮਾਨਸਿਕ ਤਸ਼ੱਦਦ, ਸਰੀਰਕ ਸ਼ੋਸ਼ਣ ਅਤੇ ਬਲਾਤਕਾਰ ਸਭ ਇਸੇ ਲਿੰਗ-ਅਾਧਾਰਿਤ ਹਿੰਸਾ ਦੇ ਅੱਡੋ-ਅੱਡ ਰੂਪ ਹਨ ਜੋ ਘਰ ਦੇ ਅੰਦਰ ਵੀ ਵਾਪਰਦੇ ਹਨ। ਦੁਨੀਆਂ ਭਰ ਵਿਚ ਕਰਾਏ ਗਏ 50 ਸਰਵੇਖਣਾਂ ਦੇ ਆਧਾਰ ’ਤੇ ਹੋਏ ਇਕ ਅਧਿਐਨ ਅਨੁਸਾਰ ਹਰ ਤੀਜੀ ਔਰਤ ਆਪਣੇ ਜੀਵਨ ਕਾਲ ਵਿਚ ਕਿਸੇ ਨਾ ਕਿਸੇ ਸਮੇਂ ਕੁੱਟ-ਮਾਰ ਜਾਂ ਕਾਮੁਕ ਸ਼ੋਸ਼ਣ (ਉਸਦੀ ਰਜ਼ਾਮੰਦੀ ਦੇ ਬਿਨਾਂ ਸੈਕਸ) ਦਾ ਸ਼ਿਕਾਰ ਹੁੰਦੀ ਹੈ। ਬਹੁਤੀ ਵਾਰ, ਅਜਿਹਾ ਕਾਰਾ ਕਰਨ ਵਾਲਾ ਉਸਦੇ ਆਪਣੇ ਹੀ ਪਰਿਵਾਰ ਦਾ ਕੋਈ ਮੈਂਬਰ ਜਾਂ ਜਾਣੂੰ ਹੁੰਦਾ ਹੈ। ਉਂਜ, ਇਸ ਤੱਥ ਨੂੰ ਸਰਵੇਖਣਾਂ ਰਾਹੀਂ ਸਿੱਧ ਕਰਨ ਦੀ ਮੈਨੂੰ ਕੋਈ ਬਹੁਤੀ ਲੋੜ ਨਹੀਂ ਭਾਸਦੀ। ਇਹ ਸਤਰਾਂ ਪੜ੍ਹਦਿਆਂ ਕਿੰਨੀਆਂ ਕੁ ਔਰਤ-ਪਾਠਕਾਂ ਨੂੰ ਕੋਈ ਕੁਹਜੀ ਯਾਦ ਬੇਆਰਾਮ ਕਰ ਜਾਵੇਗੀ ਤੇ ਕਿੰਨੇ ਕੁ ਮਰਦ ਪਾਠਕ ਆਪਣੇ ਹੀ ਝਾਉਲੇ ਇਨ੍ਹਾਂ ਸਤਰਾਂ ਵਿਚ ਲੱਭ ਸਕਣਗੇ, ਇਸਦੀ ਅੰਦਰੂਨੀ ਸੋਝੀ ਬਿਨਾਂ ਰਸਮੀ ਸਰਵੇਖਣਾਂ ਦੇ, ਨਿਰਾ ਕਹੇ-ਸੁਣੇ ਦੇ ਆਧਾਰ ’ਤੇ ਸਿਰਫ਼ ਮੇਰੇ ਅੰਦਰ ਹੀ ਨਹੀਂ ਬਹੁਤੇ ਪਾਠਕਾਂ ਕੋਲ ਵੀ ਪਹਿਲਾਂ ਹੀ ਮੌਜੂਦ ਹੈ। ਸਿਰਫ਼ ਇਹੋ ਜਿਹੇ ਮਸਲਿਆਂ ਨੂੰ ਸਾਡੇ ਸਮਾਜ ਵਿਚ ਕਦੇ ਨਿੱਠ ਕੇ ਵਿਚਾਰਿਆ ਨਹੀਂ ਜਾਂਦਾ।

ਕੁਝ ਸਾਲ ਹੋਏ ‘ਬਿਟਰ (ਕੌੜਾ) ਚਾਕਲੇਟ’ ਦੇ ਨਾਂ ਹੇਠ ਪੱਤਰਕਾਰ-ਲੇਖਕ ਪਿੰਕੀ ਵਿਰਾਨੀ ਦੀ ਅੰਗਰੇਜ਼ੀ ਵਿਚ ਇਕ ਕਿਤਾਬ ਛਪੀ ਸੀ, ਜੋ ਬੱਚਿਆਂ ਦੇ ਘਰਾਂ ਅੰਦਰ ਹੁੰਦੇ ਕਾਮੁਕ ਸ਼ੋਸ਼ਣ ਦਾ ਕੰਬਾਊ ਚਿੱਤਰ ਪੇਸ਼ ਕਰਦੀ ਹੈ ਅਤੇ ਇਸ ਧਾਰਨਾ ਨੂੰ ਵਗਾਹ ਮਾਰਦੀ ਹੈ ਕਿ ਇਹੋ ਜਿਹੇ ‘ਕਾਰੇ’ ਸਿਰਫ਼ ਹੇਠਲੇ ਤਬਕਿਆਂ ਵਿਚ ਹੀ ਹੁੰਦੇ ਹਨ। ਦਰਅਸਲ, ਬੱਚੀ ਜਾਂ ਕਿਸ਼ੋਰ ਅਵਸਥਾ ਵਾਲੀ ਕੁੜੀ ਦੀ ਕਾਮੁਕ ਵਰਤੋਂ ਕਰਨ ਵਾਲਾ ਆਮ ਤੌਰ ’ਤੇ ਉਸਦਾ ਆਪਣਾ ਹੀ ਕੋਈ ‘ਅੰਕਲ’ ਜਾਂ ਨੇੜਲਾ ਰਿਸ਼ਤੇਦਾਰ ਹੁੰਦਾ ਹੈ। ਇਹ ਵੀ ਘਰ ਦੀ ਚਾਰਦੀਵਾਰੀ ਵਿਚ ਵਾਪਰਦੀ ਹਿੰਸਾ ਦਾ ਇਕ ਹੋਰ ਕੁਹਜਾ ਰੂਪ ਹੈ। ਪਿੰਕੀ ਵਿਰਾਨੀ ਦੀ ਤੱਥਾਂ ’ਤੇ ਅਾਧਾਰਿਤ ਇਹ ਪੁਸਤਕ ਸਿੱਧ ਕਰਦੀ ਹੈ ਕਿ ਇਹੋ ਜਿਹੀਆਂ ਘਟਨਾਵਾਂ ਕੋਈ ਅਪਵਾਦ ਨਹੀਂ, ਬਲਕਿ ਹਰ ਸਮਾਜੀ ਤਬਕੇ ਵਿਚ ਅਤੇ ਹਰ ਸਮੇਂ ਵਾਪਰਦੀਆਂ ਹਨ। ਸਿਰਫ਼ ਇਨ੍ਹਾਂ ਦਾ ਜ਼ਿਕਰ ਕਰਨਾ ਇਕ ਅਪਵਾਦ ਹੈ ਕਿਉਂਕਿ ਬਹੁਤੀ ਵਾਰ, ਪਰਿਵਾਰ ਦੇ ਹੋਰ ਮੈਂਬਰਾਂ ਨੂੰ ਪਤਾ ਲੱਗ ਜਾਣ ਦੇ ਬਾਵਜੂਦ ਇਨ੍ਹਾਂ ਨੂੰ ਦੱਬ ਦਿੱਤਾ ਜਾਂਦਾ ਹੈ, ਪਰ ਇਹੋ ਜਿਹੀ ਹਿੰਸਾ ਨਾਲ ਵਲੂੰਧਰੀ ਗਈ ਬਾਲੜੀ/ ਔਰਤ ਸ਼ਾਇਦ ਹੀ ਕਦੇ ਇਸਨੂੰ ਪੂਰੀ ਤਰ੍ਹਾਂ ‘ਦੱਬਣ’ ਵਿਚ ਕਾਮਯਾਬ ਹੁੰਦੀ ਹੋਵੇ। ਅਜਿਹੀ ਹਿੰਸਾ ਦੇ ਡੂੰਘੇ ਜ਼ਖ਼ਮਾਂ ਦੀ ਚੀਸ ਉਸਨੂੰ ਤਾਅ-ਉਮਰ ਰਹਿੰਦੀ ਹੈ। ਪੰਜਾਬੀ ਵਿਚ ਇਸ ਘਿਨੌਣੇ ਪਰਿਵਾਰਕ ਤੱਥ ਦਾ ਖ਼ੂਬਸੂਰਤ ਗਲਪੀ ਬਿਆਨ ਰਸ਼ਪਿੰਦਰ ਰਿਸ਼ਮ ਦੀ ਕਹਾਣੀ ‘ਆਦਿ-ਕੁਆਰੀ’ ਵਿਚ ਦੇਖਿਆ ਜਾ ਸਕਦਾ ਹੈ। ਪਰ ਏਸੇ ਕਿਸਮ ਦੇ ਕਾਮੁਕ ਸ਼ੋਸ਼ਣ ਨੂੰ ਜਦੋਂ ਸ਼ਸ਼ੀ ਪਾਲ ਸਮੁੰਦਰਾ ਆਪਣੀ ਆਤਮਕਥਾਤਮਕ ਪੁਸਤਕ ‘ਇਕ ਕੁੜੀ ਦੀ ਗੁਪਤ ਡਾਇਰੀ’ ਵਿਚ ਬਿਆਨ ਕਰਦੀ ਹੈ ਤਾਂ ਪੰਜਾਬੀ ਸਮਾਜ ਦੇ ਬਹੁਤੇ ਮਰਦ ਤੇ ਕੁਝ ਔਰਤਾਂ ਵੀ ਖੁਰ ਚੁੱਕ ਕੇ ਉਸਦੇ ਪਿੱਛੇ ਪੈ ਜਾਂਦੇ ਹਨ। ਸਾਡਾ ਸਮਾਜ ਇਹੋ ਜਿਹੀ ਹਿੰਸਾ ਦਾ ਚਿਤਰਣ ਗਲਪੀ ਰੂਪ ਵਿਚ ਪਰੋਸਿਆ ਤਾਂ ਹਜ਼ਮ ਕਰ ਸਕਦਾ ਹੈ, ਪਰ ਜਦੋਂ ਕੋਈ ਆਪਬੀਤੀ ਦੇ ਆਧਾਰ ਉੱਤੇ ਸਾਡੇ ਘਰਾਂ ਅੰਦਰ ਲੁਕੇ ਅਤੇ ਲੁਕਾਏ ਜਾਂਦੇ ਅਜਿਹੇ ਕੁਹਜ ਨੂੰ ਨਸ਼ਰ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਬਹੁਤੇ ਪਾਠਕ ਏਨੇ ਬੇਆਰਾਮ ਹੁੰਦੇ ਹਨ ਕਿ ਲੇਖਕ ਅਤੇ ਉਸਦੇ ਚਰਿੱਤਰ ਉੱਤੇ ਹੀ ਵਾਰ ਕਰਨ ਲੱਗ ਪੈਂਦੇ ਹਨ; ਉਸਦੀ ਗੱਲ ਸੁਣਨੀ ਜਾਂ ਸਮਝਣੀ ਤਾਂ ਇਕ ਪਾਸੇ ਰਹੀ।

ਇਕ ਪਾਸੇ ਜੇ ਇਹ ਸਮਝਣ ਦੀ ਲੋੜ ਹੈ ਕਿ ਕਾਮੁਕ ਹਿੰਸਾ ਸਿਰਫ਼ ਬਲਾਤਕਾਰ ਹੀ ਨਹੀਂ ਹੁੰਦਾ, ਕਿਸੇ ਦੀ ਮਰਜ਼ੀ ਬਿਨਾਂ ਉਸਨੂੰ ਛੋਹਣਾ,ਉਸ ਨਾਲ ਖਹਿਸਰਨਾ, ਕੋਈ ਅੰਗ ਮਸਲਨਾ ਵੀ ਇਸੇ ਦਾ ਹੀ ਹਿੱਸਾ ਹਨ; ਤਾਂ ਦੂਜੇ ਪਾਸੇ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਹਿੰਸਾ ਬਿਨਾਂ ਛੋਹਿਆਂ ਵੀ ਕੀਤੀ ਜਾ ਸਕਦੀ ਹੈ। ਔਰਤਾਂ ਆਪਣੇ ਕੰਮ ਕਰਨ ਵਾਲੀਆਂ ਥਾਵਾਂ ’ਤੇ ਅਕਸਰ ਇਸ ਕਿਸਮ ਦੀ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ, ਜਦੋਂ ਉਨ੍ਹਾਂ ਨੂੰ ਸਿਰਫ਼ ਔਰਤ-ਜ਼ਾਤ ਹੋਣ ਕਾਰਨ ਫ਼ਿਕਰੇਬਾਜ਼ੀ ਜਾਂ ਅਸ਼ਲੀਲ ਹਰਕਤਾਂ ਦਾ ਨਿਸ਼ਾਨਾ ਬਣਨਾ ਪੈਂਦਾ ਹੈ। ਇਸਨੂੰ ਕਾਮੁਕ ਤੌਰ ’ਤੇ ਪਰੇਸ਼ਾਨ ਕਰਨਾ ਕਿਹਾ ਜਾਂਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਨਿਰੰਤਰ ਮਾਨਸਿਕ ਕਲੇਸ਼ ਵਿਚੋਂ ਲੰਘਣਾ ਪੈਂਦਾ ਹੈ।

ਦਫ਼ਤਰੀ ਵਾਤਾਵਰਣ ਵਿਚ ਕਾਮੁਕ ਤੌਰ ’ਤੇ ਪਰੇਸ਼ਾਨ ਕਰਨ ਲਈ ਕਈ ਢੰਗ ਅਪਣਾਏ ਜਾਂਦੇ ਹਨ। ਕਦੇ ਨਸੀਹਤੀ ਸਹਿਕਰਮੀ ਵਾਲਾ ਰੁਖ਼ ਅਖ਼ਤਿਆਰ ਕਰਕੇ (‘ਤੁਸੀ ਏਨੇ ਤੰਗ ਕੱਪੜੇ ਨਾ ਪਾਇਆ ਕਰੋ, ਸਾਰੇ ਗੱਲਾਂ ਕਰਦੇ ਹਨ’); ਕਦੇ ਬਹਾਨੇ ਨਾਲ ਕਾਮ ਕਿਰਿਆ ਨਾਲ ਜੁੜੀਆਂ ਵਸਤਾਂ ਦੇ ਇਸ਼ਾਰੇ ਰਾਹੀਂ ਤੇ ਕਈ ਵਾਰ ਸਿੱਧੀ ਪੇਸ਼ਕਸ਼ ਰਾਹੀਂ। ਉਕਸਾਊ ਤਸਵੀਰਾਂ ਦਿਖਾਉਣਾ ਜਾਂ ਕਾਮੁਕ ਇਸ਼ਾਰਿਆਂ ਵਾਲੀਆਂ ਟਿੱਪਣੀਆਂ ਕਰਨਾ ਏਸੇ ਕਿਸਮ ਨਾਲ ਪਰੇਸ਼ਾਨ ਕਰਨ ਦੇ ਹੋਰ ਢੰਗ ਹਨ। ਨਮੋਸ਼ੀ ਦੀ ਗੱਲ ਇਹ ਹੈ ਕਿ ਆਮ ਮਰਦ ਮਾਨਸਿਕਤਾ ਨੂੰ ਇਸ ਕਿਸਮ ਦੀਆਂ ‘ਸਰਸਰੀ’ ਟਿੱਪਣੀਆਂ ਜਾਂ ਘਟਨਾਵਾਂ ਵਿਚ ਕੋਈ ਹਿੰਸਾ ਨਜ਼ਰ ਨਹੀਂ ਆਉਂਦੀ, ਜਦੋਂ ਕਿ ਦਫ਼ਤਰਾਂ ਵਿਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਇਸ ਮਾਨਸਿਕ ਸੰਤਾਪ ਨੂੰ ਮੁੜ ਮੁੜ ਭੋਗਣਾ ਤੇ ਜਰਨਾ ਪੈਂਦਾ ਹੈ। ਔਰਤਾਂ ਦੇ ਕੌਮੀ ਕਮਿਸ਼ਨ ਵੱਲੋਂ 1998 ਵਿਚ ਕਰਾਏ ਗਏ ਇਕ ਸਰਵੇਖਣ ਤੋਂ ਪਤਾ ਲੱਗਾ ਕਿ ਕੰਮ ’ਤੇ ਜਾਣ ਵਾਲੀਆਂ ਔਰਤਾਂ ਦੇ 50% ਯਾਨੀ ਹਰ ਦੂਜੀ ਔਰਤ ਨੂੰ ਆਪਣੇ ਕੰਮ ਦੀ ਥਾਂ ’ਤੇ ਕਿਸੇ ਨਾ ਕਿਸੇ ਸਮੇਂ ਇਸ ਕਿਸਮ ਦੀ ਪਰੇਸ਼ਾਨੀ ਵਿਚੋਂ ਲੰਘਣਾ ਪਿਆ। ਪਰ ਸਿਰਫ਼ 11% ਔਰਤਾਂ ਨੂੰ ਹੀ ਪਤਾ ਸੀ ਕਿ ਕਾਮੁਕ ਤੌਰ ’ਤੇ ਪਰੇਸ਼ਾਨ ਕਰਨਾ ਕਾਨੂੰਨੀ ਤੌਰ ’ਤੇ ਦੰਡ-ਯੋਗ ਅਪਰਾਧ ਹੈ ਅਤੇ ਅਜਿਹੀ ਸੂਰਤ ਵਿਚ ਉਹ ਅਦਾਲਤ ਤਕ ਪਹੁੰਚ ਕਰ ਸਕਦੀਆਂ ਹਨ। ਪਰ ਜਿਹੋ ਜਿਹੀਆਂ ਹਰ ਮਾਮਲੇ ਨੂੰ ਲੰਮਾ ਸਮਾਂ ਲਟਕਾਉਣ ਵਾਲੀਆਂ ਸਾਡੀਆਂ ਅਦਾਲਤਾਂ ਹਨ ਤੇ ਜਿਹੋ ਜਿਹਾ ਔਰਤ ਨੂੰ ਚੁੱਪ ਕਰਕੇ ਸਭ ਜਰ ਲੈਣ ਦੀਆਂ ਮੱਤਾਂ ਦੇਣ ਵਾਲਾ ਸਾਡਾ ਸਮਾਜ ਹੈ, ਕੋਈ ਹੈਰਾਨੀ ਦੀ ਗੱਲ ਨਹੀਂ ਕਿ ਕੋਈ ਵਿਰਲੀ ਔਰਤ ਹੀ ਅਦਾਲਤ ਦਾ ਬੂਹਾ ਖੜਕਾਉਣ ਦੇ ਰਾਹ ਪੈਂਦੀ ਹੈ।

ਏਸੇ ਕਾਰਨ ਔਰਤ-ਜ਼ਾਤ ਨਾਲ ਹੁੰਦੀ ਹਿੰਸਾ ਦੇ ਹਰ ਰੂਪ ਬਾਰੇ ਆਪ ਸੁਚੇਤ ਹੋਣਾ ਅਤੇ ਦੂਜਿਆਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਬੜੀ ਵਾਰ ਔਰਤਾਂ ਅਜਿਹੀ ਹਿੰਸਾ ਨੂੰ ਔਰਤ ਦੀ ਹੋਣੀ ਦਾ ਹੀ ਇਕ ਹਿੱਸਾ ਸਮਝ ਕੇ ਜਰਦੀਆਂ ਰਹਿੰਦੀਆਂ ਹਨ ਅਤੇ ਮਰਦ ਇਸਨੂੰ ‘ਚਲੋ ਛੱਡੋ’ ਜਾਂ ‘ਇੰਜ ਤਾਂ ਹੁੰਦਾ ਹੀ ਰਹਿੰਦਾ ਹੈ’ ਦੇ ਵਤੀਰੇ ਨਾਲ ਹਊ-ਪਰੇ ਕਰ ਦਿੰਦਾ ਹੈ। ਔਰਤਾਂ ਨਾਲ ਹੋਣ ਵਾਲੇ ਹਰ ਧੱਕੇ ਜਾਂ ਹਿੰਸਾ ਪਿੱਛੇ ਲੁਕੀ ਮਾਨਸਿਕਤਾ ਨੂੰ ਸਮਝੇ ਬਿਨਾਂ ਇਸਦੀ ਗੰਭੀਰਤਾ ਨੂੰ ਵੀ ਨਹੀਂ ਸਮਝਿਆ ਜਾ ਸਕਦਾ। ਇਸ ਹਿੰਸਾ ਦੇ ਹਰ ਰੂਪ- ਸਰੀਰਿਕ, ਮਾਨਸਿਕ, ਕਾਮੁਕ ਦਾ ਵਿਰੋਧ ਕਰਨਾ ਸਿਰਫ਼ ਔਰਤਾਂ ਦਾ ਹੀ ਕੰਮ ਨਹੀਂ, ਹਰ ਸੁਚੇਤ ਮਰਦ ਦਾ ਵੀ ਫ਼ਰਜ਼ ਹੈ, ਭਾਵੇਂ ਉਹ ਭਰਾ ਜਾਂ ਦੋਸਤ ਹੋਵੇ ਜਾਂ ਮਹਿਜ਼ ਕੋਈ ਸੁਹਿਰਦ ਸਹਿਕਰਮੀ। ਨਹੀਂ ਤਾਂ ਔਰਤ ਦੀ ਗੱਲ ਹਮੇਸ਼ਾਂ ਅਣਸੁਣੀ ਹੀ ਰਹੇਗੀ।
ਸੰਪਰਕ : 93162-02025

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All