ਡਾ. ਰਣਜੀਤ ਸਿੰਘ
ਭਾਰਤ ਨੂੰ ਸੰਸਾਰ ਦਾ ਸਭ ਤੋਂ ਵੱਡਾ ਲੋਕਰਾਜ ਮੰਨਿਆ ਜਾਂਦਾ ਹੈ। ਇਥੇ ਦੇਸ਼ ਦਾ ਪ੍ਰਬੰਧ ਚਲਾਉਣ ਲਈ ਲੋਕ ਆਪਣੇ ਵਿਚੋਂ ਆਪਣੇ ਆਗੂ ਚੁਣ ਕੇ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪਦੇ ਹਨ। ਇਹ ਚੋਣ ਹਰ ਪੰਜਾਂ ਸਾਲਾਂ ਪਿਛੋਂ ਹੁੰਦੀ ਹੈ। ਰਾਜ ਪ੍ਰਬੰਧ ਕਿਸ ਢੰਗ ਨਾਲ ਚਲਾਇਆ ਜਾਵੇ, ਇਸੇ ਆਧਾਰਿਤ ਰਾਜਸੀ ਪਾਰਟੀਆਂ ਹੋਂਦ ਵਿਚ ਆਉਂਦੀਆਂ ਹਨ। ਆਮ ਕਰਕੇ ਸਾਰੇ ਸੰਸਾਰ ਵਿਚ ਤਿੰਨ ਵਿਚਾਰਧਾਰਾਵਾਂ ਕੰਮ ਕਰਦੀਆਂ ਹਨ। ਇਨ੍ਹਾਂ ਨੂੰ ਸੱਜੇ-ਪੱਖੀ, ਖੱਬੇ-ਪੱਖੀ ਤੇ ਵਿਚਕਾਰਲੇ ਆਖਿਆ ਜਾਂਦਾ ਹੈ। ਸੱਜੇ ਪੱਖੀ ਦੇਸ਼ ਦੇ ਕਾਰੋਬਾਰ ਨੂੰ ਚਲਾਉਣ ਲਈ ਪ੍ਰਾਈਵੇਟ ਪ੍ਰਣਾਲੀ ਨੂੰ ਵਧੀਆ ਮੰਨਦੇ ਹਨ ਜਦੋਂਕਿ ਖੱਬੇ ਪੱਖੀ ਇਹ ਜ਼ਿੰਮੇਵਾਰੀ ਸਰਕਾਰ ਦੀ ਸਮਝਦੇ ਹਨ। ਵਿਚਕਾਰਲੀ ਸੋਚ ਵਾਲੇ ਰਲਵੀਂ ਜ਼ਿੰਮੇਵਾਰੀ ਦੇ ਹਨ ਤਾਂ ਜੋ ਦੋਵੇਂ ਧਿਰਾਂ ਆਪੋ ਵਿਚ ਮੁਕਾਬਲੇ ਰਾਹੀਂ ਵਧੀਆ ਕਾਰੁਗਜ਼ਾਰੀ ਕਰ ਸਕਣ। ਸੱਜੇ ਪੱਖੀ ਵਿਚਾਰਧਾਰਾ ਦੇ ਮੁਖੀ ਅਮਰੀਕਾ ਨੂੰ ਮੰਨਿਆ ਜਾਂਦਾ ਹੈ ਜਦੋਂਕਿ ਖੱਬੇ ਪੱਖੀ ਰੂਸ ਤੇ ਚੀਨ ਹਨ। ਵਿਚਕਾਰਲੀ ਵਿਚਾਰਧਾਰਾ ਨੂੰ ਭਾਰਤ ਨੇ ਅਪਨਾਇਆ ਸੀ ਪਰ ਮੌਜੂਦਾ ਸਰਕਾਰ ਇਹ ਜ਼ਿੰਮੇਵਾਰੀ ਹੌਲੀ ਹੌਲੀ ਪ੍ਰਾਈਵੇਟ ਹੱਥਾਂ ਵਿਚ ਸੌਂਪ ਕੇ ਸਰਮਾਏਦਾਰੀ ਨਿਜ਼ਾਮ ਕਾਇਮ ਕਰੀ ਰਹੀ ਹੈ।
ਸਾਡੇ ਦੇਸ਼ ਵਿਚ ਦੋ ਪੱਧਰੀ ਪ੍ਰਣਾਲੀ ਹੈ। ਸੂਬਾ ਸਰਕਾਰ ਤੇ ਕੇਂਦਰੀ ਸਰਕਾਰ। ਸਾਰੇ ਦੇਸ਼ ਨੂੰ ਅਸੈਂਬਲੀ ਹਲਕੇ ਅਤੇ ਪਾਰਲੀਮੈਟ ਹਲਕਿਆਂ ਵਿਚ ਵੰਡਿਆ ਗਿਆ ਹੈ। ਹਰ ਹਲਕੇ ਵਿਚੋਂ ਸਭ ਤੋਂ ਵਧ ਵੋਟਾਂ ਪ੍ਰਾਪਤ ਕਰਨ ਵਾਲਾ ਉਮੀਦਵਾਰ ਚੁਣਿਆ ਜਾਂਦਾ ਹੈ। ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਬਿਨਾ ਕਿਸੇ ਮਤਭੇਦ ਦੇ ਵੋਟ ਪਾਉਣ ਲਈ ਬਰਾਬਰ ਦੇ ਹੱਕ ਹਾਸਲ ਹਨ। ਇਹ ਦੇਖਿਆ ਗਿਆ ਹੈ ਕਿ ਚੋਣਾਂ ਸਮੇਂ ਘੱਟੋ-ਘੱਟ ਇਕ ਤਿਹਾਈ ਵੋਟਰ ਤਾਂ ਵੋਟ ਪਾਉਂਦੇ ਹੀ ਨਹੀਂ ਹਨ; ਕਈ ਥਾਈਂ ਤਾਂ ਅੱਧੇ ਵੋਟਰ ਵੋਟ ਪਾਉਣ ਨਹੀਂ ਆਉਂਦੇ। ਜਿੱਤ ਲਈ ਘੱਟੋ-ਘੱਟ ਵੋਟ ਪ੍ਰਾਪਤੀ ਦੀ ਹੱਦ ਨਹੀਂ ਮਿੱਥੀ ਗਈ ਸਗੋਂ ਜਿਸ ਉਮੀਦਵਾਰ ਨੂੰ ਸਭ ਤੋਂ ਵੱਧ ਵੋਟਾਂ ਪ੍ਰਾਪਤ ਹੁੰਦੀਆਂ ਹਨ, ਉਹ ਜੇਤੂ ਮੰਨਿਆ ਜਾਂਦਾ ਹੈ। ਬਹੁਤੇ ਜੇਤੂ ਉਮੀਦਵਾਰ ਇਕ ਤਿਹਾਈ ਵੋਟਾਂ ਪ੍ਰਾਪਤ ਕਰਕੇ ਹੀ ਜਿੱਤ ਪ੍ਰਾਪਤ ਕਰ ਲੈਂਦੇ ਹਨ।
ਜਿਸ ਰਾਜਸੀ ਪਾਰਟੀ ਦੇ ਸਭ ਤੋਂ ਵੱਧ ਮੈਂਬਰ ਜੇਤੂ ਹੁੰਦੇ ਹਨ, ਉਸੇ ਨੂੰ ਅਗਲੇ ਪੰਜ ਸਾਲਾਂ ਲਈ ਰਾਜ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ ਪਰ ਇਥੇ ਇਹ ਸ਼ਰਤ ਜਰੂਰ ਲਗਾਈ ਜਾਂਦੀ ਹੈ ਕਿ ਉਸ ਪਾਰਟੀ ਕੋਲ ਬਹੁਮਤ ਹੋਣਾ ਚਾਹੀਦਾ ਹੈ। ਇਸ ਦਾ ਭਾਵ ਹੈ ਕਿ ਕੁੱਲ ਮੈਂਬਰਾਂ ਵਿਚੋਂ ਅੱਧ ਤੋਂ ਵੱਧ ਮੈਂਬਰ ਉਸ ਪਾਰਟੀ ਦੇ ਹੋਣੇ ਚਾਹੀਦੇ ਹਨ। ਜੇ ਕਿਸ ਵੀ ਪਾਰਟੀ ਨੂੰ ਬਹੁਮਤ ਨਾ ਮਿਲੇ ਤਾਂ ਕਈ ਪਾਰਟੀਆਂ ਆਪੋ ਵਿਚ ਗਠਜੋੜ ਕਰਕੇ ਰਾਜ ਕਰਨ ਦਾ ਯਤਨ ਕਰਦੀਆਂ ਹਨ। ਚੁਣੇ ਹੋਏ ਮੈਂਬਰ ਆਪਣਾ ਨੇਤਾ ਚੁਣਦੇ ਹਨ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਬਣਦਾ ਹੈ। ਸਰਕਾਰੀ ਕੰਮਕਾਜ ਨੂੰ ਸੁਚਾਰੂ ਢੰਗ ਨਾਲ
ਚਲਾਉਣ ਲਈ ਉਹ ਆਪਣੇ ਮੈਂਬਰਾਂ ਵਿਚ ਵਜ਼ੀਰ ਬਣਾਉਂਦਾ ਹੈ। ਇਸੇ ਤਰ੍ਹਾਂ ਹੀ ਸੂਬਿਆਂ ਦੀ ਸਰਕਾਰ ਹੋਂਦ ਵਿਚ ਆਉਂਦੀ ਹੈ।
ਲੋਕਰਾਜ ਵਿਚ ਰਾਜਸੀ ਪਾਰਟੀਆਂ ਦੇਸ਼ ਜਾਂ ਸੂਬੇ ਦੇ ਵਿਕਾਸ ਲਈ ਆਪੋ-ਆਪਣਾ ਪ੍ਰੋਗਰਾਮ ਉਲੀਕਦੀਆਂ ਹਨ ਜਿਸ ਆਧਾਰ ਉਤੇ ਚੋਣਾਂ ਲੜਦੀਆਂ ਹਨ। ਵੋਟਰਾਂ ਨੂੰ ਜਿਸ ਪਾਰਟੀ ਦਾ ਪ੍ਰੋਗਰਾਮ ਪਸੰਦ ਹੋਵੇ ਤੇ ਉਮੀਦਵਾਰ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋਣ, ਉਸ ਨੂੰ ਆਪਣਾ ਵੋਟ ਦਿੰਦੇ ਹਨ। ਸਮੇਂ ਦੇ ਬੀਤਣ ਨਾਲ ਹੁਣ ਰਾਜਸੀ ਪਾਰਟੀਆਂ ਅਤੇ ਆਗੂਆਂ ਦੀ ਸੋਚ ਵਿਚ ਨਿਘਾਰ ਆ ਗਿਆ ਹੈ। ਚੋਣਾਂ ਸਮੇਂ ਉਹ ਦੇਸ਼ ਦੇ ਵਿਕਾਸ ਨੂੰ ਆਧਾਰ ਨਹੀਂ ਬਣਾਉਂਦੀਆਂ ਸਗੋਂ ਵੋਟ ਪ੍ਰਾਪਤੀ ਦੇ ਢੰਗ ਤਰੀਕਿਆਂ ਬਾਰੇ ਸੋਚਦੀਆਂ ਹਨ। ਪਿਛਲੇ ਕੁਝ ਸਮੇਂ ਤੋਂ ਰਾਜਸੀ ਪਾਰਟੀਆਂ ਜਿੱਤ ਪਿਛੋਂ ਹੋਣ ਵਾਲੇ ਆਪਣੇ ਸੰਭਾਵੀ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਦੇ ਨਾਮ ਦਾ ਐਲਾਨ ਪਹਿਲਾਂ ਹੀ ਕਰਦੀਆਂ ਹਨ। ਇੰਜ ਚੋਣਾਂ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਦੇ ਨਾਮ ਉਤੇ ਲੜੀਆਂ ਜਾਂਦੀਆਂ ਹਨ। ਦੇਖਣਾ ਇਹ ਹੈ ਕਿ ਇਹ ਸੋਚ ਲੋਕਰਾਜ ਦੇ ਲਈ ਸਹੀ ਹੈ? ਇੰਜ ਪਾਰਲੀਮੈਂਟ ਦੇ ਚੁਣੇ ਹੋਏ ਤੇ ਰਾਜਾਂ ਦੀਆਂ ਅਸੈਂਬਲੀਆਂ ਦੇ ਚੁਣੇ ਹੋਏ ਮੈਂਬਰਾਂ ਕੋਲ ਆਪਣਾ ਆਗੂ ਚੁਣਨ ਦਾ ਅਧਿਕਾਰ ਨਹੀਂ ਰਹਿ ਜਾਂਦਾ ਸਗੋਂ ਉਹ ਉਸ ਦੇ ਅਹਿਸਾਨਮੰਦ ਹੋ ਜਾਂਦੇ ਹਨ। ਇੰਜ ਉਹ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਦੇ ਫ਼ੈਸਲਿਆਂ ਬਾਰੇ ਆਪਣੀ ਰਾਇ ਪ੍ਰਗਟ ਨਹੀਂ ਕਰਦੇ ਸਗੋਂ ਉਸ ਦੇ ‘ਠੀਕ ਹੈ ਜੀ’ (ਯੈੱਸਮੈਨ) ਕਹਿਣ ਵਾਲੇ ਬਣ ਜਾਂਦੇ ਹਨ। ਹੁਣ ਜਦੋ ਪਾਰਲੀਮੈਂਟ ਜਾਂ ਅਸੈਂਬਲੀ ਵਿਚ ਕੋਈ ਬਿਲ ਪੇਸ਼ ਕੀਤਾ ਜਾਂਦਾ ਹੈ ਤਾਂ ਪਹਿਲਾਂ ਤਾਂ ਉਸ ਉਤੇ ਬਹਿਸ ਹੁੰਦੀ ਹੀ ਨਹੀਂ; ਜੇ ਹੁੰਦੀ ਵੀ ਹੈ ਤਾਂ ਸੱਤਾਧਿਰ ਮੈਂਬਰ ਕਦੇ ਵੀ ਕੋਈ ਸੁਝਾਓ ਦੇਣ ਦੀ ਹਿੰਮਤ ਨਹੀਂ ਕਰਦੇ। ਇੰਜ ਪਾਰਲੀਮੈਂਟ ਜਾਂ ਰਾਜ ਦੀ ਅਸੈਂਬਲੀ ਵਿਚ ਬਿਲ ਪਾਸ ਕਰਵਾਉਣੇ ਰਸਮ ਬਣ ਕੇ ਰਹਿ ਗਏ ਹਨ। ਇਨ੍ਹਾਂ ਉਤੇ ਕੋਈ ਉਸਾਰੂ ਬਹਿਸ ਨਹੀਂ ਹੁੰਦੀ। ਇੰਜ ਇਨ੍ਹਾਂ ਵਿਚਲੀਆਂ ਘਾਟਾਂ ਉਜਾਗਰ ਨਹੀਂ ਹੁੰਦੀਆਂ ਤੇ ਬਹੁਤੀ ਵਾਰ ਇਕ ਲੋਕ ਮਾਰੂ ਸਿੱਧ ਹੁੰਦੇ ਹਨ।
ਆਮ ਆਖਿਆ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਸਾਰੇ ਫ਼ੈਸਲੇ ਆਪਣੇ ਮੰਤਰੀ ਮੰਡਲ ਦੀ ਮੀਟਿੰਗ ਵਿਚ ਲੈਂਦੇ ਹਨ ਪਰ ਇਹ ਵੀ ਰਸਮ ਹੀ ਬਣ ਗਈ ਹੈ। ਸਾਰੇ ਮੰਤਰੀ ਪ੍ਰਧਾਨ ਮੰਤਰੀ ਵਲੋਂ ਨਿਯੁਕਤ ਕੀਤੇ ਹੁੰਦੇ ਹਨ, ਇਸ ਕਰਕੇ ਮੀਟਿੰਗ ਵਿਚ ਵੀ ਉਹ ਪ੍ਰਧਾਨ ਮੰਤਰੀ ਦੀ ਹਾਂ ਵਿਚ ਹਾਂ ਹੀ ਮਿਲਾਉਂਦੇ ਹਨ। ਜੇ ਕੋਈ ਵਿਰੋਧ ਕਰਦਾ ਹੈ ਤਾਂ ਉਸ ਨੂੰ ਵਜ਼ੀਰੀ ਤੋਂ ਹੱਥ ਧੋਣੇ ਪੈਂਦੇ ਹਨ। ਇੰਜ ਦੇਸ਼ ਵਿਚ ਇਕ ਤਰ੍ਹਾਂ ਨਾਲ ਸ਼ਖ਼ਸੀ ਰਾਜ ਹੀ ਪ੍ਰਫੁਲਿਤ ਹੋ ਰਿਹਾ ਹੈ। ਕੋਈ ਵੀ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਆਪਣੇ ਹੱਥੋਂ ਗੱਦੀ ਤਿਆਗਣ ਲਈ ਤਿਆਰ ਨਹੀਂ ਹੁੰਦਾ। ਇਸ ਨੂੰ ਕਾਇਮ ਰੱਖਣ ਲਈ ਉਹ ਦੇਸ਼ ਵਿਚ ਅਜਿਹਾ ਮਾਹੌਲ ਸਿਰਜਣ ਦਾ ਯਤਨ ਕਰਦਾ ਹੈ ਕਿ ਸਾਰੇ ਪਾਸਿਉਂ ਉਸ ਦੇ ਗੁਣਗਾਣ ਦੀ ਆਵਾਜ਼ ਹੀ ਆਵੇ। ਮੀਡੀਆ ਤੇ ਅਮੀਰ ਘਰਾਣਿਆਂ ਨੂੰ ਆਪਣੇ ਕਾਬੂ ਵਿਚ ਰੱਖਣ ਦਾ ਯਤਨ ਕੀਤਾ ਜਾਂਦਾ ਹੈ। ਮਾਹਿਰਾਂ ਦੀ ਅਜਿਹੀ ਟੀਮ ਰੱਖੀ ਜਾਂਦੀ ਹੈ ਜਿਹੜੀ ਮੀਡੀਆ ਰਾਹੀਂ ਜਾਂ ਕੁਝ ਲੋਕ ਲੁਭਾਊ ਰਿਆਇਤਾਂ ਰਾਹੀਂ ਵੋਟਰਾਂ ਨੂੰ ਪ੍ਰਭਾਵਿਤ ਕਰਦੀ ਹੈ। ਜੇ ਕੋਈ ਮੁੱਖ ਮੰਤਰੀ ਵੱਡੀ ਉਮਰ ਕਰਕੇ ਕੁਰਸੀ ਛੱਡਣ ਲਈ ਮਜਬੂਰ ਹੋ ਜਾਵੇ ਤਾਂ ਉਹ ਗੱਦੀ ਆਪਣੀ ਔਲਾਦ ਨੂੰ ਸੌਂਪ ਦਿੰਦਾ ਹੈ।
ਇੰਜ ਮਹਾਰਾਜਿਆਂ ਵਾਂਗ ਕਈ ਸੂਬਿਆਂ ਵਿਚ ਤੇ ਕੇਂਦਰ ਵਿਚ ਵੀ ਇਹ ਖਾਨਦਾਨੀ ਮਲਕੀਅਤ ਬਣ ਜਾਂਦੀ ਹੈ। ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਸਾਹਮਣੇ ਆਪਣੇ ਵਿਚਾਰ ਰੱਖਣ ਦੀ ਮੈਂਬਰ ਜੁਰਅਤ ਨਹੀਂ ਕਰਦੇ, ਕਿਉਂਕਿ ਉਨ੍ਹਾਂ ਨੂੰ ਇਹ ਸਮਝਾਇਆ ਜਾਂਦਾ ਹੈ ਕਿ ਤੁਹਾਡੀ ਜਿੱਤ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਦੇ ਨਾਮ ਕਰਕੇ ਹੀ ਹੋਈ ਹੈ। ਮੈਂਬਰਾਂ ਨੂੰ ਹੋਣ ਤਾਂ ਇਹ ਅਹਿਸਾਸ ਚਾਹੀਦਾ ਹੈ ਕਿ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਦੀ ਚੋਣ ਉਨ੍ਹਾਂ ਕੀਤੀ ਹੈ ਪਰ ਹੋ ਇਸ ਦੇ ਉਲਟ ਰਿਹਾ ਹੈ। ਇਹੋ ਹੀ ਪ੍ਰਭਾਵ ਵੋਟਰਾਂ ਉਤੇ ਪਾਇਆ ਜਾਂਦਾ ਹੈ। ਹੁਣ ਵੋਟਰ ਇਹ ਦਾਅਵਾ ਨਹੀਂ ਕਰਦੇ ਕਿ ਉਨ੍ਹਾਂ ਹੀ ਆਪਣੀਆਂ ਵੋਟਾਂ ਨਾਲ ਮੈਂਬਰ ਨੂੰ ਜਿਤਾਇਆ ਹੈ ਸਗੋਂ ਉਹ ਮੈਂਬਰਾਂ ਦੇ ਜੀ ਹਜ਼ੂਰੀਏ ਬਣਨ ਲਈ ਮਜਬੂਰ ਹੋ ਜਾਂਦੇ ਹਨ। ਕਿਸੇ ਵੀ ਮੈਂਬਰ ਦੇ ਘਰ ਸਵੇਰ ਵੇਲੇ ਫਰਿਆਦੀਆਂ ਦੀਆਂ ਭੀੜਾਂ ਲੱਗੀਆਂ ਹੁੰਦੀਆਂ ਹਨ। ਮੈਂਬਰੀਆਂ ਵੀ ਖਾਨਦਾਨੀ ਬਣ ਰਹੀਆਂ ਹਨ। ਪਾਰਟੀ ਦਾ ਟਿਕਟ ਮੈਂਬਰ ਪਿਛੋਂ ਉਸ ਦੇ ਹੀ ਪਰਿਵਾਰ ਨੂੰ ਦਿੱਤਾ ਜਾਂਦਾ ਹੈ। ਇੰਜ ਸੱਤਾ ਦੀ ਸਾਰੀ ਤਾਕਤ ਕੁਝ ਕੁ ਗਿਣਤੀ ਦੇ ਪਰਿਵਾਰਾਂ ਹੱਥ ਆ ਗਈ ਹੈ। ਰਾਜਸੀ ਪਾਰਟੀਆਂ ਦੇ ਬਹੁਤੇ ਮੈਂਬਰ ਲੋਕ ਸੇਵਾ ਲਈ ਨਹੀਂ ਸਗੋਂ ਇਸ ਕਰਕੇ ਮੈਂਬਰ ਬਣਦੇ ਹਨ ਕਿ ਉਨ੍ਹਾਂ ਦੇ ਹੱਥ ਵੀ ਕੋਈ ਤਾਕਤ ਆ ਸਕੇ ਜਿਸ ਦੇ ਸਹਾਰੇ ਉਹ ਸਰਕਾਰੇ ਦਰਬਾਰੇ ਆਪਣੇ ਕੰਮ ਕਰਵਾ ਸਕਣ। ਇੰਜ ਇਹ ਇਕ ਤਰ੍ਹਾਂ ਨਾਲ ਰਾਜ ਪ੍ਰਬੰਧ ਅਤੇ ਲੋਕਾਂ ਵਿਚਾਲੇ ਦਲਾਲੀ ਦਾ ਕੰਮ ਕਰਦੇ ਹਨ। ਰਾਜਨੀਤੀ ਕਮਾਈ ਦਾ ਸਾਧਨ ਵੀ ਬਣ ਗਈ ਹੈ। ਬਹੁਤੇ ਮੈਂਬਰ ਪੰਜਾਂ ਸਾਲਾਂ ਵਿਚ ਲਖਪਤੀ ਤੋਂ ਕਰੋੜਾਂ ਪਤੀ ਬਣ ਜਾਂਦੇ ਹਨ। ਚੋਣਾਂ ਉਤੇ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ। ਇਤਨੀ ਰਕਮ ਲੋਕ ਸੇਵਾ ਦਾ ਮੌਕਾ ਪ੍ਰਾਪਤ ਕਰਨ ਲਈ ਖਰਚ ਨਹੀਂ ਕੀਤੀ ਜਾਂਦੀ ਸਗੋਂ ਕਮਾਈ ਦੇ ਸਾਧਨ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ। ਇੰਜ ਰਾਜਨੀਤੀ ਲੋਕ ਸੇਵਾ ਨਹੀਂ ਸਗੋਂ ਵਪਾਰ ਬਣ ਗਈ ਹੈ।
ਸਾਡੇ ਦੇਸ਼ ਵਿਚ ਬਹੁਗਿਣਤੀ ਪਰਿਵਾਰ ਗਰੀਬ ਹਨ ਕਿਉਂਕਿ ਅਮੀਰ ਹਰ ਵਰ੍ਹੇ ਅਮੀਰ ਹੋ ਰਹੇ ਹਨ। ਇਥੇ ਮੰਤਰੀ, ਮੈਂਬਰ ਤੇ ਸਰਕਾਰੀ ਅਫ਼ਸਰ ਮਹਾਰਾਜਿਆਂ ਵਾਂਗ ਵਿਚਰਦੇ ਹਨ। ਕਿਸੇ ਵੀ ਹੋਰ ਦੇਸ਼ ਵਿਚ ਇਸ ਵਰਗ ਨੂੰ ਇਤਨੀ ਤਨਖਾਹ ਤੇ ਹੋਰ ਸਹੂਲਤਾਂ ਨਹੀਂ ਹਨ ਜਿਤਨੀਆਂ ਕਿ ਸਾਡੇ ਦੇਸ਼ ਵਿਚ ਹਨ। ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਲੋਕ ਭਲਾਈ ਦੇ ਕਾਰਜਾਂ ਉਤੇ ਖਰਚ ਹੋਣ ਦੀ ਥਾਂ ਇਨ੍ਹਾਂ ਅਖੌਤੀ ਲੋਕ ਸੇਵਕਾਂ ਉਤੇ ਖਰਚ ਹੋ ਰਹੀ ਹੈ। ਲੋਕਰਾਜ ਵਿਚ ਲੋਕ ਪ੍ਰਧਾਨ ਹੁੰਦੇ ਹਨ ਪਰ ਸਾਡੇ ਦੇਸ਼ ਵਿਚ ਉਹ ਕੇਵਲ ਵੋਟ ਬਣ ਕੇ ਰਹਿ ਗਏ ਹਨ। ਚੋਣਾਂ ਦੇ ਨੇੜੇ ਵੋਟ ਪ੍ਰਾਪਤੀ ਲਈ ਲੋਕਾਂ ਨੂੰ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਮੁਫ਼ਤ ਬਿਜਲੀ ਪਾਣੀ ਦੇ ਵਾਅਦੇ ਕੀਤੇ ਜਾਂਦੇ ਹਨ। ਸਸਤਾ ਅਨਾਜ ਤੇ ਗੈਸ ਸਿਲੰਡਰ ਵੰਡੇ ਜਾਂਦੇ ਹਨ। ਗਰੀਬ ਲੋਕ ਵੀ ਇਹ ਸੋਚਣ ਲੱਗ ਪਏ ਹਨ ਕਿ ਚਲੋ ਪੰਜਾਂ ਸਾਲਾਂ ਪਿਛੋਂ ਜੋ ਮਿਲਦਾ ਹੈ, ਉਹ ਹੀ ਲਵੋ ਤੇ ਵੋਟ ਪਾ ਦੇਵੋ।
ਜੇ ਅਸੀਂ ਆਜ਼ਾਦੀ ਦਾ ਨਿੱਘ ਮਾਣਨਾ ਹੈ ਤੇ ਲੋਕਰਾਜ ਦੀ ਰਾਖੀ ਕਰਨੀ ਹੈ ਤਾਂ ਲੋਕਾਂ ਨੂੰ ਆਪ ਹੀ ਜਾਗਰੂਕ ਹੋਣਾ ਪਵੇਗਾ। ਚੋਣਾਂ ਸਮੇਂ ਇਮਾਨਦਾਰ, ਮਿਹਨਤੀ ਤੇ ਲੋਕ ਸੇਵਾ ਨੂੰ ਸਮਰਪਿਤ ਉਮੀਦਵਾਰ ਖੜ੍ਹੇ ਕਰੀਏ ਅਤੇ ਉਨ੍ਹਾਂ ਨੂੰ ਹੀ ਵੋਟ ਪਾਈਏ। ਧਰਮ, ਜਾਤ ਜਾਂ ਇਲਾਕੇ ਦੇ ਨਾਮ ਉਤੇ ਵੋਟਾਂ ਨਾ ਪਾਈਏ, ਆਪਣੇ ਲੋਕਰਾਜ ਨੂੰ ਬਚਾਈਏ।
ਸੰਪਰਕ: 94170-87328