ਜਸਬੀਰ ਕੇਸਰ
ਉੱਚ ਦੁਮਾਲੜਾ ਸ਼ਖ਼ਸ
ਹੈ ਨਾ ਅਜੀਬ ਗੱਲ! ਸੁਣਨ ਨੂੰ ਕਿਵੇਂ ਲੱਗਦਾ ਹੈ? ਨਾ ਕੋਈ ਸਾਂਝੀ ਕੰਧ, ਨਾ ਕੋਈ ਸਾਂਝੀ ਵੱਟ, ਨਾ ਕੋਈ ਸਾਹਿਤਕ ਸ਼ਰੀਕੇਦਾਰੀ ਅਤੇ ਉਮਰ ਵਿਚ ਚੌਥਾਈ ਸਦੀ ਤੋਂ ਵੱਧ ਅੰਤਰ। ਪਰ ਸੱਚਮੁੱਚ ਧੀਰ ਹੋਰੀਂ ਮੇਰੇ ਨਾਲ ਨਾਰਾਜ਼ ਹੋ ਗਏ। ਨਾ ਸਿਰਫ਼ ਨਾਰਾਜ਼; ਸਗੋਂ ਗੁੱਸੇ ਵਿਚ ਉਨ੍ਹਾਂ ਦੀ ਆਵਾਜ਼ ਲੜਾਈ ਵਾਲੀ ਸੁਰ ਤੱਕ ਪਹੁੰਚ ਗਈ। ਸੰਤੋਖ ਸਿੰਘ ਧੀਰ ਪ੍ਰਤੀ ਮੇਰੇ ਮਨ ਵਿਚ ਬਹੁਤ ਸਤਿਕਾਰ ਹੈ। ਉਦੋਂ ਵੀ ਸੀ। ਪਰਿਵਾਰਕ ਸੰਬੰਧ ਵੀ ਸਨ ਅਤੇ ਇਲਾਕੇ ਦੀ ਸਾਂਝ ਵੀ। ਧੀਰ ਹੋਰੀਂ ਬੱਸੀ ਪਠਾਣਾ (ਸਰਹਿੰਦ) ਦੇ ਵਸਨੀਕ ਸਨ ਅਤੇ ਮੇਰੇ ਸਹੁਰਿਆਂ ਦਾ ਪਿੰਡ ਵੀ ਬੱਸੀ ਪਠਾਣਾ ਦੇ ਨੇੜੇ ਹੀ ਪੈਂਦਾ ਹੈ।
ਗੱਲ ਇਉਂ ਹੋਈ! 25-26 ਅਕਤੂਬਰ 1997 ਵਿਚ ਕੇਂਦਰੀ ਲੇਖਕ ਸਭਾ ਨੇ ਚੰਡੀਗੜ੍ਹ ਵਿਚ ਇਕ ਕਾਨਫਰੰਸ ਕਰਵਾਈ। ਸਹਿਤਕ ਪੱਖੋਂ ਇਹ ਬੜੀ ਕਾਮਯਾਬ ਕਾਨਫਰੰਸ ਸੀ, ਪਰ ਇਸ ਕਾਨਫਰੰਸ ਦਾ ਉਦਘਾਟਨ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੋਂ ਕਰਵਾਇਆ ਗਿਆ ਅਤੇ ਇਕ ਮਤੇ ਰਾਹੀਂ ਕੇਂਦਰੀ ਲੇਖਕ ਸਭਾ ਦੇ ਦਫ਼ਤਰ ਲਈ ਇਕ ਪਲਾਟ ਦੀ ਮੰਗ ਮੁੱਖ ਮੰਤਰੀ ਅੱਗੇ ਰੱਖੀ ਗਈ। ਮੁੱਖ ਮੰਤਰੀ ਨੇ ਅੱਧੀ ਹਾਂ ਅਤੇ ਅੱਧੀ ਨਾਂਹ ਵਿਚ ਜੁਆਬ ਦਿੰਦਿਆਂ, ਹਾਸੇ ਹਾਸੇ ਵਿਚ 42 ਸਾਲਾਂ ਵਿਚ (ਕੇਂਦਰੀ ਲੇਖਕ ਸਭਾ ਦੀ ਸਥਾਪਨਾ 1956 ਵਿਚ ਹੋਈ ਸੀ) ਇਕ ਦਫ਼ਤਰ ਵੀ ਨਾ ਬਣਾ ਸਕਣ ਦਾ ਮਿਹਣਾ ਲੇਖਕਾਂ ਨੂੰ ਮਾਰਿਆ ਤੇ ਨਾਲੇ ਲੇਖਕਾਂ ਦੇ ਸਰਕਾਰ ਵਿਰੋਧੀ ਰੱਵਈਏ ਨੂੰ ਵੰਗਾਰਦਿਆਂ ਸਪੱਸ਼ਟ ਸ਼ਬਦਾਂ ਵਿਚ ਕਿਹਾ, ‘‘ਸਾਡੇ ਨਾਲ ਸੌਦਾ ਈ ਕਰ ਲਓ।’’ ਅਰਥਾਤ ‘‘ਸਾਡੇ ਹੱਕ ਵਿਚ ਲਿਖੋ ਤੇ ਪਲਾਟ-ਸ਼ਲਾਟ ਲਈ ਜਾਓ।’’ ਕਈ ਲੇਖਕਾਂ ਨੇ ਦਬੀ ਆਵਾਜ਼ ਵਿਚ ਮੁੱਖ ਮੰਤਰੀ ਦੇ ਮਿਹਣੇ ਦਾ ਅਤੇ ‘ਸੌਦਾ ਕਰਨ’ ਦੇ ਸੱਦੇ ਦਾ ਵਿਰੋਧ ਕੀਤਾ, ਪਰ ਖੁੱਲ੍ਹ ਕੇ ਕੋਈ ਨਹੀਂ ਉਭਾਸਰਿਆ।
ਇਸ ਕਾਨਫਰੰਸ ਵਿਚ ਲੰਗਰ ਦਾ ਪ੍ਰਬੰਧ ਨਾਮਧਾਰੀਆਂ ਦਾ ਸੀ ਜਿਸ ਦੀ ਹੱਦੋਂ ਵੱਧ ਤਾਰੀਫ਼ ਹੋਈ- ਪੜ੍ਹੇ ਗਏ ਪਰਚਿਆਂ ਤੋਂ ਵੀ ਵੱਧ। ਲੰਗਰ ਦੀ ਤਾਰੀਫ਼ ਜਾਇਜ਼ ਸੀ, ਪਰ ਲੰਗਰ ਵਿਚ ਬਣਦੇ ਵੰਨ ਸੁਵੰਨੇ ਪਕਵਾਨਾਂ ਅਤੇ ਲੌਂਗ-ਲਾਚੀਆਂ ਵਾਲੀ ਚਾਹ ਦੀ ਖੁਸ਼ਬੂ ਹਾਲ ਅੰਦਰ ਬੈਠੇ ਸਰੋਤਿਆਂ ਨੂੰ ਬਾਹਰ ਖਿੱਚ ਲਿਆਉਂਦੀ ਅਤੇ ਹਾਲ ਨਾਲੋਂ ਵੱਧ ਭੀੜ ਲੰਗਰ ਵਾਲੇ ਪੰਡਾਲ ਵਿਚ ਹੋ ਜਾਂਦੀ।
ਇਸ ਤੋਂ ਮਹੀਨਾ ਕੁ ਬਾਅਦ (23 ਨਵੰਬਰ) ਮਰਹੂਮ ਸ਼ਾਇਰ ਜੋਗਾ ਸਿੰਘ ਦੀ ਬੇਟੀ ਦੇ ਵਿਆਹ ’ਤੇ ਚੰਡੀਗੜ੍ਹ, ਮੁਹਾਲੀ ਅਤੇ ਪੰਜਾਬ ਦੇ ਹੋਰ ਜ਼ਿਲ੍ਹਿਆਂ ਤੋਂ ਲੇਖਕ ਇਕ ਭਾਈਚਾਰੇ ਵਾਂਗ ਸ਼ਿਰਕਤ ਕਰਨ ਆਏ। ਉਸ ਸਾਲ ਕਵੀ ਸੁਰਜੀਤ ਪਾਤਰ ਨੂੰ ਭਾਸ਼ਾ ਵਿਭਾਗ ਪੰਜਾਬ ਦਾ ਇਨਾਮ ਮਿਲਿਆ ਅਤੇ ਉੱਥੇ ਇਕੱਠੇ ਹੋਏ ਲੇਖਕਾਂ ਨੇ ਪਾਤਰ ਉੱਤੇ ਦਬਾਅ ਪਾ ਕੇ ‘ਸਰਕਾਰੀ ਇਨਾਮ’ ਲੈਣੋਂ ਨਾਂਹ ਕਰਵਾ ਦਿੱਤੀ ਅਤੇ ਉਸ ਵੱਲੋਂ ਇਨਕਾਰ ਦੀ ਚਿੱਠੀ ਲਿਖਵਾ ਕੇ ਕਈ ਲੇਖਕਾਂ ਨੇ ਉਸ ਉਪਰ ਦਸਤਖ਼ਤ ਕਰ ਕੇ, ਦੂਜੇ ਦਿਨ ਅਖ਼ਬਾਰਾਂ ਵਿਚ ਬਿਆਨ ਵੀ ਦੇ ਦਿੱਤਾ ਅਤੇ ਚਿੱਠੀ ਭਾਸ਼ਾ ਵਿਭਾਗ ਨੂੰ ਭੇਜ ਦਿੱਤੀ।
ਇਨ੍ਹਾਂ ਦੋਹਾਂ ਘਟਨਾਵਾਂ ਨੂੰ ਆਧਾਰ ਬਣ ਕੇ ਮੈਂ ਇਕ ਲੇਖ ਲਿਖਿਆ- ‘ਲੇਖਕ, ਇਨਾਮ ਤੇ ਸਰਕਾਰ’ ਜਿਹੜਾ 14 ਦਸੰਬਰ 1997 ਨੂੰ ਇਕ ਅਖ਼ਬਾਰ ਵਿਚ ਛਪ ਗਿਆ। ਇਸ ਲੇਖ ਵਿਚ ਮੈਂ ਲੇਖਕਾਂ ਦੀ ਇਨਾਮਾਂ-ਸਨਮਾਨਾਂ ਲਈ ਚੂਹਾ-ਦੌੜ ਅਤੇ ਕੇਂਦਰੀ ਲੇਖਕ ਸਭਾ ਦੇ ਵੱਕਾਰ ਅਤੇ ਵਿਚਾਰਧਾਰਾ ਦੀ ਗੱਲ ਕਰਦਿਆਂ ਇਹ ਲਿਖਿਆ ਸੀ ਕਿ ਖੱਬੇ-ਪੱਖੀ ਜਾਂ ਆਵਾਮ ਪੱਖੀ ਕੇਂਦਰੀ ਲੇਖਕ ਸਭਾ ਨੂੰ ਸਰਕਾਰਾਂ ਤੋਂ ਰਿਆਇਤਾਂ ਮੰਗਣ ਜਾਂ ਸੰਪਰਦਾਇਕ ਸੰਸਥਾਵਾਂ ਤੋਂ ਸਹਾਇਤਾ ਲੈਣ ਦੀ ਕੀ ਲੋੜ ਪੈ ਗਈ ਅਤੇ ਸਰਕਾਰੀ ਦਾਨ ਦੇ ਪਲਾਟ ਉੱਤੇ ਦਫ਼ਤਰ ਬਣ ਕੇ ਕੀ ਉਹ ਸਰਕਾਰਾਂ ਦੀਆਂ ਲੋਕ-ਵਿਰੋਧੀ ਨੀਤੀਆਂ ਖ਼ਿਲਾਫ਼ ਲਿਖ-ਬੋਲ ਸਕਣਗੇ? ਕੀ ਇਸ ਤਰ੍ਹਾਂ ਕਰਨ ਨਾਲ ਲੇਖਕ ਸੰਸਥਾਵਾਂ ਜਾਂ ਸਭਾਵਾਂ ਵਿਚ ਸਰਕਾਰੀ ਦਖ਼ਲ ਨਹੀਂ ਵਧੇਗਾ?
ਸੰਤੋਖ ਸਿੰਘ ਧੀਰ ਉਦੋਂ ਕੇਂਦਰੀ ਲੇਖਕ ਸਭਾ ਦੇ ਪ੍ਰਧਾਨ ਸਨ। ਉਸ ਦਿਨ (14 ਦਸੰਬਰ) ਲੁਧਿਆਣੇ ਕੋਈ ਸਮਾਗਮ ਸੀ। ਸ਼ਾਇਦ ਕੇਂਦਰੀ ਲੇਖਕ ਸਭਾ ਦੀ ਚੋਣ ਪ੍ਰਕਿਰਿਆ ਚੱਲ ਰਹੀ ਸੀ। ਕਿਸੇ ਲੂਤੀ ਲਾਊ ਪਾਠਕ ਜਾਂ ਲੇਖਕ ਨੇ ਧੀਰ ਹੋਰਾਂ ਨੂੰ ਉਚੇਚੇ ਤੌਰ ’ਤੇ ਉਹ ਲੇਖ ਪੜ੍ਹਾ ਦਿੱਤਾ। ਉਨ੍ਹਾਂ ਨੇ ਉਸੇ ਵੇਲੇ ਮੈਨੂੰ ਫੋਨ ਖੜਕਾ ਦਿੱਤਾ ਅਤੇ ਪੂਰੇ ਹਕੂਮਤੀ ਅੰਦਾਜ਼ ਵਿਚ ਕ੍ਰੋਧਿਤ ਹੋ ਕੇ ਮੈਨੂੰ ਅਬਾ-ਤਬਾ ਬੋਲਣਾ ਸ਼ੁਰੂ ਕਰ ਦਿੱਤਾ। ਜਿਨ੍ਹਾਂ ਨੇ ਧੀਰ ਹੋਰਾਂ ਦਾ ਗੁੱਸਾ ਦੇਖਿਆ ਜਾਂ ਝੱਲਿਆ ਹੈ ਉਹ ਇਸ ‘ਮੁੱਠਭੇੜ’ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਕਹਿਣ ਲੱਗੇ:
‘‘ਬੀਬੀ! ਤੈਨੂੰ ਪਤਾ ਹੈ ਤੂੰ ਕੀ ਲਿਖਿਆ ਹੈ?’’
‘‘ਹਾਂ ਜੀ! ਮੈਂ ਪੂਰੇ ਹੋਸ਼ੋ-ਹਵਾਸ ਵਿਚ ਲਿਖਿਆ ਹੈ।’’
‘‘ਕੇਸਰ ਕਿੱਥੇ ਐ? ਉਸ ਨੇ ਤੈਨੂੰ ਹਟਾਇਆ ਨਹੀਂ?’’
‘‘ਧੀਰ ਸਾਹਿਬ! ਇਹ ਤੁਸੀਂ ਕਹਿ ਰਹੇ ਹੋ? ਕੀ ਕੁਝ ਲਿਖਣ ਲਈ ਮੈਨੂੰ ਕੇਸਰ ਦੀ ਮਨਜ਼ੂਰੀ ਦੀ ਲੋੜ ਹੈ? ਨਾਲੇ ਮੈਂ ਨਾ ਤਾਂ ਲੇਖਕ ਹਾਂ, ਨਾ ਆਲੋਚਕ। ਮੈਂ ਜੋ ਦੇਖਿਆ ਸਮਝਿਆ ਲਿਖ ਦਿੱਤਾ, ਤੁਸੀਂ ਇਸ ਦੇ ਖ਼ਿਲਾਫ਼ ਲਿਖ ਦਿਓ।’’ ਮੈਂ ਵੀ ਥੋੜ੍ਹੀ ਤਲਖ਼ ਹੋ ਗਈ।
‘‘ਮੈਂ ਨਹੀਂ ਲਿਖਦਾ ਇਹੋ ਜਿਹੀਆਂ ਲਿਖਤਾਂ ਖ਼ਿਲਾਫ਼। ਮੈਂ ਤਾਂ ਪੜ੍ਹਦਾ ਵੀ ਨਹੀਂ। ਇਹ ਤਾਂ ਫਲਾਣਾ ਸਿੰਹੁ ਨੇ ਮੈਨੂੰ ਪੜ੍ਹਾ’ਤਾ।’’
ਬਿੱਲੀ ਥੈਲਿਓਂ ਬਾਹਰ ਆ ਗਈ। ਮੈਂ ਸਮਝ ਗਈ ਕਿ ਇਹ ਕਿਸੇ ਲੂਤੀਬਾਜ਼ ਦਾ ਕਾਰਨਾਮਾ ਹੈ ਜਿਸ ਨੇ ਧੀਰ ਹੋਰਾਂ ਨੂੰ ਇਹ ਜਚਾ ਦਿੱਤਾ ਕਿ ਇਹ ਲੇਖ ਉਨ੍ਹਾਂ ਦੀ ਪ੍ਰਧਾਨਗੀ ਉਪਰ ਸੱਟ ਮਾਰਦਾ ਹੈ। ਮੈਂ ‘ਧੰਨਵਾਦ’ ਕਹਿ ਕੇ ਫੋਨ ਕੱਟ ਦਿੱਤਾ।
ਜਦੋਂ ਕੇਸਰ ਘਰ ਆਏ, ਮੈਂ ਉਨ੍ਹਾਂ ਨੂੰ ਦੱਸਿਆ ਤਾਂ ਉਹ ਕਹਿਣ ਲੱਗੇ, ‘‘ਕੋਈ ਨਾ! ਧੀਰ ਦਾ ਗੁੱਸਾ ਦੁੱਧ ਦੇ ਉਬਾਲ ਵਰਗਾ ਹੁੰਦਾ ਹੈ, ਆਪੇ ਸ਼ਾਂਤ ਹੋ ਜਾਵੇਗਾ।’’ ਉਂਜ ਧੀਰ ਹੋਰਾਂ ਨੇ ਮੁੜ ਕੇ ਉਹ ਗੱਲ ਕਦੇ ਚਿਤਾਰੀ ਨਹੀਂ। ਸ਼ਾਇਦ ਠੰਢੇ ਦਿਮਾਗ਼ ਨਾਲ ਪੜ੍ਹ ਕੇ ਉਨ੍ਹਾਂ ਨੂੰ ਮੇਰੀਆਂ ਦਲੀਲਾਂ ਠੀਕ ਲੱਗੀਆਂ ਹੋਣ।
ਇਸ ਤੋਂ ਪਹਿਲਾਂ ਵੀ ਇਕ ਸੈਮੀਨਾਰ ਵਿਚ ਮੈਂ ਸੰਤੋਖ ਸਿੰਘ ਧੀਰ ਦੇ ਪ੍ਰਕੋਪ ਦਾ ਸ਼ਿਕਾਰ ਹੁੰਦੀ ਹੁੰਦੀ ਬਚ ਗਈ।
1990-91 ਵਿਚ ਜਦ ਸੋਵੀਅਤ ਰੂਸ ਟੁੱਟਿਆ, ਸਮਾਜਵਾਦੀ ਲੇਖਕਾਂ, ਚਿੰਤਕਾਂ ਵਿਚ ਨਿਰਾਸ਼ਾ ਦਾ ਆਲਮ ਪਸਰ ਗਿਆ। ਲੇਖਕਾਂ ਦੀਆਂ ਵਿਚਾਰ ਗੋਸ਼ਟੀਆਂ ਹੋਣ ਲੱਗੀਆਂ ਅਤੇ ਸੋਵੀਅਤ ਸੰਘ ਦੇ ਬਿਖਰਾਉ ਦੇ ਕਾਰਨ ਲੱਭੇ ਜਾਣ ਲੱਗੇ। ਇਹੋ ਜਿਹੀ ਇਕ ਗੋਸ਼ਟੀ ਪੰਜਾਬ ਬੁਕ ਸੈਂਟਰ, ਚੰਡੀਗੜ੍ਹ ਵਿਖੇ ਵੀ ਹੋਈ। ਕਈ ਲੇਖਕਾਂ/ਚਿੰਤਕਾਂ ਨੇ ਇਹ ਕਿਹਾ ਕਿ ਰੂਸ ਦੇ ਵਿਘਟਨ ਜਾਂ ਪਤਨ ਦੇ ਸੰਕੇਤ ਕਈ ਸਾਲ ਪਹਿਲਾਂ ਹੀ ਮਿਲਣੇ ਸ਼ੁਰੂ ਹੋ ਗਏ ਸਨ। ਰੂਸ ਦੇ ਟੁੱਟਦਿਆਂ ਸਾਰ ਉਨ੍ਹਾਂ ਲੇਖਕਾਂ ਨੇ ਸਭ ਤੋਂ ਵੱਧ ਕੀੜੇ ਰੂਸੀ ਨਿਜ਼ਾਮ ਵਿਚੋਂ ਕੱਢਣੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਨੇ ਭਲੇ ਵੇਲਿਆਂ ਵਿਚ ਇਸ ਨਿਜ਼ਾਮ ਦਾ ਸਭ ਤੋਂ ਵੱਧ ਲਾਭ ਉਠਾਇਆ ਸੀ ਯਾਨੀ ਭਾਰਤੀ ਕਮਿਊਨਿਸਟ ਪਾਰਟੀ ਦੀ ਸਪੌਂਸਰਸ਼ਿਪ ਨਾਲ ਰੂਸ ਦੀਆਂ ਸੈਰਾਂ ਕੀਤੀਆਂ, ਕਈ ਪ੍ਰੋਗਰਾਮਾਂ ਵਿਚ ਹਿੱਸਾ ਲਿਆ, ਬਿਮਾਰੀਆਂ ਦੇ ਇਲਾਜ ਕਰਾਏ, ਬੱਚੇ ਪੜ੍ਹਾਏ…। ਖ਼ੈਰ, ਸੈਮੀਨਾਰ ਦੀ ਮੁੱਖ ਸੁਰ ਇਹ ਸੀ ਕਿ ਆਪਣੀਆਂ ਊਣਤਾਈਆਂ ਸਮੇਤ ਇਹ ਨਿਜ਼ਾਮ ਬੱਚਿਆਂ, ਔਰਤਾਂ, ਬੁੱਢਿਆਂ ਅਤੇ ਆਮ ਇਨਸਾਨ ਲਈ ਸਮਾਜਿਕ/ਆਰਥਿਕ/ਨੈਤਿਕ ਪੱਖੋਂ ਵਧੀਆ ਨਿਜ਼ਾਮ ਸੀ। ਇਸ ਸਿਲਸਿਲੇ ਵਿਚ ਮੈਂ ਡਾ. ਹਰਿਭਜਨ ਦੀ ਪੁਸਤਕ ‘ਨਿਰਭਉ ਨਿਰਵੈਰ’ ਦਾ ਹਵਾਲਾ ਦੇ ਦਿੱਤਾ ਜਿਸ ਵਿਚ ਉਨ੍ਹਾਂ ਨੇ 1981 ਵਿਚ ਕੀਤੀ ਰੂਸ ਯਾਤਰਾ ਦੌਰਾਨ ਉੱਥੋਂ ਦੇ ਨਿਜ਼ਾਮ ਬਾਰੇ ਸੁਖਾਵੇਂ ਅਨੁਭਵਾਂ ਬਾਰੇ ਲਿਖਿਆ ਹੈ। ਇਹ ਯਾਤਰਾ ਉਨ੍ਹਾਂ ਨੇ ‘ਲੈਨਿਨ: ਨੈਣ ਨਕਸ਼’ ਨਾਂ ਦੀ ਪੁਸਤਕ ਪੰਜਾਬੀ ਵਿਚ ਅਨੁਵਾਦ ਕਰਨ ਕਰਕੇ ‘ਸੋਵੀਅਤ ਲੈਂਡ ਨਹਿਰੂ ਪੁਰਸਕਾਰ’ ਮਿਲਣ (1980) ਕਾਰਨ ਕੀਤੀ ਕਿਉਂਕਿ ਇਸ ਪੁਰਸਕਾਰ ਵਿਚ ਇਨਾਮੀ ਰਾਸ਼ੀ (20000 ਰੁਪਏ) ਨਾਲ ਸੋਵੀਅਤ ਰੂਸ ਦੀ ਕੁਝ ਦਿਨਾਂ ਦੀ ਯਾਤਰਾ ਦੀ ਸਹੂਲਤ ਵੀ ਸੀ। ਮੈਂ ਇਹ ਕਿਹਾ ਕਿ 1981 ਤੱਕ ਦੇ ਹਾਲਾਤ ਇਹ ਦੱਸਦੇ ਹਨ ਕਿ ਰੂਸੀ ਲੋਕਾਂ ਦਾ ਜੀਵਨ ਸਾਡੇ ਨਾਲੋਂ ਕਿਤੇ ਬਿਹਤਰ ਸੀ। ਊਣਾਂ ਤਾਂ ਸਾਰੇ ਨਿਜ਼ਾਮਾਂ ਵਿਚ ਹੁੰਦੀਆਂ ਹਨ, ਉਨ੍ਹਾਂ ਨੂੰ ਸੁਧਾਰਨ ਦੀ ਲੋੜ ਹੁੰਦੀ ਹੈ ਆਦਿ ਆਦਿ।
ਮੈਨੂੰ ਨਹੀਂ ਸੀ ਪਤਾ ਕਿ ਖੱਬੇ ਪੱਖੀ ਲੇਖਕ ਡਾ. ਹਰਿਭਜਨ ਤੋਂ ਏਨੇ ਅਲੈਰਜਿਕ ਸਨ ਜਾਂ ਹਨ। ਪ੍ਰਧਾਨਗੀ ਦੀ ਕੁਰਸੀ ’ਤੇ ਬੈਠੇ ਧੀਰ ਹੋਰੀਂ ਭੜਕ ਗਏ। ਕਹਿਣ ਲੱਗੇ, ‘‘ਤਾਂ ਹੀ ਤਾਂ ਰੂਸ ਦਾ ਇਹ ਹਾਲ ਹੋਇਆ ਜਦੋਂ ਰੂਸੀ ਸਰਕਾਰ ਨੇ ਇਹੋ ਜਿਹੇ ਲੇਖਕਾਂ ਨੂੰ ਨਿਵਾਜਣਾ ਸ਼ੁਰੂ ਕਰ ਦਿੱਤਾ…।’’ ਉਹ ਡਾ. ਹਰਿਭਜਨ ਦੀ ਪੁਸਤਕ ਅੰਦਰਲੀ ਸਮੱਗਰੀ ਨੂੰ ਹੀ ਝੂਠ ਮੰਨ ਰਹੇ ਸਨ ਅਤੇ ਉਨ੍ਹਾਂ ਨੇ ਕਾਫ਼ੀ ਅਪਸ਼ਬਦ ਡਾ. ਹਰਿਭਜਨ ਬਾਰੇ ਬੋਲੇ। ਮੈਂ ਘਬਰਾ ਗਈ, ਪਰ ਫੇਰ ਵੀ ਮੈਂ ਹੌਂਸਲਾ ਕਰ ਕੇ ਕਹਿ ਹੀ ਦਿੱਤਾ: ‘‘ਪੰਜਾਬੀ ਦੇ ਮੰਨੇ-ਪ੍ਰਮੰਨੇ ਮਾਰਕਸਵਾਦੀ ਆਲੋਚਕ ਤੇ ਚਿੰਤਕ ਡਾ. ਵਿਨੋਦ ਤਾਂ ਇਹ ਕਹਿੰਦੇ ਹਨ ਕਿ ‘ਰੂਸ ਬਾਰੇ ਏਨੀ ਵਧੀਆ ਪੁਸਤਕ ਇਕ ਗ਼ੈਰ-ਮਾਰਕਸੀ ਨੇ ਲਿਖੀ ਹੈ ਜਿਵੇਂ ਅਕਾਲੀ ਮੋਰਚਿਆਂ ਦਾ ਇਤਿਹਾਸ ਇਕ ਮਾਰਕਸਵਾਦੀ (ਸੋਹਣ ਸਿੰਘ ਜੋਸ਼) ਨੇ ਲਿਖਿਆ ਹੈ’। ਮਾਰਕਸਵਾਦੀ ਤਾਂ ਇਹ ਵੀ ਨਹੀਂ ਕਰ ਸਕੇ।’’ ‘‘ਹੂੰ! ਵਿਨੋਦ ਕਿਧਰਲੀ ਅਥਾਰਟੀ ਹੈ ਮਾਰਕਸਵਾਦ ਦੀ।’’
ਮੈਨੂੰ ਕੇਸਰ ਨੇ ਇਸ਼ਾਰਾ ਕਰ ਦਿੱਤਾ ਤੇ ਮੈਂ ਬਿਨਾਂ ਕੋਈ ਹੋਰ ਸ਼ਬਦ ਬੋਲੇ ਬਹਿ ਗਈ। ਮੈਨੂੰ ਬੜੀ ਨਮੋਸ਼ੀ ਮਹਿਸੂਸ ਹੋਈ। ਬਾਅਦ ਵਿਚ ਪਤਾ ਲੱਗਾ ਕਿ ਇਕ ਗ਼ੈਰ-ਮਾਰਕਸੀ ਲੇਖਕ ਨੂੰ ਸੋਵੀਅਤ ਲੈਂਡ ਨਹਿਰੂ ਪੁਰਸਕਾਰ ਮਿਲਣ ’ਤੇ ਬਹੁਤ ਸਾਰੇ ਮਾਰਕਸੀ ਲੇਖਕ/ਚਿੰਤਕ ਖਫ਼ਾ ਸਨ। ਖ਼ੈਰ, ਜੋ ਵੀ ਸੀ- ਧੀਰ ਧੀਰ ਹੀ ਸੀ। ਉਨ੍ਹਾਂ ਨੂੰ ਗੁੱਸਾ ਬਹੁਤ ਜਲਦੀ ਆ ਜਾਂਦਾ ਸੀ ਅਤੇ ਉਹ ਆਪਣੀਆਂ ਧਾਰਨਾਵਾਂ ਦੇ ਬਹੁਤ ਪੱਕੇ ਸਨ।
ਸੰਤੋਖ ਸਿੰਘ ਧੀਰ ਪੰਜਾਬੀ ਦਾ ਕੁੱਲਵਕਤੀ ਲੇਖਕ ਸੀ। ਪੰਜਾਬੀ ਵਿਚ ਕੁੱਲਵਕਤੀ ਲੇਖਕ ਹੋਣ ਦਾ ਹੀਆ, ਧੀਰ ਵਰਗੇ ਜੇਰੇ ਵਾਲਾ ਇਨਸਾਨ ਹੀ ਕਰ ਸਕਦਾ ਸੀ। ਘੱਟ ਆਮਦਨੀ ਵਾਲੇ ਵਰਗ ਵਿਚੋਂ ਆਉਣ ਵਾਲੇ ਇਸ ਪੰਜਾਬੀ ਜ਼ੁਬਾਨ ਅਤੇ ਸਾਹਿਤ ਦੇ ਅਣਖੀ ਲੇਖਕ ਦੀ ਡੁੱਸ ਦੇਖਣ ਵਾਲੀ ਹੁੰਦੀ। ਸਾਫ਼-ਸੁਥਰੇ ਧੋਤੇ, ਪ੍ਰੈੱਸ ਕੀਤੇ ਕੱਪੜੇ, ਚਮਕਦੀ ਜੁੱਤੀ, ਪੋਚਵੀਂ ਪੱਗ- ਮਜਾਲ ਹੈ ਮੂੰਹ ’ਤੇ ਕੋਈ ਮਲਾਲ ਹੋਵੇ। ਕਦੇ ਕਿਸੇ ਕੋਲ ਆਪਣੀ ਮਾਇਕ ਥੁੜ ਦਾ ਰੋਣਾ ਰੋਇਆ ਹੋਵੇ, ਕਦੇ ਇਨਾਮਾਂ-ਸਨਮਾਨਾਂ ਲਈ ਤੋੜ-ਭੰਨ, ਦੌੜ-ਭੱਜ ਕੀਤੀ ਹੋਵੇ। ਮੇਰੇ ਕੰਨੀ ਤਾਂ ਕਦੇ ਕੋਈ ਅਜਿਹੀ ਗੱਲ ਨਹੀਂ ਪਈ ਕਿ ਧੀਰ ਨੇ ਨਿੱਜੀ ਮੁਫ਼ਾਦ ਲਈ ਕਿਤੇ ਹੱਥ ਅੱਡਿਆ ਹੋਵੇ। ਮੇਰੇ ਨਾਲ ਵਾਪਰੀਆਂ ਇੱਥੇ ਦੱਸੀਆਂ ਦੋ ਘਟਨਾਵਾਂ ਦਾ ਮੈਨੂੰ ਕਦੇ ਮਲਾਲ ਨਹੀਂ ਰਿਹਾ, ਵਕਤੀ ਗੁੱਸਾ ਭਾਵੇਂ ਆ ਗਿਆ ਹੋਵੇ। ਇਸ ਨੂੰ ਵੀ ਮੈਂ ਇਸ ਤਰ੍ਹਾਂ ਹੀ ਲਿਆ ਜਿਵੇਂ ਬਚਪਨ ਵਿਚ ਕਈ ਵਾਰੀ ਬਿਨਾ ਕਸੂਰੋਂ ਵੀ ਪਿਤਾ ਦੀਆਂ ਝਿੜਕਾਂ ਪੈ ਜਾਂਦੀਆਂ ਸਨ। ਧੀਰ ਹੋਰਾਂ ਦੀ ਪਹਿਲੀ ਕਹਾਣੀ ‘ਕੁਆਰੀ ਪ੍ਰੀਤ’ ਮੇਰੇ ਜਨਮ ਤੋਂ ਵੀ ਤਿੰਨ ਸਾਲ ਪਹਿਲਾਂ (1945 ਵਿਚ) ਛਪੀ ਸੀ। ਉਹ ਸਦਾ ਮੈਨੂੰ ‘ਬੀਬੀ’ ਕਹਿ ਕੇ ਸੰਬੋਧਨ ਕਰਦੇ ਸਨ। ਉਨ੍ਹਾਂ ਨੇ ਕਹਾਣੀ, ਕਵਿਤਾ, ਵਾਰਤਕ, ਨਾਵਲ, ਜੀਵਨੀ ਅਨੇਕ ਵਿਧਾਵਾਂ ਵਿਚ ਰਚਨਾ ਕੀਤੀ ਅਤੇ ਹਰ ਰਚਨਾ ਵਿਚਾਰ-ਪ੍ਰਧਾਨ ਹੈ।
ਇਸ ਸਾਰੇ ਕੁਝ ਦੇ ਸਿਰਜਕ ਧੀਰ ਨੂੰ ਧੀਰ ਬਣਾਉਣ ਵਿਚ ਉਨ੍ਹਾਂ ਦੇ ਪਰਿਵਾਰ ਦਾ ਬਹੁਤ ਵੱਡਾ ਰੱਥ ਹੈ। ਉਨ੍ਹਾਂ ਦੀ ਪਤਨੀ, ਧੀਆਂ, ਪੁੱਤ, ਭਾਈ ਭਤੀਜੇ ਸਾਰਿਆਂ ਨੇ ਧੀਰ ਨੂੰ ਆਪਣਾ ਮਾਰਗ-ਦਰਸ਼ਕ ਮੰਨਿਆ। ਉਸ ਦੀ ਹਰ ਲੋੜ ਨੂੰ ਧਿਆਨ ਵਿਚ ਰੱਖਿਆ, ਪੂਰਾ ਕੀਤਾ। ਉਸ ਦੇ ਲੇਖਣ ਨੂੰ ‘ਕਿੱਤਾ’ ਹੀ ਸਮਝਿਆ। ਯਾਨੀ ਸੰਤੋਖ ਸਿੰਘ ਧੀਰ- ਕੁਲਵਕਤੀ ਲੇਖਕ ਨੂੰ ਉਸ ਦੇ ਪਰਿਵਾਰ ਨੇ ਇਕ ‘ਬੰਦਾ’, ਇਕ ਇਨਸਾਨ ਸਮਝਿਆ। ਨਹੀਂ ਤਾਂ ਬਹੁਤੇ ਲੇਖਕਾਂ ਦੇ ਪਰਿਵਾਰ ਅਤੇ ਆਮ ਲੋਕ ਵੀ ਉਨ੍ਹਾਂ ਨੂੰ ਬੰਦੇ ਤੋਂ ਕੋਈ ਵੱਖਰੀ ਸ਼ੈਅ ਸਮਝਦੇ ਸਨ।
ਇੱਥੇ ਮੈਨੂੰ ਪਹਿਲਾਂ ਬਿਆਨ ਕੀਤੀ ਘਟਨਾ ਨਾਲ ਜੋਗਾ ਸਿੰਘ ਦੀ ਬੇਟੀ ਦੇ ਵਿਆਹ ਸਮੇਂ ਦਾ ਇਕ ਲਤੀਫ਼ਾ ਯਾਦ ਆ ਗਿਆ। ਢਕੋ ਢਕੀ ਬੈਠੇ ਲੇਖਕਾਂ ਨੂੰ ਦੇਖ ਕੇ ਮੇਲ ਵਿਚੋਂ ਇਕ ਬਜ਼ੁਰਗ ਔਰਤ (ਸ਼ਾਇਦ ਵਿਆਂਦੜ ਕੁੜੀ ਦੀ ਨਾਨੀ) ਉੱਚੀ ਸਾਰੀ ਦੂਜੀਆਂ ਮੇਲਣਾਂ ਨੂੰ ਕਹਿੰਦੀ, ‘‘ਏਥੇ ਤਾਂ ਲੇਖਕ ਈ ਬੈਠੇ ਨੇ ਢਾਣੀਆਂ ਬੰਨ੍ਹੀ। ਬੰਦੇ-ਬੁੰਦੇ ਤਾਂ ਜੋਗਾ ਸਿੰਹੁ ਨੇ ਘੱਟ ਹੀ ਸੱਦੇ ਲੱਗਦੇ ਨੇ।’’
ਉਸ ਦੀ ਗੱਲ ਸੁਣ ਕੇ ਇਕ ਲੇਖਕ ਦੀ ਪਤਨੀ ਕਹਿਣ ਲੱਗੀ, ‘‘ਲੈ ਦਸ! ਏਸ ਅਨਪੜ੍ਹ ਬੇਬੇ ਨੂੰ ਇਨ੍ਹਾਂ ਦੀ ਪਛਾਣ ਆ ਗਈ, ਅਸੀਂ ਤਾਂ ਬੰਦੇ ਈ ਸਮਝੀ ਗਈਆਂ!’’ ਖ਼ੂਬ ਹਾਸੜ ਪਈ।
ਸੰਪਰਕ: 95010-01896