ਜਦੋਂ ਕੋਲੇ ਦੀ ਖਾਣ ’ਚੋਂ ਹੀਰਾ ਮਿਲਿਆ

ਜਦੋਂ ਕੋਲੇ ਦੀ ਖਾਣ ’ਚੋਂ ਹੀਰਾ ਮਿਲਿਆ

ਕ੍ਰਿਸ਼ਨ ਪ੍ਰਤਾਪ

ਚੌਥਾ ਨਾਵਲ ਅੱਧੋਂ ਵੱਧ ਪੂਰਾ ਕੀਤੇ ਨੂੰ ਬੜਾ ਵਕਤ ਹੋ ਗਿਆ ਸੀ। ਪਾਠਕਾਂ ਸਮੇਤ ਹਰ ਜਾਣੂੰ ਨੂੰ ਉਮੀਦ ਹੀ ਨਹੀਂ ਸਗੋਂ ਯਕੀਨ ਸੀ ਕਿ ਮੈਂ ਜਲਦ ਹੀ ਨਵਾਂ ਨਾਵਲ ਉਨ੍ਹਾਂ ਦੇ ਸਨਮੁੱਖ ਕਰਾਂਗਾ। ਪਤਾ ਨਹੀਂ ਕਿਹੜੀ ਐਸੀ ਗੱਲ ਸੀ ਕਿ ਨਾਵਲ ਪੂਰਾ ਕਰਨਾ ਤਾਂ ਦੂਰ ਦੀ ਗੱਲ, ਮੈਂ ਤਾਂ ਅਖ਼ਬਾਰਾਂ ਨੂੰ ਭੇਜਣ ਵਾਲੇ ਲੇਖ ਵੀ ਲਿਖਣੋਂ ਹਟ ਗਿਆ ਸਾਂ।

ਹਰ ਰੋਜ਼ ਸਵੇਰੇ ਉੱਠ ਕੇ ਆਪਣੇ ਮਨ ਨੂੰ ਸਮਝਾਉਂਦਾ ਸਾਂ ਕਿ ਅੱਜ ਜ਼ਰੂਰ ਕੁਝ ਨਾ ਕੁਝ ਲਿਖਣਾ ਹੀ ਹੈ। ਫਿਰ ਪਤਾ ਨਹੀਂ ਮੈਨੂੰ ਅਜਿਹਾ ਕੀ ਹੋ ਜਾਂਦਾ ਸੀ ਕਿ ਮੇੇਰੇ ਕੋਲੋਂ ਇੱਕ ਸਤਰ ਲਿਖਣੀ ਵੀ ਮੁਸ਼ਕਿਲ ਹੋ ਜਾਂਦੀ ਸੀ। ਦੋ-ਢਾਈ ਮਹੀਨਿਆਂ ’ਚ ਇੰਞ ਲੱਗਣ ਲੱਗ ਪਿਆ ਸੀ ਕਿ ਮੈਂ ਤਾਂ ਹੁਣ ਕਦੇ ਵੀ, ਕੁਝ ਲਿਖ ਹੀ ਨਹੀਂ ਸਕਾਂਗਾ।

ਲਿਖਣ ਵਾਲਿਆਂ ਦਾ ਦਿਮਾਗ਼ ਪਤਾ ਨਹੀਂ ਕਿਹੜੇ ਢੰਗ ਦਾ ਬਣਿਆ ਹੁੰਦਾ ਹੈ ਕਿ ਜੇ ਉਹ ਲਿਖਣ ਨਾ ਤਾਂ ਕੋਈ ਹੋਰ ਕੰਮ ਜ਼ਰੂਰ ਸਹੇੜ ਲੈਂਦੇ ਹਨ। ਅਜਿਹਾ ਹੀ ਮੇੇਰੇ ਨਾਲ ਹੋਇਆ। ਮੈਂ ਆਪਣੇ ਸਕੂਲ ਵਿੱਚ ਵਿਦਿਆਰਥੀਆਂ ਦਾ ਦਾਖਲਾ ਵਧਾਉਣ ’ਚ ਰੁੱਝ ਗਿਆ। ਇਸ ਵਾਰ ਨਵੇਂ ਦਾਖ਼ਲੇ ਕਰਵਾਉਣ ਦੀ ਕੋਈ ਸੀਮਾ ਨਾ ਰੱਖੀ ਹੋਣ ਕਾਰਨ ਮੈਂ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਕਰ ਰਿਹਾ ਸਾਂ। ਪਿਛਲੇ ਕਈ ਸਾਲਾਂ ਤੋਂ ਤਾਂ ਅਧਿਆਪਕਾਂ ਦੇ ਸਿਰ ’ਤੇ ਨਵੇਂ ਦਾਖ਼ਲੇ ਕਰਨ ਦੇ ਬੇਲੋੜੇ ਟੀਚੇ ਮਿਥ ਦਿੱਤੇ ਜਾਂਦੇ ਸਨ। ਜੇ ਹਾਲਾਤ ਪਿਛਲੇ ਸਾਲਾਂ ਵਰਗੇ ਹੁੰਦੇ ਤਾਂ ਮੈਂ ਆਪਣੇ ਵਿਦਰੋਹੀ ਸੁਭਾਅ ਕਾਰਨ ਇਸ ਸਭ ਦਾ ਬਾਈਕਾਟ ਕਰ ਦੇਣਾ ਸੀ ਪਰ ਐਤਕੀਂ ਮੈਨੂੰ ਕੀ, ਸਭ ਨੂੰ ਆਪਣਾ-ਆਪ ਆਜ਼ਾਦ ਮਹਿਸੂਸ ਹੋਇਆ। ਬੰਦਿਸ਼ਾਂ ਹਟਦਿਆਂ ਹੀ ਸਾਡੇ ਸਕੂਲ ਦੀ ਦਾਖ਼ਲਾ ਕਮੇਟੀ ਨੇ ਆਜ਼ਾਦ ਤੌਰ ’ਤੇ ਦਾਖ਼ਲੇ ਕਰਨ ਦਾ ਕੰੰਮ ਸ਼ੁਰੂ ਕਰ ਦਿੱਤਾ। ਦਾਖ਼ਲਾ ਕਮੇਟੀ ਨੇ ਫ਼ੈਸਲਾ ਕੀਤਾ ਕਿ ਘਰ ਘਰ ਜਾ ਕੇ ਵਿਦਿਆਰਥੀਆਂ ਦੀ ਗਿਣਤੀ ਵਧਾਈ ਜਾਵੇ।

ਅਸੀਂ ਟੀਮਾਂ ਬਣਾ ਕੇ ਸ਼ਹਿਰ ਨੂੰ ਛਾਣਨਾ ਸ਼ੁਰੂ ਕਰ ਦਿੱਤਾ। ਸਿਰਫ਼ ਦੋ ਦਿਨ, ਢਾਈ-ਤਿੰਨ ਘੰਟੇ ਲਈ ਘਰ-ਘਰ ਜਾਂਦਿਆਂ ਸਾਨੂੰ ਬਹੁਤ ਜ਼ਿਆਦਾ ਤਜ਼ਰਬਾ ਹਾਸਲ ਹੋ ਗਿਆ। ਸਾਨੂੰ ਸਾਡੇ ਇੱਕ ਵਿਦਿਆਰਥੀ ਨੇ ਵੀ ਆਖ ਦਿੱਤਾ ਸੀ, ‘‘ਸਰ, ਸਕੂਲ ਵਿੱਚ ਲਿਸਟਾਂ ਬਣਾਉਣ ਦੀ ਕੀ ਲੋੜ ਹੈ? ਆਪਾਂ ਵੈਸੇ ਹੀ ਇਨ੍ਹਾਂ ਇਲਾਕਿਆਂ ਵਿੱਚ ਆ ਜਾਇਆ ਕਰੀਏ। ਬਹੁਤ ਬੱਚੇ ਮਿਲ ਜਾਣਗੇ।’’ ਭਾਵੇਂ ਉੁਹ ਬਹੁੁਤ ਹੀ ਸਾਧਾਰਨ ਜਿਹੇ ਘਰ ਦਾ ਬੱਚਾ ਸੀ ਪਰ ਉਸ ਦੀ ਇਹ ਹੂਕ ਸਕੂਲ ਵਿਹੂਣੇ ਬੱਚਿਆਂ ਲਈ ਇੱਕ ਵੱਡਾ ਨਾਅਰਾ ਸੀ।

ਅਸੀਂ ਇੱਕ ਬਸਤੀ ਦੀ ਇੱਕ ਗਲੀ ਵਿੱਚ ਵੜੇ ਹੀ ਸਾਂ ਕਿ ਕਈ ਘਰਾਂ ਵਿੱਚੋਂ ਬੱਚਿਆਂ ਦੇ ਰੋਣ ਕੁਰਲਾਉਣ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਬਾਅਦ ’ਚ ਪਤਾ ਲੱਗਿਆ ਕਿ ਕਿਸੇ ਆਦਮੀ ਨੇ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਮੁਹੱਲੇ ਵਿੱਚ ਖੇਡ ਰਹੇ ਬੱਚਿਆਂ ਨੂੰ ਆਖ ਦਿੱਤਾ ਸੀ ਕਿ ‘ਸਕੂੂਲ ਵਾਲੇ ਮਾਸਟਰ ਆ ਰਹੇ ਹਨ। ਉਹ ਤੁਹਾਨੂੰ ਬੰਨ੍ਹ ਕੇ ਸਕੂਲ ਲੈ ਕੇ ਜਾਣਗੇ’।

ਉਸ ਦੇ ਅਜਿਹੇ ਬੋਲਾਂ ਕਾਰਨ ਬੱਚਿਆਂ ਦਾ ਸਾਡੇ ਤੋਂ ਡਰਨਾ ਸੁਭਾਵਿਕ ਹੀ ਸੀ। ਭਾਵੇਂ ਅਸੀਂ ਉਨ੍ਹਾਂ ਨੂੰ ਬੜੇ ਹੀ ਪਿਆਰ ਨਾਲ ਸਮਝਾਇਆ ਪਰ ਹਉਕੇ ਭਰਦਿਆਂ ਉਹ ਅਜੇ ਵੀ ਸਾਨੂੰ ਦੁਸ਼ਮਣਾਂ ਵਾਂਗ ਵੇਖ ਰਹੇ ਸਨ।

ਕੁੁਝ ਕੁ ਘਰਾਂ ਦੇ ਬੱਚਿਆਂ ਅਤੇ ਮਾਪਿਆਂ ਨੂੰ ਸਮਝਾ ਕੇ ਅਸੀਂ ਅਗਲੇ ਘਰ ਵੱਲ ਤੁਰ ਪਏ। ਕਬਾੜ ਨਾਲ ਭਰੇ ਘਰ ਵਿੱਚ ਸਾਹਮਣੇ ਕੋਈ ਵੀ ਨਹੀਂ ਸੀ। ਅਸੀਂ ਬੂਹੇ ਤੋਂ ਅੱਗੇ ਕੁਝ ਕਦਮ ਪੁੱਟੇ ਤਾਂ ਇੱਕ ਅਦਭੁੱਤ ਦ੍ਰਿਸ਼ ਸਾਡੇ ਨਜ਼ਰੀਂ ਪਿਆ। ਇੱਕ ਛੋਟੀ ਜਿਹੀ ਬੱਚੀ ਹਨੇਰੇ ਕਮਰੇ ਵਿੱਚ ਬੈਠੀ ਕਿਤਾਬ ਪੜ੍ਹ ਰਹੀ ਸੀ। ਉੁੁੁੁਸ ਦਾ ਸਜਾਇਆ ਹੋਇਆ ਬਸਤਾ ਉਸ ਦੇ ਮੰਜੇ ਉੱਤੇ ਪਿਆ ਸੀ। ਉਹ ਆਪਣੀ ਪੜ੍ਹਾਈ ਵਿੱਚ ਇੰਨੀ ਜ਼ਿਆਦਾ ਮਗਨ ਸੀ ਕਿ ਉਸ ਨੂੂੰ ਕਿਸੇ ਦੇ ਘਰ ਆਉੁਣ ਬਾਰੇ ਵੀ ਪਤਾ ਨਹੀਂ ਲੱਗਿਆ। ਜਦ ਪੜ੍ਹਾਈ ਵਿੱਚ ਮਗਨ ਉਸ ਬੱਚੀ ਨੂੰ ਮੈਂ ਆਵਾਜ਼ ਮਾਰੀ ਤਾਂ ਉਹ ਮੇਰੀ ਕਿਸੇ ਵੀ ਗੱਲ ਦਾ ਜਵਾਬ ਦੇਣ ਦੀ ਬਜਾਇ ਡਰ ਦੀ ਮਾਰੀ ਉੱਠ ਕੇ ਘਰ ਦੇ ਅੰਦਰ ਭੱਜ ਗਈ।

ਕੁਝ ਪਲਾਂ ਬਾਅਦ ਉਸ ਦੀ ਮਾਂ ਸਾਡੇ ਅੱਗੇ ਆ ਗਈ। ਅਸੀਂ ਉਸ ਤੋਂ ਬੱਚੀ ਬਾਰੇ ਮੁੱਢਲੀ ਜਾਣਕਾਰੀ ਹਾਸਲ ਕੀਤੀ ਤਾਂ ਪਤਾ ਲੱਗਿਆ ਕਿ ਉਹ ਬੱਚੀ ਤਿੰਨ-ਚਾਰ ਸਾਲ ਪਹਿਲਾਂ ਆਪਣੀ ਪੜ੍ਹਾਈ ਛੱਡ ਚੁੱਕੀ ਸੀ। ਉਸ ਨੂੰ ਪੜ੍ਹਨ ਦੀ ਲਗਨ ਹੋਣ ਕਾਰਨ ਉਹ ਹਰ ਰੋਜ਼ ਆਪਣੀਆਂ ਪੁਰਾਣੀਆਂ ਕਿਤਾਬਾਂ ਤੋਂ ਦੁਹਰਾਈ ਕਰਦੀ ਰਹਿੰਦੀ ਹੈ। ਉਹ ਹਰ ਰੋਜ਼ ਆਪਣੇ ਪੁਰਾਣੇ ਅਧਿਆਪਕਾਂ ਦੁਆਰਾ ਦਿੱਤਾ ਹੋਇਆ ਕੰਮ ਦੁਹਰਾਉਂਦੀ ਰਹਿੰਦੀ ਹੈ।

ਉਸ ਲੜਕੀ ਬਾਰੇ ਇੰਨਾ ਕੁਝ ਜਾਣ ਕੇ ਅਸੀਂ ਹੈਰਾਨ ਰਹਿ ਗਏ ਸਾਂ। ਸਾਨੂੰ ਲੱਗਿਆ ਕਿ ਸਾਨੂੰ ਕੋਲੇ ਦੀ ਖਾਣ ਵਿੱਚੋਂ ਇੱਕ ਹੀਰਾ ਲੱਭ ਗਿਆ ਹੈ। ਅਸੀਂ ਬੜੇ ਹੀ ਪਿਆਰ ਨਾਲ ਉਸ ਦੀ ਮਾਂ ਨੂੰ ਉਸ ਨੂੰ ਸਕੂਲ ਵਿੱਚ ਦਾਖਲ ਕਰਵਾਉਣ ਲਈ ਆਖਿਆ ਜੋ ਉਸ ਨੇ ਖਿੜੇ ਮੱਥੇ ਸਵੀਕਾਰ ਕਰ ਲਿਆ। ਉਸ ਲੜਕੀ ਦੀ ਪੜ੍ਹਾਈ ਛੁੱਟਣ ਦਾ ਮੁੱਖ ਕਾਰਨ ਇਹ ਰਿਹਾ ਕਿ ਪਹਿਲਾਂ ਉਹ ਆਪਣੀ ਨਾਨੀ ਕੋਲ ਪੜ੍ਹਦੀ ਸੀ। ਨਾਨੀ ਦੀ ਮੌਤ ਤੋਂ ਬਾਅਦ ਉਸ ਦਾ ਜਨਮ ਸਰਟੀਫਿਕੇਟ ਗੁੰਮ ਹੋ ਗਿਆ। ਉਸ ਕੋਲ ਜਨਮ ਸਰਟੀਫਿਕੇਟ ਨਾ ਹੋਣ ਕਾਰਨ ਇੱਕ ਸਕੂਲ ਵਾਲਿਆਂ ਨੇ ਉਸ ਨੂੂੰ ਦਾਖ਼ਲ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਕਾਰਨ ਅਨਪੜ੍ਹ ਮਾਪਿਆਂ ਨੂੰ ਲੱਗਿਆ ਕਿ ਉਨ੍ਹਾਂ ਦੀ ਬੱਚੀ ਕਦੇ ਵੀ ਸਕੂਲ ਵਿੱਚ ਦਾਖ਼ਲ ਨਹੀਂ ਹੋ ਸਕਦੀ। ਇਸ ਲਈ ਉਨ੍ਹਾਂ ਨੇ ਉਸ ਨੂੰ ਸਕੂਲ ਦਾਖ਼ਲ ਕਰਵਾਉਣ ਬਾਰੇ ਸੋਚਣਾ ਹੀ ਛੱਡ ਦਿੱਤਾ ਸੀ। ਪਰ ਉਸ ਬੱਚੀ ’ਚ ਆਪਣੀ ਪੜ੍ਹਾਈ ਦੀ ਧੁਨ ਇੰਨੀ ਜ਼ਿਆਦਾ ਪ੍ਰਬਲ ਸੀ ਕਿ ਉਸ ਨੇ ਆਪਣੀ ਪੁਰਾਣੀਆਂ ਕਿਤਾਬਾਂ ਦਾ ਖਹਿੜਾ ਨਹੀਂ ਛੱਡਿਆ।

ਅਗਲੇ ਦਿਨ ਅਸੀਂ ਉਸ ਬੱਚੀ ਨੂੰ ਦਾਖ਼ਲ ਕਰਨ ਲਈ ਉਡੀਕਦੇ ਰਹੇ। ਲੰਬੀ ਉਡੀਕ ਤੋਂ ਬਾਅਦ ਸਾਨੂੰ ਲੱਗਿਆ ਕਿ ਉੁਹ ਸਕੂਲ ਦਾਖ਼ਲ ਹੋਣ ਲਈ ਨਹੀਂ ਆਵੇਗੀ। ਛੁੱਟੀ ਦਾ ਸਮਾਂ ਹੋਣ ਤੋਂ ਕੁਝ ਕੁ ਮਿੰਟ ਪਹਿਲਾਂ ਉਹ ਆਪਣੇ ਬਾਪ ਅਤੇ ਛੋਟੀ ਭੈਣ ਨਾਲ ਸਕੂਲ ਵਿੱਚ ਆਈ ਤਾਂ ਸਭ ਦੇ ਚਿਹਰੇ ਖਿੜ ਗਏ।

ਆਉਣ ਸਾਰ ਉਸ ਨੇ ਬੜੇ ਹੀ ਵਧੀਆ ਸ਼ਬਦਾਂ ਨਾਲ ਸਾਡਾ ਧੰਨਵਾਦ ਕੀਤਾ ਤਾਂ ਅਸੀਂ ਸਾਰੇ ਜਣੇ ਹੈਰਾਨ ਰਹਿ ਗਏ। ਜਦ ਮੇਰੇ ਸਹਿਕਰਮੀ ਜਗਰੂਪ ਸਿੰਘ ਨੇ ਉਸ ਨੂੰ ਨਵਾਂ ਬਸਤਾ ਅਤੇ ਕਾਪੀਆਂ ਖਰੀਦਣ ਲਈ ਇੱਕ ਹਜ਼ਾਰ ਰੁਪਏ ਦਿੱਤੇ ਤਾਂ ਉਸ ਦੀਆਂ ਅੱਖਾਂ ਵਿੱਚ ਪਾਣੀ ਭਰ ਆਇਆ।

ਆਪਣੀਆਂ ਕਿਤਾਬਾਂ ਅਤੇ ਬਸਤੇ ਨੂੰ ਅੰਤਾਂ ਦਾ ਪਿਆਰ ਕਰਨ ਵਾਲੀ ਇਸ ਲੜਕੀ ਨੇ ਮੇਰੇ ਮਨ ਨੂੰ ਇੰਨਾ ਝੰਜੋੜਿਆ ਕਿ ਵਧੀਆ ਹਾਲਾਤ ਹੋਣ ਦੇ ਬਾਵਜੂਦ ਮੈਂ ਲਿਖਣਾ ਕਿਉਂ ਛੱਡ ਦਿੱਤਾ ਹੈ? ਸਕੂਲ ਤੋਂ ਘਰ ਪਰਤਦਿਆਂ ਹੀ ਮੈਂ ਆਪਣਾ ਅਧੂਰਾ ਨਾਵਲ ਪੂੂੂਰਾ ਕਰਨਾ ਸ਼ੁਰੂ ਕਰ ਦਿੱਤਾ। ਉਸ ਲੜਕੀ ਦੀ ਪੜ੍ਹਣ-ਲਿਖਣ ਦੀ ਲਗਨ, ਕਿਤਾਬਾਂ ਪ੍ਰਤੀ ਪ੍ਰੇਮ ਅਤੇ ਕਦਰ ਨੇ ਮੈਨੂੰ ਵੀ ਲੇਖਣੀ ਵਾਲੇ ਕੰਮ ਵੱਲ ਵਾਪਸ ਮੋੜ ਦਿੱਤਾ ਹੈ। ਹੋ ਸਕਦਾ ਹੈ ਕਿ ਮੈਂ ਭਵਿੱਖ ਵਿੱਚ ਉਸ ਲਈ ਬਹੁਤ ਕੁਝ ਨਾ ਕਰ ਸਕਾਂ ਪਰ ਉਸ ਨੇ ਮੈਨੂੰ ਆਪਣੇ ਅਸਲ ਖੇਤਰ ਵੱਲ ਮੋੜ ਕੇ ਮੇਰੇ ’ਤੇ ਇੱਕ ਬਹੁਤ ਵੱਡਾ ਅਹਿਸਾਨ ਜ਼ਰੂਰ ਕਰ ਦਿੱਤਾ ਹੈ। ਉਸ ਨੂੰ ਸਕੂਲ ਵਿੱਚ ਪੜ੍ਹਦੀ ਵੇਖ ਕੇ ਮੇਰਾ ਮਨ ਉਦੋਂ ਬਹੁਤ ਉਦਾਸ ਹੋ ਜਾਂਦਾ ਹੈ ਜਦ ਉਸ ਵਰਗੇ ਹਜ਼ਾਰਾਂ ਸਕੂਲ ਵਿਹੂਣੇ ਬੱਚਿਆਂ ਦੀ ਤਸਵੀਰ ਮੇਰੇ ਮਨ ਅੱਗੇ ਆ ਜਾਂਦੀ ਹੈ।
ਸੰਪਰਕ: 094174-37682

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All