ਕਮਲ ਸਰਾਵਾਂ
ਹਰ ਕਾਰਜ ਵਿੱਚ ਦੁਨੀਆਂ ਭਰ ਦੇ ਬੇਸ਼ੁਮਾਰ ਮਨੁੱਖ ਲੱਗਦੇ ਹਨ, ਕੁਝ ਲੋਕ ਨਜ਼ਰ ਵਿੱਚ ਆ ਜਾਂਦੇ ਨੇ, ਕੁਝ ਦਿਲ ਨੂੰ ਛੂੰਹਦੇ ਨੇ ਤੇ ਕੋਈ ਕਰਮਾਂ ਵਾਲਾ ਕਿਸੇ ਬੁੱਤ ਵਿੱਚ ਰੂਹ ਦੇ ਵਸ ਜਾਣ ਵਰਗਾ ਅਹਿਸਾਸ ਕਰਾ ਜਾਂਦਾ ਹੈ। ਐਸਾ ਹੀ ਸਦਾਬਹਾਰ ਸ਼ਾਇਰ ਹੈ ਸ਼ਿਵ ਕੁਮਾਰ ਬਟਾਲਵੀ। ਉਹ ਮਨੁੱਖਾਂ ਦੇ ਅਹਿਸਾਸ ਹੀ ਨਹੀਂ ਲਿਖ ਕੇ ਗਿਆ, ਉਸ ਨੇ ਦਰੱਖਤਾਂ, ਫੁੱਲਾਂ, ਝਰਨਿਆਂ, ਨਦੀਆਂ, ਸਮੁੰਦਰਾਂ ਤੇ ਦੁਨੀਆਂ ਦੀ ਹਰ ਸ਼ੈਅ ਦਾ ਦਰਦ ਦੇਖਿਆ, ਮਹਿਸੂਸ ਕੀਤਾ, ਲਿਖਿਆ ਤੇ ਗਾਇਆ। ਉਸ ਨੂੰ ਵਿਛੋੜੇ ਦਾ ਅਹਿਸਾਸ ਸੀ, ਉਸ ਦੀ ਪੀੜ ਪਤਾ ਸੀ। ਉਹ ਕਾਇਨਾਤੀ ਸ਼ਾਇਰ ਸੀ।
ਸ਼ਿਵ ਦੀ ਕਲਮ ਵਿੱਚ ਦਰਦ ਸੀ ਤੇ ਆਵਾਜ਼ ਵਿੱਚ ਜਾਦੂ, ਐਸਾ ਜਾਦੂ ਜੋ ਸੁਣਨ ਵਾਲੇ ਨੂੰ ਕੀਲ ਲਵੇ। ਉਸ ਦੀ ਆਵਾਜ਼ ਵਿੱਚ ਉਸ ਦੀ ਸ਼ਾਇਰੀ ਸੁਣਨ ਦਾ ਆਪਣਾ ਮਜ਼ਾ ਹੈ। ਉਸ ਦੀਆਂ ਬਹੁਤੀਆਂ ਮੁਲਾਕਾਤਾਂ ਸਾਡੇ ਕੋਲ ਦੇਖਣ ਸੁਣਨ ਲਈ ਨਹੀਂ ਹਨ। ਬੀਬੀਸੀ ਵੱਲੋਂ ਕਰੀ ਇੱਕ ਇੰਟਰਵਿਊ ਜ਼ਰੂਰ ਮਿਲਦੀ ਹੈ।
ਸ਼ਿਵ ਦਾ ਜਨਮ 23 ਜੁਲਾਈ 1936 ਨੂੰ ਬੜਾ ਪਿੰਡ ਲੋਹਟੀਆਂ, ਸ਼ਕਰਗੜ੍ਹ, ਪੰਜਾਬ (ਹੁਣ ਪਾਕਿਸਤਾਨ) ਵਿੱਚ ਹੋਇਆ। ਪਿਤਾ ਪੰਡਿਤ ਕ੍ਰਿਸ਼ਨ ਗੋਪਾਲ ਮਾਲ ਮਹਿਕਮੇ ਵਿੱਚ ਪਟਵਾਰੀ ਤੇ ਫਿਰ ਕਾਨੂੰਗੋ ਰਹੇ। ਮਾਤਾ ਸ਼ਾਂਤੀ ਦੇਵੀ ਦੀ ਆਵਾਜ਼ ਵੀ ਸੁਰੀਲੀ ਸੀ ਅਤੇ ਉਹੀ ਸੁਰੀਲਾਪਣ ਸ਼ਿਵ ਦੀ ਆਵਾਜ਼ ਵਿੱਚ ਆਇਆ। ਸ਼ਿਵ ਪਹਿਲਾਂ ਪਟਵਾਰੀ ਲੱਗਿਆ ਤੇ ਫਿਰ ਸਟੇਟ ਬੈਂਕ ਆਫ਼ ਇੰਡੀਆ ਦੀ ਬਟਾਲਾ ਸ਼ਾਖਾ ਵਿੱਚ ਕਲਰਕ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕੀੜੀ ਮੰਗਿਆਲ ਦੀ ਅਰੁਣਾ ਨਾਲ ਵਿਆਹ ਹੋਇਆ। ਦੋ ਬੱਚੇ ਪੁੱਤਰ ਮਿਹਰਬਾਨ ਬਟਾਲਵੀ ਤੇ ਧੀ ਪੂਜਾ। ਉਸ ਨੂੰ ਇਹ ਬਹੁਤ ਜਲਦੀ ਪਤਾ ਚੱਲ ਗਿਆ ਸੀ ਕਿ ਉਹ ਕਿਸੇ ਨਿਰਮੋਹੇ ਸ਼ਹਿਰ ਵਿੱਚ ਆ ਗਿਆ ਏ। ਨਫ਼ਰਤੀ ਟਿੱਪਣੀਆਂ ਸਹਿੰਦਾ ਰਿਹਾ। ਈਰਖ਼ਾ ’ਚੋਂ ਉਪਜੀ ਬੇਤਰਸ ਨਿੰਦਿਆ ਉਸ ਨੂੰ ਮਾਨਸਿਕ ਪੀੜਾ ਦਿੰਦੀ। ਸਟੇਜਾਂ ਉੱਤੇ ਚੜ੍ਹ ਚੜ੍ਹ ਕੇ ਉਸ ਨੂੰ ਭੰਡਣਾ ਤਾਂ ਕੁਝ ਲੋਕਾਂ ਦਾ ਧੰਦਾ ਹੀ ਬਣ ਗਿਆ ਸੀ। ਬਲਵੰਤ ਗਾਰਗੀ ਨਾਲ ਹੋਈਆਂ ਉਸ ਦੀਆਂ ਮੁਲਾਕਾਤਾਂ ਤੇ ਤਮਾਮ ਗੱਲਾਂਬਾਤਾਂ ਉਸ ਸਮੇਂ ਦਾ ਦ੍ਰਿਸ਼ ਬਹੁਤ ਬਾਰੀਕੀ ਨਾਲ ਚਿਤਰਦੀਆਂ ਹਨ। ਆਪਣੀਆਂ ਕਵਿਤਾਵਾਂ ਨਾਲ ਪੰਜਾਬੀ ਕਵਿਤਾ ਦੀ ਨੁਹਾਰ ਬਦਲਣ ਵਾਲਾ ਸ਼ਿਵ ਗੀਤਾਂ ਦਾ ਵੀ ਬਾਦਸ਼ਾਹ ਬਣ ਕੇ ਉੱਭਰਿਆ। ਉਸ ਦੇ ਗੀਤ ਗਾਏ ਗਏ, ਰੇਡੀਓ ਉੱਤੇ ਸੁਣੇ ਗਏ, ਉਸ ਦੀਆਂ ਕਵਿਤਾਵਾਂ ਨੂੰ ਪੜ੍ਹਿਆ ਵੀ ਗਿਆ।
ਪੀੜਾਂ ਦਾ ਪਰਾਗਾ (1960) ਸ਼ਿਵ ਦੀ ਪਹਿਲੀ ਕਾਵਿ ਪੁਸਤਕ ਸੀ। ਉਸ ਦੀ ਸ਼ਾਇਰੀ ’ਤੇ ਨੌਜਵਾਨਾਂ ਅਤੇ ਮੁਟਿਆਰਾਂ ਨੂੰ ਨਿਰਾਸ਼ਾ ਵੱਲ ਧੱਕਣ ਦੇ ਇਲਜ਼ਾਮ ਲੱਗਦੇ ਰਹੇ। ਸ਼ਿਵ, ਬਲਵੰਤ ਗਾਰਗੀ ਨੂੰ ਪੁੱਛਦਾ ਹੈ ਕਿ ਕਦੇ ਮੇਰੀ ਸ਼ਾਇਰੀ ਪੜ੍ਹ ਕੇ ਕਿਸੇ ਨੇ ਖ਼ੁਦਕੁਸ਼ੀ ਕਰੀ ਐ? ਪਰ ਮੇਰੇ ਕੋਲ ਅਣਗਿਣਤ ਚਿੱਠੀਆਂ ਨੇ ਜਿਨ੍ਹਾਂ ਵਿੱਚ ਲਿਖਿਆ ਕਿ ਸ਼ਿਵ, ਤੇਰੀ ਸ਼ਾਇਰੀ ਪੜ੍ਹ ਕੇ ਅਸੀਂ ਜਿਓਣ ਜੋਗੇ ਹੋ ਗਏ, ਜਿਓਣ ਦੀ ਇੱਛਾ ਜਾਗ ਪਈ। ਗ਼ਮਾਂ ਅਤੇ ਪ੍ਰੇਸ਼ਾਨੀਆਂ ਨੂੰ ਉਹ ਸ਼ਰਾਬ ਦੇ ਸਹਾਰੇ ਭੁਲਾਉਣ ਦੀ ਕੋਸ਼ਿਸ਼ ਕਰਨ ਲੱਗਾ। ਕਾਵਿ ਨਾਟਕ ‘ਲੂਣਾ’ (1965) ਲਈ ਉਸ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ (1967) ਨਾਲ ਨਿਵਾਜਿਆ ਗਿਆ। ਕੋਈ ਉਸ ਨੂੰ ਪੰਜਾਬੀ ਦਾ ‘ਕੀਟਸ’ ਕਹਿੰਦਾ ਹੈ ਅਤੇ ਕੋਈ ‘ਸ਼ੈਲੇ’। ਪਰ ਸੱਚ ਹੈ ਕਿ ਕੋਈ ਕਿਸੇ ਵਰਗਾ ਨਹੀਂ ਹੋ ਸਕਦਾ, ਕੋਈ ਕਿਸੇ ਦੀ ਜਗ੍ਹਾ ਨਹੀਂ ਲੈਂਦਾ। ਹਰ ਕੋਈ ਆਪਣੀ ਥਾਵੇਂ ਅਹਿਮ ਹੈ। ਸ਼ਿਵ ਤੋਂ ਬਾਅਦ ਵੀ ਪੰਜਾਬੀ ਦੇ ਬਹੁਤ ਕਮਾਲ ਦੇ ਸ਼ਾਇਰ ਹੋਏ ਹਨ ਜਿਨ੍ਹਾਂ ਦਾ ਆਪਣਾ ਇੱਕ ਅੰਦਾਜ਼-ਏ-ਬਿਆਂ ਹੈ, ਪਰ ਸ਼ਿਵ ਨੂੰ ਭੁੱਲਣਾ ਸਾਡੇ ਵੱਸ ਤੋਂ ਬਾਹਰ ਹੈ। ਸ਼ਿਵ ਦੇ ਗੀਤਾਂ ਨੂੰ ਕਈ ਗਾਇਕਾਂ ਨੇ ਆਪਣੀ ਆਵਾਜ਼ ਦਿੱਤੀ ਜਿਨ੍ਹਾਂ ਵਿੱਚ ਸੁਰਿੰਦਰ ਕੌਰ, ਗ਼ੁਲਾਮ ਅਲੀ, ਜਗਜੀਤ ਸਿੰਘ, ਮਹਿੰਦਰ ਕਪੂਰ, ਹੰਸ ਰਾਜ ਹੰਸ, ਜਸਬੀਰ ਜੱਸੀ, ਬੱਬੂ ਮਾਨ, ਰਾਜ ਰਣਜੋਧ ਤੇ ਅੱਜਕੱਲ੍ਹ ਚਰਚਾ ਵਿੱਚ ਆਇਆ ਗੀਤ ‘ਥੱਬਾ ਕੁ ਜ਼ੁਲ਼ਫਾਂ ਵਾਲਿਆ’ ਅਰਜਨ ਢਿੱਲੋਂ ਨੇ ਗਾਇਆ ਹੈ, ਜ਼ਿਕਰਯੋਗ ਹਨ। ਜੋਬਨ ਰੁੱਤੇ ਮਰਨ ਦੀ ਗੱਲ ਆਖਣ ਵਾਲਾ ਉਹ ਉਮਦਾ ਸ਼ਾਇਰ ਜੋਬਨ ਦੀ ਰੁੱਤੇ ਹੀ ਗਿਆ। ਚਾਹੇ ਸਰੀਰਕ ਤੌਰ ’ਤੇ ਸ਼ਿਵ ਘੱਟ ਜੀਵਿਆ ਪਰ ਆਪਣੀਆਂ ਲਿਖਤਾਂ ਜ਼ਰੀਏ ਉਹ ਅੱਜ ਵੀ ਜਿਉਂਦਾ ਹੈ ਤੇ ਹਮੇਸ਼ਾ ਰਹੇਗਾ। ‘ਬਿਰਹਾ’ ਨੂੰ ਸੁਲਤਾਨ ਆਖਣ ਵਾਲਾ ਇਹ ਸ਼ਾਇਰ ਜਵਾਨੀ ਵਿੱਚ ਹੀ ਜਹਾਨੋਂ ਰੁਖ਼ਸਤ ਹੋ ਕੇ ਸਾਨੂੰ ਬਿਰਹਾ ਦੇ ਗਿਆ।
ਸ਼ਿਵ ਇਸ ਦੁਨੀਆਂ ’ਚ ਬਿਲਕੁਲ ਓਸੇ ਤਰ੍ਹਾਂ ਸੀ ਜਿਵੇਂ ਕੋਈ ਮਾਸੂਮ ਬੱਚਾ ਅਣਜਾਣ ਭੀੜ ਵਿੱਚ ਗਵਾਚ ਜਾਂਦਾ ਏ। ਉਹ ਕੰਡਿਆਂ ਵਿੱਚ ਕਿਸੇ ਹਸੀਨ ਫੁੱਲ ਵਰਗਾ ਸੀ ਜੋ ਜੁਦਾਈ ਵਿੱਚ ਮੁਰਝਾਅ ਗਿਆ ਤੇ ਵਸਲ ਦੀਆਂ ਕੁਝ ਘੜੀਆਂ ਹਾਸਿਲ ਕਰਨ ਲਈ ਚਾਹਤ ਦਾ ਜੋਗ ਲੈ ਬੈਠਾ। ਸ਼ਾਇਰੀ ਉਹ ਲਿਖਦਾ ਹੀ ਨਹੀਂ ਸੀ ਸਗੋਂ ਦਰਦ ਪੀਂਦਾ ਅਤੇ ਪੀੜਾਂ ਖਾਂਦਾ ਸੀ। ਉਸ ਦੇ ਦਰਦਾਂ ’ਚ ਭਿੱਜੇ ਸ਼ਿਅਰ ਅਤੇ ਪੀੜਾਂ ਦਾ ਬਸਤਰ ਪਾ ਕੇ ਜਿਉਂਦੀਆਂ ਕਵਿਤਾਵਾਂ ਖ਼ੁਦਕੁਸ਼ੀ ਦੇ ਰਾਹ ਚੱਲਣ ਦੀ ਸੋਚਣ ਵਾਲੇ ਇਨਸਾਨ ਨੂੰ ਬਾਹੋਂ ਫੜ ਕੇ ਜ਼ਿੰਦਗੀ ਨੂੰ ਜਿਉਣ ਲਈ ਪ੍ਰੇਰਿਤ ਕਰਦੇ ਹਨ। ਸ਼ਿਵ ਅੱਜ ਵੀ ਪਹਿਲਾਂ ਵਾਂਗ ਹੀ ਮੁਹੱਬਤ ਨਾਲ ਵਾਬਸਤਾ ਲੋਕਾਂ ਅਤੇ ਸ਼ਾਇਰੀ ਨਾਲ ਇਸ਼ਕ ਕਰਨ ਵਾਲੇ ਹਰ ਇਨਸਾਨ ਦਾ ਮਹਬਿੂਬ ਸ਼ਾਇਰ ਹੈ।
ਸੰਪਰਕ: 99156-81496