ਫਾਸ਼ੀਵਾਦ ਨੂੰ ਲਲਕਾਰਦਾ ਵਿਕਟਰ ਜਾਰਾ : The Tribune India

ਫਾਸ਼ੀਵਾਦ ਨੂੰ ਲਲਕਾਰਦਾ ਵਿਕਟਰ ਜਾਰਾ

ਫਾਸ਼ੀਵਾਦ ਨੂੰ ਲਲਕਾਰਦਾ ਵਿਕਟਰ ਜਾਰਾ

ਦਰਸ਼ਨ ਖਟਕੜ

ਵਿਕਟਰ ਜਾਰਾ ਲੋਕਾਂ ਦਾ ਗਾਇਕ, ਨਾਇਕ ਅਤੇ ਸ਼ਹੀਦ ਹੈ। ਉਹ ਤਬਦੀਲੀ ਦੇ ਸਿਧਾਂਤ ਨਾਲ ਪ੍ਰਤੀਬੱਧ, ਅਡੋਲ ਅਤੇ ਪੁਰਜ਼ਾ-ਪੁਰਜ਼ਾ ਕਟਾ ਕੇ ਵੀ ਮੈਦਾਨ ਛੱਡਣ ਵਾਲਾ ਨਹੀਂ ਸੀ। ਗੋਲੀਆਂ ਦੀ ਗੜਗੜਾਹਟ, ਹਥੌੜਿਆਂ ਅਤੇ ਬੰਦੂਕ-ਬੱਟਾਂ ਨਾਲ ਹੱਥ ਫੇਹ ਦਿੱਤੇ ਜਾਣ ਦੇ ਬਾਵਜੂਦ, ਉਸ ਨੇ ਫਾਸ਼ੀਵਾਦੀ ਦਰਿੰਦਿਆਂ ਦੀ ਵੰਗਾਰ ਨੂੰ ਕਬੂਲਿਆ, ਹੱਥ ਦੀਆਂ ਟੁੱਟੀਆਂ ਹੱਡੀਆਂ ਅਤੇ ਖ਼ੂਨ ਨਾਲ ਲੱਥਪੱਥ ਹੱਥਾਂ ਨਾਲ ਫਿਰ ਗਿਟਾਰ ਨੂੰ ਜਾ ਸੰਭਾਲਿਆ ਅਤੇ ਹਜ਼ਾਰਾਂ ਗ੍ਰਿਫ਼ਤਾਰ ਜਮਹੂਰੀਅਤਪਸੰਦ ਅਤੇ ਤਰੱਕੀਪਸੰਦ ਲੋਕਾਂ ਦੇ ਪੈਰ ਥਰਕਣ, ਦਿਲ ਧੜਕਣ, ਬੁੱਲ੍ਹ ਫਰਕਣ ਅਤੇ ਬੋਲ ਗੜਕਣ ਲਾ ਦਿੱਤੇ। ਜਦ ਵਿਕਟਰ ਜਾਰਾ ਦੀ ਆਵਾਜ਼ ਅਤੇ ਸਾਜ਼ ਗ੍ਰਿਫ਼ਤਾਰ ਲੋਕਾਂ ਵਿੱਚ ਨਵਾਂ ਜੋਸ਼ ਭਰ ਰਹੀ ਸੀ ਤਾਂ ਫਾਸ਼ੀ ਤਾਕਤ ਦੇ ਫ਼ੌਜੀਆਂ ਨੇ ਉਸ ਨੂੰ ਸਰੇ-ਮੈਦਾਨ ਗੋਲੀਆਂ ਨਾਲ ਛਲਣੀ ਕਰ ਦਿੱਤਾ। ਇਹ ਇੱਕ ਜੁਝਾਰੂ ਅਦਾਕਾਰ, ਗਾਇਕ, ਕਵੀ ਅਤੇ ਸੰਸਥਾ ਵਰਗੇ ਪ੍ਰਤਿਭਾਸ਼ੀਲ ਵਿਅਕਤੀ ਦੀ ਉਸ ਤਰ੍ਹਾਂ ਦੀ ਸ਼ਹੀਦੀ ਸੀ ਜਿਸ ਨੇ ਉਸ ਦੀ ਸ਼ਾਨ, ਵਡੱਤਣ ਅਤੇ ਦੇਣ ਨੂੰ ਅਮਰ ਕਰ ਦਿੱਤਾ। ਉਹ ਜਿਸ ਜਲੌਅ ਨਾਲ ਸ਼ਹੀਦ ਹੋਇਆ ਉਹ ਸ਼ਾਨ ਸਦੀਆਂ ਤੱਕ ਅਮਰ ਰਹੇਗੀ। ਫ਼ੈਜ਼ ਅਹਿਮਦ ਫ਼ੈਜ਼ ਦਾ ਇੱਕ ਸ਼ਿਅਰ ਹੈ:

ਜਿਸ ਧਜ ਸੇ ਕੋਈ ਮਕਤਲ ਮੇਂ ਗਯਾ,

ਵੋਹ ਸ਼ਾਨ ਸਲਾਮਤ ਰਹਿਤੀ ਹੈ।

ਚੇਤਨ, ਇਨਕਲਾਬ ਨੂੰ ਪ੍ਰਨਾਏ ਹੋਏ, ਲੋਕਾਂ ਦੀ ਮੁਕੰਮਲ ਮੁਕਤੀ ਲਈ ਜਾਨ ਤਲੀ ’ਤੇ ਰੱਖ ਕੇ ਸੰਗੀਤ ਤੇ ਸੱਭਿਆਚਾਰ ਦੀ ਰਚਨਾ ਤੇ ਪਰਵਰਿਸ਼ ਕਰਨ ਵਾਲੇ ਸਾਹਿਤਕਾਰ, ਲੋਕ-ਕਲਾਕਾਰ ਹਰੇਕ ਦੇਸ਼ ਵਿੱਚ ਹੀ ਆਪਣੀ ਪ੍ਰਤੀਬੱਧਤਾ ਦੇ ਜੌਹਰ ਦਿਖਾਉਂਦੇ ਆਏ ਹਨ। ਇਹ ਸੱਚ ਸਾਡੇ ਸਮਿਆਂ ਦਾ ਅਤੇ ਸਾਡੇ ਦੇਸ਼ ਦਾ ਵੀ ਸੱਚ ਹੈ। ਮਈ 1967 ਵਿੱਚ ਨਕਸਲਬਾੜੀ ਦੀ ਗੂੰਜ ਨੇ ਅਨੇਕਾਂ ਹੀ ਕਵੀਆਂ, ਨਾਟਕਕਾਰਾਂ, ਨਾਟਕ-ਕਲਾਕਾਰਾਂ ਅਤੇ ਲੋਕ ਗਾਇਕਾਂ ਨੂੰ ਇਸ ਬਗ਼ਾਵਤ ਨਾਲ ਖੜ੍ਹਨ ਦਾ ਹੋਕਾ ਦਿੱਤਾ ਸੀ ਜਿਸ ਦਾ ਅਨੇਕਾਂ ਕਵੀਆਂ ਅਤੇ ਕਲਾਕਾਰਾਂ ਨੇ ਠੋਕਵਾਂ ਹੁੰਗਾਰਾ ਭਰਿਆ ਸੀ ਜਿਸਦੇ ਸਿੱਟੇ ਵਜੋਂ ਜੁਝਾਰਵਾਦੀ ਕਾਵਿ ਦਾ ਸੂਰਜ ਉਗਮਿਆ ਸੀ। ਸਾਹਿਤ, ਕਲਾ ਅਤੇ ਸੱਭਿਆਚਾਰ ਸਾਰੇ ਸਮਾਜਿਕ ਉਪਜਾਂ ਹਨ।

ਵਿਕਟਰ ਜਾਰਾ ਵੀ ਚਿੱਲੀ ਦੀ ਆਰਥਿਕ, ਸਮਾਜਿਕ, ਸਿਆਸੀ ਅਤੇ ਸੱਭਿਆਚਾਰਕ ਸਥਿਤੀ ਦੀ ਉਪਜ ਸੀ। ਵੀਹਵੀਂ ਸਦੀ ਦੇ 6ਵੇਂ ਅਤੇ 7ਵੇਂ ਦਹਾਕੇ ਵਿੱਚ ਸੰਸਾਰ ਪੱਧਰ ’ਤੇ ਹਾਲਾਤ ਕਰਵਟ ਲੈ ਰਹੇ ਸਨ। ਚੀਨ ਵਿੱਚ ਸੱਭਿਆਚਾਰਕ ਇਨਕਲਾਬ ਪੂਰੇ ਵਿਸਥਾਰ ਅਤੇ ਵੇਗ ਨਾਲ ਕੁੱਲ ਜਹਾਨ ਦੀ ਮਜ਼ਦੂਰ ਜਮਾਤ ਵਿੱਚ ਨਵਾਂ ਵਿਸ਼ਵਾਸ ਤੇ ਆਸਾਂ-ਉਮੀਦਾਂ ਜਗਾ ਰਿਹਾ ਸੀ ਅਤੇ ਵਿਚਾਰਧਾਰਕ-ਸਿਆਸੀ-ਸੱਭਿਆਚਾਰਕ ਦ੍ਰਿਸ਼ ਤੇ ਨਵੇਂ ਦਿਸਹੱਦੇ ਸਿਰਜ ਰਿਹਾ ਸੀ। ਫਰਾਂਸ ਵਿੱਚ ਵਿਦਿਆਰਥੀ ਲਹਿਰ ਨੇ ਇਨਕਲਾਬੀ ਤਬਦੀਲੀ ਦੀ ਇੱਕ ਨਵੀਂ ਧੁਨ ਸਿਰਜ ਦਿੱਤੀ ਸੀ। ਵੀਅਤਨਾਮ ਦਾ ਕੌਮੀ ਇਨਕਲਾਬੀ ਮੁਕਤੀ ਘੋਲ ਨਵੀਆਂ ਉਚਾਈਆਂ ਛੋਹ ਰਿਹਾ ਸੀ ਅਤੇ ਸੰਸਾਰ ਭਰ ਵਿੱਚ ਹਮਲਾਵਰ ਅਮਰੀਕੀ ਸਾਮਰਾਜ ਦੇ ਵਿਰੋਧ ਵਿੱਚ ਵਿਸ਼ਾਲ ਲਾਮਬੰਦੀ ਵਿਰਾਟ ਰੂਪ ਧਾਰਨ ਕਰ ਕੇ ਤੀਬਰਤਾ ਅਤੇ ਤੀਖਣਤਾ ਦੇ ਨਵੇਂ ਮਿਆਰ ਸਿਰਜ ਰਹੀ ਸੀ। ਵਿਦਿਆਰਥੀ ਘੋਲ ਦੀ ਗੂੰਜ ਭਾਰਤ ਸਮੇਤ ਕੁੱਲ ਸੰਸਾਰ ਵਿੱਚ ਸੁਣਾਈ ਦੇ ਰਹੀ ਸੀ। ਇਹ ਵਰਤਾਰੇ ਸੰਸਾਰ ਭਰ ਵਿੱਚ ਨੌਜਵਾਨ ਪੀੜ੍ਹੀ ਅਤੇ ਇਨਕਲਾਬੀ ਲੋਕਾਂ ਲਈ ਨਵੇਂ ਦਿਸਹੱਦੇ ਅਤੇ ਪ੍ਰੇਰਨਾ ਪ੍ਰਦਾਨ ਕਰ ਰਹੇ ਸਨ। ਨੌਜਵਾਨਾਂ ਸਮੇਤ ਕਿਰਤੀ ਲੋਕਾਈ ਦਾ ਇਨਕਲਾਬੀਕਰਨ ਹੋ ਰਿਹਾ ਸੀ। ਕੌਮਾਂ, ਦੇਸ਼ ਅਤੇ ਲੋਕ ਮੁਕਤੀ ਦੀ ਤਾਂਘ ਨਾਲ ਧੜਕ ਰਹੇ ਸਨ। ਚਿੱਲੀ ਵੀ ਇਸ ਘਟਨਾਕ੍ਰਮ ਤੋਂ ਅਭਿੱਜ ਨਹੀਂ ਸੀ ਰਹਿ ਸਕਦਾ। ਇਸ ਕਰਕੇ ਚਿੱਲੀ ਦੇ ਸਮਾਜਵਾਦ, ਮਨੁੱਖੀ ਬਰਾਬਰੀ ਅਤੇ ਕਿਰਤ ਦੀ ਮੁਕਤੀ ਲਈ ਪ੍ਰੇਰਿਤ ਲੋਕ, ਕਲਾਕਾਰ, ਬੁੱਧੀਜੀਵੀ ਇਨਕਲਾਬੀ ਧੜਕਣ ਨੂੰ ਮਹਿਸੂਸ ਕਰ ਰਹੇ ਸਨ।

ਵਿਕਟਰ ਜਾਰਾ ਵਰਗੇ ਅਨੇਕਾਂ ਕਲਾਕਾਰਾਂ, ਕਵੀਆਂ, ਰੰਗਕਰਮੀਆਂ, ਨਾਟਕਕਾਰਾਂ, ਚਿੱਤਰਕਾਰਾਂ, ਸੰਗੀਤਕਾਰਾਂ ਨੇ ਆਪੋ ਆਪਣੇ ਖੇਤਰ ਵਿੱਚ ਆਪੋ ਆਪਣੇ ਮੋਰਚੇ ਸੰਭਾਲ ਲਏ। ਇਸ ਸੱਭਿਆਚਾਰਕ ਲਹਿਰ ਦੇ ਪਿਛੋਕੜ ਵਿੱਚ ਕੰਮ ਕਰਦੀ ਸਿਆਸੀ ਸਰਗਰਮੀ, ਅਮਰੀਕੀ ਸਾਮਰਾਜੀ ਕੰਪਨੀਆਂ ਵੱਲੋਂ ਚਿੱਲੀ ਦੇ ਤਾਂਬੇ, ਸੋਨੇ ਅਤੇ ਹੋਰ ਖਣਿਜ ਪਦਾਰਥਾਂ ਦੀ ਅੰਨ੍ਹੀ ਲੁੱਟ ਦੇ ਵਿਰੋਧ ਵਿੱਚ ਅਤੇ ਇਨ੍ਹਾਂ ਖਾਣਾਂ, ਤੇਲ-ਸਰੋਤਾਂ ਦੇ ਕੌਮੀਕਰਨ ਦੀ ਮੰਗ ਕਰ ਰਹੀ ਸੀ। ਇਸੇ ਮੰਗ ਦੀ ਪ੍ਰਤੀਧੁਨੀ ਸਾਹਿਤ-ਸੱਭਿਆਚਾਰਕ ਖੇਤਰ ਵਿੱਚ ਵੀ ਪ੍ਰਤੱਖ ਅਤੇ ਪ੍ਰਮਾਣਿਤ ਹੋ ਰਹੀ ਸੀ। ਇਸ ਵਿਆਪਕ ਲਹਿਰ ਦਾ ਪ੍ਰਭਾਵ ਖੇਤਰ ਅਤੇ ਕਰਮ ਖੇਤਰ ਵਧ ਕੇ ਸਰਕਾਰੀ ਅਦਾਰਿਆਂ, ਯੂਨੀਵਰਸਿਟੀਆਂ, ਖੋਜ ਸੰਸਥਾਵਾਂ, ਸੱਭਿਆਚਾਰਕ ਸੰਸਥਾਵਾਂ ਵਿੱਚ ਵੀ ਪ੍ਰਵੇਸ਼ ਕਰ ਚੁੱਕਾ ਸੀ ਅਤੇ ਇਹ ਜ਼ੋਰਦਾਰ ਵਹਿਣ ਇੱਕ ਅਮੋੜ ਵਹਿਣ ਬਣ ਗਿਆ ਸੀ।

ਅਮਰੀਕੀ ਸਾਮਰਾਜ ਨੇ ਆਪਣੇ ਪਿੱਠੂ ਫ਼ੌਜੀ ਅਫ਼ਸਰ ਪਿਨੋਚੇ ਨੂੰ ਮੋਹਰੀ ਬਣਾ ਕੇ ਚਿੱਲੀ ਵਿੱਚ ਫ਼ੌਜੀ ਰਾਜ-ਪਲਟਾ ਕਰਕੇ ਦੇਸ਼ ਉੱਪਰ ਫਾਸ਼ੀਵਾਦੀ ਫ਼ੌਜੀ ਤਾਨਾਸ਼ਾਹੀ ਸਥਾਪਤ ਕਰ ਦਿੱਤੀ। ਚੁਣੇ ਹੋਏ ਰਾਸ਼ਟਰਪਤੀ ਅਲੈਂਦੇ ਨੂੰ ਕਤਲ ਕਰ ਦਿੱਤਾ ਗਿਆ, ਸੰਸਾਰ ਪ੍ਰਸਿੱਧ ਚਿੱਲੀਅਨ ਕਵੀ ਪਾਬਲੋ ਨੈਰੂਦਾ ਦੀ ਰਹੱਸਮਈ ਮੌਤ ਹੋ ਗਈ। ਹਜ਼ਾਰਾਂ ਬੇਕਸੂਰ ਕੌਮਪ੍ਰਸਤ, ਦੇਸ਼ ਭਗਤ ਅਤੇ ਸਾਮਰਾਜ ਵਿਰੋਧੀ ਕਾਰਕੁੰਨਾਂ, ਕਲਾਕਾਰਾਂ ਨੂੰ ਸਟੇਡੀਅਮ ਅੰਦਰ ਤਾੜ ਕੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਵਿਕਟਰ ਜਾਰਾ ਅਤੇ ਅਨੇਕਾਂ ਹੋਰਨਾਂ ਦਾ ਕਤਲ ਕਰ ਦਿੱਤਾ ਗਿਆ। ਵਿਕਟਰ ਜ਼ਖ਼ਮੀ ਕੀਤੇ ਜਾਣ ਮਗਰੋਂ ਵੀ ਆਖ਼ਰੀ ਦਮ ਤੱਕ ਗਿਟਾਰ ਉੱਪਰ ਇਨਕਲਾਬੀ ਧੁਨਾਂ ਸਿਰਜਦਾ ਹੀ ਸ਼ਹੀਦ ਹੋਇਆ।

ਸਾਹਿਤਕਾਰ ਦੀ ਸੰਵੇਦਨਾ ਅਤੇ ਪ੍ਰਤੀਬੱਧਤਾ ਨੇ ਉਸ ਨੂੰ ਨਿਰੰਤਰ ਕਲਾ ਸਿਰਜਕ ਅਤੇ ਕਲਾ-ਸੰਗਰਾਮੀ ਬਣਾਈ ਰੱਖਿਆ। ਇਸ ਕਾਰਨ ਉਪਜੇ ਸਿਦਕ ਸਿਰੜ ਨਾਲ ਉਹ ਕਠਿਨ ਰਾਹਾਂ ਦਾ ਅਡੋਲ ਅਤੇ ਅਮੋੜ ਰਾਹੀ ਬਣਿਆ ਰਿਹਾ। ਇਨਕਲਾਬੀ ਸੱਭਿਆਚਾਰਕ ਪਿੜ ਉਸ ਦੀ ਕਰਮਸ਼ਾਲਾ ਅਤੇ ਪ੍ਰਯੋਗਸ਼ਾਲਾ ਬਣਿਆ ਰਿਹਾ। ਚੁਣੌਤੀਆਂ, ਦਮਨ, ਕਰੜੀਆਂ ਜੀਵਨ ਹਾਲਾਤ ਅਤੇ ਮੌਤ ਦੇ ਸਾਹਮਣੇ ਵੀ ਉਸ ਦੀ ਰਚਨਾਤਮਕਤਾ ਨਾ ਮਰਦੀ ਹੈ, ਨਾ ਡਰਦੀ ਹੈ ਅਤੇ ਨਾ ਹੀ ਝੁਕਦੀ ਹੈ। ਸ਼ਹੀਦ ਵਿਕਟਰ ਜਾਰਾ ਇਨ੍ਹਾਂ ਪੈਮਾਨਿਆਂ ਦਾ ਸਿਰਜਕ ਵੀ ਸੀ ਅਤੇ ਇਨ੍ਹਾਂ ਦਾ ਕਰਮਯੋਗੀ ਵੀ। ਸਾਡੀ ਆਪਣੀ ਪੰਜਾਬ ਦੀ ਸਭਿਆਚਾਰਕ ਲਹਿਰ, ਖ਼ਾਸਕਰ ਕਾਵਿ-ਲਹਿਰ, ਇਨ੍ਹਾਂ ਹੀ ਮਾਪਦੰਡਾਂ ਦੀ ਅਨੁਸਾਰੀ ਸੀ। ਸਰਕਾਰੀ ਦਮਨ ਪਾਸ਼ ਨੂੰ ਕਵਿਤਾ ਕਹਿਣੋਂ ਰੋਕ ਨਹੀਂ ਸਕਿਆ ਅਤੇ ਸਾਡਾ ਇਹ ਕਵੀ ਸ਼ਹੀਦ ਕੀਤੇ ਜਾਣ ਮਗਰੋਂ ਹੀ ਖ਼ਾਮੋਸ਼ ਕੀਤਾ ਜਾ ਸਕਿਆ ਸੀ। ਸੰਤ ਰਾਮ ਉਦਾਸੀ ਨੇ ਅਨੇਕਾਂ ਵਾਰ ਥਾਣਿਆਂ ’ਚ ਤਸ਼ੱਦਦ ਹੰਢਾਇਆ ਅਤੇ ਐਮਰਜੈਂਸੀ ਦੌਰਾਨ ਨਜ਼ਰਬੰਦੀ ਵੀ ਹੰਢਾਈ। ਅਨੇਕਾਂ ਪਰਿਵਾਰਕ ਤੰਗੀਆਂ, ਸਮਾਜਿਕ ਤੇ ਜਾਤ-ਪਾਤੀ ਖੱਜਲ-ਖੁਆਰੀਆਂ ਅਤੇ ਸਰਕਾਰੀ ਦਮਨ ਦੇ ਸੰਤਾਪ ਨੂੰ ਭੋਗਦੇ ਹੋਏ, ਨਿਰੰਤਰ ਕਾਵਿ-ਸਿਰਜਕ ਸਾਥੀ ਲਾਲ ਸਿੰਘ ਦਿਲ ਅੱਜ ਵੀ ਸਾਰਥਕ ਅਤੇ ਪ੍ਰਸੰਗਿਕ ਸਾਬਤ ਹੋ ਰਿਹਾ ਹੈ। ਮੇਰੀ ਆਪਣੀ ਕਵਿਤਾ ਦਾ ਜਨਮ ਹੋਇਆ ਹੀ ਵਿਦਿਆਰਥੀ ਸੰਘਰਸ਼ ਦੌਰਾਨ ਸੀ। ਭਾਵੇਂ ਇਕੱਲਾ ਇਹ ਸੰਘਰਸ਼ ਹੀ ਇਸ ਦਾ ਪ੍ਰੇਰਨਾ ਸਰੋਤ ਨਹੀਂ ਸੀ ਸਗੋਂ ਨਕਸਲਬਾੜੀ ਕਿਸਾਨ-ਬਗ਼ਾਵਤ ਦੀ ਗਰਜ-ਧਮਕ ਇਸ ਦਾ ਪ੍ਰੇਰਨਾ ਸਰੋਤ ਸੀ।

ਮਨਦੀਪ ਨੇ ਆਪਣੀ ਇਸ ਕਿਤਾਬ ਦੇ ਆਰੰਭ ਵਿੱਚ ‘ਪੰਜਾਬੀ ਕਲਾਕਾਰ ਅਤੇ ਕਿਸਾਨੀ ਸੰਘਰਸ਼’ ਵਿਸ਼ੇ ਉੱਪਰ ਵੀ ਲੋੜੀਂਦੀ ਟਿੱਪਣੀ ਕੀਤੀ ਹੈ। ਉਸ ਨੇ ਪੰਜਾਬੀ ਗਾਇਕੀ ਅਤੇ ਸੰਗੀਤ ਸਨਅਤ ਵਿੱਚ ਵਿਆਪਕ ਲੱਚਰ ਸੱਭਿਆਚਾਰਕ ਪ੍ਰਦੂਸ਼ਣ ਦੀ ਸਮੱਸਿਆ ਨੂੰ ਦਰੁਸਤ ਛੋਹਿਆ ਹੈ। ਨਾਲ ਹੀ ਸਾਮਰਾਜੀ-ਸੱਭਿਆਚਾਰਕ ਹਮਲੇ ਦਾ ਜ਼ਿਕਰ ਵੀ ਕੀਤਾ ਹੈ। ਇਹ ਦੋਵੇਂ ਪੱਖ ਸਾਡੇ ਲਈ ਬਹੁਤ ਮਹੱਤਵਪੂਰਨ ਹਨ। ਸਾਡੇ ਅਜੋਕੇ ਸਮੇਂ ਵਿੱਚ ਇਹ ਇਸ ਕਰਕੇ ਮਹੱਤਵਪੂਰਨ ਹਨ ਕਿਉਂਕਿ ਇਹ ਉਦੋਂ ਵਾਪਰ ਰਹੇ ਹਨ ਜਦ ਭਾਰਤ ਵਿੱਚ ਸੱਤਾਧਾਰੀ ਸਾਰੇ ਲੋਕਾਂ ਉੱਪਰ ਇੱਕ ਫਾਸ਼ੀਵਾਦੀ, ਦਮਨਕਾਰੀ, ਲੋਕ-ਦੋਖੀ ਅਤੇ ਵੰਡ-ਪਾਊ ਏਜੰਡਾ ਠੋਸ ਰਹੇ ਹਨ।

ਜਿਸ ਤਰ੍ਹਾਂ ਚਿੱਲੀ ਵਿੱਚ ਫਾਸ਼ੀਵਾਦ ਵਿਰੁੱਧ ਲੋਕ-ਸੰਘਰਸ਼ ਦੌਰਾਨ ਕਲਾ ਦੇ ਅਨੇਕਾਂ ਰੂਪ ਉੱਭਰੇ ਅਤੇ ਉਹ ਆਮ ਜਨਤਾ ਵਿੱਚ ਬਹੁਤ ਹਰਮਨਪਿਆਰੇ ਹੋਏ, ਇਸੇ ਤਰ੍ਹਾਂ ਸਾਡੇ ਮੁਲਕ ਦੇ ਫਾਸ਼ੀਵਾਦ ਵਿਰੁੱਧ ਚੱਲ ਰਹੇ ਕਿਸਾਨ-ਸੰਘਰਸ਼ ਦੇ ਕਈ ਰੂਪ ਪਰਵਾਨ ਹੋਏ। ਕਵਿਤਾਵਾਂ, ਗੀਤ, ਲਘੂ ਨਾਟਕ, ਸੋਲੋ ਨਾਟਕ, ਦਸਤਾਵੇਜ਼ੀ ਫਿਲਮਾਂ ਆਦਿ ਕਾਫ਼ੀ ਪ੍ਰਭਾਵਸ਼ਾਲੀ ਰਹੇ।

ਮਨਦੀਪ ਨੇ ਸਿਰਲੱਥ, ਪ੍ਰਤੀਬੱਧ ਕ੍ਰਾਂਤੀਕਾਰੀ ਅਤੇ ਬਹੁਪੱਖੀ ਲੋਕ-ਕਲਾਕਾਰ ਵਿਕਟਰ ਜਾਰਾ ਦੇ ਕੁਝ ਗੀਤ ਵੀ ਆਪਣੇ ਪਾਠਕਾਂ ਦੀ ਨਜ਼ਰ ਕੀਤੇ ਹਨ। ਮੌਲਿਕ ਪਾਠ ਅਤੇ ਉਸ ਦਾ ਕਿਸੇ ਹੋਰ ਭਾਸ਼ਾ ਵਿੱਚ ਅਨੁਵਾਦ ਹੋ ਕੇ ਪਾਠਕਾਂ ਤੱਕ ਪਹੁੰਚਣਾ ਸੁਆਗਤਯੋਗ ਤਾਂ ਹੁੰਦਾ ਹੀ ਹੈ ਪਰ ਅਨੁਵਾਦ ਦੀਆਂ ਆਪਣੀਆਂ ਸੀਮਾਵਾਂ ਹੋਣ ਕਰਕੇ ਇਹ ਮੌਲਿਕ ਰਸ ਪ੍ਰਦਾਨ ਕਰਨ ਤੋਂ ਕੁਝ ਅਧੂਰੇ ਰਹਿ ਜਾਂਦੇ ਹਨ ਪਰ ਆਪਣਾ ਤੱਤ ਜ਼ਰੂਰ ਪਾਠਕਾਂ ਦੇ ਪੱਲੇ ਪਾ ਜਾਂਦੇ ਹਨ। ਜੇਕਰ ਇਨ੍ਹਾਂ ਦੀਆਂ ਕੁਝ ਸਤਰਾਂ ਦੇ ਨਾਲ ਪੰਜਾਬੀ ਕਾਵਿ ਦੇ ਕੁਝ ਟੁਕੜੇ ਜੋੜ ਕੇ ਪੜ੍ਹੇ ਜਾਣ ਤਾਂ ਇਨ੍ਹਾਂ ਦੇ ਅਰਥ ਤੇ ਇਨ੍ਹਾਂ ਦਾ ਰਸ ਹੋਰ ਸਪੱਸ਼ਟ ਅਤੇ ਪ੍ਰਤੱਖ ਹੋ ਜਾਂਦੇ ਹਨ।

ਪਹਿਲਾ ਗੀਤ ਐਲਾਨਨਾਮਾ ਹੈ। ਇਸ ਵਿੱਚ ਉਹ ਕਿਰਤੀ ਲੋਕਾਂ ਦੀ ਬਹੁਲਤਾ ਅਤੇ ਬਹੁਗਿਣਤੀ ਨੂੰ ਦਰਜ ਕਰਦਿਆਂ ਹੈਰਾਨ ਹੁੰਦਾ ਹੈ ਕਿ ਕੀ ਅਸੀਂ ਵਾਕਈ ਇੰਨੇ ਹਾਂ? ਜੇ ਹਾਂ ਤਾਂ ਇਹ ਫਾਸ਼ੀਵਾਦੀ ਜ਼ੁਲਮ ਕਿਉਂ ਹੈ:

ਇੱਥੇ ਸ਼ਹਿਰ ਦੇ ਛੋਟੇ ਹਿੱਸੇ ਵਿੱਚ,

ਅਸੀਂ ਪੂਰੇ ਪੰਜ ਹਜ਼ਾਰ ਹਾਂ

ਮੈਂ ਹੈਰਾਨ ਹਾਂ ਕਿ ਅਸੀਂ ਇੰਨੇ ਕਿਵੇਂ ਹਾਂ?

ਫਾਸ਼ੀਵਾਦ ਦੇ ਦਮਨਕਾਰੀ ਕਿਰਦਾਰ ਬਾਰੇ ਵਿਕਟਰ ਲਿਖਦਾ ਹੈ:

ਫਾਸ਼ੀਵਾਦ ਦਾ ਚਿਹਰਾ ਕਿੰਨਾ ਘਾਤਕ ਹੈ...

ਉਨ੍ਹਾਂ ਲਈ ਵਹਿੰਦਾ ਲਹੂ ਤਗਮਾ ਹੈ

ਤੇ ਕਤਲ ਬਹਾਦਰੀ ਦਾ ਚਿੰਨ੍ਹ...।

ਫਾਸ਼ੀਵਾਦ ਦਾ ਇਹ ਚਿਹਰਾ ਭਾਰਤ ਵਿੱਚ ਵੀ ਸਪੱਸ਼ਟ ਨਜ਼ਰ ਆਉਂਦਾ ਹੈ। ਇੱਕ ਪਾਸੇ ਬੇਗੁਨਾਹ ਸ਼ਰ੍ਹੇਆਮ ਕੁੱਟ ਕੁੱਟ ਕੇ ਮਾਰ ਦਿੱਤੇ ਜਾਂਦੇ ਹਨ ਅਤੇ ਦੂਜੇ ਪਾਸੇ ਕਾਤਲਾਂ ਦਾ ਸਨਮਾਨ ਕੀਤਾ ਜਾਂਦਾ ਹੈ।

ਅੱਗੇ ਸਤਰਾਂ ਹਨ:

ਜਦੋਂ ਲਾਜ਼ਮੀ ਹੀ ਮੈਨੂੰ ਦਹਿਸ਼ਤ ਖਿਲਾਫ਼ ਗਾਉਣਾ ਚਾਹੀਦਾ ਹੈ

ਦਹਿਸ਼ਤ, ਜਿਸ ਵਿੱਚ ਮੈਂ ਜੀਅ ਰਿਹਾ ਹਾਂ

ਦਹਿਸ਼ਤ, ਜਿਸ ਵਿੱਚ ਮੈਂ ਮਰ ਰਿਹਾ ਹਾਂ।

ਇਸ ਸਥਿਤੀ ਵਿੱਚ ਕਵੀ-ਕਲਾਕਾਰ ਅੱਗੇ ਹੀ ਅੱਗੇ ਵਧਦੇ ਰਹਿਣ ਦਾ ਸੱਦਾ ਦਿੰਦਾ ਹੈ:

ਚਲਦੇ ਚਲੋ

ਚਲਦੇ ਚਲੋ

ਮੈਨੂੰ ਹੈ ਭਰੋਸਾ ਕਿ ਲੱਭ ਹੀ ਲਵਾਂਗਾ

ਕੋਈ ਰਾਹ ਮੁਕਤੀ ਦਾ

ਬੱਸ ਤੁਸੀਂ ਚੱਲਦੇ ਚਲੋ...

ਹਿੰਦੀ ਦੇ ਇੱਕ ਗੀਤ ਵਿੱਚ ਵੀ ਇਸੇ ਤਰ੍ਹਾਂ ਦੇ ਅਰਥ ਸਮੋਏ ਹੋਏ ਹਨ:

ਦਿਲੋਂ ਮੇਂ ਘਾਵ ਲੇ ਕੇ ਭੀ ਚਲੇ ਚਲੋ

ਚਲੋ ਕਿ ਸਾਥ ਸਾਥ ਚਲਨੇ ਕੀ ਜ਼ਰੂਰਤੇਂ

ਚਲੋ ਕਿ ਕਹੀਂ ਖ਼ਤਮ ਨਾ ਹੋ ਜ਼ਿੰਦਗੀ ਕੀ ਹਸਰਤੇਂ...।

ਵਿਕਟਰ ਦਾ ਹੋਰ ਗੀਤ ਐਲਾਨਨਾਮਾ ਹੈ:

ਮੇਰਾ ਗਿਟਾਰ ਅਮੀਰਾਂ ਲਈ ਨਹੀਂ ਹੈ

ਨਹੀਂ ਅਜਿਹਾ ਕੁਝ ਵੀ ਨਹੀਂ।

ਇੱਕ ਹੋਰ ਗੀਤ ਹੈ: ਆਓ ਮਾਣੀਏ ਬਹਾਰਾਂ

ਜਦ ਮੈਂ ਬਾਤ ਤੋਰਦਾ ਜ਼ਮੀਨਾਂ ਦੀ

ਉਹ ਛਾਂ ਕਰਦੇ ਸੰਗੀਨਾਂ ਦੀ

ਧਰਤ ਉੱਤੇ ਸੋਨਾ ਉਗਾਂਦੇ ਹੱਥ ਅਸਾਡੇ ਨੇ

ਡਾਢੇ ਜੋ ਦੇਣ ਭੀਖ ਵਾਗਰਾਂ...

ਮੈਂ ਜਦ ਗੀਤ ਗਾਉਂਦਾ ਹਾਂ ਬਹਾਰਾਂ ਦੇ

ਹੌਲ ਪੈਂਦੇ ਨੇ ਸ਼ਾਹੂਕਾਰਾਂ ਦੇ...।

ਇਸ ਤਰ੍ਹਾਂ ਵਿਕਟਰ ਦੇ ਬਾਕੀ ਸਾਰੇ ਦੇ ਸਾਰੇ ਗੀਤ ਫਾਸ਼ੀ ਹਾਕਮਾਂ ਅਤੇ ਅਮਰੀਕੀ ਸਾਮਰਾਜੀਆਂ ਵੱਲੋਂ ਕੀਤੇ ਜਾ ਰਹੇ ਅੱਤਿਆਚਾਰਾਂ, ਇਨ੍ਹਾਂ ਵਿਰੁੱਧ ਜੂਝਦੇ ਦੇਸ਼ਭਗਤਾਂ ਦੇ ਸਿਦਕ ਤੇ ਸਿਰੜ ਨਾਲ ਭਰੇ ਪਏ ਹਨ।

ਅੱਜ ਭਾਰਤ ਦੇ ਕਿਰਤੀ, ਕਿਸਾਨ, ਮੱਧਵਰਗ, ਇਨਸਾਫ਼ਪਸੰਦ ਅਤੇ ਜਮਹੂਰੀਅਤਪਸੰਦ ਲੋਕ ਫਾਸ਼ੀ ਹਮਲੇ ਦੇ ਕਸ਼ਟ ਭੋਗ ਰਹੇ ਹਨ ਤੇ ਇਸ ਦੇ ਵਿਰੁੱਧ ਸੰਘਰਸ਼ ਵੀ ਕਰ ਰਹੇ ਹਨ ਜਿਨ੍ਹਾਂ ਵਿੱਚੋਂ ਜੇਤੂ ਰਿਹਾ ਕਿਸਾਨ ਸੰਘਰਸ਼ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਅਜਿਹੇ ਸਮੇਂ ਫਾਸ਼ੀਵਾਦ ਵਿਰੁੱਧ ਇੱਕ ਬਹਾਦਰ ਯੋਧੇ ਦੀ ਘਾਲਣਾ, ਦੇਣ ਅਤੇ ਕੁਰਬਾਨੀ ਨੂੰ ਪੰਜਾਬੀ ਪਾਠਕਾਂ ਨਾਲ ਸਾਂਝਿਆਂ ਕਰਨ ਦਾ ਮਨਦੀਪ ਨੇ ਸ਼ਲਾਘਾਯੋਗ ਯਤਨ ਕੀਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਗੁਜਰਾਤ ਵਿੱਚ ਮੁੜ ਖਿੜੇਗਾ ਕਮਲ

ਗੁਜਰਾਤ ਵਿੱਚ ਮੁੜ ਖਿੜੇਗਾ ਕਮਲ

ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਤੇ ਕਾਂਗਰਸ ਦਰਮਿਆਨ ਫਸਵੀਂ ਟੱਕਰ

ਹਰਿਆਣਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਦਰਜ ਕੇਸ ਰੱਦ ਕਰਨ ਦੀ ਤਿਆਰੀ

ਹਰਿਆਣਾ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਦਰਜ ਕੇਸ ਰੱਦ ਕਰਨ ਦੀ ਤਿਆਰੀ

ਕੇਸਾਂ ਦੀ ਮੌਜੂਦਾ ਸਥਿਤੀ ਜਾਣਨ ਲਈ ਗ੍ਰਹਿ ਮੰਤਰੀ ਅੱਜ ਕਰਨਗੇ ਅਧਿਕਾਰੀਆ...

ਸ਼ਹਿਰ

View All