ਵੀਰਾ ਅੱਜ ਦੇ ਸ਼ੁਭ ਦਿਹਾੜੇ…
ਗੁਰਦੀਸ਼ ਕੌਰ ਗਰੇਵਾਲ
ਵੀਰਾ ਅੱਜ ਦੇ ਸ਼ੁਭ ਦਿਹਾੜੇ, ਦਿਲ ਤੋਂ ਦਿਆਂ ਦੁਆਵਾਂ।
ਰੱਖੜੀ ਦੇ ਤਿਉਹਾਰ ’ਤੇ ਬੀਬਾ, ਦਿਲ ਦਾ ਹਾਲ ਸੁਣਾਵਾਂ।
ਜੁੜੀਆਂ ਰਹਿਣ ਹਮੇਸ਼ਾ ਸਾਡੇ, ਪਿਆਰ ਦੀਆਂ ਇਹ ਤੰਦਾਂ।
ਮੇਰੀਆਂ ਯਾਦਾਂ ਦੇ ਵਿੱਚ ਵਸੀਆਂ, ਘਰ ਤੇਰੇ ਦੀਆਂ ਕੰਧਾਂ।
ਕਿਧਰੇ ਭੁੱਲ ਨਾ ਜਾਈਂ ਅੜਿਆ, ਭੈਣਾਂ ਦਾ ਸਿਰਨਾਵਾਂ
ਵੀਰਾ…
ਬਹਿੰਦੀ ਉੱਠਦੀ ਹਰ ਵੇਲੇ ਮੈਂ, ਸੁੱਖਾਂ ਤੇਰੀਆਂ ਮੰਗਾਂ।
ਦੁੱਖ-ਸੁੱਖ ਆਪਣੇ ਆਪੇ ਝੱਲਾਂ, ਤੈਨੂੰ ਦੱਸਦੀ ਸੰਗਾਂ।
ਤੇਰੇ ਉੱਤੇ ਦੁੱਖ ਮੇਰੇ ਦਾ, ਪੈ ਨਾ ਜਾਏ ਪਰਛਾਵਾਂ
ਵੀਰਾ…
ਮਾਪੇ ਸਦਾ ਨਾ ਬੈਠੇ ਰਹਿਣੇ, ਵੀਰ ਭੈਣ ਦੀਆਂ ਬਾਹਵਾਂ।
ਭੁੱਲੀ ਵਿਸਰੀ ਭੈਣ ਜੋ ਤੈਨੂੰ, ਤੱਕਦੀ ਤੇਰੀਆਂ ਰਾਹਵਾਂ।
ਵੀਰ ਮੇਰੇ ਨੂੰ ਲੱਗ ਨਾ ਜਾਵਣ, ਤੱਤੀਆਂ ਕਦੇ ਹਵਾਵਾਂ
ਵੀਰਾ…
ਹਰ ਔਰਤ ਦੀ ਇੱਜ਼ਤ ਕਰਨਾ, ਸੁੱਚਾ ਕਰਮ ਹੈ ਤੇਰਾ।
ਦੇਖ ਪਰਾਈ, ਭੈਣ ਸਮਝਣਾ, ਏਹੋ ਧਰਮ ਹੈ ਤੇਰਾ।
ਬਾਲੜੀਆਂ ਨੂੰ ਧੀਆਂ ਸਮਝੇਂ, ਵੱਡੀਆਂ ਸਮਝੇਂ ਮਾਵਾਂ
ਵੀਰਾ…
ਕਿਸੇ ਭੈਣ ’ਤੇ ਵੀ ਜੇ ਤੱਕਿਆ, ਭੀੜਾਂ ਨੇ ਬਣ ਆਈਆਂ।
ਬਿਨ ਰੱਖੜੀ ਤੋਂ ‘ਦੀਸ਼’ ਦੇ ਵੀਰਾਂ, ਇੱਜ਼ਤਾਂ ਲੱਖ ਬਚਾਈਆਂ।
ਤੂੰ ਮਾਲਕ ਹੈਂ ਉਸ ਵਿਰਸੇ ਦਾ, ਤੈਨੂੰ ਯਾਦ ਕਰਾਵਾਂ
ਵੀਰਾ…
ਸੰਪਰਕ: +91-98728-60488 (ਵਟਸਐਪ)
* * *
ਦਿਲ ਦੀ ਕਿਤਾਬ
ਗੁਰਮਾਨ ਸੈਣੀ
ਉੱਠਿਆ ਸਵੇਰੇ ਜਦੋਂ ਯਾਦ ਤੇਰੀ ਆ ਗਈ।
ਅੱਲੇ ਅੱਲੇ ਜ਼ਖ਼ਮਾਂ ’ਤੇ ਲੂਣ ਜਿਵੇਂ ਪਾ ਗਈ।
ਸੋਚਦਾ ਸਾਂ ਅੱਜ ਕੇਹਾ ਰੱਖੜੀ ਦਾ ਦਿਨ ਏ
ਜੱਗ ਵਿੱਚ ਨਹੀਉਂ ਕੋਈ ਅੱਜ ਤੇਰੇ ਬਿਨ ਵੇ।
ਮਗਰੋਂ ਉਡੀਕਾਂ ਬੜੀ ਬਹੁੜੀ ਗੱਡੀ ਡਾਕ ਦੀ
ਅੱਖੀਆਂ ਨਿਮਾਣੀਆਂ ਸੀ ਰੱਖੜੀ ਨੂੰ ਝਾਕਦੀ।
ਚੌਲ ਤੇ ਚੀਨੀ ਦੇ ਦਾਣੇ ਨਾਲ ਸੋਹਣੀ ਰੱਖੜੀ
ਖਿੜੇ ਖਿੜੇ ਮੱਥੇ ਮਾਨ ਡਾਕੀਏ ਤੋਂ ਮੈਂ ਫੜੀ।
ਕਾਸ਼ਨੀ ਜਿਹਾ ਰੰਗ, ਸੂਹੀ ਰੱਖੜੀ ਗੁਲਾਬ ਦੀ
ਜਾਪਦੀ ਸੀ ਬੋਟੀ ਕੋਈ ਦਿਲ ਅਸਬਾਬ ਦੀ।
ਲੱਪ ਕੁ ਸੰਧੂਰ ਦਾ ਸੀ ਮਹਿਕਾਂ ਦਾ ਪੂਰਿਆ
ਸੂਹੇ ਜੇ ਲਿਫ਼ਾਫ਼ੇ ਵਿੱਚ ਘੁੱਟ ਕੇ ਸੀ ਨੂੜਿਆ।
ਮਿੱਠਾ ਮਿੱਠਾ, ਪੀਲਾ ਪੀਲਾ ਡਾਕ ਲਿਫ਼ਾਫ਼ੜਾ
ਭੈਣ ਦਾ ਸੁਨੇਹਾ ਆਇਆ ਵੀਰੇ ਦੇ ਸਾਥ ਦਾ।
ਦਿਲ ਦੀ ਕਿਤਾਬ ਖੋਲ ਰੱਖਦਾ ਹਾਂ ਖ਼ਤ ਵਿੱਚ
ਪ੍ਰੀਤੜੀ ਦੀ ਪੱਤ ਵੀਰ ਮਾਨੜੇ ਦੀ ਪੱਤ ਵਿੱਚ।
ਸੰਪਰਕ: 83604-87488
* * *
ਰੱਖੜੀ
ਹਰਿੰਦਰ ਸਿੰਘ ਗੋਗਨਾ
ਰੱਖੜੀ ਆਈ, ਖ਼ੁਸ਼ੀਆਂ ਲਿਆਈ,
ਭੈਣ ਅੱਜ ਫੁੱਲੇ ਨਾ ਸਮਾਈ।
ਸੋਹਣੀ ਚੁਣ ਕੇ ਰੱਖੜੀ ਲਿਆਈ,
ਰੀਝਾਂ ਨਾਲ ਫਿਰ ਥਾਲੀ ਸਜਾਈ।
ਵੀਰ ਵੇਖ ਕੇ ਮੁਸਕਰਾਵੇ,
ਭੈਣ ਆਪਣੀ ਤੋਂ ਰੱਖੜੀ ਬੰਨ੍ਹਾਵੇ।
ਭੈਣ, ਵੀਰ ਦੇ ਟੀਕਾ ਲਾਵੇ,
ਬੰਨ੍ਹ ਕੇ ਰੱਖੜੀ ਖ਼ੁਸ਼ੀ ਮਨਾਵੇ।
ਅਰਦਾਸ ਕਰੇ ਰੱਬ ਦੇ ਅੱਗੇ,
ਵੀਰ ਨੂੰ ਤੱਤੀ ਵਾਅ ਨਾ ਲੱਗੇ।
ਵੀਰ ਆਪਣੀ ਭੈਣ ਨੂੰ ਕਹੇ,
ਰਿਸ਼ਤਾ ਪਿਆਰ ਦਾ ਸਦਾ ਰਹੇ।
ਸੁਣ ਕੇ ਭੈਣ ਵੀ ਮੁਸਕਰਾਵੇ,
ਵੀਰ ਆਪਣੇ ਤੋਂ ਸਦਕੇ ਜਾਵੇ।
ਆਖੇ ਪਿਆਰੇ ਵੀਰ ਮੇਰੇ,
ਮੇਰੀ ਸ਼ਾਨ ਹੈ ਨਾਲ ਤੇਰੇ।
ਪਿਆਰ ਆਪਣਾ ਸਦਾ ਵਧੇ,
ਭੁੱਲ ਨਾ ਜਾਈਂ ਭੈਣ ਨੂੰ ਕਦੇ।
ਸੰਪਰਕ: 98723-25960
* * *
ਭੈਣ ਰੱਖੜੀ ਲਿਆਈ
ਬਰਜਿੰਦਰ ਕੌਰ ਬਿਸਰਾਓ
ਭੈਣ ਰੱਖੜੀ ਲਿਆਈ ਬੜੇ ਈ ਚਾਈਂ ਚਾਈਂ ਆਈ
ਦਿਲ ਵਾਲੀ ਟੋਕਰੀ ’ਚ ਭਰ ਦੁਆਵਾਂ ਸੀਲਿਆਈ
ਪੁੰਨਿਆਂ ਦੇ ਦਿਨ ਚੰਨ ਪੁੰਨਿਆਂ ਦਾ ਸੋਹਣਾ ਲੱਗੇ
ਅੰਮੀ ਦਾ ਜਾਇਆ ਮੇਰਾ ਸੋਹਣਾ ਜਿਹਾ ਹੈ ਭਾਈ
ਪਿਆਰ ਵਾਲੀ ਇਹ ਸਾਂਝ ਸੋਹਣੇ ਗੁੱਟ ’ਤੇ ਸਜਾਈ
ਭੈਣ ਵੀਰ ਵਾਲੇ ਪਿਆਰ ਦੀ ਸੋਹਣੀ ਰੀਤ ਚਲਾਈ
ਭੈਣਾਂ ਨੂੰ ਤਾਂ ਮਾਣ ਹੁੰਦਾ ਆਪਣੇ ਹੀ ਭਰਾਵਾਂ ਉੱਤੇ
ਨਿੱਕੇ ਹੁੰਦੇ ਕਰਨ ਚਾਹੇ ਲੱਖ ਆਪੋ ਵਿੱਚ ਲੜਾਈ
ਭੈਣ ਰੱਖੜੀ ਲਿਆਈ ਬੜੇ ਈ ਚਾਈਂ ਚਾਈਂ ਆਈ
ਦਿਲਾਂ ਵਾਲੀ ਟੋਕਰੀ ਵਿੱਚ ਦੁਆਵਾਂ ਸੀਲਿਆਈ
ਵਿਹੜੇ ਤਦ ਸਜਦੇ ਨੇ ਜਦ ਹੱਸਣ ਸਾਰੇ ਭੈਣ-ਭਾਈ
ਆਸ ਵੀਰੇ ਦੀ ਸੀ ਬੂਹੇ ਜਦ ਬੈਠਾ ਨਿਗ੍ਹਾ ਟਿਕਾਈ
ਪਰਦੇਸਾਂ ਵਿੱਚ ਬੈਠੇ ਵੀਰ ਹਿੱਸੇ ਆਉਂਦੀ ਏ ਜੁਦਾਈ
ਸੁੰਨੇ ਗੁੱਟ ਵੱਲ ਤੱਕ ਚਿਹਰੇ ’ਤੇ ਉਦਾਸੀ ਸੀ ਛਾਈ
ਖਿੜ ਗਿਆ ਚਿਹਰਾ ਜਦ ਰੱਖੜੀ ਡਾਕ ਵਿਚ ਆਈ
ਭੈਣ ਰੱਖੜੀ ਲਿਆਈ, ਬੜੇ ਈ ਚਾਈਂ ਚਾਈਂ ਆਈ
ਦਿਲਾਂ ਵਾਲੀ ਟੋਕਰੀ ਵਿੱਚ ਭਰ ਦੁਆਵਾਂ ਸੀਲਿਆਈ
* * *
ਸਾਲ ਪਿੱਛੋਂ
ਬੂਟਾ ਗੁਲਾਮੀ ਵਾਲਾ
ਸਾਲ ਪਿੱਛੋਂ ਦਿਨ ਆਇਆ
ਵੀਰ ਭੈਣ ਨੂੰ ਮਿਲਾਇਆ
ਸੋਹਣੇ ਗੁੱਟ ਉੱਤੇ ਰੱਖੜੀ ਸਜਾਈ ਵੀਰ ਨੇ
ਪਿਆਰ ਦੀਆਂ ਤੰਦਾਂ ਮਜ਼ਬੂਤ ਹੋ ਗਈਆਂ
ਜਦੋਂ ਭੈਣ ਕੋਲੋਂ ਰੱਖੜੀ ਬੰਨ੍ਹਾਈ ਵੀਰ ਨੇ
ਵੀਰ ਭੈਣ ਦਾ ਹੈ ਇਹਦੇ ’ਚ ਪਿਆਰ ਗੁੰਦਿਆ
ਸਾਰੀ ਜ਼ਿੰਦਗੀ ਦਾ ਚਾਅ ਤੇ ਮਲਾਰ ਗੁੰਦਿਆ
ਖ਼ੁਸ਼ ਹੋ ਗਈਆਂ ਬਹਾਰਾਂ
ਖਿੜ ਗਈਆਂ ਗੁਲਜ਼ਾਰਾਂ
ਜਦੋਂ ਭੈਣ ਅੱਗੇ ਕੀਤੀ ਸੀ ਕਲਾਈ ਵੀਰ ਨੇ
ਪਿਆਰ ਦੀਆਂ ਤੰਦਾਂ…
ਭੈਣ ਦੀ ਝੋਲੀ ਵਿਚ, ਪੈ ਗਏ ਬੜੇ ਸੁਖ ਨੇ
ਇੰਦਰਪੁਰੀ ਦੇ ਅੱਜ, ਦੇਵਤੇ ਵੀ ਖ਼ੁਸ਼ ਨੇ
ਸੋਹਣੀ ਰੱਖੜੀ ਦੀ ਤਾਰ
ਵਿੱਚ ਭੈਣ ਦਾ ਪਿਆਰ
ਚੁੰਮ ਸੌ ਸੌ ਵਾਰੀ ਮੱਥੇ ਨੂੰ ਲਾਈ ਵੀਰ ਨੇ
ਪਿਆਰ ਦੀਆਂ ਤੰਦਾਂ…
ਵੀਰ ਆਪਣੇ ਦੇ ਨਾਲ, ਕਦੇ ਨਾ ਰੁੱਸਦੀ
ਹਰ ਵੇਲੇ ਰੱਬ ਕੋਲੋਂ ਸੁੱਖਾਂ ਸੁੱਖਦੀ
ਮੰਗੇ ਰੱਬ ਕੋਲੋਂ ਖ਼ੈਰਾਂ
ਰਹਿਣ ਘਰ ’ਚ ਲਹਿਰਾਂ ਬਹਿਰਾਂ
ਭੈਣ ਕਦੇ ਵੀ ਨਾ ਦਿਲ ’ਚੋਂ ਭੁਲਾਈ ਵੀਰ ਨੇ
ਪਿਆਰ ਦੀਆਂ ਤੰਦਾਂ…
ਸੋਹਣਾ ਵੀਰ ਖ਼ੁਸ਼ੀਆਂ ’ਚ ਫੁੱਲਿਆ ਨਾ ਸਮਾਉਂਦਾ ਏ
‘ਗੁਲਾਮੀਵਾਲਾ ਬੂਟਾ’ ਗੱਲਾਂ ਸੱਚੀਆਂ ਸੁਣਾਉਂਦਾ ਏ
ਦਿੱਤਾ ਭੈਣ ਨੂੰ ਪਿਆਰ
ਕਹਿੰਦਾ ਵੱਸੇ ਸੰਸਾਰ
ਜਦੋਂ ਮੂੰਹ ’ਚ ਪੁਆਈ, ਮਠਿਆਈ ਵੀਰ ਨੇ
ਪਿਆਰ ਦੀਆਂ ਤੰਦਾਂ…
ਸੰਪਰਕ: 94171-97395
* * *
ਭੈਣ ਭਰਾ ਦਾ ਪਿਆਰ
ਮੁਨੀਸ਼ ਭਾਟੀਆ
ਪਰਿਵਾਰ ਲਈ ਖ਼ੁਸ਼ੀਆਂ ਲਿਆਉਂਦਾ,
ਸਾਉਣ ਦੇ ਛਰਾਟੇ ਵਾਂਗ,
ਭਰਾ ਦੀ ਲੰਬੀ ਉਮਰ ਅਤੇ
ਵਚਨ ਭੈਣ ਦੀ ਰੱਖਿਆ ਦਾ
ਪਵਿੱਤਰ ਤਿਉਹਾਰ ਰੱਖੜੀ!
ਪਿਆਰ ਦਾ ਹੈ ਤਿਉਹਾਰ,
ਅਹਿਸਾਸ-ਏ-ਮਸਰਤ ਹੁੰਦਾ ਜਿਸ ਤੋਂ,
ਰੇਸ਼ਮ ਦੇ ਧਾਗੇ ਵਿੱਚ ਬੰਨ੍ਹਿਆ,
ਭਾਈ-ਭੈਣ ਦਾ ਅਟੁੱਟ ਪਿਆਰ ਰੱਖੜੀ!
ਪਰਿਵਾਰ ਨੂੰ ਰੱਖਦਾ ਬੰਨ੍ਹ ਕੇ ,
ਮੁੜ ਮੁੜ ਮੋਹ ਨੂੰ ਜਗਾਉਂਦਾ,
ਕੱਚੇ ਧਾਗਿਆਂ ਵਿੱਚ ਬੰਨ੍ਹਿਆ
ਪਿਆਰ ਦਾ ਬੰਧਨ ਰੱਖੜੀ!
ਸੰਪਰਕ: 70271-20349