ਬਹਾਦਰ ਸਿੰਘ ਗੋਸਲ
ਸਰਸਾ ਨਦੀ ਰੋਪੜ ਤੋਂ 11 ਮੀਲ ਦੀ ਦੂਰੀ ’ਤੇ ਹੈ। ਸਰਸਾ ਪਾਰ ਕਰਕੇ ਅਤੇ ਪਠਾਣਾਂ ਨੂੰ ਸਬਕ ਸਿਖਾ ਕੇ ਗੁਰੂ ਜੀ ਦੋਵੇਂ ਵੱਡੇ ਸਾਹਿਬਜ਼ਾਦਿਆਂ ਅਤੇ ਬਚੇ ਹੋਏ 40 ਸਿੰਘਾਂ ਨਾਲ ਰੋਪੜ ਤੋਂ ਚਮਕੌਰ ਸਾਹਿਬ ਨੇੜੇ ਪਹੁੰਚ ਗਏ। ਚਮਕੌਰ ਸਾਹਿਬ ਰੋਪੜ ਤੋਂ 15 ਮੀਲ ਦੂਰ ਲਹਿੰਦੇ ਪਾਸੇ ਵੱਲ ਹੈ। ਜਦੋਂ ਇਹ ਜਥਾ ਚਮਕੌਰ ਸਾਹਿਬ ਨੇੜੇ ਪਹੁੰਚਿਆ ਤਾਂ ਸੂਹ ਮਿਲੀ ਕਿ ਦਿੱਲੀ ਤੋਂ ਦਸ ਲੱਖ ਮੁਗਲ ਸੈਨਾ ਉਨ੍ਹਾਂ ਦਾ ਪਿੱਛਾ ਕਰਨ ਲਈ ਚਮਕੌਰ ਸਾਹਿਬ ਨੇੜੇ ਪਹੁੰਚ ਚੁੱਕੀ ਹੈ। ਇਹ ਪਤਾ ਲੱਗਣ ’ਤੇ ਗੁਰੂ ਜੀ ਨੇ ਚਮਕੌਰ ਸਾਹਿਬ ਹੀ ਰੁਕਣ ਦੀ ਵਿਉਂਤ ਬਣਾਈ। ਇੱਥੇ ਰੁਕਣ ਦਾ ਦੂਜਾ ਵੱਡਾ ਕਾਰਨ ਇਹ ਵੀ ਸੀ ਕਿ ਸਿੰਘ ਸਵੇਰ ਤੋਂ ਭੁੱਖੇ ਸਨ ਤੇ ਥੱਕ-ਟੁੱਟ ਚੁੱਕੇ ਸਨ। ਚਮਕੌਰ ਸਾਹਿਬ ਠਹਿਰਨ ਲਈ ਉਨ੍ਹਾਂ ਨੇ ਪਿੰਡ ਦੀ ਇੱਕ ਉੱਚੇ ਥਾਂ ’ਤੇ ਬਣੀ ਦੋ ਭਰਾਵਾਂ ਬੁੱਧੀ ਚੰਦ ਅਤੇ ਗਰੀਬੂ ਦੀ ਹਵੇਲੀ, ਜੋ ਉਨ੍ਹਾਂ ਨੂੰ ਦੇ ਦਿੱਤੀ ਗਈ ਸੀ, ਵਿੱਚ ਆਪਣੇ ਡੇਰੇ ਲਗਾਏ। ਪਿੰਡ ਵਾਸੀਆਂ ਨੇ ਗੁਰੂ ਜੀ ਦਾ ਉੱਥੇ ਪਹੁੰਚਣਾ ਸੁਣ ਕੇ ਲੰਗਰ-ਪਾਣੀ ਨਾਲ ਸੇਵਾ ਕੀਤੀ। ਪਰ 7 ਪੋਹ ਦੀ ਰਾਤ ਨੂੰ ਹੀ ਮੁਗਲ ਸੈਨਾ ਨੇ ਉੱਥੇ ਪਹੁੰਚ ਕੇ ਕੱਚੀ ਗੜ੍ਹੀ ਨੂੰ ਘੇਰਾ ਪਾ ਲਿਆ। ਜ਼ਿਕਰਯੋਗ ਹੈ ਕਿ ਇਹ ਗੜ੍ਹੀ ਕਿਲ੍ਹਾ ਨਹੀਂ ਇੱਕ ਵੱਡੀ ਹਵੇਲੀ ਹੀ ਸੀ।
ਜਦੋਂ ਅੱਠ ਪੋਹ ਸੰਮਤ 1761 ਦਾ ਦਿਨ ਚੜਿ੍ਹਆ ਤਾਂ ਮੁਗਲ ਸੈਨਾ ਟਿੱਡੀ ਦਲ ਵਾਂਗ ਚੁਫੇਰਿਓਂ ਬੰਦੂਕਾਂ ਅਤੇ ਸ਼ਸਤਰ ਚਲਾਉਣ ਲੱਗੀ। ਉੱਧਰ ਗੁਰੂ ਜੀ ਨੇ ਵੀ ਆਪਣੀ ਯੁੱਧ ਨੀਤੀ ਅਨੁਸਾਰ ਅੱਠ-ਅੱਠ ਸਿੰਘਾਂ ਨੂੰ ਤੀਰਾਂ, ਬੰਦੂਕਾਂ ਅਤੇ ਸ਼ਸਤਰ ਨਾਲ ਲੈਸ ਕਰਕੇ ਗੜ੍ਹੀ ਦੇ ਚਾਰ ਕੋਨਿਆਂ ’ਤੇ ਤਾਇਨਾਤ ਕਰ ਦਿੱਤਾ। ਗੁਰੂ ਜੀ ਨੇ ਆਪ ਸਾਹਿਬਜ਼ਾਦਿਆਂ ਅਤੇ ਬਾਕੀ ਸਿੰਘਾਂ ਨਾਲ ਗੜ੍ਹੀ ਦੀ ਮਮਟੀ ’ਤੇ ਮੋਰਚਾ ਸੰਭਾਲ ਲਿਆ। ਸਿੰਘਾਂ ਦੀ ਗਿਣਤੀ ਵੀ ਘੱਟ ਸੀ ਅਤੇ ਉਨ੍ਹਾਂ ਕੋਲ ਹਥਿਆਰ ਅਤੇ ਗੋਲੀ-ਸਿੱਕਾ ਵੀ ਬਹੁਤਾ ਨਹੀਂ ਸੀ।
ਸਿੰਘਾਂ ਦੀ ਥੋੜੀ ਗਿਣਤੀ ਸੁਣ ਕੇ ਮੁਗਲ ਸੈਨਾ ਦੇ ਹੌਸਲੇ ਬਹੁਤ ਵੱਧ ਗਏ ਸਨ। ਉਹ ਵਾਰ-ਵਾਰ ਗੜ੍ਹੀ ’ਤੇ ਹਮਲੇ ਕਰਦੇ ਪਰ ਅੰਦਰੋਂ ਮੀਂਹ ਵਾਂਗ ਤੀਰਾਂ ਦੀ ਵਰਖਾ ਦੇਖ ਨੇੜੇ ਜਾਣ ਦਾ ਹੌਸਲਾ ਨਾ ਕਰਦੇ। ਗੜ੍ਹੀ ਦੀ ਓਟ ਵਿੱਚ ਸਿੰਘਾਂ ਦਾ ਜਾਨੀ ਨੁਕਸਾਨ ਬਹੁਤ ਘੱਟ ਹੋ ਰਿਹਾ ਸੀ। ਗਹਿ-ਗੱਚ ਲੜਾਈ ਵਿੱਚ ਨਾਹਰ ਖ਼ਾਨ, ਗੈਰਤ ਖ਼ਾਨ ਅਤੇ ਖੁਵਾਜਾ ਮੁਹੰਮਦ ਮਰਦੂਦ ਨੇ ਮਿਲ ਕੇ ਤਿੰਨਾਂ ਪਾਸਿਆਂ ਤੋਂ ਇਕੱਠਾ ਹਮਲਾ ਕੀਤਾ ਪਰ ਉਸੇ ਸਮੇਂ ਤੀਰਾਂ ਦੀ ਮਾਰ ਨਾਲ ਨਾਹਰ ਖ਼ਾਨ ਅਤੇ ਗੈਰਤ ਖ਼ਾਨ ਮਾਰੇ ਗਏ ਪਰ ਮੁਹੰਮਦ ਮਰਦੂਦ ਗੜ੍ਹੀ ਦੀ ਕੰਧ ਦਾ ਆਸਰਾ ਲੈ ਕੇ ਬਚ ਗਿਆ। ਮੁਗਲਾਂ ਨੇ ਪੌੜੀਆਂ ਲਗਾ ਕੇ ਹਵੇਲੀ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤਾ ਤਾਂ ਜਿਹੜਾ ਵੀ ਮੁਗਲ ਪੌੜੀ ਉੱਤੋਂ ਸਿਰ ਕੱਢਦਾ, ਤੀਰਾਂ ਨਾਲ ਵਿੰਨ੍ਹ ਦਿੱਤਾ ਜਾਂਦਾ। ਆਖਰ ਮੁਗਲਾਂ ਨੇ ਇੱਕਠੇ ਹੋ ਕੇ ਦਰਵਾਜ਼ੇ ਵਾਲੇ ਪਾਸਿਓਂ ਹਮਲਾ ਕਰਨ ਦੀ ਠਾਣੀ। ਗੁਰੂ ਜੀ ਨੇ ਵੀ ਪੰਜ-ਪੰਜ ਸਿੰਘਾਂ ਦੇ ਜਥੇ ਬਣਾ ਕੇ ਜੂਝਣ ਦਾ ਫ਼ੈਸਲਾ ਕੀਤਾ। ਦੋ ਜਥਿਆਂ ਦੇ ਸਰਦਾਰ ਦੋਹਾਂ ਸਾਹਿਬਜ਼ਾਦਿਆਂ ਨੂੰ ਬਣਾਇਆ ਗਿਆ। ਇਸ ਤਰ੍ਹਾਂ ਪੰਜ-ਪੰਜ ਸਿੰਘ ਜਾਂਦੇ ਅਤੇ ਜਦੋਂ ਉਹ ਸ਼ਹੀਦ ਹੋ ਜਾਂਦੇ ਤਾਂ ਪੰਜਾਂ ਦਾ ਦੂਜਾ ਜਥਾ ਜੂਝਣ ਲਈ ਜਾਂਦਾ।
ਇਸ ਸਮੇਂ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਦੀ ਉਮਰ 17 ਸਾਲ ਅਤੇ ਜੁਝਾਰ ਸਿੰਘ ਦੀ ਉਮਰ 15 ਸਾਲ ਦੀ ਸੀ। ਜਦੋਂ ਵੈਰੀਆਂ ਦਾ ਟਿੱਡੀ ਦਲ ਮਾਰੋ-ਮਾਰ ਕਰਦਾ ਗੜ੍ਹੀ ਦੇ ਦਰਵਾਜ਼ੇ ਵੱਲ ਵੱਧ ਰਿਹਾ ਸੀ ਤਾਂ ਸਾਹਿਬਜ਼ਾਦਾ ਅਜੀਤ ਸਿੰਘ ਪੰਜ ਸਿੰਘਾਂ ਦੇ ਜਥੇ ਨਾਲ ਜੈਕਾਰੇ ਲਗਾਉਂਦੇ ਹੋਏ ਮੈਦਾਨ-ਏ-ਜੰਗ ਵਿੱਚ ਜਾ ਪਹੁੰਚੇ। ਇਸ ਦੌਰਾਨ ਉਹ ਆਪਣੇ ਸਾਥੀ ਸਿੰਘਾਂ ਨਾਲ ਅਨੇਕਾਂ ਮੁਗਲਾਂ ਨੂੰ ਮਾਰਨ ਮਗਰੋਂ ਸ਼ਹੀਦੀ ਪਾ ਗਏ।
ਉਨ੍ਹਾਂ ਦੀ ਸ਼ਹੀਦੀ ਤੋਂ ਬਾਅਦ ਸਾਹਿਬਜ਼ਾਦਾ ਜੁਝਾਰ ਸਿੰਘ ਵੀ ਆਪਣਾ ਜਥਾ ਲੈ ਕੇ ਜੰਗ ਦੇ ਮੈਦਾਨ ਵਿੱਚ ਪਹੁੰਚੇ। ਉਹ ਵੀ ਮੁਗਲਾਂ ਦਾ ਡਟ ਕੇ ਟਾਕਰਾ ਕਰਦੇ ਹੋਏ ਸ਼ਹੀਦ ਹੋ ਗਏ। ਗੁਰੂ ਗੋਬਿੰਦ ਸਿੰਘ ਆਪਣੇ ਪੁੱਤਾਂ ਨੂੰ ਕੁਰਬਾਨ ਹੁੰਦੇ ਦੇਖ ਰਹੇ ਸਨ, ਜੋ ਸੰਸਾਰ ਵਿੱਚ ਇੱਕ ਅਚੰਬੇ ਦਾ ਵਰਤਾਰਾ ਸੀ।
ਸੰਪਰਕ: 98764-52223