ਪ੍ਰੋ. (ਡਾ.) ਕ੍ਰਿਸ਼ਨ ਕੁਮਾਰ ਰੱਤੂ
ਇਮਰਾਨ ਖ਼ਾਨ ਨੂੰ ਆਖਿ਼ਰਕਾਰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਲਾਂਭੇ ਹੋਣਾ ਪਿਆ ਹੈ। ਪਾਕਿਸਤਾਨ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਪ੍ਰਧਾਨ ਮੰਤਰੀ ਨੂੰ ਬੇਭਰੋਸਗੀ ਮਤੇ ਜ਼ਰੀਏ ਕੁਰਸੀ ਤੋਂ ਲਾਹਿਆ ਗਿਆ ਹੈ। ਬੇਭਰੋਸਗੀ ਮਤੇ ’ਤੇ ਵੋਟਿੰਗ ਵੇਲੇ ਕੌਮੀ ਅਸੈਂਬਲੀ ਦੇ 174 ਮੈਂਬਰਾਂ ਨੇ ਇਮਰਾਨ ਖ਼ਾਨ ਸਰਕਾਰ ਵਿਰੁੱਧ ਵੋਟ ਦਿੱਤਾ। ਇਸ ਤੋਂ ਪਹਿਲਾਂ ਦਿਨ ਭਰ ਸਪੀਕਰ ਅਤੇ ਡਿਪਟੀ ਸਪੀਕਰ ਮਤੇ ’ਤੇ ਵੋਟਿੰਗ ਟਾਲਦੇ ਰਹੇ। ਅੰਤ ਸਪੀਕਰ ਅਸਦ ਕੈਸਰ ਅਤੇ ਡਿਪਟੀ ਸਪੀਕਰ ਕਾਸਿਮ ਸੂਰੀ ਅਸਤੀਫ਼ਾ ਦੇ ਕੇ ਅਸੈਂਬਲੀ ਤੋਂ ਫਾਰਿਗ ਹੋ ਗਏ। ਅਦਾਲਤ ਦੇ ਹੁਕਮ ’ਤੇ ਰਾਤ 12 ਵਜੇ ਤੱਕ ਵੋਟਿੰਗ ਹੋਣੀ ਸੀ। ਇਮਰਾਨ ਦੀ ਪਾਰਟੀ ਪੀਟੀਆਈ (ਪਾਕਿਸਤਾਨ ਤਹਿਰੀਕ-ਏ-ਇਨਸਾਫ) ਅਤੇ ਇਮਰਾਨ ਖ਼ਾਨ ਸਮੇਤ ਸਭ ਲੋਕ ਬਿਨਾਂ ਵੋਟਿੰਗ ਸਦਨ ਤੋਂ ਚਲੇ ਗਏ। ਬਾਅਦ ਵਿਚ ਐਯਾਜ਼ ਸਦੀਕ ਨਵੇਂ ਬਣੇ ਸਪੀਕਰ ਅਤੇ ਵੋਟਿੰਗ ਹੋਈ।
ਪਾਕਿਸਤਾਨ ਦੇ ਬਾਨੀ ਕਾਇਦ-ਏ-ਆਜ਼ਮ ਮੁਹੰਮਦ ਅਲੀ ਜਿਨਾਹ ਸਮੇਤ ਸਾਰੇ ਦੇ ਸਾਰੇ ਪ੍ਰਧਾਨ ਮੰਤਰੀਆਂ ਅਤੇ ਫ਼ੌਜੀ ਤਾਨਸ਼ਾਹ ਸ਼ਾਸਕਾਂ ਦਾ ਕੋਈ ਵੀ ਕਾਰਜਕਾਲ ਅਮਨ-ਸ਼ਾਤੀ ਨਾਲ ਪੂਰਾ ਨਹੀਂ ਹੋ ਸਕਿਆ। ਇਸੇ ਲਈ ਪਾਕਿਸਤਾਨ ਵਿਚ ਅਸ਼ਾਂਤੀ ਤੇ ਨਾਮਨਿਹਾਦ ਜਮਹੂਰੀਅਤ ਰਹੀ ਹੈ। ਚੁਣੀਆਂ ਸਰਕਾਰਾਂ ਦੇ ਭ੍ਰਿਸ਼ਟਾਚਾਰ, ਜਗੀਰੂ ਜਿ਼ਮੇਦਾਰੀ ਪ੍ਰਭਾਵ, ਅਮਰੀਕਾ ਦਾ ਪਿਛਲਗੂ ਤੇ ਚੀਨ ਦਾ ਹੱਥ ਠੋਕਾ ਬਣਨ ਵਾਲੇ ਪਾਕਿਸਤਾਨ ਵਿਚ ਕੋਈ ਪ੍ਰਧਾਨ ਮੰਤਰੀ ਆਪਣਾ ਪੂਰਾ ਕਾਰਜਕਾਲ ਨਹੀਂ ਕਰ ਸਕਿਆ। ਉਨ੍ਹਾਂ ਨੂੰ ਜਾਂ ਤਾਂ ਫ਼ੌਜ ਨੇ ਉਤਾਰ ਦਿੱਤਾ ਜਾਂ ਫਿਰ ਫੁੱਟ ਦਾ ਸ਼ਿਕਾਰ ਹੋਕੇ ਸੱਤਾ ਤੋਂ ਬਾਹਰ ਹੋ ਗਏ।
ਹੁਣ ਪਾਕਿਸਤਾਨ ਵਿਚ ਪੁਰਾਣੇ ਪਾਕਿਸਤਾਨ ਅਤੇ ਨਵੇਂ ਪਾਕਿਸਤਾਨ ਦੀ ਚਰਚਾ ਹੋ ਰਹੀ ਹੈ। ਪੀਪੀਪੀ ਆਗੂ ਬਿਲਾਵਲ ਭੁੱਟੋ ਨੇ ‘ਵੈਲਕਮ ਪੁਰਾਣਾ ਪਾਕਿਸਤਾਨ’ ਅਤੇ ਸ਼ਹਬਿਾਜ਼ ਸ਼ਰੀਫ ਨੇ ਇਸ ਨੂੰ ਪਾਕਿਸਤਾਨ ਦਾ ‘ਨਵਾਂ ਸਵੇਰਾ’ ਕਿਹਾ ਹੈ।
ਭ੍ਰਿਸ਼ਟਾਚਾਰ ਵਿਰੋਧੀ ਰਾਜਨੀਤੀ ਦੇ ਮੈਦਾਨ ਉੱਤਰੇ ਇਮਰਾਨ ਖ਼ਾਨ ਨੇ ਜਦੋਂ ਆਪਣੀ ਪਾਰਟੀ ਦੀ ਸਰਕਾਰ ਬਣਾਈ ਸੀ ਤਾਂ ਨਵੇਂ ਪਾਕਿਸਤਾਨ ਦਾ ਨਾਅਰਾ ਬੁਲੰਦ ਕੀਤਾ ਸੀ। ਤਕਰੀਬਨ ਪੌਣੇ ਚਾਰ ਸਾਲ ਸੱਤਾ ਵਿਚ ਰਹਿਣ ਬਾਅਦ ਜਿਸ ਪਾਕਿਸਤਾਨ ਨੂੰ ਇਮਰਾਨ ਖ਼ਾਨ ਨੇ ਛੱਡਿਆ ਹੈ, ਉਹ ਹੁਣ ਅਮਰੀਕਾ ਦੇ ਵਿਰੋਧ ਵਿਚ ਰੂਸ ਦੀ ਕੂਟਨੀਤੀ ਅਤੇ ਚੀਨੀ ਚੁੰਗਲ ਵਿਚ ਬੁਰੀ ਤਰ੍ਹਾਂ ਫਸਿਆ ਕੰਗਾਲੀ ਅਤੇ ਮੰਦਹਾਲੀ ਦੇ ਮੁਹਾਨੇ ’ਤੇ ਖੜ੍ਹਾ ਹੈ।
ਪਾਕਿਸਤਾਨ ਦੀ ਆਰਥਿਕਤਾ ਇਸ ਵੇਲੇ ਅਮੀਰ ਹੈ। ਅਰਬਾਂ ਡਾਲਰ ਚੀਨੀ ਕਰਜ਼ਾ ਹੈ। ਇਸ ਤੋਂ ਇਲਾਵਾ ਸਾਊਦੀ ਅਰਬ ਤੇ ਦੁਬਈ ਦਾ ਕਰੋੜਾਂ ਡਾਲਰਾਂ ਦਾ ਕਰਜ਼ਾ ਸੰਸਾਰ ਬੈਂਕ ਤੇ ਇਸਲਾਮੀ ਬੈਂਕ ਦਾ ਕਰਜ਼ਾ ਅਤੇ ਉਸ ਦੀ ਵਿਆਜ ਅਦਾਇਗੀ ਨੇ ਪਾਕਿਸਤਾਨੀ ਅਰਥਿਕਤਾ ਦਾ ਜਨਾਜ਼ਾ ਕੱਢਿਆ ਹੈ। ਮਹਿੰਗਾਈ, ਵਿਸੇਸ਼ ਕਰਕੇ ਖਾਣ ਪੀਣ ਤੇ ਤੇਲ ਗੈਸ ਦੀਆਂ
ਕੀਮਤਾਂ ਨੇ ਪਾਕਿਸਤਾਨ ਦੀ ਹਾਲਤ ਵੀ ਸ੍ਰੀਲੰਕਾ ਵਾਲੀ ਕੀਤੀ ਹੋਈ ਹੈ। ਸੰਸਾਰ ਬੈਂਕ ਦੀ ਆਰਥਿਕ ਰਿਪੋਰਟ ਵਿਚ ਏਸਿ਼ਆਈ ਮੁਲਕਾਂ ਦੇ ਸਰਵੇਖਣ ਵਿਚ ਜਿਨ੍ਹਾਂ ਮੁਲਕਾਂ ਦੀ ਜੀਡੀਪੀ ’ਤੇ ਚਿੰਤਾਂ ਜ਼ਾਹਿਰ ਕੀਤੀ ਗਈ ਹੈ, ਉਸ ਵਿਚ ਪਾਕਿਸਤਾਨ, ਮਿਆਂਮਾਰ ਸ੍ਰੀਲੰਕਾ ਸਭ ਤੋਂ ਥੱਲੇ ਹਨ।
ਇਸ ਵਾਰੀ ਜਦੋਂ ਵਿਰੋਧੀ ਧਿਰ ਨੇ ਇਮਰਾਨ ਸਰਕਾਰ ਖਿਲਾਫ਼ ਬੇਭਰੋਸਗੀ ਮਤਾ ਲਿਆਂਦਾ ਤਾਂ ਉਨ੍ਹਾਂ ਨੇ ਵਿਦੇਸ਼ੀ ਤਾਕਤ (ਅਮਰੀਕਾ) ’ਤੇ ਆਪਣੀ ਸਰਕਾਰ ਨੂੰ ਅਸਥਿਰ ਕਰਨ ਦੇ ਇਲਜ਼ਾਮ ਅਸੈਂਬਲੀ ਵਿਚ ਅਤੇ ਕੌਮੀ ਸੰਬੋਧਨ ਵਿਚ ਲਗਾਏ ਸਨ। ਇਸ ਨਾਲ ਪਾਕਿਸਤਾਨ ਖਿ਼ਲਾਫ਼ ਅਮਰੀਕਾ ਦਾ ਗੁੱਸਾ ਵੀ ਭੜਕਿਆ। ਇਹੀ ਕਾਰਨ ਹੈ ਕਿ ਉਹ ਫੌਜੀ ਜੁੰਡਲੀ ਜਿਸ ਦੇ ਸਮਰਥਨ ਕਾਰਨ ਉਹ ਸੱਤਾ ਵਿਚ ਆਏ ਸਨ, ਉਹ ਵੀ ਵਿਰੁੱਧ ਹੋ ਗਈ। ਅਜਿਹੀ ਸੂਰਤ ਵਿਚ ਅਮਰੀਕੀ ਸਰਕਾਰ ਨੇ ਕਿਹਾ ਕਿ ਉਹ ਪਾਕਿਸਤਾਨ ਦੀ ਘਟਨਾਵਾਂ ’ਤੇ ਨਜ਼ਰ ਰੱਖ ਰਹੀ ਹੈ ਤੇ ਨਾਲ ਹੀ ਇਹ ਅਪੀਲ ਵੀ ਕੀਤੀ ਕਿ ਪਾਕਿਸਤਾਨ ਦੀਆਂ ਸਾਰੀਆਂ ਪਾਰਟੀਆਂ ਨੂੰ ਜਮਹੂਰੀਅਤ ਤੇ ਸੰਵਿਧਾਨ ਵਿਚ ਯਕੀਨ ਰੱਖਣਾ ਚਾਹੀਦਾ ਹੈ।
ਸ਼ਹਬਿਾਜ਼ ਸ਼ਰੀਫ ਹੁਣ ਅਗਲੇ ਪ੍ਰਧਾਨ ਮੰਤਰੀ ਹਨ। ਪੀਟੀਆਈ ਦੇ ਕਾਰਕੁਨਾਂ ਅਤੇ ਸਾਬਕਾ ਮੰਤਰੀਆਂ ਨੂੰ ਅਜੇ ਵੀ ਡਰ ਹੈ ਕਿ ਉਨ੍ਹਾਂ ਦੀ ਗਿਰਫ਼ਤਾਰੀ ਹੋ ਸਕਦੀ ਹੈ ਹਾਲਾਂਕਿ ਕੌਮੀ ਅਸੈਂਬਲੀ ਵਿਚ ਸ਼ਹਬਿਾਜ ਸ਼ਰੀਫ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਕੋਈ ਵੀ ਕੰਮ ਬਦਲੇ ਦੀ ਭਾਵਨਾ ਨਾਲ ਨਹੀਂ ਕਰੇਗੀ। ਉਂਝ ਦਿਲਚਸਪ ਤੱਥ ਇਹ ਹੈ ਕਿ 2018 ਵਿਚ ਸ਼ਹਬਿਾਜ਼ ਸ਼ਰੀਫ ਉੱਤੇ ਵੀ ਮਨੀ ਲਾਂਡਰਿੰਗ ਦਾ ਕੇਸ ਚੱਲ ਰਿਹਾ ਹੈ। ਪਾਕਿਸਤਾਨੀ ਸੰਵਿਧਾਨ ਦੀ ਧਾਰਾ 63-ਏ ਅਧੀਨ ਇਹ ਕੇਸ ਪਹਿਲਾਂ ਉਨ੍ਹਾਂ ਦੇ ਭਰਾ ਤੇ ਸਾਬਕਾ ਪ੍ਰਧਾਨਮੰਤਰੀ ਨਵਾਜ਼ ਸ਼ਰੀਫ ’ਤੇ ਵੀ ਪਨਾਮਾ ਪੇਪਰਜ਼ ਮਾਮਲੇ ਵਿਚ ਚੱਲ ਰਿਹਾ ਹੈ। ਅੱਜ ਕੱਲ੍ਹ ਉਹ ਲੰਡਨ ਵਿਚ ਹਨ। ਸਾਬਕਾ ਸ਼ਾਸਕ, ਜਨਰਲ ਪਰਵੇਜ਼ ਮੁਸ਼ੱਰਫ ਦੁਬਈ ਵਿਚ ਹਨ। ਹੋ ਸਕਦਾ ਹੈ, ਆਉਣ ਵਾਲੇ ਸਮੇਂ ਵਿਚ ਸ਼ਹਬਿਾਜ਼ ਸ਼ਰੀਫ਼ ਦੀ ਮਿਲੀ-ਜੁਲੀ ਸਰਕਾਰ ਇਨ੍ਹਾਂ ਵੱਡੇ ਨੇਤਾਵਾਂ ਨੂੰ ਦੇਸ਼ ਲਿਆਉਣ ਦਾ ਕੋਈ ਸੌਖਾ ਰਸਤਾ ਕੱਢ ਲਵੇ। ਸ਼ਹਬਿਾਜ਼ ਸ਼ਰੀਫ਼ ਪਹਿਲਾ ਤਿੰਨ ਵਾਰੀ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਪਾਕਿਸਤਾਨ ਵਰਗੇ ਮੁਲਕ ਵਿਚ ਲੋਕਰਾਜੀ ਪਾਰਟੀਆਂ ਦਾ ਵਿਸਥਾਰ ਅਤੇ ਸੱਤਾ ਵਿਚ ਆਉਣਾ ਭਾਰਤ ਲਈ ਚੰਗਾ ਸੰਦੇਸ਼ ਹੈ। ਉਂਝ ਭਾਰਤ ਤੇ ਪਾਕਿਸਤਾਨ ਦੇ ਸਬੰਧ ਇਮਰਾਨ ਖ਼ਾਨ ਦੇ ਕਾਰਜਕਾਲ ਵਿਚ ਕਦੀ ਚੰਗੇ ਨਹੀਂ ਰਹੇ। ਮਾਹੌਲ ਬਹੁਤ ਅਣਸੁਖਾਵਾਂ ਰਿਹਾ ਹੈ। ਸਭ ਤੋਂ ਜਿ਼ਆਦਾ ਸਰੱਹਦੀ ਗੋਲੀਬਾਰੀ ਦੀਆਂ ਘਟਨਾਵਾਂ ਇਸੇ ਸਮੇਂ ਦੌਰਾਨ ਹੀ ਹੋਈਆਂ ਹਨ।
ਇਹ ਸੱਚ ਹੈ ਕਿ ਦੋਹਾਂ ਮੁਲਕਾ ਵਿਚ ਸਦਾ ਅਣਸੁਖਾਵਾਂ ਮਾਹੌਲ ਰਿਹਾ ਹੈ। ਇਹ ਵੀ ਸਚਾਈ ਹੈ ਕਿ ਲੱਖਾਂ ਲੋਕਾਂ ਦਾ ਰੋਟੀ ਬੇਟੀ ਦਾ ਰਿਸ਼ਤਾ ਹੈ। ਪਾਕਿਸਤਾਨ ਵਿਚ ਅਸਥਿਰਤਾ ਵਾਲਾ ਸਿਆਸੀ ਮਾਹੌਲ ਭਾਰਤ ਲਈ ਹਮੇਸ਼ਾ ਚਿੰਤਾ ਦਾ ਵਿਸ਼ਾ ਰਿਹਾ ਹੈ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਪਰਵੇਜ਼ ਮੁਸ਼ੱਰਫ ਹਕੂਮਤ ਵੇਲੇ ਅੰਮ੍ਰਿਤਸਰ ਤੋਂ ਲਾਹੌਰ ਗਏ ਸਨ ਤਾਂ ਸਭ ਤੋਂ ਵਧੀਆ ਰਿਸ਼ਤਿਆਂ ਦਾ ਦੌਰ ਸੀ। ਫਿਰ ਜਦੋਂ ਕਾਰਗਿਲ ਵਾਪਰਿਆ ਤਾਂ ਵਾਜਪਾਈ ਨੇ ਕਿਹਾ ਸੀ- ਅਸੀਂ ਗੁਆਂਢੀ ਨੂੰ ਕਿਵੇਂ ਬਦਲ ਸਕਦੇ ਹਾਂ?
ਰਾਜਨੀਤਕ ਰਿਸ਼ਤਿਆਂ ਵਿਚ ਭਾਰਤ ਤੇ ਪਾਕਿਸਤਾਨ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਦੋਵੇਂ ਮੁਲਕ ਪਰਮਾਣੂ ਤਾਕਤਾਂ ਹਨ ਅਤੇ ਇਕੋ ਮੁਲਕ ਦੇ ਦੋ ਹਿੱਸੇ ਹਨ। ਆਸ ਕਰਨੀ ਚਾਹੀਦੀ ਹੈ ਕਿ ਦੋਹਾਂ ਮੁਲਕਾਂ ਵਿਚਕਾਰ ਸ਼ਾਂਤੀ ਦਾ ਨਵਾਂ ਦੌਰ ਸ਼ੁਰੂ ਹੋਵੇਗਾ। ਪਾਕਿਸਤਾਨ ਵਿਚ ਜੇ ਸਥਿਰ ਸਰਕਾਰ ਅਤੇ ਰਾਜਨੀਤਕ ਸਥਿਰਤਾ ਦਾ ਮੁੱਢ ਬੱਝਦਾ ਹੈ ਤਾਂ ਇਹ ਭਾਰਤ ਲਈ ਸੁੱਖ ਦੀ ਘੜੀ ਹੋਵੇਗਾ।
*ਲੇਖਕ ਦੂਰਦਰਸ਼ਨ ਦੇ ਸਾਬਕਾ ਉਪ ਮਹਾਂ ਨਿਰਦੇਸ਼ਕ ਰਹੇ ਹਨ।
ਸੰਪਰਕ: 94787-30156