ਪ੍ਰਿੰ. ਹਰਦੀਪ ਸਿੰਘ
ਭਾਰਤ ਵੰਨ-ਸੁਵੰਨੇ ਸਭਿਆਚਾਰਾਂ ਨਾਲ ਭਰਿਆ ਮੁਲਕ ਹੈ। ਭਾਰਤ ਦੇ ਉੱਤਰ-ਪੂਰਬੀ ਸੂਬੇ ਵਿਲੱਖਣ ਸੱਭਿਆਚਾਰ ਤੇ ਕੁਦਰਤੀ ਸੁਹੱਪਣ ਨਾਲ ਸੋਂਹਦੇ ਹਨ। ਜ਼ਿਆਦਾਤਰ ਲੋਕਾਂ ਨੂੰ ਉੱਤਰ-ਪੂਰਬੀ ਸੂਬਿਆਂ ਬਾਰੇ ਬਹੁਤ ਘੱਟ ਜਾਣਕਾਰੀ ਹੈ। ਸੱਤ ਭੈਣਾਂ ਤੇ ਇਕ ਭਰਾ ਦੇ ਨਾਮ ਨਾਲ ਜਾਣੇ ਜਾਂਦੇ ਸੂਬੇ ਸਿੱਕਿਮ, ਆਸਾਮ, ਅਰੁਣਾਚਲ ਪ੍ਰਦੇਸ਼, ਮੇਘਾਲਿਆ, ਮਿਜ਼ੋਰਮ, ਮਨੀਪੁਰ, ਤ੍ਰਿਪੁਰਾ ਅਤੇ ਨਾਗਾਲੈਂਡ ਸੂਬੇ ਸਾਡੇ ਮੁਲਕ ਦੀ ਅਮੀਰ ਸੰਸਕ੍ਰਿਤੀ ਤੇ ਵਿਰਾਸਤ ਨੂੰ ਸੰਭਾਲੀ ਬੈਠੇ ਹਨ। ਨੱਬੇ ਫ਼ੀਸਦੀ ਉੱਤਰ-ਪੂਰਬੀ ਖਿੱਤੇ ਦੀ ਸਰਹੱਦ ਚੀਨ, ਮਿਆਂਮਾਰ, ਬੰਗਲਾਦੇਸ਼ ਅਤੇ ਭੂਟਾਨ ਵਰਗੇ ਮੁਲਕਾਂ ਨਾਲ ਲੱਗਦੀ ਹੈ। ਇਸ ਖਿੱਤੇ ਵਿਚ 220 ਤੋਂ ਵਧੇਰੇ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਮੁਲਕ ਦਾ ਇਹ ਇਕਲੌਤਾ ਅਜਿਹਾ ਖਿੱਤਾ ਸੀ ਜਿੱਥੇ ਮੁਗ਼ਲ ਸਾਮਰਾਜ ਆਪਣੀ ਸੱਤਾ ਦਾ ਵਿਸਥਾਰ ਨਹੀਂ ਕਰ ਸਕਿਆ। ਅਹੋਮ ਵੰਸ਼ ਨੇ ਉੱਤਰ-ਪੂਰਬੀ ਸੂਬਿਆਂ ’ਤੇ ਤਕਰੀਬਨ 600 ਸਾਲ ਰਾਜ ਕੀਤਾ। ਦੁਨੀਆਂ ਦਾ ਸਭ ਤੋਂ ਵੱਡਾ ਦਰਿਆਈ ਟਾਪੂ ਮਾਜੁਲੀ ਦੀਪ ਅਤੇ ਸਭ ਤੋਂ ਛੋਟਾ ਦਰਿਆਈ ਟਾਪੂ ਉਮਾਨੰਦਾ ਵੀ ਇੱਥੋਂ ਦੀ ਵਿਲੱਖਣਤਾ ਨੂੰ ਦਰਸਾਉਂਦਾ ਹੈ। ਭਾਰਤ ਦੇ 70 ਫ਼ੀਸਦੀ ਬਾਗ਼ ਵੀ ਉੱਤਰ-ਪੂਰਬ ਵਿਚ ਹੀ ਸਥਿਤ ਹਨ। ਸੀ.ਸੀ.ਆਰ.ਟੀ. ਨਵੀਂ ਦਿੱਲੀ ਵੱਲੋਂ ਲਗਾਈ ਇਕ ਵਰਕਸ਼ਾਪ ਦੌਰਾਨ ਜਨਵਰੀ 2020 ਵਿਚ ਮੁਲਕ ਦੇ ਇਸ ਖੇਤਰ ਦੇ ਵੱਖ ਵੱਖ ਸੂਬਿਆਂ ਵਿਚ ਜਾਣ ਅਤੇ ਉਨ੍ਹਾਂ ਦੇ ਅਮੀਰ ਵਿਰਸੇ ਤੇ ਖ਼ੂਬੀਆਂ ਨੂੰ ਨੇੜਿਓਂ ਤੱਕਣ ਦਾ ਮੌਕਾ ਮਿਲਿਆ। ਇਨ੍ਹਾਂ ਅੱਠ ਸੂਬਿਆਂ ਦੇ ਕੁਝ ਅਹਿਮ ਪਹਿਲੂ ਨੋਟ ਕਰਨ ਯੋਗ ਹਨ ਜੋ ਪਾਠਕਾਂ ਨਾਲ ਸਾਂਝੇ ਕਰ ਰਿਹਾ ਹਾਂ।
ਚੜ੍ਹਦੇ ਸੂਰਜ ਦੀ ਧਰਤੀ ਵਾਲਾ ਸੂਬਾ ਅਰੁਣਾਚਲ ਪ੍ਰਦੇਸ਼: ਭਾਰਤ ਦਾ ਚੜ੍ਹਦੇ ਸੂਰਜ ਵਾਲਾ ਸੂਬਾ ਅਰੁਣਾਚਲ ਪ੍ਰਦੇਸ਼ ਪਹਿਲਾਂ ਨਾਰਥ ਈਸਟ ਫਰੰਟੀਅਰ ਏਜੰਸੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ। 20 ਜਨਵਰੀ 1972 ਨੂੰ ਇਸ ਨੂੰ ਅਰੁਣਾਚਲ ਪ੍ਰਦੇਸ਼ ਦਾ ਨਾਮ ਮਿਲਿਆ। 1962 ਦੀ ਭਾਰਤ ਚੀਨ ਜੰਗ ਦੌਰਾਨ ਤਵਾਂਗ ਸਮੇਤ ਇਸ ਸੂਬੇ ਦੇ ਬਹੁਤੇ ਹਿੱਸੇ ’ਤੇ ਚੀਨ ਨੇ ਕਬਜ਼ਾ ਕਰ ਲਿਆ ਸੀ, ਪਰ 1963 ਦੀ ਜੰਗਬੰਦੀ ਉਪਰੰਤ ਮੈਕਮੋਹਨ ਲਾਈਨ ਤੱਕ ਦਾ ਭਾਰਤੀ ਹਿੱਸਾ ਚੀਨ ਵੱਲੋਂ ਵਾਪਸ ਕਰ ਦਿੱਤਾ ਗਿਆ। ਇਸ ਸੂਬੇ ਦੀ ਚੀਨ, ਮਿਆਂਮਾਰ ਅਤੇ ਭੂਟਾਨ ਨਾਲ 1630 ਕਿਲੋਮੀਟਰ ਲੰਬੀ ਸਰਹੱਦ ਲੱਗਦੀ ਹੈ। ਮੁਲਕ ਦੇ ਇਸ ਸੂਬੇ ਵਿਚ ਜਾਣ ਤੋਂ ਪਹਿਲਾਂ ਭਾਰਤੀ ਨਾਗਰਿਕਾਂ ਨੂੰ ਵੀ ਆਈ.ਐਲ.ਪੀ. (ਇਨਰ ਲਾਈਨ ਪਰਮਿਟ) ਲੈਣਾ ਪੈਂਦਾ ਹੈ। ਇਸ ਸੂਬੇ ਦੀ ਸੱਭਿਆਚਾਰਕ ਤੇ ਭੂਗੋਲਿਕ ਦਿੱਖ ਨੂੰ ਸੁਰੱਖਿਅਤ ਰੱਖਣ ਲਈ ਸੂਬੇ ਵਿਚ ਐਂਟਰੀ ਲਈ ਪਰਮਿਟ ਲੈਣਾ ਜ਼ਰੂਰੀ ਕਰਾਰ ਦਿੱਤਾ ਗਿਆ ਹੈ। ਆਸਾਮ ਨਾਲ ਅਰੁਣਾਚਲ ਪ੍ਰਦੇਸ਼ ਨੂੰ ਜੋੜਨ ਵਾਲਾ ਭਾਰਤ ਦਾ ਸਭ ਤੋਂ ਲੰਬਾ ਪੁਲ ਧੋਲਾ-ਸਾਦੀਆ ਵੀ ਇਸ ਦੀ ਵਿਰਾਸਤੀ ਧਰੋਹਰ ਹੈ। ਇਸ ਸੂਬੇ ਵਿਚ ਮੁਲਕ ਦੀ ਸਭ ਤੋਂ ਵਿਰਲੀ ਜਨਸੰਖਿਆ ਪਾਈ ਜਾਂਦੀ ਹੈ। ਇੱਥੇ ਇਕ ਵਰਗ ਕਿਲੋਮੀਟਰ ਖੇਤਰ ਵਿਚ ਸਿਰਫ਼ 13 ਲੋਕ ਰਹਿੰਦੇ ਹਨ। ਉੱਤਰ ਪੂਰਬੀ ਸੂਬਿਆਂ ਵਿਚ ਇਹ ਇਕਲੌਤਾ ਹਿੰਦੀ ਬੋਲਣ ਵਾਲਾ ਖਿੱਤਾ ਹੈ। ਦੁਨੀਆਂ ਦੇ ਦੂਜੇ ਅਤੇ ਭਾਰਤ ਦੇ ਪਹਿਲੇ ਨੰਬਰ ਦਾ 400 ਸਾਲਾ ਪੁਰਾਣਾ ਮੱਠ ‘ਤਵਾਂਗ ਮੱਠ’ ਇਸ ਸੂਬੇ ਦੇ ਧਾਰਮਿਕ ਸੁਹੱਪਣ ਦੀ ਗਵਾਹੀ ਭਰਦਾ ਹੈ। ਤਿੰਨ ਮੰਜ਼ਿਲੇ ਇਸ ਮੱਠ ਵਿਚ ਲੱਗੇ ਮਹਾਤਮਾ ਬੁੱਧ ਦੇ 28 ਫੁੱਟ ਉੱਚੇ ਬੁੱਤ ਦੇ ਦਰਸ਼ਨ ਕਰ ਬੋਧੀ ਭਿਕਸ਼ੂ ਮੋਕਸ਼ ਦੀ ਪ੍ਰਾਪਤੀ ਦੀ ਪ੍ਰਾਰਥਨਾ ਕਰਦੇ ਹਨ। ਲਹਾਸਾ (ਤਿੱਬਤ) ਦਾ ਪੋਟਾਲਾ ਪੈਲੇਸ ਮੌਨੈਸਟਰੀ ਦੁਨੀਆਂ ਦੇ ਸਭ ਤੋਂ ਲੰਬੇ ਮੱਠ ਵਜੋਂ ਪ੍ਰਸਿੱਧ ਹੈ। 26 ਪ੍ਰਮੁੱਖ ਕਬੀਲਿਆਂ ਅਤੇ 100 ਉਪ ਕਬੀਲਿਆਂ ਦੀ ਵਿਰਾਸਤ ਵਾਲੀ ਧਰਤੀ ਅਮੀਰ ਸੱਭਿਆਚਾਰ ਦੇ ਨਜ਼ਾਰੇ ਪੇਸ਼ ਕਰਦੀ ਹੈ।
ਦੇਸ਼ ਦਾ ਸਭ ਤੋਂ ਸਾਫ਼-ਸੁਥਰਾ ਸੂਬਾ ਸਿੱਕਿਮ: ਪ੍ਰਧਾਨ ਮੰਤਰੀ ਦੀ ਸਵੱਛ ਭਾਰਤ ਮੁਹਿੰਮ ਵਿਚ ਸਿੱਕਿਮ ਨੂੰ ਸਭ ਤੋਂ ਸਾਫ਼ ਸੂਬੇ ਦਾ ਖਿਤਾਬ ਹਾਸਲ ਹੈ। ਦੁਨੀਆਂ ਦੀ ਤੀਜੇ ਨੰਬਰ ਦੀ ਸਭ ਤੋਂ ਉੱਚੀ ਚੋਟੀ ਕੰਚਨਜੰਗਾ ਸਿੱਕਿਮ ਦੀ ਸ਼ੋਭਾ ਨੂੰ ਚਾਰ ਚੰਨ ਲਗਾਉਂਦੀ ਹੈ। ਮੁਲਕ ਵਿਚ ਇਲਾਇਚੀ ਦੀ ਸਭ ਤੋਂ ਵਧੇਰੇ ਪੈਦਾਵਾਰ ਵੀ ਇਸ ਸੂਬੇ ਵਿਚ ਹੁੰਦੀ ਹੈ। 75 ਹਜ਼ਾਰ ਹੈਕਟੇਅਟਰ ਭੂਮੀ ’ਤੇ ਨਿਰੋਲ ਜੈਵਿਕ ਖੇਤੀ ਕਰਨ ਵਾਲੇ ਇਸ ਸੂਬੇ ਵਿਚ ਰਸਾਇਣਕ ਖਾਦਾਂ ਦੀ ਵਰਤੋਂ ਨਹੀ ਕੀਤੀ ਜਾਂਦੀ। ਹਿੰਦੂ ਧਰਮ ਤੋਂ ਬਾਅਦ ਬੁੱਧ ਧਰਮ ਦੇ ਅਨੁਯਾਈ ਇਸ ਸੂਬੇ ਵਿਚ ਵਧੇਰੇ ਪਾਏ ਜਾਂਦੇ ਹਨ ਜਿਸ ਕਰਕੇ ਸਿੱਕਿਮ ਵਿਚ 200 ਤੋਂ ਜ਼ਿਆਦਾ ਬੋਧੀ ਮੱਠ ਹਨ। ਸਿੱਕਿਮ ਦੀ ਹੱਦ ਭਾਰਤ ਦੇ ਇਕਲੌਤੇ ਪੱਛਮੀ ਬੰਗਾਲ ਸੂਬੇ ਨਾਲ ਲੱਗਦੀ ਹੈ ਜਦੋਂਕਿ ਪੂਰਬ ਵਿਚ ਭੂਟਾਨ, ਪੱਛਮ ਵਿਚ ਨੇਪਾਲ ਅਤੇ ਉੱਤਰ ਵਿਚ ਚੀਨ ਨਾਲ ਇਸ ਦੀ ਕੌਮਾਂਤਰੀ ਸਰਹੱਦ ਲੱਗਦੀ ਹੈ। ਸਿੱਕਿਮ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਪਲਾਸਟਿਕ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੋਈ ਹੈ। ਸਿੱਕਿਮ ਦੇ ਇਕ ਸਰਕਾਰੀ ਸਕੂਲ ਦਾ ਦੌਰਾ ਕਰਨ ਉਪਰੰਤ ਪਤਾ ਲੱਗਾ ਕਿ ਉੱਥੇ ਕੂੜਾਦਾਨ ਮੁਕਤ ਸਕੂਲ ਹੈ। ਬੱਚੇ ਘਰਾਂ ਤੋਂ ‘ਕਚਰੇ’ ਲਈ ਅਲੱਗ ਬੈਗ ਲੈ ਕੇ ਆਉਂਦੇ ਹਨ। ਲੈਪਚਾਜ਼ ਕਬੀਲਾ ਇੱਥੋਂ ਦਾ ਮੂਲ ਨਿਵਾਸੀ ਕਬੀਲਾ ਹੈ। ਭੂਟੀਆ ਕਬੀਲਾ ਨੌਵੀਂ ਸਦੀ ਵਿਚ ਤਿੱਬਤ ਤੋਂ ਪਰਵਾਸ ਕਰਕੇ ਸਿੱਕਿਮ ਵਿਚ ਆਇਆ ਸੀ ਜਿਨ੍ਹਾਂ ਨੇ ਸਿੱਕਿਮ ਨੂੰ ‘ਡੈਂਜ਼ੋਗ’ ਭਾਵ ਚਾਵਲ ਦੀ ਘਾਟੀ ਕਹਿ ਕੇ ਪੁਕਾਰਿਆ। 19ਵੀਂ ਸਦੀ ਵਿਚ ਬਹੁਤ ਸਾਰੇ ਨੇਪਾਲੀ ਲੋਕਾਂ ਨੇ ਵੀ ਇੱਥੇ ਪਰਵਾਸ ਕੀਤਾ ਅਤੇ ਪਹਾੜੀ ਢਲਾਣਾਂ ’ਤੇ ਝੋਨੇ ਅਤੇ ਕਾਲੀ ਇਲਾਇਚੀ ਦੀ ਖੇਤੀ ਕੀਤੀ। ਸਿੱਕਿਮ ਮੁਲਕ ਦਾ ਸਭ ਤੋਂ ਘੱਟ ਆਬਾਦੀ ਵਾਲਾ ਰਾਜ ਹੈ ਜੋ ਖੇਤਰਫਲ ਪੱਖੋਂ ਦੇਸ਼ ਦਾ ਦੂਜੇ ਨੰਬਰ ਵਾਲਾ ਸੂਬਾ ਹੈ। ਸਾਂਗੋ ਝੀਲ ਤੇ ਨਾਥੂ ਲਾ ਦੇਖਣਯੋਗ ਸਥਾਨ ਹਨ।
ਕਮਾਖਿਆ ਮਾਤਾ ਮੰਦਿਰ ਵਾਲਾ ਰਾਜ ਆਸਾਮ: ਦੁਨੀਆਂ ਦਾ ਸਭ ਤੋਂ ਮਸ਼ਹੂਰ ਇਕ ਸਿੰਙ ਵਾਲਾ ਗੈਂਡਾ ਉੱਤਰ ਪੂਰਬੀ ਸੂਬੇ ਆਸਾਮ ਦੇ ਕਾਜ਼ੀਰੰਗਾ ਨੈਸ਼ਨਲ ਪਾਰਕ ਵਿਚ ਦੇਖਿਆ ਜਾ ਸਕਦਾ ਹੈ। ਦੇਸ਼ ਦੀ ਸਭ ਤੋਂ ਪੁਰਾਣੀ ਰਿਫਾਇਨਰੀ ਡਿਗਬੋਈ ਵੀ ਇਸ ਸੂਬੇ ਦੀ ਸ਼ੋਭਾ ਵਧਾਉਂਦੀ ਹੈ। ਆਸਾਮ ਵਿਚ ਹੀ ਦੇਸ਼ ਵਿਚ ਸਭ ਤੋਂ ਜ਼ਿਆਦਾ ਜੈਵਿਕ ਵਿਭਿੰਨਤਾ ਪਾਈ ਜਾਂਦੀ ਹੈ। ਭਾਰਤ ਦਾ ਸਭ ਤੋਂ ਵੱਡਾ ਸ਼ਕਤੀਪੀਠ ਮਾਂ ਕਮਾਖਿਆ ਦੇਵੀ ਮੰਦਰ ਗੁਹਾਟੀ ਦੀ ਅਧਿਆਤਮਿਕਤਾ ਨੂੰ ਸਿਖਰ ’ਤੇ ਲੈ ਜਾਂਦਾ ਹੈ। ਇਸ ਸੂਬੇ ਦੇ ਪਿੰਡ ਸੁਅਲਕੁਚੀ ਨੂੰ ਦੇਸ਼ ਦੇ ਵੱਡੇ ਬੁਣਾਈ ਵਾਲੇ ਪਿੰਡ ਵਜੋਂ ਜਾਣਿਆ ਜਾਂਦਾ ਹੈ। ਇੱਥੇ ਦੇਸ਼ ਦਾ ਸਭ ਤੋਂ ਲੰਬਾ ਪੁਲ ਬੁਪਨ ਹਜ਼ਾਰੀਕਾ (ਢੋਲਾ ਸਾਦੀਆ) ਹੈ। ਭਾਰਤ ਵਿਚ ਚਾਹ ਦੀ ਸਭ ਤੋਂ ਵਧੇਰੇ ਪੈਦਾਵਾਰ ਆਸਾਮ ਵਿਚ ਹੁੰਦੀ ਹੈ। ਦੁਨੀਆਂ ਦੇ ਸੱਤਵੇਂ ਅਮੀਰ ਜੈਵਿਕ ਵਿਭਿੰਨਤਾ ਵਾਲੇ ਖੇਤਰ ਵਜੋਂ ਜਾਣੇ ਜਾਂਦੇ ਇਸ ਸੂਬੇ ਵਿਚ ਮੁਲਕ ਦੀ ਸਭ ਤੋਂ ਪੁਰਾਣੀ ਤੇ ਲੰਬੀ ਪੈਰਾ-ਮਿਲਟਰੀ ਫੋਰਸ ਆਸਾਮ ਰਾਈਫਲਜ਼ ਵੀ ਨਾਰਥ ਈਸਟ ਨਾਲ ਸਬੰਧਿਤ ਹੈ। ਮਾਜੂਲੀ ਵਿਚ ਦੇਸ਼ ਦਾ ਸਭ ਤੋਂ ਵੱਡਾ ਦਰਿਆਈ ਟਾਪੂ ਹੈ। ਦੇਸ਼ ਦੇ ਸਭ ਤੋਂ ਚੌੜੇ ਬ੍ਰਹਮਪੁੱਤਰ ਦਰਿਆ ਨੇ ਆਸਾਮ ਦੀ ਧਰਤੀ ਨੂੰ ਆਪਣੇ ਡੈਲਟੇ ਨਾਲ ਉਪਜਾਊ ਬਣਾਇਆ ਹੈ। ਆਸਾਮ ਦਾ ਬੀਹੂ ਨਾਚ ਦੁਨੀਆਂ ਭਰ ਵਿਚ ਪ੍ਰਸਿੱਧ ਹੈ। ਮੁਗਾ ਇੱਥੋਂ ਦਾ ਸੋਨੇ ਰੰਗਾ ਰੇਸ਼ਮ ਹੈ ਜੋ ਸਿਰਫ਼ ਇੱਥੇ ਹੀ ਪੈਦਾ ਕੀਤਾ ਜਾਂਦਾ ਹੈ।
ਮਣੀਆਂ ਦੀ ਧਰਤੀ ਮਨੀਪੁਰ: ਉੱਤਰ-ਪੂਰਬੀ ਸੂਬੇ ਮਨੀਪੁਰ ਅਤੇ ਨਾਗਾਲੈਂਡ ਅਜਿਹੇ ਰਾਜ ਹਨ ਜਿੱਥੇ ਦੂਜੀ ਆਲਮੀ ਜੰਗ ਲੜੀ ਗਈ ਸੀ। ਮਨੀਪੁਰ ਸੂਬੇ ਵਿਚੋਂ ਆਧੁਨਿਕ ਪੋਲੋ ਖੇਡ ਦਾ ਜਨਮ ਹੋਇਆ ਸੀ। ਦੁਨੀਆ ਦਾ ਇਕਲੌਤਾ ਤੈਰਦਾ ਪਾਰਕ ਲੋਕਟਕ ਲੇਕ ਮਨੀਪੁਰ ਵਿਚ ਹੈ। ਇੱਥੋਂ ਦੇ 33 ਕਬੀਲਿਆਂ ਵਿਚੋਂ ਮੇਟੀਜ਼ ਕਬੀਲੇ ਦੇ ਲੋਕ ਬਹੁਗਿਣਤੀ ਵਿਚ ਹਨ। ਮੇਟੀਜ਼ ਤੋਂ ਇਲਾਵਾ ਨਾਗਾ ਤੇ ਕੁਕੀ ਚਿਨ ਕਬੀਲੇ ਵੀ ਪਹਾੜਾਂ ਵਿਚ ਰਹਿੰਦੇ ਹਨ। ਮਨੀਪੁਰ ਦੇ ਲੋਕ ਰਾਧਾ ਅਤੇ ਕ੍ਰਿਸ਼ਨ ਦੇ ਪਵਿੱਤਰ ਪਿਆਰ ਨੂੰ ਰਾਸ ਲੀਲਾ ਡਾਂਸ ਰਾਹੀਂ ਦੇਖਣਾ ਪਸੰਦ ਕਰਦੇ ਹਨ।
ਸਾਂਗਬਰਡ ਆਫ ਇੰਡੀਆ ਮਿਜ਼ੋਰਮ: ਉੱਤਰ-ਪੂਰਬੀ ਰਾਜਾਂ ਵਿਚ ਸਭ ਤੋਂ ਛੋਟਾ ਸੂਬਾ ਮਿਜ਼ੋਰਮ ਹੈ ਜਿਸ ਨੂੰ ਸਾਂਗਬਰਡ ਆਫ ਇੰਡੀਆ ਵੀ ਕਿਹਾ ਜਾਂਦਾ ਹੈ। ਇਸ ਸੂਬੇ ਵਿਚ ਜਾਣ ਲਈ ਵੀ ਸੈਲਾਨੀਆਂ ਨੂੰ ਇਨਰ ਲਾਈਨ ਪਰਮਿਟ (ਆਈ.ਐਲ.ਪੀ.) ਲੋੜੀਂਦਾ ਹੈ। ਆਈਜ਼ੋਲ ਰਾਜਧਾਨੀ ਵਾਲਾ ਇਹ ਸੂਬਾ 92 ਫ਼ੀਸਦੀ ਸਾਖਰਤਾ ਦਰ ਸਦਕਾ ਦੇਸ਼ ਦੇ ਵੱਧ ਪੜ੍ਹੇ ਲਿਖੇ ਸੂਬਿਆਂ ਵਿਚ ਆਉਂਦਾ ਹੈ। ਮਿਜ਼ੋ ਦਾ ਅਰਥ ਉੱਚੀ ਧਰਤੀ ਹੈ। ਅਮੀਰ ਸੱਭਿਆਚਾਰ ਵਾਲੇ ਇਸ ਸੂਬੇ ਵਿਚ ਵਿਆਹ ਵੇਲੇ ਲਾੜੇ ਨੂੰ ਲੜਕੀ ਦੇ ਘਰ ਵਾਲਿਆਂ ਨੂੰ ਕੁਝ ਰਾਸ਼ੀ ਦੇਣ ਦੀ ਰਸਮ ਹੈ ਜਿਸ ਕਰਕੇ ਇਨ੍ਹਾਂ ਸੂਬਿਆਂ ਵਿਚ ਭਰੂਣ ਹੱਤਿਆ ਵਰਗੇ ਪਾਪ ਘੱਟ ਹੁੰਦੇ ਹਨ।
ਘਟ ਰਹੀ ਆਬਾਦੀ ਵਾਲਾ ਨਾਗਾਲੈਂਡ: ਨਾਗਾ ਸਮੇਤ 16 ਪ੍ਰਮੁੱਖ ਕਬੀਲਿਆਂ ਵਾਲਾ ਸੂਬਾ ਨਾਗਾਲੈਂਡ ਮੁਲਕ ਦਾ ਇਕਲੌਤਾ ਅਜਿਹਾ ਪ੍ਰਾਂਤ ਹੈ ਜਿੱਥੇ ਆਬਾਦੀ ਘਟ ਰਹੀ ਹੈ। ਇੱਥੇ 2001 ਦੀ ਜਨਗਣਨਾ ਦੇ ਮੁਕਾਬਲੇ 2011 ਦੀ ਜਨਗਣਨਾ ਦੌਰਾਨ 0.47 ਫ਼ੀਸਦੀ ਆਬਾਦੀ ਘੱਟ ਦਰਜ ਹੋਈ ਹੈ। ਇੱਥੋਂ ਦਾ ਇਕ ਵਿਸ਼ੇਸ਼ ਕਬੀਲਾ 20ਵੀਂ ਸਦੀ ਤੋਂ ਹੀ ਵਿਰੋਧੀ ਕਬੀਲੇ ਦੀ ‘ਹੈੱਡ ਹੰਟਿੰਗ’ ਲਈ ਜਾਣਿਆ ਜਾਂਦਾ ਹੈ। ਦੀਮਾਪੁਰ ਦਾ ਹਵਾਈ ਅੱਡਾ ਦੂਜੀ ਆਲਮੀ ਜੰਗ ਦੌਰਾਨ ਬਣਾਇਆ ਗਿਆ ਸੀ। ਨਾਗਾਲੈਂਡ ਵਿਚ ਏਸ਼ੀਆ ਦੀ ਸਭ ਤੋਂ ਵੱਡੀ ਚਰਚ ਸੁਮੀ ਬੈਪਟਿਸਟ ਚਰਚ ਸਥਿਤ ਹੈ। ਹਰ ਕਬੀਲੇ ਦੀ ਆਪਣੀ ਭਾਸ਼ਾ, ਰੀਤੀ ਰਿਵਾਜ ਅਤੇ ਤਿਉਹਾਰ ਹਨ। ਨਾਗਾਲੈਂਡ ਨੂੰ ਤਿਉਹਾਰਾਂ ਦੀ ਧਰਤੀ ਵੀ ਕਿਹਾ ਜਾਂਦਾ ਹੈ। ਹਾਰਨਬਿਲ ਫੈਸਟੀਵਲ ਵੱਖ ਵੱਖ ਕਬੀਲਿਆਂ ਦੀ ਆਪਸੀ ਸਾਂਝ ਨੂੰ ਮਜ਼ਬੂਤ ਕਰਨ ਦਾ ਸਾਧਨ ਹੈ ਜੋ ਹਰ ਸਾਲ ਦਸੰਬਰ ਦੇ ਪਹਿਲੇ ਹਫ਼ਤੇ ਵਿਚ ਮਨਾਇਆ ਜਾਂਦਾ ਹੈ। ਅੰਗਾਮੀ ਨਾਗਾ ਤੇ ਆਓ ਨਾਗਾ ਕਬੀਲਿਆਂ ਦੇ ਨਾਚ ਦੇਖਣਯੋਗ ਹਨ।
ਬਾਂਸ ਦੀ ਹਸਤਕਲਾ ਲਈ ਪ੍ਰਸਿੱਧ ਤ੍ਰਿਪੁਰਾ: ਬਾਂਸ ਦੀ ਹਸਤਕਲਾ ਲਈ ਪ੍ਰਸਿੱਧ ਇਸ ਸੂਬੇ ਵਿਚ 19 ਕਬੀਲੇ ਤੇ ਉਪ ਕਬੀਲਿਆਂ ਦੇ ਲੋਕ ਰਹਿੰਦੇ ਹਨ। ਭਾਰਤ ਦੇ ਤੀਜੇ ਸਭ ਤੋਂ ਘੱਟ ਆਬਾਦੀ ਵਾਲਾ ਇਹ ਸੂਬਾ ਬਾਕੀ ਦੇਸ਼ ਨਾਲ ਸਿਰਫ਼ ਕੌਮੀ ਸ਼ਾਹਰਾਹ ਮਾਰਗ 44 ਨਾਲ ਹੀ ਜੁੜਿਆ ਹੋਇਆ ਹੈ। ਸੱਤਵੀਂ ਤੋਂ ਨੌਵੀਂ ਸਦੀ ਨਾਲ ਸਬੰਧਿਤ ਚੱਟਾਨਾਂ ’ਤੇ ਤਰਾਸ਼ੇ ਹਿੰਦੂ ਦੇਵੀ ਦੇਵਤਿਆਂ ਦੇ ਚਿੱਤਰ ਉਨਾਕੋਟੀ ਵਿਖੇ ਦੇਖੇ ਜਾ ਸਕਦੇ ਹਨ। ਰੁਦਰ ਸਾਗਰ ਝੀਲ ਵਿਚ ਬਣੇ ਨੀਰ ਮਹੱਲ ਨੂੰ ਦੇਖਣ ਸੈਲਾਨੀ ਦੂਰ ਦੂਰ ਤੋਂ ਆਉਂਦੇ ਹਨ। ਤ੍ਰਿਪੁਰਾ ਦੇ ਜ਼ਿਆਦਾਤਰ ਲੋਕ ਹਿੰਦੂ ਧਰਮ ਨੂੰ ਮੰਨਦੇ ਹਨ। ਇੱਥੋਂ ਦੇ ਜ਼ਿਆਦਾਤਰ ਲੋਕ ਕਬਾਇਲੀ ਹਨ। ਜੰਗਲੀ ਜਾਨਵਰਾਂ ਤੋਂ ਬਚਣ ਲਈ ਇਹ ਲੋਕ ਉੱਚੇ ਬਾਂਸ ਦੇ ਬਣੇ ਘਰਾਂ ਵਿਚ ਰਹਿੰਦੇ ਹਨ ਜਿਸ ਨੂੰ ਟੋਂਗ ਕਹਿੰਦੇ ਹਨ।
ਪੂਰਬ ਦਾ ਸਕਾਟਲੈਂਡ ਮੇਘਾਲਿਆ: ਪੂਰਬ ਦੇ ਸਕਾਟਲੈਂਡ ਵਜੋਂ ਜਾਣਿਆ ਜਾਂਦਾ ਮੇਘਾਲਿਆ ਤਿੰਨ ਪ੍ਰਾਚੀਨ ਕਬੀਲੇ ਖਾਸੀ, ਗਾਰੋ ਤੇ ਜੈਂਤੀਆ ਦੀ ਧਰਤੀ ਹੈ। ਇਸ ਸੂਬੇ ਦੇ ਕਈ ਕਬੀਲਿਆਂ ਵਿਚ ਮਰਦਾਂ ਨੂੰ ਔਰਤਾਂ ਵਿਆਹ ਕੇ ਆਪਣੇ ਘਰ ਲੈ ਜਾਂਦੀਆਂ ਹਨ। ਇਸ ਨੂੰ ਰਹੱਸਮਈ ਸੁੰਦਰਤਾ ਦੀ ਧਰਤੀ ਵੀ ਆਖਿਆ ਜਾਂਦਾ ਹੈ। ਮੇਘਾਲਿਆ ’ਚ ਦੇਸ਼ ਦਾ ਸਭ ਤੋਂ ਵੱਡਾ ‘ਗੁਫਾਤੰਤਰ’ ਵੀ ਇੱਥੋਂ ਦੀਆਂ ਜੈਂਤੀਆ ਦੀਆਂ ਪਹਾੜੀਆਂ ਵਿਚ ਪਾਇਆ ਜਾਂਦਾ ਹੈ। ਮੇਘਾਲਿਆ ਦੇ ਸ਼ੁੱਧ ਤੇ ਸਾਫ਼ ਪਾਣੀ ਵਾਲੇ ਝਰਨੇ ਕਾਦਰ ਦਾ ਕ੍ਰਿਸ਼ਮਾ ਹਨ। ਮੇਘਾਲਿਆ ਦੀਆਂ ਕੁਝ ਖ਼ਾਸ ਥਾਵਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਮਿਸਾਲ ਵਜੋਂ:
ਏਸ਼ੀਆ ਦਾ ਸਭ ਤੋਂ ਸਾਫ਼ ਸੁਥਰਾ ਪਿੰਡ ਮਾਅਲੀਨੋਗ: ਡਿਸਕਵਰ ਇੰਡੀਆ ਦੁਆਰਾ ਸਾਲ 2003 ਵਿਚ ਮੇਘਾਲਿਆ ’ਚ ਸਥਿਤ ਪਿੰਡ ਮਾਅਲੀਨੋਗ ਨੂੰ ਏਸ਼ੀਆ ਦਾ ਸਭ ਤੋਂ ਸੁੰਦਰ ਪਿੰਡ ਐਲਾਨਿਆ ਗਿਆ ਹੈ। ਇਸ ਨੂੰ ‘ਰੱਬ ਦਾ ਆਪਣਾ ਬਗੀਚਾ’ ਵੀ ਕਿਹਾ ਜਾਂਦਾ ਹੈ। ਰੋਜ਼ਾਨਾ ਦੀ ਸਫ਼ਾਈ ਤੋਂ ਇਲਾਵਾ ਪਿੰਡ ਵਾਸੀ ਹਰ ਸ਼ਨਿੱਚਰਵਾਰ ਨੂੰ ਵਿਸ਼ੇਸ਼ ਸਫਾਈ ਮੁਹਿੰਮ ਚਲਾਉਂਦੇ ਹਨ। ਬਾਂਸ ਦੇ ਹੱਥਬਣੇ ਸ਼ੰਕੂਕਾਰ ਕੂੜਾਦਾਨ ਜਿਸ ਨੂੰ ਖੋਹ ਕਿਹਾ ਜਾਂਦਾ ਹੈ, ਨੂੰ ਸਾਰੇ ਪਿੰਡ ਵਿਚ ਵੱਖ ਵੱਖ ਥਾਵਾਂ ’ਤੇ ਰੱਖਿਆ ਜਾਂਦਾ ਹੈ। ਪੂਰੇ ਪਿੰਡ ਦੇ ਲੋਕ ਪਲਾਸਟਿਕ ਦੀ ਵਰਤੋਂ ਨਹੀਂ ਕਰਦੇ ਹਨ।
ਦਰੱਖਤਾਂ ਦੀ ਜੜ੍ਹਾਂ ਵਾਲੇ ਲਟਕਦੇ ਪੁਲ: ਮੇਘਾਲਿਆ ਦੇ ਖਾਸੀ ਤੇ ਜੈਂਤੀਆ ਕਬੀਲਿਆਂ ਨੇ ਮੁੱਢ ਕਦੀਮ ਤੋਂ ਹੀ ਕੁਦਰਤ ਨਾਲ ਜਿਊਣਾ ਸਿੱਖਿਆ ਹੈ। ਚਿਰਾਪੂੰਜੀ ਵਿਚ ਇਨ੍ਹਾਂ ਦੀਆਂ ਕਈ ਪੀੜ੍ਹੀਆਂ ਦੁਆਰਾ ਹੱਥ ਕਲਾ ਨਾਲ ਰਬੜ ਦੇ ਦਰੱਖਤਾਂ ਦੀਆਂ ਸੈਕੰਡਰੀ ਜੜ੍ਹਾਂ ਤੋਂ ਇਹ ਕੁਦਰਤੀ ਪੁਲ ਬਣਾਏ ਗਏ ਹਨ। ਇਨ੍ਹਾਂ ਜੜ੍ਹਾਂ ਵਾਲੇ ਪੁਲਾਂ ਦੀ ਮਿਆਦ 500 ਸਾਲ ਤੱਕ ਦੱਸੀ ਜਾਂਦੀ ਹੈ। 50 ਲੋਕ ਇਕੋ ਵੇਲੇ ਇਕੱਠੇ ਇਨ੍ਹਾਂ ਪੁਲਾਂ ਤੋਂ ਦਰਿਆ ਪਾਰ ਲੰਘ ਸਕਦੇ ਹਨ। ਇਨ੍ਹਾਂ ਜੜ੍ਹਾਂ ਵਾਲੇ ਪੁਲ ਨੂੰ ਬਣਾਉਣ ਲਈ ਵਰਤੇ ਜਾਂਦੇ ਦਰੱਖਤਾਂ ਦੀ ਉਮਰ ਵਧੇਰੇ ਹੁੰਦੀ ਹੈ। ਉਮਰ ਵਧਣ ਨਾਲ ਪੁਲਾਂ ਦੀ ਸ਼ਕਤੀ ਵੀ ਵਧ ਜਾਂਦੀ ਹੈ। ਜਦੋਂ ਦਰੱਖਤਾਂ ਦੀਆਂ ਜੜ੍ਹਾਂ ਆਪਣਾ ਜਾਲ ਵਿਛਾ ਲੈਂਦੀਆਂ ਹਨ ਤਾਂ ਸਥਾਨਕ ਲੋਕ ਉਨ੍ਹਾਂ ਵਿਚ ਸੌਖਾ ਰਸਤਾ ਬਣਾਉਣ ਲਈ ਪੱਥਰ ਰੱਖ ਦਿੰਦੇ ਹਨ। ਮੇਘਾਲਿਆਂ ਦੇ ਇਨ੍ਹਾਂ ਇਕ, ਦੋ ਅਤੇ ਤਿੰਨ ਮੰਜ਼ਿਲਾ ਲਟਕਦੇ ਪੁਲਾਂ ਨੂੰ ਯੂਨੈਸਕੋ ਨੇ ਵਿਸ਼ਵ ਵਿਰਾਸਤ ਦਾ ਦਰਜਾ ਦਿੱਤਾ ਹੈ।
ਦੁਨੀਆਂ ਦੀ ਸਭ ਤੋਂ ਵੱਧ ਵਰਖਾ ਵਾਲੀ ਥਾਂ ਮਸੀਨਰਮ: ਆਪਣੀ ਖ਼ਾਸ ਭੂਗੋਲਿਕ ਸਥਿਤੀ ਅਤੇ ਗਾਰੋ ਤੇ ਜੈਂਤੀਆ ਦੀਆਂ ਪਹਾੜੀਆਂ ਦੀ ਹੋਂਦ ਕਾਰਨ ਮੇਘਾਲਿਆ ਦੇ ਮਸੀਨਰਮ ਨੂੰ ਦੁਨੀਆਂ ਦੀ ਸਭ ਤੋਂ ਵਧੇਰੇ ਵਰਖਾ ਵਾਲੀ ਥਾਂ ਐਲਾਨਿਆ ਗਿਆ ਹੈ। ਇੱਥੇ ਘੁੰਮਦੇ ਵਕਤ ਮਿੰਟਾਂ ਵਿਚ ਹੀ ਮੌਸਮ ਆਪਣੇ ਰੰਗ ਦਿਖਾਉਣ ਲੱਗ ਜਾਂਦਾ ਹੈ। ਕਦੇ ਧੁੱਪ ਤੇ ਕਦੇ ਸੰਘਣੇ ਬੱਦਲ ਅਲੌਕਿਕ ਨਜ਼ਾਰਾ ਪੇਸ਼ ਕਰਦੇ ਹਨ। ਇੱਥੇ 11873 ਮਿਲੀਮੀਟਰ ਸਾਲਾਨਾ ਵਰਖਾ ਰਿਕਾਰਡ ਕੀਤੀ ਗਈ ਹੈ। ਚਿੰਰਾਪੂਜੀ ਦੇ ਨੋਹਕਲਿਆਈ ਝਰਨੇ ਕੋਲ ਵਗਦੀ ਠੰਢੀ ਤੇਜ਼ ਹਵਾ ਇਕ ਵਾਰ ਤਾਂ ਸਵਰਗ ਦੇ ਦਰਸ਼ਨ ਕਰਵਾ ਦਿੰਦੀ ਹੈ।
ਉੱਤਰ-ਪੂਰਬੀ ਸੂਬਿਆਂ ਦੀ ਇਹ ਯਾਤਰਾ ਸਦਾ ਚੇਤਿਆਂ ਵਿਚ ਵਸੀ ਰਹੇਗੀ।
ਸੰਪਰਕ: 94179-73200