ਡਾ. ਪ੍ਰਿਤਪਾਲ ਸਿੰਘ ਮਹਿਰੋਕ
ਰੁੱਖ ਕੋਲ ਕੁਦਰਤ ਦੀਆਂ ਅਨੇਕ ਦਾਤਾਂ ਹੁੰਦੀਆਂ ਹਨ, ਪਰ ਉਨ੍ਹਾਂ ਵਿਚੋਂ ਉਸ ਦਾ ਆਪਣਾ ਕੁਝ ਵੀ ਨਹੀਂ ਹੁੰਦਾ। ਰੁੱੱਖ ਕੋਲ ਜੋ ਕੁਝ ਵੀ ਹੁੰਦਾ ਹੈ, ਦੂਜਿਆਂ ਲਈ ਹੁੰਦਾ ਹੈ। ਉਹ ਦੂਜਿਆਂ ਲਈ ਜਿਉਂਦਾ ਹੈ, ਦੂਜਿਆਂ ਲਈ ਮਰਦਾ ਹੈ। ਦੂਜਿਆਂ ਦੇ ਕੰਮ ਆਉਣ ਦਾ ਸਬਕ ਕੋਈ ਰੁੱਖ ਕੋਲੋਂ ਸਿੱਖੇ! ਜੇ ਕੋਈ ਕਵੀ ਮਨ ਕਹਿ ਦਿੰਦਾ ਹੈ ਕਿ ਰੁੱਖ ਮਨੁੱਖ ਦੇ ਦੁਖੜੇ ਸੁਣਦਾ ਹੈ ਤੇ ਫਿਰ ਉਸ ਦੇ ਦੁੱਖ ਵੰਡਾਉਂਦਾ ਹੈ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ। ਰੁੱਖਾਂ ਨਾਲ ਮਨੁੱਖ ਦਾ ਮੁੱਢ ਕਦੀਮੀ ਰਿਸ਼ਤਾ ਹੈ। ਰੁੱਖ ਮਨੁੱਖ ਦੇ ਮੁੱਢਲੇ ਆਸਰਿਆਂ ਵਿਚੋਂ ਇਕ ਹੈ। ਪੇਟ ਦੀ ਭੁੱਖ ਨੂੰ ਮਿਟਾਉਣ ਅਤੇ ਤਨ ਨੂੰ ਕੱਜਣ ਲਈ ਮਨੁੱਖ ਨੇ ਸਭ ਤੋਂ ਪਹਿਲਾਂ ਰੁੱਖਾਂ ’ਤੇ ਹੀ ਨਿਰਭਰ ਕੀਤਾ ਸੀ ਤੇ ਉਨ੍ਹਾਂ ਦਾ ਹੀ ਆਸਰਾ ਲਿਆ ਸੀ। ਮਨੁੱਖੀ ਸੱਭਿਅਤਾ ਦੇ ਆਰੰਭ ਬਿੰਦੂ ਤੋਂ ਲੈ ਕੇ ਹੁਣ ਤਕ ਰੁੱਖ ਮਨੁੱਖ ਦੇ ਸਿਰ ਦੀ ਛਤਰੀ ਬਣਦਾ ਆਇਆ ਹੈ। ਸੂਰਜ ਦੀ ਤਪਸ਼ ਸਹਿੰਦਾ ਆਇਆ ਹੈ, ਖ਼ੁਦ ਸੇਕ ਝੱਲ ਕੇ ਮਨੁੱਖ ਨੂੰ ਛਾਂ ਦਿੰਦਾ ਆਇਆ ਹੈ, ਵੰਨ-ਸੁਵੰਨੇ ਫੁੱਲ ਤੇ ਫ਼ਲ ਦਿੰਦਾ ਆਇਆ ਹੈ, ਬਾਲਣ ਵਾਸਤੇ ਤੇ ਭਾਂਤ-ਭਾਂਤ ਤਰ੍ਹਾਂ ਨਾਲ ਵਰਤੋਂ ਵਿਚ ਲਿਆਉਣ ਵਾਸਤੇ ਲੱਕੜੀ ਦਿੰਦਾ ਆਇਆ ਹੈ, ਪਰ ਮਨੁੱਖ ਰੁੱਖਾਂ ਨੂੰ ਬੜੀ ਬੇਰਹਿਮੀ ਨਾਲ ਕੱਟਣ ਦਾ ਆਦੀ ਹੈ। ਮਨੁੱਖ ਇੰਨਾ ਖ਼ੁਦਗਰਜ਼ ਹੈ ਕਿ ਰੁੱਖ ਦੇ ਤਨ ’ਤੇ ਕੁਹਾੜਾ ਚਲਾਉਣ ਸਮੇਂ ਪ੍ਰਕਿਰਤੀ ਪ੍ਰਤੀ ਆਪਣੀ ਅਕ੍ਰਿਤਘਣਤਾ ਦਾ ਸਬੂਤ ਦੇ ਕੇ ਹੀ ਰਹਿੰਦਾ ਹੈ। ਮਨੁੱਖ ਜੰਗਲ ਨੂੰ ਅੱਗ ਲਾ ਕੇ ਸੁਆਹ ਕਰ ਦਿੰਦਾ ਹੈ। ਵਾਤਾਵਰਨ ਨੂੰ ਤਬਾਹ ਕਰਦਾ ਹੈ। ਰੁੱਖ ਤਾਂ ਪਹਿਲਾਂ ਹੀ ਬਹੁਤ ਦੁੱਖ ਤਕਲੀਫ਼ਾਂ ਝੱਲਦਾ ਹੈ। ਮੀਂਹ, ਹਨੇਰੀ, ਗਰਮੀ, ਸਰਦੀ, ਬਰਫ਼ਾਂ, ਹੜ੍ਹਾਂ ਆਦਿ ਆਫ਼ਤਾਂ ਦੀ ਕਰੋਪੀ ਸਹਾਰਦਾ ਹੈ।
ਰੁੱਖਾਂ ਪ੍ਰਤੀ ਮਨੁੱਖ ਨੇ ਆਪਣੇ ਫ਼ਰਜ਼ਾਂ ਨੂੰ ਬਹੁਤਾ ਪਛਾਣਿਆ ਨਹੀਂ। ਮਨੁੱਖ ਨੂੰ ਰੁੱਖ ਕੱਟਣ ਵਿਚ ਨਹੀਂ, ਸਗੋਂ ਵੱਧ ਤੋਂ ਵੱਧ ਰੁੱਖਾਂ ਦੇ ਪੌਦੇ ਲਗਾਉਣ ਵਿਚ ਵਿਸ਼ਵਾਸ ਰੱਖਣਾ ਚਾਹੀਦਾ ਹੈ। ਉਨ੍ਹਾਂ ਦੀ ਸਾਂਭ-ਸੰਭਾਲ ਵੱਲ ਧਿਆਨ ਦੇਣਾ ਮਨੁੱਖ ਦੀ ਵੱਡੀ ਲੋੜ ਵੀ ਹੈ ਤੇ ਫ਼ਰਜ਼ ਵੀ। ਕਹਿੰਦੇ ਨੇ ਰੁੱਖ ਲਾਉਣ ਅਤੇ ਉਨ੍ਹਾਂ ਦੀ ਪਾਲਣਾ ਕਰਨ ਨਾਲ ਧੀਆਂ-ਪੁੱਤਾਂ ਨੂੰ ਪਾਲਣ ਵਰਗਾ ਫ਼ਲ ਮਿਲਦਾ ਹੈ। ਚੁੱਪ, ਇਕਾਂਤ ਤੇ ਖਾਮੋਸ਼ੀ ਦੇ ਪਾਸਾਰੇ ਵਾਲੇ ਚੌਗਿਰਦੇ ਵਿਚ ਰੁੱਖ ਮਧੁਰ ਧੁਨ ਪੈਦਾ ਕਰਨ ਵਰਗੀ ਇਬਾਰਤ ਲਿਖ ਦਿੰਦੇ ਹਨ। ਵਾਤਾਵਰਨ ਨੂੰ ਸੁਗੰਧਿਤ ਬਣਾ ਦਿੰਦੇ ਹਨ, ਸੰਨਾਟੇ ਵਿਚ ਰੌਣਕ ਲਾ ਦਿੰਦੇ ਹਨ। ਰੁੱਖ ਜਦੋਂ ਮਨੁੱਖ ਦੀ ਸੁੰਨੀ ਜ਼ਿੰਦਗੀ ਵਿਚ ਪ੍ਰਵੇਸ਼ ਕਰਦੇ ਹਨ ਤਾਂ ਉਹ ਉਸ ਲਈ ਬੇਅੰਤ ਖ਼ੁਸ਼ੀਆਂ ਲੈ ਕੇ ਆਉਂਦੇ ਹਨ।
ਰੁੱਖਾਂ ਦੇ ਅਮੋਲਵੇਂ ਮਹੱਤਵ ਨੂੰ ਪਛਾਣਦਿਆਂ ਹੋਇਆਂ ਸਮੇਂ ਸਮੇਂ ਦੀਆਂ ਸਰਕਾਰਾਂ ਮਨੁੱਖ ਨੂੰ ਜਾਗਰੂਕ ਕਰਨ ਦੇ ਯਤਨ ਕਰਦੀਆਂ ਰਹੀਆਂ ਹਨ। ਰੁੱਖਾਂ ਦੀ ਬਹੁਮੁੱਲੀ ਸੰਪਤੀ ਵਿਚ ਵਾਧਾ ਕਰਨ ਲਈ ਅਤੇ ਇਨ੍ਹਾਂ ਦੀ ਸਾਂਭ-ਸੰਭਾਲ ਲਈ ਲੋਕਾਂ ਅੰਦਰ ਚੇਤਨਾ ਪੈਦਾ ਕੀਤੀ ਜਾਂਦੀ ਰਹੀ ਹੈ। ਸ਼ਹਿਰਾਂ ਨੂੰ ਵਿਉਂਤਣ, ਯੋਜਨਾਬੱਧ ਤਰੀਕੇ ਨਾਲ ਰੁੱਖ ਲਗਾਉਣ, ਸ਼ਹਿਰਾਂ ਦੀ ਖੂਬਸੂਰਤੀ ਵਿਚ ਵਾਧਾ ਕਰਨ ਤੇ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਉਣ ਵਿਚ ਰੁੱਖਾਂ ਦੇ ਮਹੱਤਵ ਨੂੰ ਪਛਾਣਿਆ ਤੇ ਪ੍ਰਚਾਰਿਆ ਜਾਂਂਦਾ ਰਿਹਾ ਹੈ। ਰੁੱਖਾਂ ਹੇਠਲੇ ਰਕਬੇ ਨੂੰ ਵਧਾਉਣ ਲਈ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾਂਦੇ ਰਹੇ ਹਨ। ਰੁੱਖਾਂ ਨੇ ਮਨੁੱਖ ਦੇ ਜੀਵਨ ਦੇ ਵਿਕਾਸ ਤੇ ਮਨੁੱਖ ਨੂੰ ਖੁਸ਼ਹਾਲ ਬਣਾਉਣ ਵਿਚ ਬਹੁਤ ਅਹਿਮ ਹਿੱਸਾ ਪਾਇਆ ਹੈ।
ਰੁੱਖਾਂ ਕੋਲੋਂ ਮਨੁੱਖ ਨੇ ਬਹੁਤ ਕੁਝ ਸਿੱਖਿਆ ਹੈ ਅਤੇ ਹੋਰ ਸਿੱਖਣ ਦੀਆਂ ਸੰਭਾਵਨਾਵਾਂ ਅਜੇ ਵੀ ਮੌਜੂਦ ਹਨ। ਰੁੱਖ ਮਨੁੱਖ ਦੇ ਦੁੱਖ ਦਰਦ ਵੰਡਾਉਂਦਾ ਆਇਆ ਹੈ :
ਰੁੱਖ ਬੋਲ ਨਾ ਸਕਦੇ ਭਾਵੇਂ
ਬੰਦਿਆਂ ਦਾ ਦੁੱੱਖ ਪੁੱਛਦੇ।
ਜੀਵਨ ਦੇ ਸਲੀਕੇ ਨਾਲ ਸਰੋਕਾਰ ਰੱਖਣ ਵਾਲੇ ਕਈ ਗੁਣ ਮਨੁੱਖ ਨੇ ਰੁੱਖਾਂ ਕੋਲੋਂ ਗ੍ਰਹਿਣ ਕੀਤੇ ਹਨ। ਪੰਜਾਬੀ ਲੋਕ ਗੀਤਾਂ ਵਿਚ ਜਿਨ੍ਹਾਂ ਰੁੱਖਾਂ ਦਾ ਜ਼ਿਕਰ ਹੋਇਆ ਹੈ, ਉਨ੍ਹਾਂ ਦੀ ਗਿਣਤੀ ਅਸੀਮ ਹੈ। ਅਜਿਹੇ ਰੁੱਖਾਂ ਵਿਚ ਨਿੰਮ, ਧਰੇਕ, ਪਿੱਪਲ, ਬੋਹੜ, ਟਾਹਲੀ, ਕਿੱਕਰ, ਕਰੀਰ, ਨਾਖ, ਆੜੂ, ਚੰਦਨ, ਤੂਤ, ਬੇਰੀ, ਅੰਬ, ਜੰਡ, ਇਮਲੀ, ਜਾਮਨੂੰ, ਸ਼ਰੀਂਹ, ਨਿੰਬੂ, ਸਿੰਮਲ, ਨਾਸ਼ਪਾਤੀ, ਅਨਾਰ, ਖਜੂਰ, ਸਰੂ, ਫੁਲਾਹੀ ਆਦਿ ਦੇ ਨਾਂ ਲਏ ਜਾ ਸਕਦੇ ਹਨ। ਰੁੱਖ ਕਈ ਕੁਝ ਮਹਿਸੂਸ ਕਰਦੇ, ਕਈ ਕੁਝ ਕਹਿੰਦੇ, ਪੁੱਛਦੇ ਤੇ ਦੱਸਦੇ ਹਨ। ਪੰਜਾਬੀ ਲੋਕ ਗੀਤਾਂ ਵਿਚ ਰੁੱਖਾਂ ਦੇ ਆਕਾਰ, ਸੁਭਾਅ, ਰੰਗ-ਰੂਪ, ਗੁਣ-ਔਗੁਣ, ਫੁੱਲਾਂ-ਫ਼ਲਾਂ, ਉਨ੍ਹਾਂ ਦੇ ਸਵਾਦ ਅਤੇ ਖੁਰਾਕੀ ਤੱਤਾਂ ਵਿਚਲੇ ਮਹੱਤਵ ਆਦਿ ਕਰਕੇ ਚਰਚਾ ਕੀਤੀ ਗਈ ਹੈ। ਕਈ ਰੁੱਖ ਹਰਬਲ ਮਹੱਤਵ ਕਰਕੇ, ਕਈ ਕੀਮਤੀ ਤੇ ਉਪਯੋਗੀ ਲੱਕੜੀ ਕਰਕੇ ਬਹੁਤ ਲਾਹੇਵੰਦ ਤੇ ਗੁਣਕਾਰੀ ਮੰਨੇ ਜਾਂਦੇ ਹਨ। ਟਾਹਲੀ, ਤੂਤ, ਬੇਰੀ, ਬੋਹੜ, ਕਿੱਕਰ ਆਦਿ ਮਨੁੱਖ ਦੇ ਬਹੁਤ ਨੇੜੇ ਦੇ ਰੁੱਖ ਹਨ। ਪਿੱਪਲ ਨਾਲ ਕਈ ਤਰ੍ਹਾਂ ਦੇ ਲੋਕ ਵਿਸ਼ਵਾਸ ਤੇ ਮੰਨਤਾਂ-ਮਨੌਤਾਂ ਜੁੜੀਆਂ ਹਨ। ਪੰਜਾਬੀ ਲੋਕ ਗੀਤਾਂ ਵਿਚ ਪਿੱਪਲ ਦਾ ਜ਼ਿਕਰ ਕਈ ਕੋਣਾਂ ਤੋਂ ਕੀਤਾ ਗਿਆ ਹੈ :
* ਪਿੱਪਲਾ ਦੱਸ ਦੇ ਵੇ,
ਕਿਹੜਾ ਰਾਹ ਸੁਰਗਾਂ ਨੂੰ ਜਾਵੇ।
* ਪਿੱਪਲਾ ਵੇ ਮੇਰੇ ਪੇਕੇ ਪਿੰਡ ਦਿਆ,
ਤੇਰੀਆਂ ਠੰਢੀਆਂ ਛਾਵਾਂ।
ਢਾਬ ਤੇਰੀ ਦਾ ਗੰਧਲਾ ਪਾਣੀ,
ਉੱਤੋਂ ਬੂਰ ਹਟਾਵਾਂ।
ਸਭੇ ਸਹੇਲੀਆਂ ਸਹੁਰੇ ਗਈਆਂ,
ਕਿਸ ਨੂੰ ਹਾਲ ਸੁਣਾਵਾਂ,
ਚਿੱਠੀਆਂ ਬੇਰੰਗ ਭੇਜਦਾ,
ਕਿਹੜੀ ਛਾਉਣੀ ਲੁਆ ਲਿਆ ਨਾਵਾਂ ?
* ਬਾਜ਼ਾਰ ਵਿਕੇਂਦੀ ਤਰ ਵੇ
ਮੇਰਾ ਸਾਮ੍ਹਣੀ ਗਲੀ ਵਿਚ ਘਰ ਵੇ
ਪਿੱਪਲ ਨਿਸ਼ਾਨੀ ਜੀਵੇ ਢੋਲਾ…
ਕਦੇ ਕਦੇ ਇੰੰਜ ਪ੍ਰਤੀਤ ਹੁੰਦਾ ਹੈ ਜਿਵੇਂ ਰੁੱਖ ਆਪਣੇ ਗੁਣਾਂ, ਸੁਭਾਅ ਅਤੇ ਬੀਤੇ ਸਮੇਂ ਦੇ ਆਧਾਰ ’ਤੇ ਮਨੁੱਖ ਨੂੰ ਕੋਈ ਸੁਨੇਹਾ ਦਿੰਦੇ ਆ ਰਹੇ ਹੋਣ। ਅਜਿਹੇ ਕੁਝ ਸੰਦੇਸ਼ ਲੋਕ ਗੀਤਾਂ ਵਿਚ ਦਰਜ ਹਨ, ਜਿਵੇਂ :
* ਨਦੀ ਕਿਨਾਰੇ ਰੁੱਖੜਾ, ਖੜ੍ਹਾ ਸੀ ਅਮਨ ਅਮਾਨ
ਡਿੱਗਦਾ ਹੋਇਆ ਬੋਲਿਆ, ‘ਜੀਅ ਦੇ ਨਾਲ ਜਹਾਨ।’
* ਮੈਂ ਸੌ ਸੌ ਰੁੱਖ ਪਈ ਲਾਵਾਂ,
ਰੁੱਖ ਤਾਂ ਹਰੇ ਭਰੇ
ਮਾਵਾਂ ਠੰਢੀਆਂ ਛਾਵਾਂ,
ਛਾਵਾਂ ਕੌਣ ਕਰੇ।
* ਅੰਬ ਕੋਲੇ ਇੰਬਲੀ, ਨੀਂ ਜੰਡ ਕੋਲੇ ਟਾਹਲੀ,
ਅਕਲ ਬਿਨਾਂ ਨੀਂ, ਗੋਰਾ ਰੰਗ ਜਾਵੇ ਖਾਲੀ।
* ਫ਼ਲ ਨੀਵਿਆਂ ਰੁੱਖਾਂ ਨੂੰ ਲੱਗਦੇ
ਸਿੰਮਲਾ, ਗੁਮਾਨ ਨਾ ਕਰੀਂ।
* ਕੱਲਾ ਰੁੱਖ ਜੰਗਲਾਂ ਵਿਚ ਡੋਲੇ
ਕੱਲਾ ਰੱਬਾ ਕੋਈ ਨਾ ਹੋਵੇ
ਕੱਲੀ ਹੋਵੇ ਨਾ ਵਣਾਂਂ ਵਿਚ ਟਾਹਲੀ
ਕੱਲਾ ਨਾ ਹੋਵੇ ਪੁੱੱਤ ਜੱਟ ਦਾ…
* ਰੁੱਖ ਰੋਣ ਉਜਾੜਾਂ ਦੇ
ਦੁੱਖ ਸਾਡਾ ਸੁਣ ਸੁਣ ਕੇ
ਰੋਂਦੇ ਪੱਥਰ ਪਹਾੜਾਂ ਦੇ…
ਪੰਜਾਬੀ ਦੇ ਕਈ ਲੋਕ ਗੀਤਾਂ ਵਿਚ ਰੁੱਖ ਸਵੈ ਨਾਲ, ਮਨੁੱਖ ਨਾਲ, ਧਰਤੀ, ਆਕਾਸ਼ ਅਤੇ ਮੌਸਮਾਂ ਆਦਿ ਨਾਲ ਵੀ ਸੰਵਾਦ ਰਚਾਉਂਦੇ ਪ੍ਰਤੀਤ ਹੁੰਦੇ ਹਨ। ਜਦੋਂ ਕੋਈ ਕੁੜੀ ‘ਵੀਰ ਮੇਰੇ ਨੇ ਬਾਗ਼ ਲਗਾਇਆ, ਬਾਗੀਂ ਠੰਢੀਆਂ ਛਾਵਾਂ’ ਵਾਲੇ ਲੋਕ ਗੀਤ ਦੀ ਪੰਕਤੀ ਗਾਉਂਦੀ ਹੈ ਤਾਂ ਆਪਣੇ ਵੀਰ ਦੀ ਸ਼ਖ਼ਸੀਅਤ, ਉਸ ਦੇ ਭੈਣ ਪ੍ਰਤੀ ਪਿਆਰ ਤੇ ਉਸ ਦੇ ਬਾਗ਼ ਲਗਾਉਣ ਦੇ ਸ਼ੌਕ ਉੱਪਰ ਬਲ ਦੇ ਕੇ, ਉਹ ਧਰਤੀ ਦੀ ਹਰਿਆਵਲ ਵਿਚ ਵਾਧਾ ਕਰਨ, ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਕਰਨ ਅਤੇ ਬਾਗ਼ ਨੂੰ ਉਪਜੀਵਕਾ ਦੇ ਸਾਧਨ ਵਜੋਂ ਵਿਕਸਤ ਕਰਨ ਦੀ ਲੋੜ ਵੱਲ ਵੀ ਸੰਕੇਤ ਕਰ ਰਹੀ ਹੁੰਦੀ ਹੈ:
* ਬਾਗ ਲਗਾਵਾਂ, ਬਗੀਚਾ ਲਗਾਵਾਂ
ਵਿਚ ਲਗਾਵਾਂ ਬੇਰੀ ਓ
ਬੇਰ ਪੱਕੇ ਤੇ ਕਿਰ ਕਿਰ ਪੈਂਦੇ
ਇਕ ਮਾਲੀ ਦੀ ਦੇਰੀ ਓ…
* ਆੜੂਏ ਦਾ ਬੂਟਾ ਅਸਾਂ ਪਾਣੀ ਦੇ ਦੇ ਪਾਲਿਆ
ਆਸ ਵਾਲਾ ਦੀਵਾ ਅਸਾਂ ਵਿਹੜੇ ਵਿਚ ਬਾਲਿਆ
* ਵੀਰਾ, ਘਰ ਘਰ ਧਰੇਕਾਂ ਫੁਲੀਆਂ
ਇਨ੍ਹਾਂ ਧਰੇਕਾਂ ਦੀ ਠੰਢੜੀ ਛਾਂ
ਵੀਰਾ, ਵੇ ਤੂੰ ਆ ਘਰੇ…
ਰੁੱਖ ‘ਠੰਢੜੀ ਛਾਂ’ ਬਣ ਕੇ ਤੇ ‘ਆਸ ਵਾਲਾ ਦੀਵਾ’ ਬਣ ਕੇ ਮਨੁੱਖ ਦੀ ਜ਼ਿੰਦਗੀ ਵਿਚ ਬਹਾਰ ਲਿਆਉਂਦੇ ਹਨ।
ਕਿੱਕਰ ਦਾ ਰੁੱਖ ਕੰਡਿਆਲਾ ਹੁੰਦਾ ਹੈ। ਇਸ ਦੇ ਪੱਤੇ ਬੜੇ ਬਾਰੀਕ ਤੇ ਫੁੱਲ ਪੀਲੇ ਰੰਗ ਦੇ ਹੁੰਦੇ ਹਨ। ਇਸ ਦੀਆਂ ਟਾਹਣੀਆਂ ਦੀ ਦਾਤਣ ਬੜੀ ਉਪਯੋਗੀ ਹੁੰਦੀ ਹੈ। ਕਿੱਕਰ ਦਾ ਛਿਲਕਾ ਚਮੜਾ ਰੰਗਣ ਦੇ ਕੰਮ ਆਉਂਦਾ ਹੈ। ਇਸ ਦੀਆਂ ਫ਼ਲੀਆਂ ਨੂੰ ਬੱਕਰੀਆਂ ਬਹੁਤ ਖ਼ੁਸ਼ ਹੋ ਕੇ ਖਾਂਦੀਆਂ ਹਨ। ਫ਼ਲੀਆਂ ਨੂੰ ਪੀਸ ਕੇ ਕਈ ਦੇਸੀ ਦਵਾਈਆਂ ਵਿਚ ਵੀ ਵਰਤਿਆ ਜਾਂਦਾ ਹੈ। ਕਿੱਕਰ ਦੇ ਰੁੱਖ ਵਿਚੋਂ ਨਿਕਲਣ ਵਾਲੀ ਗੂੰਦ ਨੂੰ ਮਨੁੱਖ ਕਈ ਤਰ੍ਹਾਂ ਨਾਲ ਵਰਤੋਂ ਵਿਚ ਲਿਆਉਂਦਾ ਹੈ। ਕਿੱਕਰ ਦੀ ਲੱਕੜੀ ਬੜੀ ਸਖ਼ਤ ਮੰਨੀ ਜਾਂਦੀ ਹੈ, ਇਸ ਲਈ ਕਈ ਖੇਤੀ ਸੰਦ ਬਣਾਉਣ ਦੇ ਕੰਮ ਆਉਂਦੀ ਹੈ। ਕਿੱਕਰ ਦੇ ਰੁੱਖ ਨਾਲ ਕਈ ਤਰ੍ਹਾਂ ਦੇ ਭਰਮ ਤੇ ਲੋਕ ਵਿਸ਼ਵਾਸ ਵੀ ਜੁੜੇ ਹਨ। ਸਮਝਿਆ ਜਾਂਦਾ ਹੈ ਕਿ ਇਹ ਰੁੱਖ ਉਜਾੜ ਮੰਗਦਾ ਹੈ। ਪੰਜਾਬੀ ਲੋਕ ਗੀਤਾਂ ਵਿਚ ਕਿੱਕਰ ਦਾ ਜ਼ਿਕਰ ਕਰਦਿਆਂ ਇਸ ਰੁੱਖ ਦੇ ਸੁਭਾਅ ਦੇ ਕਈ ਪੱਖਾਂ ਵੱਲ ਸੰਕੇਤ ਕੀਤੇ ਗਏ ਮਿਲਦੇ ਹਨ, ਮਿਸਾਲ ਵਜੋਂ :
* ਉੱਥੇ ਕਿੱਕਰਾਂ ਨੂੰ ਲੱਗਦੇ ਮੋਤੀ
ਜਿੱਥੋਂ ਦੀ ਮੇਰਾ ਵੀਰਾ ਲੰਘਦਾ…
* ਸੂਹੇ ਵੇ ਚੀਰੇ ਵਾਲਿਆ, ਫੁੱਲ ਕਿੱਕਰਾਂ ਦੇ
ਕਿੱਕਰਾਂ ਲਾਈ ਬਹਾਰ, ਮੇਲੇ ਮਿੱਤਰਾਂ ਦੇ…
* ਕਿੱਕਰਾਂ ਉੱਤੋਂ ਫੁੱਲ ਪਏ ਝੜਦੇ, ਲੱਗਦੇ ਬੋਲ ਪਿਆਰੇ
ਜਲ ’ਤੇ ਫੁੱਲ ਤਰਦਾ, ਨਿਉਂ ਕੇ ਚੁੱਕ ਮੁਟਿਆਰੇ…
ਕਰੀਰ ਵੀ ਕੰਡੇਦਾਰ ਰੁੱਖ ਹੁੰਦਾ ਹੈ। ਇਸ ਨੂੰ ਡੇਲੇ ਨਾਂ ਦਾ ਫ਼ਲ ਲੱਗਦਾ ਹੈ। ਲੋਕਧਾਰਾ ਵਿਚ ਇਸ ਬਿਰਖ ਬਾਰੇ ਕਈ ਮਨੌਤਾਂ ਪਾਈਆਂ ਜਾਂਦੀਆਂ ਹਨ। ਪੰਜਾਬੀ ਲੋਕ ਗੀਤਾਂ ਵਿਚ ਵੀ ਕਰੀਰ ਦੀ ਲੱਕੜੀ, ਫ਼ਲ, ਫੁੱਲਾਂ ਆਦਿ ਦਾ ਜ਼ਿਕਰ ਹੋਇਆ ਹੈ :
ਘੁੰਮ ਵੇ ਕਰੀਰਾ, ਘੁੰਮ ਵੇ ਕਰੀਰਾ,
ਰੱਬ ਤੈਨੂੰ ਲਾਵੇ ਡੇਲੇ, ਸੋਹਣੇ ਫੁੱਲ ਖਿੜੇ ਸਈਓ,
ਥਾਂ-ਥਾਂ ਲੱਗਦੇ ਮੇਲੇ।
ਕਰੀਰ ਵਾਂਗ ਫੱਲਾਹ ਦਾ ਰੁੱਖ ਵੀ ਪੰਜਾਬੀ ਲੋਕ ਜੀਵਨ ਵਿਚ ਵਿਸ਼ੇਸ਼ ਥਾਂ ਰੱਖਦਾ ਹੈ। ਇਸ ਦੇ ਪੱਤੇ ਭੇਡਾਂ ਬੱਕਰੀਆਂ ਬੜੇ ਚਾਅ ਨਾਲ ਖਾਂਦੀਆਂ ਹਨ। ਇਸ ਦੇ ਫੁੱਲਾਂ ਦੀ ਖ਼ੁਸ਼ਬੋ ਬੜੀ ਭਿੰਨੀ ਹੁੰਦੀ ਹੈ ਤੇ ਇਸ ਦਾ ਇਤਰ ਬਣਾਇਆ ਜਾਂਦਾ ਹੈ। ਪੰਜਾਬੀ ਦੇ ਇਕ ਲੋਕ ਗੀਤ ਦੇ ਬੋਲ ਹਨ :
ਵਿਹੜੇ ਤਾਂ ਸਾਡੇ ਹਰੀ ਫਲਾਹੀ,
ਮੋੜ ਘੋੜਾ ਛਾਵੇਂ ਬਹਿ ਜਾਈਂ
ਛਾਵੇਂ ਵੀ ਬਹਿ ਗਿਆ, ਗੱਲਾਂ ਵੀ ਕਰ ਗਿਆ
ਉਹੋ ਮਾਹੀ ਸਾਨੂੰ ਛਲ ਗਿਆ …
ਅਨੇਕ ਰੁੱਖਾਂ ਦੀ ਚਕਿਤਸਾ ਵਿਗਿਆਨ ਦੇ ਖੇਤਰ ਵਿਚ ਬਹੁਤ ਮਹਾਨਤਾ ਹੈ। ਵਪਾਰਕ ਪਹਿਲੂ ਤੋਂ ਵੀ ਰੁੱਖਾਂ ਦਾ ਵਡਮੁੱਲਾ ਮਹੱਤਵ ਹੈ। ਕਿਸਾਨ ਬਾਗ਼ ਲਗਾਉਂਦਾ ਹੈ ਤਾਂ ਵਪਾਰਕ ਨਜ਼ਰੀਏ ਤੋਂ। ਸਫ਼ੈਦੇ ਤੇ ਪਾਪੂਲਰ ਦੇ ਰੁੱਖਾਂ ਦੀ ਕਾਸ਼ਤ ਕਰਦਾ ਹੈ ਤਾਂ ਵਪਾਰਕ ਨਜ਼ਰੀਏ ਨੂੰ ਮੁੱਖ ਰੱਖ ਕੇ ਕਰਦਾ ਹੈ। ਲੱਖਾਂ ਕਰੋੜਾਂ ਲੋਕਾਂ ਦੀ ਉਪਜੀਵਕਾ ਰੁੱਖਾਂ ਉੱਪਰ ਨਿਰਭਰ ਕਰਦੀ ਹੈ। ਰੁੱਖ ਧਰਤੀ ਦੀ ਸੁੰਦਰਤਾ ਵਿਚ ਵਾਧਾ ਕਰਨ ਦੇ ਨਾਲ ਮਨੁੱਖ ਲਈ ਬਰਕਤਾਂ ਦੇ ਭੰਡਾਰ ਵੀ ਖੋਲ੍ਹਦੇ ਹਨ। ਇਹ ਮਨੁੱਖ ਦੇ ਦੁੱਖ ਵੰਡਾਉਂਦੇ ਵੀ ਹਨ ਤੇ ਘਟਾਉਂਦੇ ਵੀ ਹਨ। ਮਨੁੱਖ ਨੂੰ ਸਮੂਹਿਕ ਯਤਨਾਂ ਨਾਲ ਵਿਆਪਕ ਪੱਧਰ ’ਤੇ ਰੁੱਖਾਂ ਦੀ ਰਾਖੀ ਕਰਨੀ ਚਾਹੀਦੀ ਹੈ। ਮਨੁੱਖ ਦੀਆਂ ਸੈਂਕੜੇ ਲੋੜਾਂ ਪੂਰੀਆਂ ਕਰਨ ਵਾਲੇ, ਦੁੱਖ-ਦਰਦ ਪੁੱਛਣ ਤੇ ਵੰਡਾਉਣ ਵਾਲੇ ਰੁੱਖ ਦਾ ਜਿਗਰਾ ਬਹੁਤ ਵੱਡਾ ਹੈ। ਮਨੁੱਖ ਨੂੰ ਵੀ ਰੁੱਖ ਦੀ ਡੂੰਘੀ ਪੀੜ ਨੂੰ ਸਮਝਣ ਦਾ ਯਤਨ ਕਰਨ ਤੇ ਆਪਣੇ ਸਿਰ ਚੜ੍ਹੇ ਉਸ ਦੇ ਰਿਣ ਨੂੰ ਉਤਾਰਨ ਦੇ ਯਤਨ ਕਰਨੇ ਚਾਹੀਦੇ ਹਨ।
ਸੰਪਰਕ: 98885-10185