ਦੀਪ ਦੇਵਿੰਦਰ ਸਿੰਘ
ਉਦੋਂ ਹੌਲੀ ਜਿਹੀ ਉਮਰ ਦਾ ਸਾਂ ਮੈਂ, ਜਦੋਂ ਆਪਣੀ ਮਾਂ ਨਾਲ ਗੁੱਸੇ ਹੋ ਕੇ ਘਰੋਂ ਚਲਾ ਗਿਆ। ਜਾਣਾ ਕਿੱਥੇ ਸੀ, ਦਸ ਬਾਰਾਂ ਕੋਹ ਦੀ ਵਿਥ ’ਤੇ ਰਹਿੰਦੀ ਭੂਆ ਦੇ ਪਿੰਡ ਜਾ ਵੜਿਆ ਸਾਂ। ਆਪਣੇ ਹਾਣੀ ਭੂਆ ਦੇ ਧੀਆਂ ਪੁੱਤਰਾਂ ’ਚ ਹੱਸਦਿਆਂ ਖੇਡਦਿਆਂ ਦੋ ਤਿੰਨ ਦਿਨ ਤਾਂ ਤੀਆਂ ਵਾਂਗ ਗੁਜ਼ਰੇ। ਮੁੜ ਚਿੰਤਾ ਸਤਾਉਣ ਲੱਗੀ ਕਿ ਮਗਰ ਭਾਪਾ ਆਏਗਾ ਸਾਈਕਲ ਦੀ ਘੰਟੀ ਵਜਾਉਂਦਾ। ਗੁੱਸਾ ਕਰੇਗਾ। ਭੂਆ ਦੇ ਨਿਆਣਿਆਂ ਸਾਹਮਣੇ ਹੇਠੀ ਹੋਵੇਗੀ। ਮੈਂ ਤੀਜੇ ਕੁ ਦਿਨ ਭੂਆ ਦੇ ਪੈਰੀਂ ਹੱਥ ਲਾਏ ਤੇ ਕਿਹਾ, ‘‘ਚੰਗਾ ਭੂਆ ਮੈਂ ਚਲਦੈਂ ਹੁਣ।’’ ਅੱਗਿਉਂ ਭੂਆ ਕਹਿੰਦੀ, ‘‘ਚੰਗਾ ਪੁੱਤ ਜਿਉਂਦਾ ਰਹਿ। ਠੰਢੇ-ਠੰਢੇ ਜਾ ਫਿਰ। ਮੁੜ ਧੁੱਪ ਨਿਕਲ ਆਊ, ਤਿੱਖੀ ਤੇ ਤੇਜ਼। ਆਪਣੀ ਬੀਬੀ ਨੂੰ ਕਹੀਂ ਕਦੇ ਮਿਲ-ਗਿਲ ਜਾਏ।’’
ਮੈਂ ਅਣਮੰਨੇ ਜਿਹੇ ਮਨ ਨਾਲ ਇੱਕ ਤਣੀ ਵਾਲਾ ਝੋਲਾ ਮੋਢੇ ਲਮਕਾਇਆ। ਭੂਆ ਮੈਨੂੰ ਟਾਂਗਿਆਂ ਦੇ ਅੱਡੇ ਤਕ ਤੋਰਨ ਆਈ। ਟਾਂਗੇ ਨੇ ਮੈਨੂੰ ਜਰਨੈਲੀ ਸੜਕ ’ਤੇ ਜਾ ਲਾਹਿਆ। ਜਿੱਥੋਂ ਮੈਂ ਬਗੈਰ ਸੋਚਿਆਂ ਸਮਝਿਆਂ ਬੱਸ ’ਚ ਬੈਠ ਕੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ’ਤੇ ਜਾ ਪਹੁੰਚਿਆ। ਮੈਂ ਦੇਖਿਆ ਸਾਹਮਣੇ ਅੱਠ ਦਸ ਜਣੇ ਪਾਲ ਬੰਨ੍ਹ ਕੇ ਟਿਕਟ ਲੈਣ ਲਈ ਬਾਰੀ ਅੱਗੇ ਖੜ੍ਹੇ ਸੀ। ਮੈਂ ਵੀ ਉਨ੍ਹਾਂ ਪਿੱਛੇ ਜਾ ਖਲੋਤਾ। ਮੇਰੇ ਤੋਂ ਅਗਲੇ ਦੀ ਵਾਰੀ ਆਈ। ਉਹਨੇ ਦਿੱਲੀ ਦੀ ਟਿਕਟ ਮੰਗੀ। ਮੈਂ ਵੀ ਉਹਦੇ ਪਿੱਛੇ ‘ਇੱਕ ਦਿੱਲੀ’ ਕਹਿੰਦਿਆਂ ਪੈਸਿਆਂ ਵਾਲਾ ਹੱਥ ਟਿਕਟ ਖਿੜਕੀ ਰਾਹੀਂ ਸਾਹਮਣੇ ਬੈਠੇ ਬਾਬੂ ਵੱਲ ਵਧਾਇਆ। ਉਸ ਨੇ ਗੱਤੇ ਦੀ ਟਿਕਟ ਦਿੱਤੀ ਨਾਲ ਬਚਦੇ ਪੈਸੇ ਵੀ। ਮੇਰੇ ਪੁੱਛਣ ’ਤੇ ਉਸ ਨੇ ਗੱਡੀ ਚੱਲਣ ਦਾ ਵੇਲਾ ਵੀ ਦੱਸ ਦਿੱਤਾ ਸੀ। ਗੱਡੀ ਪਲੇਟਫਾਰਮ ’ਤੇ ਆਈ ਨਹੀਂ ਸੀ। ਮੈਂ ਮੁਸਾਫ਼ਰਖਾਨੇ ’ਚ ਡਿੱਠੀ ਕੁਰਸੀ ’ਤੇ ਜਾ ਬੈਠਾ। ਮੈਂ ਆਪਣੇ ਕੋਲ ਵਾਲੇ ਝੋਲੇ ’ਚ ਇੱਕ ਲਕੀਰੀ ਕਾਪੀ ਕੱਢੀ ਤੇ ਸੂਈਆਂ ਲਾਗਿਉਂ ਜੁੜਵਾਂ ਵਰਕਾ ਕੱਢ ਕੇ ਭੂਆ ਨੂੰ ਚਿੱਠੀ ਲਿਖਣ ਲੱਗ ਪਿਆ। ਮੈਂ ਤਾਜ਼ੀਆਂ ਵੇਖੀਆਂ ਫਿਲਮਾਂ ਦੇ ਸੰਵਾਦ ਸੋਚ ਸੋਚ ਕੇ ਲਿਖੇ ਤਾਂ ਜੋ ਚਿੱਠੀ ਨੂੰ ਵੱਧ ਤੋਂ ਵੱਧ ਭਾਵੁਕ ਬਣਾਇਆ ਜਾ ਸਕੇ। ਚਿੱਠੀ ਖ਼ਤਮ ਕਰਦਿਆਂ ਲਿਖਿਆ ਕਿ ‘ਭੂਆ ਤੇਰੇ ਘਰ ਦੇ ਵਿਹੜੇ ਦੀ ਠੰਢੀ ਤੇ ਮਿੱਠੀ ਛਾਂ ਹੇਠ ਮਾਣੇ ਇਨ੍ਹਾਂ ਦਿਨਾਂ ਲਈ ਸ਼ੁਕਰੀਆ।’
ਇਸੇ ਤਰ੍ਹਾਂ ਦੀ ਇੱਕ ਹੋਰ ਚਿੱਠੀ ਮੈਂ ਆਪਣੇ ਪਿੰਡ ਵਾਸਤੇ ਲਿਖ ਦਿੱਤੀ ਜਿਸ ਵਿੱਚ ਛੋਟੇ ਭਰਾਵਾਂ ਨੂੰ ਵੇਲੇ ਸਿਰ ਸਕੂਲ ਜਾਣ ਤੇ ਘਰ ਦਾ ਕੰਮਕਾਰ ਵੇਖਣ ਲਈ ਉਚੇਚੇ ਤੌਰ ’ਤੇ ਕਿਹਾ। ਦੋਵੇਂ ਬੇਰੰਗ ਚਿੱਠੀਆਂ ਤਹਿ ਕਰ ਕੇ ਲੈਟਰ ਬਾਕਸ ’ਚ ਸੁੱਟੀਆਂ ਤੇ ਆਪ ਚਾਰ ਨੰਬਰ ਪਲੇਟਫਾਰਮ ’ਤੇ ਲੱਗੀ ਗੱਡੀ ਦੇ ਚਾਲੂ ਡੱਬੇ ’ਚ ਜਾ ਵੜਿਆ ਸਾਂ। ਮੇਰੇ ਅੰਦਰ ਆਉਣ ਤਕ ਸਵਾਰੀਆਂ ਲਗਭਗ ਸੀਟਾਂ ਮੱਲ ਚੁੱਕੀਆਂ ਸਨ ਤੇ ਮੈਂ ਸੰਗਦੇ ਮਾਰੇ ਨੇ ਕਿਸੇ ਨੂੰ ਥੋੜ੍ਹਾ ਨਾਲ ਹੋ ਜਾਣ ਲਈ ਵੀ ਨਹੀਂ ਸੀ ਕਿਹਾ। ਰਾਤ ਭਰ ਬਾਕੀ ਸਵਾਰੀਆਂ ਨਾਲ ਨੱਕੋ ਨੱਕ ਭਰੇ ਡੱਬੇ ’ਚ ਭੁੰਜੇ ਬੈਠ ਕੇ ਹੁੰਗਲਾਉਂਦਾ ਹੋਇਆ ਦਿੱਲੀ ਪਹੁੰਚਿਆ ਸਾਂ। ਗਲ ਪਾਏ ਲੀੜੇ ਪਸੀਨੇ ਅਤੇ ਮਿੱਟੀ ਘੱਟੇ ਨਾਲ ਚਿੱਕੜ ਵਰਗੇ ਹੋ ਗਏ ਸਨ। ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਦੀਆਂ ਪੌੜੀਆਂ ’ਤੇ ਚੜ੍ਹਦੀ ਉਤਰਦੀ ਬੇਤਹਾਸ਼ਾ ਭੀੜ ਦੇ ਹੜ੍ਹ ’ਚ ਘਬਰਾਇਆ ਤੇ ਗਵਾਚਿਆ ਜਿਹਾ ਮਹਿਸੂਸ ਕਰ ਰਿਹਾ ਸਾਂ। ਇਉਂ ਲੱਗਦਾ ਸੀ ਇਹ ਭੀੜ ਦਾ ਹੜ੍ਹ ਮੈਨੂੰ ਰੋੜ੍ਹ ਕੇ ਕਿਤੇ ਦਾ ਕਿਤੇ ਲੈ ਜਾਵੇਗਾ। ਇੱਕ ਸਰਦਾਰ ਜੀ ਦੀ ਮਦਦ ਨਾਲ ਮੈਂ ਜਨਤਾ ਕਲੋਨੀ ਰਹਿੰਦੇ ਆਪਣੇ ਮਾਮੇ ਦਾ ਘਰ ਲੱਭਣ ’ਚ ਕਾਮਯਾਬ ਹੋ ਗਿਆ ਸਾਂ ਜਿਹੜਾ ਆਪ ਛੋਟੇ ਜਿਹੇ ਕਮਰੇ ’ਚ ਆਪਣੇ ਪਰਿਵਾਰ ਦੇ ਚਹੁੰ ਜੀਆਂ ਨਾਲ ਤੰਗੀ ਤੁਰਸ਼ੀ ਦੇ ਦਿਨ ਕੱਟ ਰਿਹਾ ਸੀ। ਮੈਂ ਪਹੁੰਚ ਤਾਂ ਗਿਆ ਸਾਂ, ਪਰ ਘਰ ਦੇ ਜੀਆਂ ਦਾ ਉਦਰੇਵਾਂ, ਦੂਜਾ ਪਹੁੰਚਣ ਤਕ ਦੀ ਅਵਾਜ਼ਾਰੀ ਤੇ ਤੀਜਾ ਪਿੰਡ ਅਤੇ ਦਿੱਲੀ ਵਰਗੇ ਮਹਾਂਨਗਰ ਦੇ ਜ਼ਮੀਨ ਆਸਮਾਨ ਵਿਚਲੇ ਫਾਸਲੇ ਨੇ ਮੈਨੂੰ ਉੱਥੇ ਦੋ ਦਿਨ ਤੋਂ ਵੱਧ ਟਿਕਣ ਨਾ ਦਿੱਤਾ। ਇਸ ਕਰਕੇ ਮੈਂ ਪਿੰਡ ਪਰਤ ਜਾਣ ਦਾ ਫ਼ੈਸਲਾ ਮਨ ਹੀ ਮਨ ਕਰ ਲਿਆ ਸੀ। ਮਾਮੀ ਨੇ ਲੀੜੇ ਧੋ ਕੇ ਪ੍ਰੈੱਸ ਵੀ ਕਰ ਦਿੱਤੇ ਸਨ। ਨਾ ਹੀ ਉਨ੍ਹਾਂ ਕੋਈ ਰੁਕਣ ਦਾ ਬਹੁਤਾ ਜ਼ੋਰ ਪਾਇਆ ਤੇ ਨਾ ਹੀ ਮੇਰਾ ਮਨ ਟਿਕਣ ਨੂੰ ਕਰਦਾ ਸੀ। ਸਫ਼ਰ ਦੀਆਂ ਦੁਸ਼ਵਾਰੀਆਂ ਨਾਲ ਦੋ ਚਾਰ ਹੁੰਦਾ ਮੈਂ ਵਾਪਸ ਆਣ ਮੁੜਿਆ ਸਾਂ।
ਜਿਹੜੀ ਚਿੱਠੀ ਤੁਰਨ ਵੇਲੇ ਭੂਆ ਨੂੰ ਲਿਖੀ ਸੀ ਉਹਨੂੰ ਪਹਿਲਾਂ ਮਿਲ ਗਈ ਸੀ ਤੇ ਚਿੱਠੀ ਲੈ ਕੇ ਉਹ ਮੇਰੇ ਪਹੁੰਚਣ ਤੋਂ ਪਹਿਲਾਂ ਹੀ ਪਿੰਡ ਜਾ ਪਹੁੰਚੀ ਸੀ। ਸਫ਼ਰ ਦਾ ਹਾਰਿਆ ਹੰਭਿਆ ਤੇ ਭੁੱਖਾ ਤ੍ਰਿਹਾਇਆ ਮੈਂ ਵੀ ਦੁਪਹਿਰ ਢਲੇ ਲੱਤਾਂ ਧੂੰਹਦਾ ਪਿੰਡ ਆਣ ਅੱਪੜਿਆ ਸਾਂ। ਪਿੰਡ ’ਚ ਬਗੈਰ ਕਿਸੇ ਨਾਲ ਅੱਖ ਮਿਲਾਇਆਂ ਮੈਂ ਆਪਣੇ ਘਰ ਦੇ ਅੱਧ ਢੁਕੇ ਦਰਵਾਜ਼ੇ ਨੂੰ ਖੋਲ੍ਹ ਕੇ ਅੰਦਰ ਲੰਘਿਆ ਤਾਂ ਸਾਹਮਣੇ ਵਾਣ ਵਾਲੇ ਮੰਜੇ ’ਤੇ ਬੈਠੀ ਦਾਦੀ ਨੇ ਵੇਖਦਿਆਂ ਸਾਰ ਦੋਵੇਂ ਹੱਥ ਜੋੜ ਕੇ ਨੀਲੇ ਅੰਬਰਾਂ ਵੱਲ ਸਿਰ ਝੁਕਾਉਂਦਿਆਂ ਰੱਬ ਦਾ ਸ਼ੁਕਰ ਮਨਾਇਆ ਸੀ। ਮੈਂ ਵੀ ਬਾਕੀ ਜੀਆਂ ਦੇ ਗੁਜ਼ਾਰੇ ਯੋਗ ਦੁਆ ਸਲਾਮ ਕਰ ਕੇ ਦਾਦੀ ਲਾਗੇ ਬਹਿਣਾ ਹੀ ਬਿਹਤਰ ਸਮਝਿਆ ਸੀ। ਮਾਂ ਪਾਣੀ ਦਾ ਗਲਾਸ ਲਿਆਈ। ਮੈਨੂੰ ਬੈਠੇ ਨੂੰ ਗਲ ਲਾ ਲਿਆ। ਉਪਰ ਲਏ ਲੀੜੇ ਦਾ ਪੱਲਾ ਪੋਲਾ-ਪੋਲਾ ਮੇਰੇ ਮੱਥੇ ’ਤੇ ਫੇਰਿਆ।
ਘਰ ਵਿਚਲਾ ਚਿੰਤਾ ਵਾਲਾ ਮਾਹੌਲ ਹੁਣ ਬਦਲ ਚੁੱਕਾ ਸੀ। ਘਰ ਦੇ ਸਾਰੇ ਜੀਅ ਚਹਿਕ ਉੱਠੇ ਸਨ। ਆਂਢ-ਗੁਆਢ ਰਹਿੰਦੀਆਂ ਚਾਚੀਆਂ-ਤਾਈਆਂ ਤੇ ਹੋਰ ਨਿੱਕੇ ਵੱਡੇ ਨਿਆਣਿਆਂ ਕਰਕੇ ਵਿਹੜੇ ’ਚ ਵਾਹਵਾ ਰੌਣਕ ਲੱਗ ਗਈ ਸੀ। ਹੁਣ ਬੀਬੀ ਬੜਾ ਹੁੱਬ-ਹੁੱਬ ਕੇ ਘਰ ਆਇਆਂ ਨੂੰ ਦੱਸ ਰਹੀ ਸੀ ਕਿ ‘ਦਿੱਲੀ ਰਹਿੰਦੇ ਆਪਣੇ ਮਾਮੀ-ਮਾਮੇ ਨੂੰ ਮਿਲਣ ਚਲਾ ਗਿਆ ਸੀ। ਉੱਥੇ ਦੋ-ਦੋ ਛੱਤਾਂ ਵਾਲੀਆਂ ਬੱਸਾਂ ’ਤੇ ਝੂਟੇ ਲੈ ਕੇ ਆਇਆ ਅਗਲਾ।’ ਇਸ ਗਹਿਮਾ-ਗਹਿਮੀ ਨੂੰ ਕਿਤੇ ਪੰਦਰਾਂ-ਵੀਹ ਮਿੰਟ ਹੀ ਗੁਜ਼ਰੇ ਹੋਣਗੇ ਕਿ ਬਾਹਰਲੇ ਦਰਵਾਜ਼ੇ ਨੂੰ ਖੜਕਾਉਂਦਿਆਂ ਡਾਕੀਏ ਨੇ ਦੋ ਪੈਰ ਹੋਰ ਅਗਾਂਹ ਪੁੱਟਦਿਆਂ ਬੇਰੰਗ ਚਿੱਠੀ ਬਾਰੇ ਆਵਾਜ਼ ਦਿੱਤੀ ਸੀ। ਦਾਦੀ ਨੇ ਫਿਰ ਚਿੰਤਾ ਜਤਾਉਂਦਿਆਂ ਕਿਹਾ, ‘‘ਫੜ੍ਹੋ ਨੀ, ਚਿੱਠੀ ਰਸੈਣ ਹੁਣ ਫਿਰ ਬੇਰੰਗ ਖ਼ਤ ਕੀਹਦਾ ਲੈ ਕੇ ਆ ਗਿਆ।’’ ਮੇਰਾ ਬੈਠੇ ਬੈਠੇ ਦਾ ਮੱਥਾ ਠਣਕਿਆ। ਜੀਅ ਕੀਤਾ ਭੱਜ ਕੇ ਜਾ ਕੇ ਡਾਕੀਏ ਕੋਲੋਂ ਚਿੱਠੀ ਜਾ ਫੜ੍ਹਾਂ। ਪਰ ਮੇਰੇ ਉੱਠਣ ਤੋਂ ਪਹਿਲਾਂ ਹੀ ਛੋਟੇ ਭਰਾਵਾਂ ਨੇ ਚਿੱਠੀ ਜਾ ਫੜੀ ਸੀ ਤੇ ਕਾਹਲੀ ਨਾਲ ਖੋਲ੍ਹ ਕੇ ਵੇਖਦਿਆਂ ਸਾਰ ਸਮਝ ਗਏ ਸਨ ਕਿ ਚਿੱਠੀ ਕਿਸ ਦੀ ਹੈ। ਕਿਉਂਕਿ ਭੂਆ ਵਾਲੀ ਚਿੱਠੀ ਉਨ੍ਹਾਂ ਨੇ ਹੀ ਘਰ ਦੇ ਬਾਕੀ ਜੀਆਂ ਨੂੰ ਕਈ ਵਾਰੀ ਪੜ੍ਹ ਕੇ ਸੁਣਾਈ ਸੀ ਜਿਸ ਨੂੰ ਸੁਣ ਕੇ ਸਾਰੇ ਜੀਅ ਕਈ ਵਾਰੀ ਭਾਵੁਕ ਹੋਏ ਸਨ। ਪਰ ਹੁਣ ਆਈ ਚਿੱਠੀ ਦੇ ਅਰਥ ਹੀ ਹੋਰ ਦੇ ਹੋਰ ਹੋ ਗਏ ਸਨ। ਛੋਟੇ ਚਿੱਠੀ ਲੈ ਕੇ ਸੁਫੇ ਦੀ ਛੱਤ ’ਤੇ ਜਾ ਚੜ੍ਹੇ ਸਨ ਤੇ ਮਗਰੇ ਮਗਰ ਗਲੀ ਗੁਆਂਢ ਦੇ ਬਾਕੀ ਨਿਆਣੇ ਵੀ। ਬਨੇਰੇ ਤੋਂ ਵਿਹੜੇ ਵੱਲ ਲੱਤਾਂ ਲਮਕਾ ਕੇ ਬੈਠਦਿਆਂ ਛੋਟੇ ਵਾਰੋ ਵਾਰੀ ਚਿੱਠੀ ਦੀ ’ਕੱਲੀ-’ਕੱਲੀ ਸਤਰ ਪੜ੍ਹਦੇ ਤੇ ਬਾਕੀ ਜੀਆਂ ਨਾਲ ਰਲ ਕੇ ਖਿੜ-ਖਿੜ ਹੱਸਦੇ। ਮੈਂ ਸ਼ਰਮਿੰਦਗੀ ਅਤੇ ਸੰਗਦੇ ਮਾਰੇ ਨੇ ਸਿਰ ਗੋਡਿਆਂ ’ਚ ਦੇ ਰੱਖਿਆ ਸੀ। ਮੇਰੇ ਵਿੱਚ ਮੂੰਹ ਉਪਰ ਚੁੱਕਣ ਦੀ ਹਿੰਮਤ ਨਹੀਂ ਸੀ ਪੈ ਰਹੀ। ਪਤਾ ਨਹੀਂ ਕਦੋਂ ਬੀਬੀ ਨੇ ਆਪ ਜਾ ਕੇ ਉਨ੍ਹਾਂ ਹੱਥੋਂ ਚਿੱਠੀ ਖੋਹੀ ਸੀ ਤੇ ਪਾੜ ਕੇ ਪਰ੍ਹਾਂ ਵਗਾਹ ਮਾਰੀ ਸੀ।
ਅੱਜ ਉਨ੍ਹਾਂ ਛੋਟੇ ਭਰਾਵਾਂ ਦੇ ਬੱਚੇ ਵੀ ਉਨ੍ਹਾਂ ਦੀ ਉਸ ਉਮਰ ਨਾਲੋਂ ਕਿਤੇ ਸਿਆਣੇ ਹੋ ਗਏ ਹਨ। ਅਕੇਵੇਂ ਅਤੇ ਥਕੇਵੇਂ ਵਾਲੀ ਨੱਠ-ਭੱਜ ਤੋਂ ਬਾਅਦ ਜਦ ਕਦੇ ਮੈਂ ਆਪਣੇ ਪਿੰਡ ਵਾਲੇ ਘਰ ਗੇੜਾ ਮਾਰਨ ਜਾਂਦਾ ਹਾਂ ਤਾਂ ਵਿਹੜੇ ’ਚ ਲੱਗੇ ਤੂਤ ਦੀ ਸੰਘਣੀ ਛਾਂ ਧੁਰ ਅੰਦਰ ਤੀਕ ਠੰਢਕ ਪੰਚਾਉਂਦੀ ਹੈ ਜਿਸ ਹੇਠ ਬੈਠੀ ਮਾਂ ਗਲ ਲਾਉਂਦੀ ਸੀ। ਆਪਣੇ ਬੁੱਢੇ ਹੱਥਾਂ ਨਾਲ ਸਿਰ ’ਤੇ ਪਿਆਰ ਦਿੰਦੀ ਸੀ ਤਾਂ ਥਕੇਵਾਂ ਵੀ ਲਹਿ ਜਾਂਦਾ ਸੀ ਅਤੇ ਮਨ ਅੰਦਰਲੀ ਭਟਕਣਾ ਨੂੰ ਵੀ ਕੋਈ ਰੱਬੀ ਸ਼ਾਂਤੀ ਮਿਲਦੀ ਸੀ। ਮੈਂ ਸੋਚਦਾ ਹਾਂ ਮਨੁੱਖ ਕਿੰਨਾ ਵੀ ਦੂਰ ਭੱਜ ਲਏ, ਸੀਨੇ ਠੰਢ ਪਾਉਣ ਵਾਲੀ ਸ਼ਾਂਤੀ ਮਾਂ ਦੀ ਗੋਦੀ ਤੋਂ ਬਿਨਾ ਕਿਤੇ ਨਹੀਂ ਲੱਭਦੀ। ਬੋਹੜ ਦੇ ਰੁੱਖਾਂ ਵਰਗੀ ਸੰਘਣੀ ਮਾਪਿਆਂ ਦੀ ਛਾਂ ਕਿਤੇ ਅਜਾਈਂ ਨਾ ਚਲੀ ਜਾਏ, ਸਾਨੂੰ ਵੇਲੇ ਸਿਰ ਜਾਗ ਜਾਣਾ ਚਾਹੀਦਾ।
ਸੰਪਰਕ: 98721-65707