ਗੁਰਬਿੰਦਰ ਸਿੰਘ ਮਾਣਕ
ਇਸ ਬਾਰੇ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਕਿਸੇ ਦੇਸ਼ ਦੀ ਜਵਾਨੀ, ਜੋਸ਼, ਜਜ਼ਬੇ, ਬੇਬਹਾ ਸ਼ਕਤੀ ਤੇ ਸਿਰੜ ਦਾ ਅਜਿਹਾ ਭਰ ਵਗ਼ਦਾ ਦਰਿਆ ਹੁੰਦੀ ਹੈ ਕਿ ਜੇ ਆਈ ’ਤੇ ਆ ਜਾਵੇ ਤਾਂ ਪਰਬਤਾਂ ਨੂੰ ਵੀ ਹਿਲਾਉਣ ਦੀ ਸਮਰਥਾ ਰੱਖਦੀ ਹੈ। ਇਸ ਦੀ ਅਥਾਹ ਸਮਰਥਾ ਨੂੰ ਜੇ ਸੰਗਠਿਤ ਰੂਪ ਵਿਚ ਸਹੀ ਸੇਧ ਦੇ ਕੇ ਸਮਾਜ ਦੇ ਨਿਰਮਾਣ ਵਿਚ ਵਰਤਿਆ ਜਾਵੇ ਤਾਂ ਕਿਸੇ ਦੇਸ਼ ਦੇ ਵਿਕਾਸ ਦੇ ਖੇਤਰ ਵਿਚ ਨਵੀਆਂ ਬੁਲੰਦੀਆਂ ਨੂੰ ਛੋਹਿਆ ਜਾ ਸਕਦਾ ਹੈ। ਇਸ ਦੇ ਉਲਟ ਜੇ ਕਿਸੇ ਦੇਸ਼ ਦਾ ਵਡਮੁੱਲਾ ਸਰਮਾਇਆ ਨੌਜਵਾਨ ਵਰਗ ਗਲਤ ਦਿਸ਼ਾ ਅਖਤਿਆਰ ਕਰਕੇ ਔਝੜੀਂ ਪੈ ਜਾਵੇ ਤਾਂ ਉਸ ਦੇਸ਼ ਨੂੰ ਅਧੋਗਤੀ ਦੀ ਹਨੇਰੀ ਗਲੀ ਵਲ ਜਾਣ ਤੋਂ ਕੋਈ ਨਹੀਂ ਰੋਕ ਸਕਦਾ।
ਅਜੋਕੇ ਨੌਜਵਾਨ ਨੂੰ ਸਿਖਿਆ ਦੇ ਖੇਤਰ ਵਿਚ ਬੇਸ਼ੁਮਾਰ ਮੌਕੇ ਤੇ ਸਹੂਲਤਾਂ ਪ੍ਰਾਪਤ ਹਨ। ਪਰ ਬਹੁਤ ਥੋੜ੍ਹੇ ਨੌਜਵਾਨ ਸਹੀ ਢੰਗ ਨਾਲ ਸਿਖਿਆ ਪ੍ਰਾਪਤੀ ਦੇ ਰਾਹ ਤੁਰਦੇ ਹਨ। ਵੱਡੀ ਗਿਣਤੀ ਨੌਜਵਾਨ ਤਾਂ ਅਜੋਕੇ ਸਮਿਆਂ ਦੇ ਸੰਧਰਭ ਵਿਚ ਵਕਤ ਦੀ ਨਬਜ਼ ਪਛਾਨਣ ਤੋਂ ਖੁੰਝ ਜਾਂਦੇ ਹਨ। ਮਾਪਿਆਂ ਦੀ ਖੂਨ ਪਸੀਨੇ ਦੀ ਕਮਾਈ ਨੂੰ ਜਿਸ ਤਰ੍ਹਾਂ ਨੌਜਵਾਨ ਰੋੜ੍ਹਦੇ ਹਨ ਉਸ ਦੇ ਵੇਰਵਿਆਂ ਵਿਚ ਜਾਣ ਦੀ ਲੋੜ ਨਹੀਂ ਕਿਉਂਕਿ ਪੂਰਾ ਸਮਾਜ ਇਸ ਤੋਂ ਵਾਕਿਫ ਹੈ। ਪਿਛਲੇ ਕੁਝ ਸਾਲਾਂ ਤੋਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਤੇ ਹੋਰ ਮੁਕਾਬਲਿਆਂ ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ ਵਿਚ ਹੁਣ ਅਕਸਰ ਪਹਿਲੀਆਂ ਪੁਜ਼ੀਸ਼ਨਾਂ ਕੁੜੀਆਂ ਹੀ ਹਾਸਲ ਕਰਦੀਆਂ ਹਨ। ਮੁੰਡੇ ਪਛੜਦੇ ਜਾ ਰਹੇ ਹਨ। ਇਹ ਵੀ ਗੰਭੀਰ ਮਸਲਾ ਹੈ। ਅਸਲ ਵਿਚ ਅਜੋਕੇ ਪੜ੍ਹਾਕੂਆਂ ਦੀਆਂ ਤਰਜੀਹਾਂ ਹੀ ਬਦਲ ਗਈਆਂ ਹਨ, ਉਹ ਜਵਾਨੀ ਦੇ ਜੋਸ਼ ਵਿਚ ਜ਼ਿੰਦਗੀ ਦੇ ਅਸਲੀ ਮਕਸਦ ਤੋਂ ਭਟਕ ਰਹੇ ਹਨ। ਕਰੀਅਰ ਪ੍ਰਤੀ ਇਹ ਅਣਗਹਿਲੀ ਉਨ੍ਹਾਂ ਲਈ ਬਹੁਤ ਭਾਰੀ ਪੈਂਦੀ ਜਾ ਰਹੀ ਹੈ। ਵਧੀਆ ਮੋਬਾਈਲ ਫੋਨ, ਮੋਟਰਸਾਈਕਲ, ਬਰਾਂਡਿਡ ਕੱਪੜੇ ਤੇ ਖਾਣ-ਪੀਣ ਦੀ ਐਸ਼ਪ੍ਰਸਤੀ ਵਿਚ ਬਹੁਗਿਣਤੀ ਪੜ੍ਹਾਕੂ ਆਪਣਾ ਕੀਮਤੀ ਵਕਤ ਗਵਾ ਕੇ ਮਾਪਿਆਂ ਦੀਆਂ ਆਸਾਂ ਨੂੰ ਮਿੱਟੀ ਵਿਚ ਮਿਲਾ ਦਿੰਦੇ ਹਨ।
ਅਜੋਕੇ ਨੌਜਵਾਨ ਹਰ ਸਮੇਂ ਮੋਬਾਈਲ ਨਾਲ ਚਿੰਬੜੇ ਹੀ ਮਿਲਣਗੇ। ਬਿਨਾਂ ਸ਼ੱਕ ਮੋਬਾਈਲ ਫੋਨ ਅਜੋਕੇ ਸਮੇਂ ਦਾ ਤੇਜ਼-ਤਰਾਰ ਸੂਚਨਾ ਮਾਧਿਅਮ ਹੈ। ਪਰ ਇਸ ਨੂੰ ਹੀ ਜ਼ਿੰਦਗੀ ਸਮਝ ਲੈਣਾ ਕਿਸੇ ਤਰ੍ਹਾਂ ਵਾਜਬ ਨਹੀਂ। ਅਜੋਕਾ ਨੌਜਵਾਨ ਮੋਬਾਈਲ ਫੋਨ ਦੀ ਦੁਰਵਰਤੋਂ ਦੇ ਰਾਹ ਵੀ ਤੁਰ ਪਿਆ ਹੈ। ਨੌਜਵਾਨਾਂ ਵਿਚ ਅਨੁਸ਼ਾਸਨਹੀਣਤਾ ਇਸ ਕਦਰ ਘਰ ਕਰ ਗਈ ਹੈ ਕਿ ਉਹ ਕੁਝ ਵੀ ਸੁਣਨ ਲਈ ਤਿਆਰ ਨਹੀਂ, ਉਸ ਨੂੰ ਜਾਪਦਾ ਹੈ ਕਿ ਉਹ ਜੋ ਕਰ ਰਿਹਾ ਹੈ ਸਹੀ ਹੈ। ਸੜਕ ਹਾਦਸਿਆਂ ਦਾ ਸ਼ਿਕਾਰ ਹੋਣ ਵਾਲ਼ਿਆਂ ਵਿਚ ਵੀ ਵੱਡੀ ਗਿਣਤੀ ਨੌਜਵਾਨਾਂ ਦੀ ਹੁੰਦੀ ਹੈ। ਅਜਿਹੀ ਮਾਨਸਿਕਤਾ ਸਿਰੇ ਦੀ ਲਾਪ੍ਰਵਾਹੀ ਦੀ ਸੂਚਕ ਹੈ। ਨਸ਼ਿਆਂ ਦੀ ਲਾਹਣਤ ਦਾ ਸ਼ਿਕਾਰ ਹੋਣ ਵਾਲਿਆਂ ਵਿਚ ਵੀ ਵੱਡੀ ਗਿਣਤੀ ਨੌਜਵਾਨ ਹੀ ਹਨ। ਗਲਤ ਅਨਸਰਾਂ ਦੇ ਚੁੰਗਲ ਵਿਚ ਫਸ ਕੇ ਨੌਜਵਾਨ ਕਿਸੇ ਦੋਸਤ ਦੇ ਮਜਬੂਰ ਕਰਨ ’ਤੇ ਨਸ਼ਾ ਸ਼ੁਰੂ ਕਰ ਲੈਂਦੇ ਹਨ ਜੋ ਹੌਲੀ ਹੌਲੀ ਨਸ਼ੇ ਦੀ ਪੱਕੀ ਆਦਤ ਬਣ ਜਾਂਦਾ ਹੈ। ਫਿਰ ਨਸ਼ਿਆਂ ਦੀ ਖਾਤਰ ਪੈਸੇ ਦੀ ਲੋੜ ਪੂਰੀ ਕਰਨ ਲਈ ਉਹ ਜੁਰਮ ਦੀ ਦੁਨੀਆਂ ਵਿਚ ਦਾਖਲ ਹੋ ਜਾਂਦੇ ਹਨ। ਜਦੋਂ ਤੱਕ ਮਾਪਿਆਂ ਨੂੰ ਪਤਾ ਲਗਦਾ ਹੈ, ਸਿਰ ਤੋਂ ਪਾਣੀ ਲੰਘ ਚੁੱਕਾ ਹੁੰਦਾ ਹੈ। ਇਸ ਤਰ੍ਹਾਂ ਜਿਨ੍ਹਾਂ ਨੌਜਵਾਨਾਂ ਨੇ ਦੇਸ਼-ਸਮਾਜ ਦੇ ਨਿਰਮਾਣ ਵਿਚ ਆਪਣੀ ਭੂਮਿਕਾ ਅਦਾ ਕਰਨੀ ਹੁੰਦੀ ਹੈ ਉਹ ਦੇਸ਼ ’ਤੇ ਭਾਰ ਬਣ ਜਾਂਦੇ ਹਨ। ਨੌਜਵਾਨਾਂ ਨੂੰ ਸਮਝ ਤੋਂ ਕੰਮ ਲੈਦਿਆਂ ਗੈਰ-ਸਮਾਜੀ ਅਨਸਰਾਂ ਦੇ ਬਹਿਕਾਵੇ ਵਿਚ ਆ ਕੇ ਜੀਵਨ ਦੀ ਬਲੀ ਦੇਣ ਤੋਂ ਬਚਣਾ ਚਾਹੀਦਾ ਹੈ।
ਇਹ ਨੌਜਵਾਨ ਸਭਿਆਚਾਰਕ ਕਦਰਾਂ-ਕੀਮਤਾਂ ਨੂੰ ਵੀ ਬਿਨਾਂ ਸੋਚੇ ਸਮਝੇ ਤਿਲਾਂਜਲੀ ਦਿੰਦਾ ਜਾ ਰਿਹਾ ਹੈ। ਜੇ ਊਟ-ਪਟਾਂਗ ਜਿਹਾ ਪਹਿਰਾਵਾ ਪਾ ਕੇ, ਖਾਣ-ਪੀਣ ਦੇ ਨਵੇਂ ਸਟਾਈਲ ਅਪਣਾ ਕੇ ਕੋਈ ਆਪਣੇ ਆਪ ਨੂੰ ਆਧੁਨਿਕ ਸਮਝਦਾ ਹੈ ਤਾਂ ਉਹ ਹਨੇਰੇ ਵਿਚ ਹੈ। ਆਧੁਨਿਕਤਾ ਵਿਚਾਰਾਂ ਦਾ ਨਾਂ ਹੈ। ਜੇ ਵਿਚਾਰਾਂ ਤੋਂ ਅਸੀਂ ਪੰਦਰਵੀਂ ਸਦੀ ਵਿਚ ਹੀ ਵਿਚਰ ਰਹੇ ਹੋਈਏ ਤਾਂ ਸਾਡਾ ਭਰਮ ਹੈ ਕਿ ਅਸੀਂ ਆਧੁਨਿਕ ਹਾਂ। ਆਪਣੇ ਸ਼ਾਨਾਂਮੱਤੇ ਸਭਿਆਚਾਰਕ ਵਿਰਸੇ ਨੂੰ ਬਿਨਾਂ ਸੋਚੇ ਸਮਝੇ ਤਿਆਗ ਕੇ ਕਿਸੇ ਹੋਰ ਸਭਿਆਚਾਰ ਦੀ ਅੰਨ੍ਹੀ ਨਕਲ ਕਰਨੀ ਕੋਈ ਸਿਹਤਮੰਦ ਰੁਝਾਨ ਨਹੀਂ ਹੈ। ਗੀਤ ਸੰਗੀਤ ਦੇ ਨਾਂ ’ਤੇ ਜੋ ਲੱਚਰਤਾ ਅੱਜ ਪੇਸ਼ ਕੀਤੀ ਜਾ ਰਹੀ ਹੈ ਉਸ ਨੇ ਸਭਿਆਚਾਰ ਨੂੰ ਤਾਂ ਗੰਧਲਾ ਕੀਤਾ ਹੀ ਹੈ ਸਗੋਂ ਨੌਜਵਾਨਾਂ ਦੇ ਅਕਸ ਨੂੰ ਵੀ ਬੁਰੀ ਤਰ੍ਹਾਂ ਵਿਗਾੜ ਦਿੱਤਾ ਹੈ। ਕੀ ਸਾਡੇ ਨੌਜਵਾਨਾਂ ਦਾ ਕਿਰਦਾਰ ਸੱਚਮੁਚ ਹੀ ਅਜਿਹਾ ਹੋ ਗਿਆ ਹੈ ਜਿਹੋ ਜਿਹਾ ਅਜੋਕੀ ਗਾਇਕੀ ਵਿਚ ਗੱਭਰੂਆਂ ਤੇ ਮੁਟਿਆਰਾਂ ਦਾ ਦਰਸਾਇਆ ਜਾ ਰਿਹਾ ਹੈ? ਇਸ ਵਿਗਾੜੇ ਜਾ ਰਹੇ ਅਕਸ ਬਾਰੇ ਨੌਜਵਾਨਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਜੋਸ਼ ਦੇ ਨਾਲ ਨਾਲ ਨੌਜਵਾਨਾਂ ਨੂੰ ਹੋਸ਼ ਤੋਂ ਵੀ ਕੰਮ ਲੈਣ ਦੀ ਲੋੜ ਹੈ। ਸਾਡੇ ਦੇਸ਼ ਦੀ ਆਬਾਦੀ ਦੇ ਲਿਹਾਜ਼ ਨਾਲ ਦੇਸ਼ ਦੇ ਨੌਜਵਾਨਾਂ ਦੀਆਂ ਖੇਡ ਪ੍ਰਾਪਤੀਆਂ ਵੀ ਨਿਗੂਣੀਆਂ ਹਨ। ਅੰਤਰਰਾਸ਼ਟਰੀ ਪੱਧਰ ‘ਤੇ ਸਾਡੀ ਸਥਿਤੀ ਸ਼ਰਮਸਾਰ ਕਰਨ ਵਾਲੀ ਹੈ। ਨੌਜਵਾਨਾਂ ਨੂੰ ਅਜਿਹੇ ਚੈਲਿੰਜ ਸਵੀਕਾਰ ਕਰਨੇ ਚਾਹੀਦੇ ਹਨ। ਸਰਕਾਰ ਦਾ ਵੀ ਫਰਜ਼ ਹੈ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇ ਕੇ ਉਨ੍ਹਾਂ ਦੀ ਅਜਾਈਂ ਜਾ ਰਹੀ ਸ਼ਕਤੀ ਤੇ ਸਮਰਥਾ ਨੂੰ ਖੇਡ ਪ੍ਰਾਪਤੀਆਂ ਵਿਚ ਬਦਲੇ।
ਇਹ ਖੁਸ਼ੀ ਤੇ ਤਸੱਲੀ ਵਾਲੀ ਗੱਲ ਹੈ ਕਿ ਕਈ ਮਹੀਨਿਆਂ ਤੋਂ ਚੱਲ ਰਹੇ ਕਿਸਾਨ ਸੰਘਰਸ਼ ਵਿਚ ਨੌਜਵਾਨ ਵਰਗ ਨੇ ਬਹੁਤ ਸਾਰਥਿਕ ਭੂਮਿਕਾ ਰਾਹੀਂ ਆਪਣਾ ਭਰਵਾਂ ਯੋਗਦਾਨ ਦੇ ਕੇ ਸਮਾਜ ਦੀ ਭਰਪੂਰ ਪ੍ਰਸੰਸਾ ਹਾਸਲ ਕੀਤੀ ਹੈ। ਆਪਣੇ ਜੋਸ਼, ਜਜ਼ਬੇ, ਸੂਝ ਤੇ ਸਿਰੜ ਨਾਲ ਨੌਜਵਾਨਾਂ ਨੇ ਕਿਸਾਨੀ ਸੰਘਰਸ਼ ਦੀ ਲਾਟ ਨੂੰ ਲਗਾਤਾਰ ਮਘਾਈ ਰੱਖਣ ਵਿਚ ਆਪਣਾ ਸੀਰ ਪਾ ਕੇ ਚੰਗਾ ਨਾਮਣਾ ਖੱਟਿਆ ਹੈ। ਕੁਝ ਨਾ-ਖੁਸ਼ਗਵਾਰ ਘਟਨਾਵਾਂ ਨੂੰ ਛੱਡ ਕੇ, ਨੌਜਵਾਨਾਂ ਨੇ ਪੂਰੇ ਅਨੁਸ਼ਾਸਨ ਵਿਚ ਰਹਿ ਕੇ ਤੇ ਕਿਸਾਨ ਨੇਤਾਵਾਂ ਦੇ ਹਰ ਆਦੇਸ਼ ਦੀ ਪਾਲਣਾ ਕਰ ਕੇ ਕਿਸਾਨੀ ਅੰਦੋਲਨ ਨੂੰ ਸਹੀ ਤਰੀਕੇ ਨਾਲ ਵਿਊਂਤਣ ਵਿਚ ਵੱਡਾ ਯੋਗਦਾਨ ਦਿੱਤਾ ਹੈ ਤੇ ਦੇ ਰਹੇ ਹਨ। ਚਾਰ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ’ਤੇ ਡਟੇ ਸੰਘਰਸ਼ੀ ਯੋਧਿਆਂ ਨੂੰ ਅਨੇਕਾਂ ਮੁਸੀਬਤਾਂ ਤੇ ਕਸ਼ਟਾਂ ਵਿਚੋਂ ਗੁਜ਼ਰਨਾ ਪਿਆ ਹੈ, ਪਰ ਨੌਜਵਾਨ ਗੱਭਰੂਆਂ ਤੇ ਮੁਟਿਆਰਾਂ ਨੇ ਪੂਰੀ ਸੇਵਾ ਭਾਵਨਾ ਨਾਲ ਹਰ ਇਕ ਦੀ ਮਦਦ ਕਰਕੇ ਸਭ ਦਾ ਮਨ ਮੋਹ ਲਿਆ ਹੈ। ਕਾਲਜਾਂ ਯੂਨੀਵਰਸਿਟੀਆਂ ਵਿਚ ਪੜ੍ਹਦੇ ਨੌਜਵਾਨ ਆਪਣੀ ਵਿਲੱਖਣ ਸੂਝ ਦਾ ਪ੍ਰਗਟਾਵਾ ਕਰਦਿਆਂ ਕਿਸਾਨੀ ਮੋਰਚਿਆਂ ਦੀਆਂ ਸਟੇਜਾਂ ਤੋਂ ਭਾਸ਼ਨ ਦੇ ਕੇ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰ ਰਹੇ ਹਨ। ਨੌਜਵਾਨਾਂ ਨੇ ਲੋਕ ਸਮੂਹ ਨੂੰ ਚੇਤੰਨ ਤੇ ਜਾਗ੍ਰਤਿ ਕਰਨ ਲਈ ਮੋਰਚਿਆਂ ਵਿਚ ਲਾਇਬਰੇਰੀਆਂ ਖੋਲ੍ਹ ਕੇ ਤੇ ਕਿਤਾਬਾਂ ਦੇ ਮੁਫਤ ਲੰਗਰ ਲਾ ਕੇ ਜਿਹੜਾ ਯੋਗਦਾਨ ਦਿੱਤਾ ਹੈ, ਉਹ ਆਪਣੇ ਆਪ ਵਿਚ ਨਿਵੇਕਲਾ ਹੈ। ਇਨਕਲਾਬੀ ਗੀਤਾਂ, ਨਾਟਕਾਂ ਨਾਲ ਨੌਜਵਾਨ ਮੰਡਲੀਆਂ ਨੇ ਹਕੂਮਤਾਂ ਵਲੋਂ ਸਿਰਜੇ ਝੂਠਾਂ ਤੇ ਭਰਮਾਂ ਦਾ ਭਾਂਡਾ ਚੋਰਾਹੇ ਭੰਨ ਕੇ ਲੋਕਾਂ ਨੂੰ ਸੋਚਵਾਨ ਬਣਾਉਣ ਦਾ ਭਰਵਾਂ ਉਪਰਾਲਾ ਕੀਤਾ।
ਨੌਜਵਾਨ ਸ਼ਕਤੀ ਨੂੰ ਸਾਰਥਿਕ ਸੇਧ ਦੇ ਕੇ ਦੇਸ਼ ਦੇ ਨਵ-ਨਿਰਮਾਣ ਵਿਚ ਲਗਾਉਣਾ ਸਰਕਾਰਾਂ ਦਾ ਤਰਜੀਹੀ ਕਾਰਜ ਹੋਣਾ ਚਾਹੀਦਾ ਹੈ। ਪਰ ਅਫਸੋਸ ਕਿ ਸਰਕਾਰਾਂ ਨੇ ਅਜਿਹੇ ਉਪਰਾਲੇ ਬਹੁਤ ਘੱਟ ਕੀਤੇ ਹਨ। ਬੇਰੁਜ਼ਗਾਰੀ ਦੀ ਸਥਿਤੀ ਬਹੁਤ ਹੀ ਬਦਤਰ ਹੋ ਚੁਕੀ ਹੈ। ਨੌਕਰੀਆਂ ਨਾ ਮਿਲਣ ਦੀ ਬੇਵੱਸੀ ਤੇ ਲਾਚਾਰੀ ਦੇ ਸਿੱਟੇ ਵਜੋਂ ਨੌਜਵਾਨ ਗਲਤ ਦਿਸ਼ਾ ਅਖਤਿਆਰ ਕਰ ਲੈਂਦੇ ਹਨ। ਸਿਆਸੀ ਜਮਾਤਾਂ ਨੌਜਵਾਨ ਵਰਗ ਦੀ ਗੱਲੀਂ-ਬਾਤੀਂ ਤਾਂ ਬਹੁਤ ਅਹਿਮ ਦੱਸਦੇ ਹਨ, ਪਰ ਅਸਲ ਸਥਿਤੀ ਇਹ ਹੈ ਕਿ ਸਭ ਸਿਆਸੀ ਪਾਰਟੀਆਂ ਨੇ ਨੌਜਵਾਨ ਵਰਗ ਨੂੰ ਸੁਪਨੇ ਹੀ ਦਿਖਾਏ ਹਨ, ਅਮਲੀ ਰੂਪ ਵਿਚ ਕੁਝ ਨਹੀਂ ਕੀਤਾ, ਸਿਰਫ਼ ਆਪਣੇ ਹਿੱਤਾਂ ਲਈ ਵਰਤਿਆ ਹੈ। ਨੌਜਵਾਨ ਵਰਗ ਕਿਸੇ ਦੇਸ਼ ਦੀ ਬੁਨਿਆਦ ਹੁੰਦਾ ਹੈ। ਜੇ ਇਸ ਨੂੰ ਅਣਗੌਲਿਆਂ ਕਰ ਦਿੱਤਾ ਜਾਵੇ ਤਾਂ ਦੇਸ਼ ਦੀ ਤਰੱਕੀ ਦੇ ਦਾਅਵੇ ਖੋਖਲੇ ਸਾਬਤ ਹੁੰਦੇ ਹਨ। ਦੇਸ਼ ਦੇ ਨੇਤਾਵਾਂ ਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਨੌਜਵਾਨ ਸ਼ਕਤੀ ਨੂੰ ਸੰਭਾਲੇ ਬਿਨਾਂ ਦੇਸ਼ ਦੀ ਤਰੱਕੀ ਦੇ ਦਾਅਵੇ ਖੋਖਲੇ ਹਨ। ਨੌਜਵਾਨਾਂ ਨੂੰ ਵੀ ਇਹ ਗੱਲ ਭਲੀ-ਭਾਂਤ ਸਮਝਣ ਦੀ ਲੋੜ ਹੈ ਕਿ ਵਿਚਾਰਾਂ ਦੀ ਪ੍ਰਪੱਕਤਾ ਤੇ ਸਾਰਥਿਕ ਕਾਰਜਾਂ ਵਿਚ ਆਪਣੀ ਭੂਮਿਕਾ ਨਿਭਾਅ ਕੇ ਹੀ, ਜ਼ਿੰਦਗੀ ਦਾ ਕੁਝ ਕਰਜ਼ ਉਤਾਰਿਆ ਜਾ ਸਕਦਾ ਹੈ।
ਸੰਪਰਕ: 98153-56086