ਡਾ. ਕੁਲਦੀਪ ਸਿੰਘ
“ਮੇਰਾ ਪਰਿਵਾਰ ਮੇਰੀ ਪੜ੍ਹਾਈ ਕਾਰਨ ਵਿੱਤੀ ਸੰਕਟ ’ਚ ਜੂਝ ਰਿਹਾ ਹੈ, ਮੈਂ ਪਰਿਵਾਰ ਉੱਤੇ ਬੋਝ ਨਹੀਂ ਬਣਣਾ ਚਾਹੁੰਦੀ, ਮੈਂ ਪੜ੍ਹਾਈ ਤੋਂ ਬਿਨਾਂ ਜਿੰਦਾ ਨਹੀਂ ਰਹਿ ਸਕਦੀ।’’ ਇਹ ਸਤਰਾਂ ਦਿੱਲੀ ਯੂਨੀਵਰਸਿਟੀ ਦੇ ਸਭ ਤੋਂ ਅਹਿਮ ਮੰਨੇ ਜਾਂਦੇ ਕਾਲਜ ਲੇਡੀ ਸ੍ਰੀ ਰਾਮ ਫਾਰ ਵਿਮੈੱਨ ਦੀ ਵਿਦਿਆਰਥਣ ਐਸ਼ਵਰਿਆ ਰੈੱਡੀ ਵੱਲੋਂ ਆਪਣੇ ਖ਼ੁਦਕੁਸ਼ੀ ਪੱਤਰ (02 ਨਵੰਬਰ, 2020) ਵਿਚ ਲਿਖੀਆਂ ਗਈਆਂ। ਇਹ ਹੋਣਹਾਰ ਵਿਦਿਆਰਥਣ ਜਿਸ ਨੇ ਬਾਰ੍ਹਵੀਂ ਕਲਾਸ ਵਿਚੋਂ 98.5 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਇਸ ਨਾਮਵਰ ਕਾਲਜ ਵਿਚ ਦਾਖਲਾ ਲਿਆ ਸੀ, ਵੱਡੀ ਜੱਦੋ-ਜਹਿਦ ਵਿਚੋਂ ਗੁਜ਼ਰ ਰਹੀ ਸੀ। ਡਿਜੀਟਲ ਇੰਡੀਆ ਬਣਾਉਣ ਦੇ ਰਾਹ ਪਏ ਭਾਰਤ ਦੀ ਇਕ ਹੋਣਹਾਰ ਵਿਦਿਆਰਥਣ ਬਿਨਾਂ ਲੈਪਟਾਪ ਪੜ੍ਹਾਈ ਕਰਨ ਤੋਂ ਅਸਮਰੱਥ ਹੋ ਕੇ ਜਾਨ ਗੁਆ ਬੈਠੀ। ਇਸ ਘਟਨਾ ਨੇ ਭਾਰਤੀ ਸਮਾਜ ਅੱਗੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।
ਹੈਦਰਾਬਾਦ ਤੋਂ 20 ਕਿਲੋਮੀਟਰ ਦੂਰ ਸਾਦਨਗਰ ਦੀ ਰਹਿਣ ਵਾਲੀ ਐਸ਼ਵਰਿਆ ਨੇ ਬਾਰ੍ਹਵੀਂ ਵਿਚੋਂ 98.5 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਜੀ. ਸ੍ਰੀਨਿਵਾਸ ਰੈੱਡੀ ਜੋ ਮੋਟਰ ਸਾਈਕਲ ਮਕੈਨਿਕ ਦਾ ਕੰਮ ਕਰਦਾ ਹੈ, ਦੀ ਧੀ ਨੇ ਇਲਾਕੇ ਦਾ ਨਾਮ ਉੱਚਾ ਕਰ ਦਿੱਤਾ। ਮਾਪਿਆਂ ਦੀ ਦਿਲੀ ਇੱਛਾ ਅਤੇ ਐਸ਼ਵਰਿਆ ਰੈੱਡੀ ਦੀ ਪੜ੍ਹਾਈ ਵਿਚ ਲਗਨ ਨੂੰ ਧਿਆਨ ਵਿਚ ਰੱਖ ਕੇ ਦੇਸ਼ ਦੇ ਮੰਨੇ ਪ੍ਰਮੰਨੇ ਲੇਡੀ ਸ੍ਰੀ ਰਾਮ ਕਾਲਜ ਵਿਚ ਦਾਖਲਾ ਲੈ ਲਿਆ। ਮਾਪਿਆਂ ਨੂੰ ਪੂਰਾ ਵਿਸ਼ਵਾਸ ਸੀ ਕਿ ਇਕ ਦਿਨ ਐਸ਼ਵਰਿਆ ਵੱਡੀ ਪ੍ਰਾਪਤੀ ਕਰੇਗੀ, ਪਰ ਹੋ ਕੁਝ ਹੋਰ ਹੀ ਗਿਆ। ਅੰਕਾਂ ਦੀ ਪ੍ਰਤੀਸ਼ਤਤਾ ਦੇ ਆਧਾਰ ’ਤੇ ਇੰਸਪਾਇਰ ਸਕਾਲਰਸ਼ਿਪ ਜੋ ਕਿ ਸਾਲਾਨਾ 80 ਹਜ਼ਾਰ ਰੁਪਏ ਦੀ ਸੀ, ਦਾ ਉਸਨੂੰ ਪੱਤਰ ਤਾਂ ਮਿਲ ਗਿਆ, ਪਰ ਲੰਬੀ ਕਾਗਜ਼ੀ ਪ੍ਰਕਿਰਿਆ ਕਰਕੇ ਦੇਰੀ ਹੁੰਦੀ ਗਈ, ਦੂਸਰੇ ਪਾਸੇ ਕੋਵਿਡ ਕਾਰਨ ਔਨਲਾਈਨ ਐਜੂਕੇਸ਼ਨ ਸ਼ੁਰੂ ਹੋਣ ਨਾਲ ਉਹ ਲੈਪਟਾਪ ਲੈਣ ਤੋਂ ਅਸਮਰੱਥ ਹੋ ਰਹੀ ਸੀ। ਨਾਲ ਹੀ ਹੋਸਟਲ ਖਾਲੀ ਕਰਨ ਦਾ ਦਬਾਅ ਸੀ। ਅਜਿਹੀਆਂ ਸਥਿਤੀਆਂ ਨਾਲ ਜੂਝਦੀ ਹੋਈ ‘ਡਿਜੀਟਲ ਇੰਡੀਆ’ ਦੀ ਗ਼ੈਰ-ਬਰਾਬਰ ਵੰਡ ਅੱਗੇ ਐਸ਼ਵਰਿਆ ਹਾਰ ਗਈ।
ਅੱਜ ਜਦੋਂ ਸਿੱਖਿਆ ਵੇਚਣ ਤੇ ਖ਼ਰੀਦਣ ਵਾਲੀ ਵਸਤੂ ਬਣ ਗਈ ਹੈ, ਉਸ ਵਿਚ ਕਿੰਨੀਆਂ ਹੀ ਐਸ਼ਵਰਿਆ ਵਰਗੀਆਂ ਹੋਣਹਾਰ ਵਿਦਿਆਰਥਣਾਂ ਸਿੱਖਿਆ ਤੋਂ ਤਾਂ ਵਾਂਝੀਆਂ ਹੋ ਹੀ ਜਾਂਦੀਆਂ ਹਨ, ਪਰ ਆਪਣੀ ਜੀਵਨ ਲੀਲਾ ਵੀ ਖ਼ਤਮ ਕਰ ਲੈਂਦੀਆਂ ਹਨ। ਇਹ ਇਕ ਲੜਕੀ ਦੀ ਤ੍ਰਾਸਦੀ ਨਹੀਂ ਬਲਕਿ ਭਾਰਤ ਵਿਚ ਸੈਂਕੜੇ ਅਜਿਹੇ ਵਿਦਿਆਰਥੀ ਹਨ ਜੋ ਪੜ੍ਹਾਈ ਨਾਲ ਸਬੰਧਿਤ ਵੱਖ ਵੱਖ ਕਾਰਨਾਂ ਕਰਕੇ ਤਣਾਅ, ਅਨਿਸ਼ਚਿਤ ਭਵਿੱਖ, ਮਾਪਿਆਂ ਦੀਆਂ ਰੀਝਾਂ ਦੀ ਪੂਰਤੀ ਤੋਂ ਅਸਮਰੱਥ ਅਤੇ ਆਰਥਿਕ ਦਬਾਅ ਕਾਰਨ ਖ਼ੁਦਕੁਸ਼ੀ ਕਰ ਜਾਂਦੇ ਹਨ। ਨੈਸ਼ਨਲ ਅਪਰਾਧ ਰਿਕਾਰਡ ਬਿਓਰੋ ਦੇ ਅੰਕੜਿਆਂ ਅਨੁਸਾਰ 1995 ਤੋਂ 1999 ਤਕ 27,359, 2000 ਤੋਂ 2004 ਤਕ 27,880, 2005 ਤੋਂ 2009 ਤਕ 30,000, 2010 ਤੋਂ 2014 ਤਕ 38,000 ਅਤੇ 2015 ਤੋਂ 2019 ਤਕ 48,537 ਵਿਦਿਆਰਥੀਆਂ ਨੇ ਖ਼ੁਦਕੁਸ਼ੀ ਕੀਤੀ। ਇਸੇ ਤਰ੍ਹਾਂ ਬਿਜ਼ਨਸ ਸਟੈਂਡਰਡ ਦੀ ਰਿਪੋਰਟ ਅਨੁਸਾਰ 2007 ਤੋਂ 2016 ਤਕ ਰੋਜ਼ਾਨਾ 17 ਵਿਦਿਆਰਥੀ ਖ਼ੁਦਕੁਸ਼ੀ ਕਰਦੇ ਹਨ।
ਐਸ਼ਵਰਿਆ ਰੈੱਡੀ ਜਿਹੜੀ ਭਾਰਤ ਦੀ ਭਵਿੱਖ ਦੀ ਹਿਸਾਬਦਾਨ (ਮੈਥੇਮੈਟੀਸ਼ੀਅਨ) ਬਣਨ ਦੀ ਸਮਰੱਥਾ ਰੱਖਦੀ ਸੀ, ਜਿਸਨੇ ਅਸਲ ਭਾਰਤ ਦੀ ਸਫਲ ਕਹਾਣੀ ਬਣਨਾ ਸੀ, ਉਹ ਲੈਪਟਾਪ ਅਤੇ ਸਮਾਰਟ ਫੋਨ ਦੀ ਅਣਹੋਂਦ ਕਾਰਨ ਵਿਤਕਰਿਆਂ ਭਰੇ ਦੇਸ਼ ਦੀ ਤਸਵੀਰ ਸਾਡੇ ਸਨਮੁੱਖ ਕਰਕੇ ਅਲਵਿਦਾ ਕਹਿ ਗਈ ਅਤੇ ਪਿੱਛੇ ਅਣਸੁਲਝੇ ਸਵਾਲ ਛੱਡ ਗਈ।
ਪਿਛਲੇ ਸਮਿਆਂ ਵਿਚ ਹੋਣਹਾਰ ਲੜਕੀਆਂ ਨੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਲੜਕੇ ਅਤੇ ਲੜਕੀਆਂ ਦੇ ਗਿਣਤੀ ਅਨੁਪਾਤ ਦੀ ਤਸਵੀਰ ਬਦਲੀ ਹੈ ਕਿ ਕਿਸ ਤੇਜ਼ੀ ਨਾਲ ਲੜਕੀਆਂ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਨਾਮਵਰ ਸੰਸਥਾਵਾਂ ਤਕ ਪਹੁੰਚ ਗਈਆਂ ਹਨ। ਇੰਡੀਅਨ ਇੰਸਟੀਚਿਊਟ ਆਫ ਸਾਇੰਸ, ਬੰਗਲੌਰ ਵਿਚ 28 ਪ੍ਰਤੀਸ਼ਤ, 21 ਆਈ.ਆਈ.ਟੀਜ਼ ਵਿਚ 22 ਪ੍ਰਤੀਸ਼ਤ, ਯਾਦਵਪੁਰ ਯੂਨੀਵਰਸਿਟੀ ਵਿਚ 31 ਪ੍ਰਤੀਸ਼ਤ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ 51 ਪ੍ਰਤੀਸ਼ਤ, ਕਲਕੱਤਾ ਯੂਨੀਵਰਸਿਟੀ ਵਿਚ 56 ਪ੍ਰਤੀਸ਼ਤ, ਮਨੀਪਾਲ ਯੂਨੀਵਰਸਿਟੀ ਵਿਚ 79 ਪ੍ਰਤੀਸ਼ਤ, ਸਾਵਿਤਰੀ ਬਾਈ ਫੂਲੇ ਯੂਨੀਵਰਸਿਟੀ ਪੂਨਾ 47 ਪ੍ਰਤੀਸ਼ਤ, ਹੈਦਰਾਬਾਦ ਯੂਨੀਵਰਸਿਟੀ 39 ਪ੍ਰਤੀਸ਼ਤ ਆਦਿ ਵੱਡੀ ਗਿਣਤੀ ਵਿਚ ਲੜਕੀਆਂ ਉਚੇਰੀ ਸਿੱਖਿਆ ਸੰਸਥਾਵਾਂ ਵਿਚ ਆਪਣਾ ਸਥਾਨ ਹਾਸਲ ਕਰ ਚੁੱਕੀਆਂ ਹਨ, ਇਨ੍ਹਾਂ ਵਿਚੋਂ ਵੀ ਵੱਡੀ ਗਿਣਤੀ ਲੜਕੀਆਂ ਨੂੰ ਹੋਰ ਉਚੇਰੀ ਸਿੱਖਿਆ ਹਾਸਲ ਕਰਨ ਲਈ ਆਰਥਿਕ ਮਦਦ ਦੀ ਜ਼ਰੂਰਤ ਹੈ, ਪਰ ਪ੍ਰਸਥਿਤੀ ਇਹ ਹੈ ਕਿ ‘ਡਿਜੀਟਲ ਇੰਡੀਆ’ ਵਾਲੀ ਨਿੱਕੀ ਜਿਹੀ ਲੈਪਟਾਪ ਦੀ ਸਹੂਲਤ ਤੋਂ ਵੀ ਇਹ ਵਾਂਝੀਆਂ ਹਨ। ਕੋਰੋਨਾ ਦੇ ਦੌਰ ਦੌਰਾਨ ਆਏ ਇਕ ਸਰਵੇਖਣ ਤੋਂ ਇਹ ਸਾਹਮਣੇ ਆਇਆ ਹੈ ਕਿ ਸਿਰਫ਼ 27 ਪ੍ਰਤੀਸ਼ਤ ਵਿਦਿਆਰਥੀਆਂ ਕੋਲ ਹੀ ਲੈਪਟਾਪ ਦੀ ਸਿੱਖਿਆ ਹਾਸਲ ਕਰਨ ਦੀ ਵਿਵਸਥਾ ਹੈ। ਪਤਾ ਨਹੀਂ 73 ਪ੍ਰਤੀਸ਼ਤ ਐਸ਼ਵਰਿਆ ਰੈੱਡੀ ਵਰਗੀਆਂ ਕਿਸ ਕਿਸਮ ਦੀ ਸਥਿਤੀ ’ਚੋਂ ਗੁਜ਼ਰ ਰਹੀਆਂ ਹੋਣਗੀਆਂ।
ਪੰਜਾਬ ਦੀ ਤਸਵੀਰ ਵੀ ਕੋਈ ਵੱਖਰੀ ਨਹੀਂ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਕੈਂਪਸ ਵਿਚ 2016 ਤੋਂ 2020 ਤਕ 80 ਪ੍ਰਤੀਸ਼ਤ ਦੇ ਲਗਭਗ ਲੜਕੀਆਂ ਉਚੇਰੀ ਸਿੱਖਿਆ ਹਾਸਲ ਕਰ ਰਹੀਆਂ ਹਨ, ਜਿਨ੍ਹਾਂ ਵਿਚ 50 ਪ੍ਰਤੀਸ਼ਤ ਅਜਿਹੇ ਪਰਿਵਾਰਾਂ ਦੀਆਂ ਹਨ ਜੋ ਵੱਖ-ਵੱਖ ਫੀਸਾਂ ਅਤੇ ਫੰਡਾਂ ਦੀ ਪੂਰਤੀ ਔਖੇ ਢੰਗਾਂ ਨਾਲ ਮਾਪਿਆਂ ਤੋਂ ਕਰਵਾਉਂਦੀਆਂ ਹਨ ਅਤੇ ਪੋਸਟ ਮੈਟਰਿਕ ਸਕਾਲਰਸ਼ਿਪ ਰਾਹੀਂ ਸਿੱਖਿਆ ਹਾਸਲ ਕਰ ਰਹੀਆਂ ਹਨ।
ਐਸ਼ਵਰਿਆ ਰੈੱਡੀ ਬੇਹੱਦ ਵੱਡੇ ਸਵਾਲ ਸਾਡੀਆਂ ਵਿੱਦਿਅਕ ਸੰਸਥਾਵਾਂ, ਸਮੇਂ ਦੀਆਂ ਸਰਕਾਰਾਂ, ਆਧਿਆਪਕਾਂ ਅਤੇ ਚਿੰਤਤ ਮਾਪਿਆਂ ਅੱਗੇ ਰੱਖ ਕੇ ਤ੍ਰਾਸਦਿਕ ਢੰਗ ਨਾਲ ਅਲਵਿਦਾ ਕਹਿ ਗਈ ਹੈ, ਇਸ ਸਵਾਲ ਦਾ ਜਵਾਬ ਤਲਾਸ਼ਣ ਲਈ ਪਤਾ ਨਹੀਂ ਕਿੰਨਾ ਸਮਾਂ ਲੱਗੇਗਾ।
ਸੰਪਰਕ: 98151-15429