ਸਾਦ ਮੁਰਾਦੀ ਬੋਲੀ ਪੁਆਧੀ ਦੀ ਤ੍ਰਾਸਦੀ

ਸਾਦ ਮੁਰਾਦੀ ਬੋਲੀ ਪੁਆਧੀ ਦੀ ਤ੍ਰਾਸਦੀ

ਗੁਰਪ੍ਰੀਤ ਸਿੰਘ ਅੰਟਾਲ

ਪੰਜਾਬ ਇਲਾਕਾਈ ਭਿੰਨਤਾ ਕਾਰਨ ਮੁੱਖ ਤੌਰ ’ਤੇ ਚਾਰ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਇਹ ਚਾਰ ਹਿੱਸੇ ਹਨ: ਮਾਝਾ, ਮਾਲਵਾ, ਦੁਆਬਾ ਤੇ ਪੁਆਧ (ਇਸ ਲਿਹਾਜ਼ ਨਾਲ ਪੋਠੋਹਾਰ ਪੰਜਵਾਂ ਪੰਜਾਬੀ ਇਲਾਕਾ ਹੈ ਜੋ ਲਹਿੰਦੇ ਪੰਜਾਬ ਹਿੱਸੇ ਆਇਆ ਹੈ)। ਇਨ੍ਹਾਂ ਇਲਾਕਿਆਂ ਵਿੱਚੋਂ ਮਾਝੇ ਵਿੱਚ ਮਾਝੀ, ਮਾਲਵੇ ਵਿੱਚ ਮਲਵਈ, ਦੁਆਬੇ ਵਿੱਚ ਦੁਆਬੀ ਤੇ ਪੁਆਧ ਵਿੱਚ ਪੁਆਧੀ ਬੋਲੀ ਜਾਂਦੀ ਹੈ। ਪੰਜਾਬ ਵਿੱਚ ਘੱਗਰ ਪਾਰ ਦੇ ਇਲਾਕੇ ਨੂੰ ਪੁਆਧੀ ਕਿਹਾ ਜਾਂਦਾ ਹੈ। ਇਸ ਵਿੱਚ ਰੂਪਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਪਟਿਆਲੇ ਦਾ ਪੂਰਬੀ ਭਾਗ, ਸੰਗਰੂਰ ਦਾ ਕੁਝ ਖੇਤਰ, ਫਤਹਿਗੜ੍ਹ ਸਾਹਿਬ ਦਾ ਪੂਰਬੀ ਹਿੱਸਾ ਤੇ ਅੰਬਾਲੇ ਦਾ ਪੱਛਮੀ ਹਿੱਸਾ ਆਉਂਦਾ ਹੈ। ਪੁਆਧ ਦੇ ਇਲਾਕੇ ਵਿੱਚ ਸਾਦ-ਮੁਰਾਦੀ ਬੋਲੀ ਪੁਆਧੀ ਬੋਲੀ ਜਾਂਦੀ ਹੈ। ਪੁਆਧੀ ਬੋਲੀ ਪੰਜਾਬੀ ਮਾਂ ਬੋਲੀ ਦੇ ਗਲ ਪਏ ਉਪ-ਬੋਲੀਆਂ ਦੇ ਹਾਰ ਦਾ ਬੇਸ਼ਕੀਮਤੀ ਮਣਕਾ ਹੈ।

ਪੁਆਧੀ ਬੋਲੀ ਪੰਜਾਬੀ ਦੀ ਉਪ-ਬੋਲੀ ਹੋਣ ਦੇ ਬਾਵਜੂਦ ਕਾਫ਼ੀ ਵੱਖਰੀ ਜਿਹੀ ਜਾਪਦੀ ਹੈ। ਪੁਆਧ ਇਲਾਕੇ ਦੇ ਬਹੁਤ ਸਾਰੇ ਲੋਕ ਵੀ ਇਹ ਨਹੀਂ ਜਾਣਦੇ ਕਿ ਇਹ ਬੋਲੀ ਪੰਜਾਬੀ ਦੀ ਉਪ-ਬੋਲੀ ਹੈ। ਬਹੁਤੇ ਪੰਜਾਬੀ ਲੋਕ ਵੀ ਇਸ ਨੂੰ ਹਿੰਦੀ ਦਾ ਇੱਕ ਰੂਪ ਸਮਝਦੇ ਹਨ। ਪੁਆਧੀ ਬੋਲੀ ਵਿੱਚ ਸਾਡੇ, ਤੁਹਾਡੇ ਨੂੰ ‘ਮਾਰਾ’, ‘ਥਾਰਾ’ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ। ਇਸ ਤਰ੍ਹਾਂ ਪਿੰਡ ਨੂੰ ‘ਗੌਂ’ ਕਿਹਾ ਜਾਂਦਾ ਹੈ। ਟਕਸਾਲੀ ਪੰਜਾਬੀ ਤੇ ਪੁਆਧੀ ਦਾ ਸਭ ਤੋਂ ਉੱਘੜਵਾਂ ਫ਼ਰਕ ਇਹ ਹੈ ਕਿ ਪੁਆਧੀ ਬੋਲੀ ਵਿਚ ਪੰਜਾਬੀ ਦੀ ‘ਸ਼’, ‘ਵ’ ਧੁਨੀਆਂ ਹੁੰਦੀਆਂ ਹੀ ਨਹੀਂ। ਪੁਆਧੀ ਲੋਕ ਸ਼ਹਿਰ ਨੂੰ ‘ਸਹਿਰ’ ਹੀ ਬੋਲਦੇ ਹਨ। ਇਸ ਤਰ੍ਹਾਂ ਆਸ਼ਾ ਨੂੰ ਆਸਾ ਬੋਲਿਆ, ਲਿਖਿਆ ਜਾਂਦਾ ਹੈ। ਪੁਆਧੀ ਬੋਲਣ ਵਾਲੇ ਵਾਲੀਬਾਲ ਨੂੰ ‘ਬਾਲੀਬਾਲ’ ਹੀ ਬੋਲਦੇ ਹਨ। ਭਾਵ ਇਹ ਕੁਝ ਵਖਰੇਵੇਂ ਪੁਆਧੀ ਨੂੰ ਪੰਜਾਬੀ ਤੋਂ ਵੱਖ ਕਰਦੇ ਹਨ, ਬਾਕੀ ਬਹੁਤ ਸਾਰੇ ਸ਼ਬਦ ਪੰਜਾਬੀ ਵਾਲੇ ਵੀ ਬੋਲੇ ਜਾਂਦੇ ਹਨ।

ਪੁਆਧੀ ਬੋਲੀ ਵਿਚ ਭਗਤ ਆਸਾ ਰਾਮ ਬੈਦਵਾਨ ਸੋਹਾਣਾ ਦਾ ਬਹੁਤ ਉੱਚਾ ਨਾਂ ਹੈ। ਅੱਜ ਵੀ ਪੁਆਧੀ ਅਖਾੜਿਆਂ ਵਿੱਚ ਉਨ੍ਹਾਂ ਦੀਆਂ ਲਿਖਤਾਂ ਨੂੰ ਜਥੇ ਗਾਉਂਦੇ ਹਨ। ਅੱਜਕੱਲ੍ਹ ਚਰਨ ਪੁਆਧੀ, ਲਖਵੀਰ ਦੌਦਪੁਰ, ਮੋਹਨੀ ਤੂਰ ਵਰਗੇ ਪੁਆਧੀ ਮਾਂ ਬੋਲੀ ਦੇ ਧੀ-ਪੁੱਤ ਕਵਿਤਾ ਲਿਖ ਕੇ ਗਾ ਰਹੇ ਹਨ ਤੇ ਸਹਿਕ ਰਹੀ ਪੁਆਧੀ ਨੂੰ ਬਚਾਉਣ ਦਾ ਯਤਨ ਕਰ ਰਹੇ ਹਨ। ਇਨ੍ਹਾਂ ਦੇ ਯਤਨਾਂ ਨੂੰ ਫੇਸਬੁੱਕ ’ਤੇ ਹੁੰਗਾਰਾ ਵੀ ਮਿਲ ਰਿਹਾ ਹੈ, ਪਰ ਅਜੇ ਬਹੁਤ ਕੁਝ ਕਰਨਾ ਬਾਕੀ ਹੈ। ਪੁਆਧੀ ਬੋਲੀ ਦੀ ਤ੍ਰਾਸਦੀ ਨੂੰ ਮੈਂ ਆਪਣੇ ਪਿੰਡ ਦੇ ਸੰਦਰਭ ਵਿੱਚ ਬਿਆਨ ਕੇ ਪੂਰੇ ਇਲਾਕੇ ਦੇ ਦਰਦ ਨੂੰ ਪੰਜਾਬੀ ਤੇ ਪੁਆਧੀ ਪਿਆਰਿਆਂ ਦੀ ਨਜ਼ਰ ਵਿਚ ਲਿਆਉਣਾ ਚਾਹੁੰਦਾ ਹਾਂ। ਪੁਆਧ ਦੇ ਇਲਾਕੇ ਵਿੱਚ ਘੁੱਗ ਵਸਦਾ ਮੇਰਾ ਪਿੰਡ ਨਲਿਓਲਾ ਇਸ ਇਲਾਕੇ ਦਾ ਸਿਰ ਕੱਢਵਾਂ ਪਿੰਡ ਹੈ। ਅੱਜ ਤੋਂ ਤਕਰੀਬਨ ਪੰਦਰਾਂ ਵੀਹ ਸਾਲ ਪਹਿਲਾਂ ਆਪਣੀ ਬੋਲੀ ਪੁਆਧੀ ਦੇ ਪ੍ਰਭਾਵ ਹੇਠ ਪੰਜਾਬੀ ਰੰਗ ਵਿਚ ਰੰਗਿਆ ਨਜ਼ਰ ਆਉਂਦਾ ਸੀ। ਸਾਈਨ ਬੋਰਡ, ਟੂਰਨਾਮੈਂਟਾਂ ਦੇ ਇਸ਼ਤਿਹਾਰ, ਖ਼ੁਸ਼ੀ ਗ਼ਮੀ ਦੇ ਕਾਰਡ ਪੰਜਾਬੀ ਵਿਚ ਲਿਖੇ ਜਾਂਦੇ ਸਨ। ਇਸ ਤਰ੍ਹਾਂ ਪੂਰੇ ਪੁਆਧ ਦੇ ਇਲਾਕੇ ਵਿਚ ਹੁੰਦਾ ਸੀ, ਪਰ ਹੁਣ ਇਹ ਸਭ ਪੁਆਧ ਤੇ ਹਰਿਆਣੇ ਵਾਲੇ ਇਲਾਕੇ ਵਿੱਚ ਹਿੰਦੀ ਵਿਚ ਲਿਖਿਆ ਨਜ਼ਰ ਆਉਂਦਾ ਹੈ। ਭਾਸ਼ਾਵਾਂ ਸਾਰੀਆਂ ਚੰਗੀਆਂ ਨੇ ਤੇ ਲਿਖੀਆਂ ਜਾਣੀਆਂ ਚਾਹੀਦੀਆਂ ਹਨ, ਪਰ ਆਪਣੀ ਮਾਂ ਬੋਲੀ ਨੂੰ ਤਿਆਗ ਕੇ ਕੁਝ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਪੁਆਧੀ ਬੋਲੀ ਦੀ ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਇਸ ਦੇ ਜਾਏ ਇਸ ਨੂੰ ਗੰਵਾਰਾਂ ਦੀ ਬੋਲੀ ਸਮਝ ਕੇ ਛੱਡਦੇ ਜਾ ਰਹੇ ਹਨ। ਨੌਕਰੀ ਪੇਸ਼ਾ ਜਾਂ ਕਿਸੇ ਕਾਰੋਬਾਰ ਕਾਰਨ ਸ਼ਹਿਰਾਂ ਨੂੰ ਚਲੇ ਗਏ ਲੋਕ ਉੱਥੇ ਜਾ ਕੇ ਉੱਥੋਂ ਦੀ ਭਾਸ਼ਾ ਬੋਲਣ ਲੱਗ ਪਏ ਹਨ। ਜਿਵੇਂ ਅੰਬਾਲੇ ਜਾ ਵਸੇ ਪੁਆਧੀ ਬੋਲਣ ਵਾਲੇ ਲੋਕ ਹਿੰਦੀ ਤੇ ਪਟਿਆਲੇ ਜਾ ਵਸਣ ਵਾਲੇ ਪੰਜਾਬੀ ਬੋਲਣ ਲੱਗੇ ਹਨ। ਇਨ੍ਹਾਂ ਦੇ ਬੱਚਿਆਂ ਦੇ ਕੰਨੀਂ ਤਾਂ ਪੁਆਧੀ ਬੋਲੀ ਪਈ ਹੀ ਨਹੀਂ। ਇਉਂ ਆਉਣ ਵਾਲੀਆਂ ਪੀੜ੍ਹੀਆਂ ਪੁਆਧੀ ਬੋਲੀ ਤੋਂ ਵਾਂਝੀਆਂ ਰਹਿ ਜਾਣਗੀਆਂ। ਇਸੇ ਤਰ੍ਹਾਂ ਵਿਦੇਸ਼ ਵਿਚ ਜਾ ਕੇ ਵਸਣ ਵਾਲੇ ਪੁਆਧੀ ਲੋਕ ਠੇਠ ਪੰਜਾਬੀ ਜਾਂ ਹਿੰਦੀ ਵਿਚ ਗੱਲ ਕਰਕੇ ਬਹੁਤ ਖ਼ੁਸ਼ ਹੁੰਦੇ ਹਨ। ਜਿਸ ਬੋਲੀ ਦੇ ਪੁੱਤ, ਕਪੁੱਤ ਹੋ ਜਾਣ ਉਹ ਬੋਲੀ ਬਹੁਤਾ ਚਿਰ ਜਿਉਂਦੀ ਨਹੀਂ ਰਹਿ ਸਕਦੀ।

ਆਧੁਨਿਕਤਾ ਦੀ ਦੌੜ ਹੁਣ ਸਾਡੇ ਪੁਆਧ ਦੇ ਪਿੰਡਾਂ ਤੱਕ ਪਹੁੰਚ ਗਈ ਹੈ ਜੋ ਸਾਡੀ ਮਾਂ ਬੋਲੀ ਨੂੰ ਆਪਣੇ ਇਲਾਕੇ ਵਿੱਚ ਹੀ ਬੇਗਾਨੀ ਬਣਾ ਰਹੀ ਹੈ। ਪਹਿਲਾਂ ਪਿੰਡਾਂ ਦੇ ਕੁਝ ਬੱਚੇ ਹੀ ਸ਼ਹਿਰਾਂ ਦੇ ਸਕੂਲ ਜਾਂਦੇ ਸਨ। ਉੱਥੇ ਹਿੰਦੀ ਤੇ ਠੇਠ ਪੰਜਾਬੀ ਬੋਲ ਕੇ ਪਿੰਡ ਆ ਕੇ ਆਪਣੇ ਘਰਦਿਆਂ ਨਾਲ ਪੁਆਧੀ ਬੋਲਿਆ ਕਰਦੇ ਸਨ, ਪਰ ਹੁਣ ਤਾਂ ਪਬਲਿਕ ਸਕੂਲ ਪਿੰਡਾਂ ਤੱਕ ਪਹੁੰਚ ਗਏ ਹਨ ਜਿੱਥੇ ਪੁਆਧੀ ਛੱਡੋ, ਪੰਜਾਬੀ ਬੋਲਣ ਦੀ ਵੀ ਮਨਾਹੀ ਹੈ। ਇਸ ਤਰ੍ਹਾਂ ਇਸ ਉਪ-ਬੋਲੀ ’ਤੇ ਬਹੁਤ ਵੱਡਾ ਹਮਲਾ ਹੋ ਰਿਹਾ ਹੈ।

ਸਾਥੋਂ ਪਹਿਲੀ ਪੀੜ੍ਹੀ ਨੂੰ ਆਪਣੀ ਮਾਂ ਬੋਲੀ ਦਾ ਸ਼ਿੱਦਤ ਨਾਲ ਪਿਆਰ ਹੋਇਆ ਕਰਦਾ ਸੀ। ਜਿਹੜੇ ਬਜ਼ੁਰਗ ਆਪਣੇ ਧੀਆਂ ਪੁੱਤਰਾਂ ਨਾਲ ਮਜਬੂਰੀਵੱਸ ਸ਼ਹਿਰ ਆਏ ਹਨ ਉਹ ਅੱਜ ਵੀ ਪੁਆਧੀ ਹੀ ਬੋਲਦੇ ਹਨ। ਮੇਰੀ ਮਾਂ ਨੂੰ ਮੇਰੇ ਨਾਲ ਪਿੰਡ ਤੋਂ ਸ਼ਹਿਰ ਆਇਆਂ ਪੰਦਰਾਂ ਸਾਲ ਹੋ ਗਏ, ਪਰ ਉਨ੍ਹਾਂ ਕਦੇ ਵੀ ਪੁਆਧੀ ਨੂੰ ਛੱਡ ਕੇ ਗੱਲ ਨਹੀਂ ਕੀਤੀ।

ਇਸੇ ਤਰ੍ਹਾਂ ਮੇਰੇ ਨਾਲ ਵੀ ਆਪਣੀ ਬੋਲੀ ਨਾਲ ਪਿਆਰ ਦੀ ਘਟਨਾ ਵਾਪਰੀ। ਮੇਰੀ ਪਤਨੀ ਮਾਝੇ ਤੋਂ ਹੈ। ਮੇਰਾ ਨਵਾਂ-ਨਵਾਂ ਵਿਆਹ ਹੋਇਆ ਤੇ ਮੈਂ ਆਪਣੀ ਪਤਨੀ ਦੇ ਪ੍ਰਭਾਵ ਹੇਠ ਉਸ ਨਾਲ ਪੰਜਾਬੀ ਵਿਚ ਗੱਲ ਕਰਦਾ ਕਰਦਾ ਚਾਚੇ ਦੇ ਮੁੰਡੇ ਨਾਲ ਵੀ ਪੰਜਾਬੀ ਵਿਚ ਗੱਲ ਕਰਨ ਲੱਗਾ। ਇਹ ਵਰਤਾਲਾਪ ਮੇਰੇ ਚਾਚਾ ਜੀ ਨੇ ਸੁਣੀ। ਉਹ ਗਜ਼ਟਡ ਅਫ਼ਸਰ ਸਨ ਤੇ ਆਪਣੇ ਦਫ਼ਤਰ ਵਿਚ ਵੀ ਪੁਆਧੀ ਬੋਲਿਆ ਕਰਦੇ ਸਨ। ਉਨ੍ਹਾਂ ਦੇ ਕਹਿਣ ’ਤੇ ਹੀ ਹਰਿਆਣੇ ਵਿਚ ਛੇਵੀਂ ਤੋਂ ਲੱਗਦੇ ਚੋਣਵੇਂ ਵਿਸ਼ਿਆਂ ਵਿਚ ਪੰਜਾਬੀ ਨੂੰ ਮੈਂ ਵਿਸ਼ੇ ਵਜੋਂ ਪੜ੍ਹਿਆ ਸੀ। ਮੇਰੀ ਗੱਲ ਸੁਣ ਕੇ ਉਹ ਗੁੱਸੇ ਵਿਚ ਆ ਕੇ ਮੈਨੂੰ ਕਹਿਣ ਲੱਗੇ, “ਸਹੁਰਿਆਂ ਦੇ ਥੱਲੇ ਇੰਨਾ ਵੀ ਨੀਂ ਲੱਗੀਦਾ ਕਿ ਆਪਣੀ ਭਾਸ਼ਾ ਹੀ ਛੱਡ ਦੇਵੋ।’’ ਇਹ ਗੱਲ ਸੁਣ ਕੇ ਮੈਨੂੰ ਅਹਿਸਾਸ ਹੋਇਆ ਕਿ ਮਾਂ ਬੋਲੀ ਨਿਰਾ ਮਨ ਦੇ ਭਾਵ ਪ੍ਰਗਟਾਵੇ ਦਾ ਸਾਧਨ ਹੀ ਨਹੀਂ ਸਗੋਂ ਸਵੈਮਾਣ ਦਾ ਪ੍ਰਤੀਕ ਵੀ ਹੁੰਦੀ ਹੈ। ਉਸ ਦਿਨ ਤੋਂ ਮੈਂ ਫ਼ੈਸਲਾ ਕੀਤਾ ਕਿ ਆਪਣੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਪੁਆਧੀ ਜ਼ਰੂਰ ਸਿਖਾਵਾਂਗਾ ਤੇ ਆਪ ਵੀ ਮਾਣ ਨਾਲ ਬੋਲਿਆ ਕਰਾਂਗਾ। ਅੱਜ ਮੇਰੇ ਬੱਚੇ ਭਾਵੇਂ ਪਟਿਆਲੇ ਰਹਿੰਦੇ ਤੇ ਪੜ੍ਹਦੇ ਹਨ ਤਾਂ ਵੀ ਪੁਆਧੀ ਬੜੇ ਮਾਣ ਨਾਲ ਤੇ ਚੰਗੀ ਤਰ੍ਹਾਂ ਬੋਲ ਲੈਂਦੇ ਹਨ।

ਅੱਜ ਇਸ ਉਪ-ਬੋਲੀ ਨੂੰ ਪ੍ਰਫੁੱਲਤ ਕਰਨ ਦੀ ਲੋੜ ਹੈ ਤੇ ਸਾਰੇ ਪੁਆਧੀਆਂ ਨੂੰ ਇਸ ਨੂੰ ਮਾਣ ਨਾਲ ਬੋਲਣਾ ਚਾਹੀਦਾ ਹੈ। ਕੁਝ ਸੰਸਥਾਵਾਂ ਜਿਵੇਂ ਅੰਤਰਰਾਸ਼ਟਰੀ ਪੁਆਧੀ ਮੰਚ, ਪੁਆਧੀ ਪੰਜਾਬੀ ਸੱਥ ਮੁਹਾਲੀ, ਜਵੰਤ ਪੂਨੀਆ ਦੀ ਪੁਆਧੀ ਸੱਥ ਤੇ ਰਾਜਪੁਰੇ ਵਾਲੇ ਮਨਜੀਤ ਵਰਗੇ ਪੁਆਧੀ ਪਿਆਰੇ ਟੀ.ਵੀ. ਚੈਨਲ ਚਲਾ ਕੇ ਇਸ ਨੂੰ ਬਚਾਉਣ ਤੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸਭ ਦੇ ਯਤਨ ਸ਼ਲਾਘਾਯੋਗ ਹਨ, ਪਰ ਕਾਫ਼ੀ ਨਹੀਂ। ਮੇਰੀ ਮਾਂ ਬੋਲੀ ਨੂੰ ਆਪਣਿਆਂ ਦੀ ਬੇਰੁਖ਼ੀ ਤੋਂ ਬਚਾਉਣ ਤੇ ਇਸ ਤ੍ਰਾਸਦੀ ’ਚੋਂ ਕੱਢਣ ਲਈ ਸਭ ਲਿਖਾਰੀਆਂ, ਪੁਆਧੀ ਮੰਚਾਂ ਤੇ ਵਿਦਵਾਨਾਂ ਨੂੰ ਰਲ ਕੇ ਪਿੰਡ-ਪਿੰਡ ਸੈਮੀਨਾਰ ਕਰਨੇ ਚਾਹੀਦੇ ਹਨ ਤੇ ਲੋਕਾਂ ਨੂੰ ਆਪਣੀ ਇਸ ਬੋਲੀ ਦੀ ਅਮੀਰੀ ਬਾਰੇ ਦੱਸਣਾ ਚਾਹੀਦਾ ਹੈ ਤਾਂ ਜੋ ਪੁਆਧੀ ਪੰਜਾਬੀ ਮਾਂ ਬੋਲੀ ਦੇ ਮੁਕਟ ਦਾ ਸਿੰਗਾਰ ਹਮੇਸ਼ਾ ਬਣੀ ਰਹੇ। ਮੋਹਨੀ ਤੂਰ ਦੀ ਪੁਆਧੀ ਵਿਚ ਲਿਖੀ ਕਵਿਤਾ ਦੇ ਕੁਝ ਬੋਲ ਸਾਂਝੇ ਕਰ ਰਿਹਾ ਹਾਂ ਤਾਂ ਜੋ ਸਾਰੇ ਸਮਝ ਸਕਣ ਕਿ ਇਹ ਕਿੰਨੀ ਮਿੱਠੀ ਤੇ ਸੁਆਦਲੀ ਭਾਸ਼ਾ ਹੈ:

ਮੈਂ ਦਸਾਂ ਕਿਆ ਕਿਆ ਥਾਨੂੰ ਬਾਤਾਂ

ਰੈ ਲੋਕੋ ਮਾਰੇ ਪੁਆਧ ਕੀਆਂ।

ਕੋਈ ਕੋਈ ਹੋਏ ਤਾ ਦਿਲ ਕਾ ਖੋਟਾ

ਮੇਲਿਆ ਪਰ ਚਲੈ ਤਾ ਢਾਂਗ ਔਰ ਸੋਟਾ।

ਓਟਿਆਂ ਪਾ ਆਏ ਕਰਾਂ ਤੀਆਂ ਲਪਟਾਂ

ਜੀ ਗੰਦਲਾਂ ਕੇ ਸਾਗ ਕੀਆਂ।

ਮੈਂ ਦਸਾਂ ਕਿਆ ਕਿਆ ਥਾਨੂੰ ਬਾਤਾਂ

ਰੈ ਲੋਕੋ ਮਾਰੇ ਪੁਆਧ ਕੀਆਂ।

ਸੰਪਰਕ: 98154-24647

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਮਿਲਾਪ ਦਾ ਮਹੀਨਾ ਫੱਗਣ

ਮਿਲਾਪ ਦਾ ਮਹੀਨਾ ਫੱਗਣ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਸ਼ਹਿਰ

View All