ਤਾਓ ਔਫ਼ ਫਿਜ਼ਿਕਸ: ਵਿਗਿਆਨ ਅਤੇ ਧਰਮ ਦੇ ਨਵੇਂ ਦਿਸਹੱਦੇ

ਤਾਓ ਔਫ਼ ਫਿਜ਼ਿਕਸ: ਵਿਗਿਆਨ ਅਤੇ ਧਰਮ ਦੇ ਨਵੇਂ ਦਿਸਹੱਦੇ

ਸ਼ਮੀਲ

ਫ੍ਰਿਚਯੌਫ ਕਾਪਰਾ ਆਸਟਰੀਅਨ ਮੂਲ ਦਾ ਅਮਰੀਕੀ ਭੌਤਿਕ ਵਿਗਿਆਨੀ ਹੈ। ਦੁਨੀਆ ਦੀ ਵਿਗਿਆਨਕ ਸੋਚ ਵਿਚ ਇਕ ਨਵੀਂ ਤਬਦੀਲੀ ਲਿਆਉਣ ਵਿਚ ਉਸ ਦੀ ਵੱਡੀ ਦੇਣ ਹੈ। ਕਾਪਰਾ ਦਾ ਜਨਮ ਆਸਟਰੀਆ ਦੇ ਸ਼ਹਿਰ ਵੀਆਨਾ ਵਿਚ ਹੋਇਆ ਅਤੇ ਉਸ ਨੇ ਵੀਆਨਾ ਯੂਨੀਵਰਸਿਟੀ ਤੋਂ ਥਿਓਰੈਟਿਕਲ ਫਿਜ਼ਿਕਸ ਵਿਚ ਪੀਐੱਚ.ਡੀ. ਕੀਤੀ। ਫ੍ਰਿਚਯੌਫ ਨੇ ਆਪਣੀ ਵਿਗਿਆਨਕ ਖੋਜ ਅਣੂ ਭੌਤਿਕ ਵਿਗਿਆਨ ਅਤੇ ਸਿਸਟਮ ਥਿਓਰੀ ਵਿਚ ਕੀਤੀ। ਕਈ ਨਾਮੀ ਵਿਗਿਆਨਕ ਅਦਾਰਿਆਂ ਅਤੇ ਯੂਨੀਵਰਸਿਟੀਆਂ ਵਿਚ ਪੜ੍ਹਾਇਆ ਅਤੇ ਅੱਜਕੱਲ੍ਹ ਉਹ ਬਰਕਲੇ, ਕੈਲੀਫੋਰਨੀਆ ਵਿਚ ਰਹਿੰਦਾ ਹੈ। ਉਸ ਦੀ ਇਕ ਕਿਤਾਬ ‘ਤਾਓ ਔਫ ਫਿਜ਼ਿਕਸ’ 1975 ਵਿਚ ਪਹਿਲੀ ਵਾਰ ਛਪੀ ਸੀ। ਉਸ ਵਕਤ ਕਿਸੇ ਛੋਟੇ ਜਿਹੇ ਪ੍ਰਕਾਸ਼ਕ ਨੇ ਇਹ ਛਾਪੀ, ਪਰ ਇਸ ਨੂੰ ਐਨਾ ਜ਼ਿਆਦਾ ਹੁੰਗਾਰਾ ਮਿਲਿਆ। ਹੁਣ ਤੱਕ ਇਹ ਦੁਨੀਆਂ ਦੀਆਂ 23 ਭਾਸ਼ਾਵਾਂ ਵਿਚ ਛਪ ਚੁੱਕੀ ਹੈ ਅਤੇ ਕਿੰਨੇ ਹੀ ਐਡੀਸ਼ਨ ਛਪ ਚੁੱਕੇ ਹਨ। ਪੰਜਾਬੀ ਵਿਚ ਇਸ ਦਾ ਅਨੁਵਾਦ ਬਲਰਾਮ ਨੇ ਕੀਤਾ ਹੈ ਅਤੇ ਹੁਣ 2020 ਵਿਚ ਪਹਿਲੀ ਵਾਰ ਛਪੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਸ ਕਿਤਾਬ ਨੂੰ ਛਾਪਿਆ ਹੈ।

ਇਸ ਕਿਤਾਬ ਦਾ ਪੂਰਾ ਨਾਂ ਹੈ: ‘ਦਾ ਤਾਓ ਔਫ ਫਿਜ਼ਿਕਸ: ਆਧੁਨਿਕ ਭੌਤਿਕ ਵਿਗਿਆਨ ਅਤੇ ਪੂਰਬੀ ਰਹੱਸਵਾਦ ਵਿਚਕਾਰ ਸਮਾਨਤਾਵਾਂ ਦੀ ਖੋਜ’। ਨਾਂ ਤੋਂ ਹੀ ਸਪਸ਼ਟ ਹੈ ਕਿ ਇਹ ਕਿਤਾਬ ਕਿਸ ਸਵਾਲ ਦਾ ਜਵਾਬ ਲੱਭਣ ਦਾ ਯਤਨ ਹੈ।

ਪੰਜਾਬੀ ਵਿਚ ਇਹ ਕਿਤਾਬ ਪਹਿਲੀ ਵਾਰ ਛਪ ਰਹੀ ਹੈ। ਇਸ ਕਰਕੇ ਇਸ ਕਿਤਾਬ ਦੀਆਂ ਧਾਰਨਾਵਾਂ ’ਤੇ ਡਿਬੇਟ ਇਕ ਅਗਲਾ ਪੜਾਅ ਹੋ ਸਕਦਾ ਹੈ, ਜਿਹੜੇ ਪੰਜਾਬੀ ਵਿਚਾਰਕ ਤੋਰ ਸਕਦੇ ਹਨ। ਫਿਲਹਾਲ ਇਸ ਕਿਤਾਬ ਦੇ ਪਿਛੋਕੜ ਨੂੰ ਜਾਣਨਾ ਹੀ ਮਹੱਤਵਪੂਰਨ ਹੈ।

ਆਮ ਕਰਕੇ ਸਾਡੀ ਇਕ ਸਥਾਪਤ ਧਾਰਨਾ ਇਹ ਹੈ ਕਿ ਵਿਗਿਆਨ ਅਤੇ ਰਹੱਸਵਾਦੀ ਦਰਸ਼ਨ ਬਿਲਕੁਲ ਇਕ ਦੂਜੇ ਦੇ ਉਲਟ ਖੜ੍ਹੇ ਸਿਸਟਮ ਜਾਂ ਵਿਸ਼ਵ-ਦਰਸ਼ਨ ਹਨ। ਅਸਲ ਵਿਚ ਤਾਂ ਇਹ ਸਮਝਿਆ ਜਾਂਦਾ ਹੈ ਕਿ ਇਹ ਇਕ ਦੂਜੇ ਦੇ ਵਿਰੋਧੀ ਜਾਂ ਦੁਸ਼ਮਣ ਹਨ। ਕਾਪਰਾ ਖ਼ੁਦ ਭੌਤਿਕ ਵਿਗਿਆਨੀ ਹੈ। ਇਕ ਵਿਗਿਆਨੀ ਦੇ ਤੌਰ ’ਤੇ ਉਹ ਕਹਿ ਰਿਹਾ ਹੈ ਕਿ ਨਵੀਂ ਫਿਜ਼ਿਕਸ ਵਿਚ ਸੰਸਾਰ ਦੇ ਮੂਲ ਅਤੇ ਇਸ ਦੀ ਬਣਤਰ ਬਾਰੇ ਜੋ ਸਮਝ ਬਣ ਰਹੀ ਹੈ, ਉਹ ਪੁਰਾਤਨ ਰਹੱਸਵਾਦੀ ਦਰਸ਼ਨਾਂ ਦੁਆਰਾ ਸੰਸਾਰ ਦੀ ਬਣਤਰ ਬਾਰੇ ਦਿੱਤੀਆਂ ਵਿਆਖਿਆਵਾਂ ਦੇ ਨੇੜੇ ਹੈ।

ਇਹ ਮਹਿਜ਼ ਕਾਪਰਾ ਦੀਆਂ ਸਿਧਾਂਤਕ ਘਾੜਤਾਂ ਨਹੀਂ ਸਗੋਂ ਉਸ ਨੇ ਦੁਨੀਆ ਦੇ ਨਾਮੀ ਭੌਤਿਕ ਵਿਗਿਆਨੀਆਂ ਦੀਆਂ ਤਾਜ਼ਾ ਖੋਜਾਂ ਅਤੇ ਅਨੁਭਵਾਂ ਦੇ ਹਵਾਲੇ ਨਾਲ ਇਹ ਗੱਲਾਂ ਕੀਤੀਆਂ ਹਨ। ਕਾਪਰਾ ਦੀ ਇਸ ਕਿਤਾਬ ਦੇ ਛਪਣ ਤੋਂ ਬਾਅਦ ਕਈ ਦਹਾਕੇ ਲੰਘ ਚੁੱਕੇ ਹਨ ਅਤੇ ਭੌਤਿਕ ਵਿਗਿਆਨੀਆਂ ਦੀ ਸਮਝ ਇਸ ਤੋਂ ਵੀ ਅਗਾਂਹ ਜਾ ਚੁੱਕੀ ਹੈ। ਜਰਮਨ ਭੌਤਿਕ ਵਿਗਿਆਨੀ ਵਰਨਰ ਹਾਈਜ਼ਨਬਰਗ ਨੂੰ ਕੁਆਂਟਮ ਮਕੈਨਿਕਸ ਦੇ ਮੋਢੀਆਂ ਵਿਚ ਗਿਣਿਆ ਜਾਂਦਾ ਹੈ ਅਤੇ ਇਸ ਬਦਲੇ ਉਸ ਨੂੰ 1932 ਵਿਚ ਨੋਬੇਲ ਪੁਰਸਕਾਰ ਮਿਲਿਆ ਸੀ। ਭੌਤਿਕ ਵਿਗਿਆਨ ਵਿਚ ਪਦਾਰਥ ਦੇ ਮੂਲ ਸਰੂਪ ਬਾਰੇ ਹੋ ਰਹੀਆਂ ਖੋਜਾਂ ਨੇ ਰਵਾਇਤੀ ਨਿਊਟਨੀ ਸਾਇੰਸ ਦੀਆਂ ਧਾਰਨਾਵਾਂ ਨੂੰ ਕਿੰਨਾ ਹਿਲਾ ਦਿੱਤਾ ਸੀ, ਉਸ ਦਾ ਅੰਦਾਜ਼ਾ ਹਾਈਜ਼ਨਬਰਗ ਦੀ ਇਸ ਟਿੱਪਣੀ ਤੋਂ ਲਾਇਆ ਜਾ ਸਕਦਾ ਹੈ:

“ਮਾਡਰਨ ਫ਼ਿਜ਼ਿਕਸ ਦੇ ਹਾਲੀਆ ਵਿਕਾਸ ’ਤੇ ਹੋਏ ਜ਼ਬਰਦਸਤ ਰਿਐਕਸ਼ਨਾਂ ਨੂੰ ਅਸੀਂ ਤਾਂ ਹੀ ਸਮਝ ਸਕਦੇ ਹਾਂ ਜੇ ਅਸੀਂ ਫ਼ਿਜ਼ਿਕਸ ਦੀਆਂ ਨੀਹਾਂ ਨੂੰ ਆਪਣੇ ਪੈਰਾਂ ਥੱਲਿਓਂ ਖਿਸਕਦੇ ਹੋਏ ਮਹਿਸੂਸ ਕਰੀਏ; ਖਿਸਕਣ ਦੀ ਇਹ ਸਰਸਰਾਹਟ ਕੁਝ ਇਹੋ ਜਿਹਾ ਅਹਿਸਾਸ ਜਗਾਉਂਦੀ ਹੈ ਜਿਵੇਂ ਵਿਗਿਆਨ ਦੇ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਗਈ।”

ਇਸੇ ਤਰ੍ਹਾਂ ਦੇ ਅਹਿਸਾਸ ਆਇੰਸਟਾਈਨ ਨੇ ਵੀ ਪ੍ਰਗਟ ਕੀਤੇ ਸਨ: “ਫ਼ਿਜ਼ਿਕਸ ਦੀ ਸਿਧਾਂਤਕ ਬੁਨਿਆਦ ਨੂੰ ਇਸ (ਨਵੇਂ ਤਰ੍ਹਾਂ ਦੇ) ਗਿਆਨ ਮੁਤਾਬਕ ਢਾਲਣ ਦੀਆਂ ਮੇਰੀਆਂ ਸਾਰੀਆਂ ਕੋਸ਼ਿਸ਼ਾਂ ਪੂਰੀ ਤਰ੍ਹਾਂ ਨਕਾਮ ਰਹੀਆਂ ਹਨ। ਇਹ ਇਵੇਂ ਹੈ ਜਿਵੇਂ ਪੈਰਾਂ ਹੇਠੋਂ ਕਿਸੇ ਨੇ ਜ਼ਮੀਨ ਕੱਢ ਲਈ ਹੋਵੇ, ਕੋਈ ਠੋਸ ਆਧਾਰ ਕਿਸੇ ਪਾਸੇ ਦਿਖਾਈ ਨਹੀਂ ਦਿੰਦਾ, ਜਿਸ ’ਤੇ ਕੁਝ ਉਸਾਰਿਆ ਜਾ ਸਕੇ।”

ਐਟਮ ਦੀ ਬਣਤਰ ਅਤੇ ਕੁਆਂਟਮ ਥਿਊਰੀ ਨੂੰ ਸਮਝਣ ਵਿਚ ਇਕ ਹੋਰ ਬਹੁਤ ਵੱਡਾ ਰੋਲ ਡੈਨਿਸ਼ ਭੌਤਿਕ ਵਿਗਿਆਨੀ ਨੀਲਜ਼ ਬੋਰ ਦਾ ਹੈ। ਉਸ ਨੂੰ ਇਸ ਬਦਲੇ 1922 ਵਿਚ ਨੋਬੇਲ ਪੁਰਸਕਾਰ ਮਿਲਿਆ ਸੀ। ਉਸ ਦੀ ਟਿੱਪਣੀ ਵੀ ਦਿਲਚਸਪ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਾਰੀਆਂ ਗੱਲਾਂ ਕਈ ਦਹਾਕੇ ਪਹਿਲਾਂ ਕਹੀਆਂ ਗਈਆਂ ਅਤੇ ਪੰਜਾਬ ਦੀ ਵਿਗਿਆਨ ਸੋਚ ਅਜੇ ਵੀ ਇਨ੍ਹਾਂ ਤੋਂ ਕਈ ਦਹਾਕੇ ਪੁਰਾਣੀ ਸੋਚ ਵਿਚ ਅਟਕੀ ਹੈ। ਬੋਰ ਦਾ ਕਹਿਣਾ ਹੈ: “ਹਾਲੀਆ ਸਾਲਾਂ ਵਿੱਚ ਸਾਡੇ ਅਨੁਭਵ ਵਿੱਚ ਹੋਏ ਅੰਤਾਂ ਦੇ ਵਾਧੇ ਨੇ ਸਾਡੀਆਂ ਸਿੰਪਲ ਮਸ਼ੀਨੀ ਧਾਰਨਾਵਾਂ ਦੀਆਂ ਘਾਟਾਂ ਨੂੰ ਪੂਰੀ ਤਰ੍ਹਾਂ ਉਘਾੜ ਕੇ ਰੱਖ ਦਿੱਤਾ ਹੈ, ਸਿੱਟੇ ਵਜੋਂ ਉਸਨੇ ਉਹ ਨੀਹਾਂ ਹੀ ਹਿਲਾ ਕੇ ਧਰ ਦਿੱਤੀਆਂ ਜਿਨ੍ਹਾਂ ਉੱਤੇ ਦੇਖਣ-ਪਰਖਣ ਦੀ ਰਵਾਇਤੀ ਵਿਆਖਿਆ ਟਿਕੀ ਹੋਈ ਸੀ।”

ਜਿਸ ਸੋਚ ਨੂੰ ਅਸੀਂ ਅਜੇ ਵੀ ਵਿਗਿਆਨਕ ਸੋਚ ਸਮਝਦੇ ਹਾਂ, ਖ਼ੁਦ ਨਵੀਂ ਸਾਇੰਸ ਉਸ ਤੋਂ ਕਈ ਦਹਾਕੇ ਪਹਿਲਾਂ ਅੱਗੇ ਨਿਕਲ ਚੁੱਕੀ ਹੈ। ਬ੍ਰਹਿਮੰਡ, ਪਦਾਰਥ ਦੇ ਮੂਲ ਸਰੂਪ, ਐਟਮ ਦੀ ਬਣਤਰ ਅਤੇ ਕੁਦਰਤ ਦੇ ਸਿਸਟਮ ਦੀ ਅਖੰਡਤਾ ਬਾਰੇ ਆਧੁਨਿਕ ਵਿਗਿਆਨ ਦੀਆਂ ਧਾਰਨਾਵਾਂ ਨਿਊਟਨ ਦੇ ਦੌਰ ਦੀ ਉਸ ਭੌਤਿਕ ਵਿਗਿਆਨ ਨਾਲੋਂ ਬਹੁਤ ਦੂਰ ਜਾ ਚੁੱਕੀਆਂ ਹਨ ਜਿਹੜੀਆਂ ਸਾਡੀ ਵਿਗਿਆਨਕ ਸੋਚ ਲਈ ਅੱਜ ਵੀ ਅੰਤਿਮ ਸਚਾਈਆਂ ਬਣੀਆਂ ਹੋਈਆਂ ਹਨ। ਕਾਪਰਾ ਲਿਖਦਾ ਹੈ: “ਅਣੂਆਂ ਦੇ ਸੰਸਾਰ ਦੇ ਅਧਿਅਨ ਨੇ ਭੌਤਿਕ ਵਿਗਿਆਨੀਆਂ ਨੂੰ ਇਹ ਮੰਨਣ ਲਈ ਮਜਬੂਰ ਕਰ ਦਿੱਤਾ ਕਿ ਸਾਡੀ ਰੋਜ਼ਾਨਾ ਦੀ ਭਾਸ਼ਾ ਨਾ ਸਿਰਫ਼ ਗ਼ੈਰ-ਦਰੁਸਤ ਹੈ ਸਗੋਂ ਅਣੂਆਂ ਤੇ ਸਬ-ਅਟੌਮਿਕ ਜਗਤ ਦੀ ਹਕੀਕਤ ਨੂੰ ਬਿਆਨ ਕਰਨ ਲਈ ਬਿਲਕੁਲ ਹੀ ਅਢੁਕਵੀਂ ਹੈ। ਕੁਆਂਟਮ ਥਿਊਰੀ ਅਤੇ ਸਾਪੇਖਤਾ ਦੇ ਸਿਧਾਂਤ ਨੇ- ਜਿਹੜੇ ਕਿ ਮਾਡਰਨ ਫ਼ਿਜ਼ਿਕਸ ਦੇ ਦੋ ਆਧਾਰ ਸਨ- ਇਹ ਸਪਸ਼ਟ ਕਰ ਦਿੱਤਾ ਸੀ ਕਿ ਉਹ ਹਕੀਕਤ ਕਲਾਸੀਕਲ ਤਰਕ ਦੀਆਂ ਹੱਦਾਂ ਤੋਂ ਪਾਰ ਜਾਂਦੀ ਹੈ ਤੇ ਅਸੀਂ ਆਮ ਭਾਸ਼ਾ ਵਿੱਚ ਉਸ ਬਾਰੇ ਗੱਲ ਨਹੀਂ ਕਰ ਸਕਦੇ।”

ਆਧੁਨਿਕ ਫਿਜ਼ਿਕਸ ਵਿਚ ਸਬ-ਅਟੌਮਿਕ ਪੱਧਰ ’ਤੇ ਕਣਾਂ ਦਾ ਜੋ ਸਰੂਪ ਹੈ ਜਾਂ ਜਿਸ ਤਰ੍ਹਾਂ ਉਨ੍ਹਾਂ ਨੂੰ ਭੌਤਿਕ ਵਿਗਿਆਨੀ ਦੇਖ ਰਹੇ ਹਨ। ਉਸ ਬਾਰੇ ਉਹ ਲਿਖਦਾ ਹੈ: “ਕੁਆਂਟਮ ਥਿਊਰੀ ਵਿੱਚ ਆਬਜ਼ਰਵਡ ਸਿਸਟਮ, ਭਾਵ ਜਿਸ ਬਾਰੇ ਜਾਂਚ-ਪਰਖ ਹੋ ਰਹੀ ਹੈ, ਬਾਰੇ ਸੰਭਾਵਨਾਵਾਂ ਵਿੱਚ ਹੀ ਗੱਲ ਹੁੰਦੀ ਹੈ। ਜਿਸਦਾ ਮਤਲਬ ਹੈ ਕਿ ਅਸੀਂ ਕਦੇ ਵੀ ਪੱਕੀ ਤਰ੍ਹਾਂ ਇਹ ਨਹੀਂ ਦੱਸ ਸਕਦੇ ਕਿ ਕੋਈ ਸਬ-ਅਟੌਮਿਕ ਕਣ ਕਿਸੇ ਨਿਸ਼ਚਤ ਸਮੇਂ ’ਤੇ ਕਿੱਥੇ ਹੋਵੇਗਾ, ਜਾਂ ਕੋਈ ਅਟੌਮਿਕ ਪ੍ਰਕ੍ਰਿਆ ਘਟਦੀ ਕਿਵੇਂ ਹੈ। ਅਸੀਂ ਸਿਰਫ਼ ਕੁਝ ਅੰਦਾਜ਼ੇ ਹੀ ਲਾ ਸਕਦੇ ਹਾਂ। ਮਿਸਾਲ ਲਈ ਅੱਜ ਤੱਕ ਜਾਣੇ ਜਾਂਦੇ ਬਹੁਤੇ ਸਬ-ਅਟੌਮਿਕ ਕਣ ਅਸਥਾਈ ਹਨ, ਮਤਲਬ ਕਿ ਜਲਦੀ ਖਿੰਡ ਜਾਂਦੇ ਹਨ, ਕੁਝ ਸਮੇਂ ਬਾਅਦ ਹੀ ਉਹ ਦੂਜੇ ਕਣਾਂ ’ਚ ‘ਬਦਲ’ ਜਾਂਦੇ ਹਨ। ਪਰ ਇਹ ਸਮਾਂ ਕਿੰਨਾ ਹੋਵੇਗਾ, ਇਸ ਬਾਰੇ ਪੱਕੀ ਤਰ੍ਹਾਂ ਨਾਲ ਕੁਝ ਨਹੀਂ ਕਿਹਾ ਜਾ ਸਕਦਾ।”

ਕੁਆਂਟਮ ਫਿਜ਼ਿਕਸ ਦਾ ਇਕ ਬਹੁਤ ਰੌਚਕ ਸੰਕਲਪ ‘ਨੌਨ-ਲੋਕੈਲਿਟੀ’ ਦਾ ਸਿਧਾਂਤ ਹੈ, ਜਿਸ ਨੂੰ ਪੰਜਾਬੀ ਵਿਚ ਗੈਰ-ਸਥਾਨਕਤਾ ਵੀ ਕਹਿ ਸਕਦੇ ਹਾਂ। ਇਸ ਵਰਤਾਰੇ ਨੂੰ ਆਇੰਸਟਾਈਨ ਨੇ ਵੀ ਦੇਖਿਆ। ਸ਼ੁਰੂ ਵਿਚ ਇਸ ਬਾਰੇ ਉਸ ਨੂੰ ਜ਼ਰਾ ਸੰਦੇਹ ਸੀ ਅਤੇ ਉਮਰ ਦੇ ਆਖ਼ਰੀ ਦੌਰ ਵਿਚ ਜਾ ਕੇ ਉਸ ਨੇ ਇਸ ਨੂੰ ਮੰਨ ਲਿਆ। ਬਾਅਦ ਵਿਚ ਕਈ ਹੋਰ ਭੌਤਿਕ ਵਿਗਿਆਨੀਆਂ ਨੇ ਇਸ ’ਤੇ ਤਜ਼ਰਬੇ ਕੀਤੇ। ਜੌਨ ਬੈੱਲ ਨੇ 1964 ਵਿਚ ਆਪਣਾ ਪੇਪਰ ਇਸ ਬਾਰੇ ਪ੍ਰਕਾਸ਼ਿਤ ਕੀਤਾ, ਜਿਸ ਨੂੰ ਬੈੱਲ ਦੀ ਥਿਓਰਮ ਵੀ ਕਿਹਾ ਜਾਂਦਾ ਹੈ। ਸਟੂਅਰਟ ਫਰੀਡਮਨ ਨੇ 1972 ਅਤੇ ਐਲੇਨ ਐਸਪੈਕਟ ਨੇ 1982 ਵਿਚ ਇਸ ਬਾਰੇ ਤਜ਼ਰਬੇ ਕੀਤੇ। ਸੰਖੇਪ ਅਤੇ ਸਰਲ ਸ਼ਬਦਾਂ ਵਿਚ ਇਹ ਸਿਧਾਂਤ ਇਸ ਤਰ੍ਹਾਂ ਹੈ ਕਿ ਬਹੁਤ ਸੂਖ਼ਮ ਪੱਧਰ ’ਤੇ ਐਟਮੀ ਕਣ ਇਸ ਤਰ੍ਹਾਂ ਵਰਤਾਓ ਕਰਦੇ ਹਨ ਕਿ ਜਿਵੇਂ ਉਨ੍ਹਾਂ ਉੱਤੇ ਸਮੇਂ ਅਤੇ ਸਥਾਨ ਦਾ ਕੋਈ ਅਸਰ ਨਹੀਂ ਹੁੰਦਾ। ਮਿਸਾਲ ਦੇ ਤੌਰ ’ਤੇ ਕੋਈ ਇਕ ਸਬ-ਅਟੌਮਿਕ ਕਣ ਹੈ। ਉਸਨੂੰ ਦੋ ਹਿੱਸਿਆਂ ਵਿਚ ਤੋੜਕੇ ਇਕ ਦੂਜੇ ਤੋਂ ਦੂਰ ਕਰ ਦਿੱਤਾ ਗਿਆ। ਪਰ ਇਸ ਦੇ ਬਾਵਜੂਦ ਉਹ ਇਕ ਕਣ ਦੀ ਤਰ੍ਹਾਂ ਹੀ ਵਰਤਾਓ ਕਰਦੇ ਹਨ। ਜੇ ਇਸ ਦੇ ਇਕ ਹਿੱਸੇ ’ਤੇ ਕੋਈ ਪ੍ਰਯੋਗ ਕੀਤਾ ਜਾਂਦਾ ਹੈ ਤਾਂ ਦੂਜੇ ’ਤੇ ਵੀ ਅਸਰ ਤੁਰੰਤ ਅਸਰ ਪੈਂਦਾ ਹੈ, ਭਾਵੇਂ ਉਹ ਇਕ ਦੂਜੇ ਤੋਂ ਲੱਖਾਂ ਕਿਲੋਮੀਟਰ ਦੂਰ ਹੋਣ। ਜਿਵੇਂ ਉਨ੍ਹਾਂ ’ਤੇ ਸਮੇਂ ਅਤੇ ਸਥਾਨ ਦਾ ਕੋਈ ਅਸਰ ਨਾ ਹੋਵੇ। ਇਸ ਪੱਧਰ ’ਤੇ ਜਾ ਕੇ ਹਕੀਕਤ ਅਕਾਲਕ ਹੈ। ਉਹ ਕਾਲ ਤੋਂ ਪਰ੍ਹੇ ਹੈ। ਉਹ ਸਥਾਨ ਤੋਂ ਮੁਕਤ ਹੈ। ਰਹੱਸਵਾਦੀ ਦਰਸ਼ਨਾਂ ਵਿਚ ਹਕੀਕਤ ਨੂੰ ਇਸੇ ਤਰ੍ਹਾਂ ਦੇ ਸ਼ਬਦਾਂ ਵਿਚ ਬਿਆਨ ਕੀਤਾ ਗਿਆ ਹੈ।

ਨਵਾਂ ਭੌਤਿਕ ਵਿਗਿਆਨ ਸਮੁੱਚੇ ਕੁਦਰਤੀ ਵਰਤਾਰੇ ਨੂੰ ਇਕ ਅਜਿਹੇ ਸਿਸਟਮ ਵਜੋਂ ਦੇਖਦਾ ਹੈ ਜਿਹੜਾ ਬਹੁਤ ਡੂੰਘੇ ਸਤਰ ’ਤੇ ਹਮੇਸ਼ਾ ਇਕ ਦੂਜੇ ਨਾਲ ਜੁੜਿਆ ਹੋਇਆ ਹੈ। ਆਮ ਜੀਵਨ ਦੇ ਪੱਧਰ ’ਤੇ ਇਸ ਨੂੰ ਇਨਸਾਨੀ ਸਰੀਰ ਬਾਰੇ ਸਾਡੀ ਸਮਝ ਵਿਚੋਂ ਦੇਖਿਆ ਜਾ ਸਕਦਾ ਹੈ। ਰਵਾਇਤੀ ਮੈਡੀਕਲ ਸਾਇੰਸ ਇਹ ਸਮਝਦੀ ਰਹੀ ਹੈ ਕਿ ਇਨਸਾਨ ਦਾ ਸਰੀਰ ਇਕ ਮਸ਼ੀਨ ਦੀ ਤਰ੍ਹਾਂ ਹੈ ਅਤੇ ਇਸ ਦੇ ਅਲੱਗ ਅਲੱਗ ਅੰਗ ਇਸ ਮਸ਼ੀਨ ਦੇ ਪੁਰਜ਼ੇ ਹਨ। ਇਸ ਕਰਕੇ ਅੱਖਾਂ, ਦੰਦਾਂ, ਚਮੜੀ, ਸਰੀਰ ਦੇ ਦੂਜੇ ਅੰਦਰੂਨੀ ਸਿਸਟਮਾਂ ਅਤੇ ਮਾਨਸਿਕ ਸਿਹਤ ਨੂੰ ਇਕ ਦੂਜੇ ਤੋਂ ਅਲੱਗ ਕਰਕੇ ਦੇਖਿਆ ਜਾਣ ਲੱਗਾ; ਜਿਵੇਂ ਦੰਦਾਂ ਦੀ ਸਿਹਤ ਦਾ ਸਰੀਰ ਦੀ ਸਮੁੱਚੀ ਹਾਲਤ ਨਾਲ ਕੋਈ ਸੰਬੰਧ ਨਾ ਹੋਵੇ। ਜਾਂ ਵਾਲਾਂ ਦਾ ਸਰੀਰ ਦੀ ਸਮੁੱਚੀ ਸਿਹਤ ਨਾਲ ਕੋਈ ਸੰਬੰਧ ਨਾ ਹੋਵੇ। ਪਰ ਨਵੀਂ ਸੋਚ ਸਰੀਰ ਨੂੰ ਜ਼ਿਆਦਾ ਹੋਲਿਸਟਿਕ ਤਰੀਕੇ ਨਾਲ ਦੇਖਦੀ ਹੈ ਜਿਸ ਵਿਚ ਸਾਰਾ ਸਰੀਰਕ ਢਾਂਚਾ ਇਕ ਦੂਜੇ ਨਾਲ ਬਹੁਤ ਡੂੰਘੇ ਸਤਰ ’ਤੇ ਜੁੜਿਆ ਹੈ। ਇਸੇ ਤਰ੍ਹਾਂ ਕੁਦਰਤ ਦਾ ਪਸਾਰਾ ਹੈ। ਕੁਦਰਤ ਦਾ ਹਰ ਸਿਸਟਮ ਇਕ ਦੂਜੇ ਨਾਲ ਜੁੜਿਆ ਹੈ। ਇਨਸਾਨੀ ਜੀਵਨ, ਪੰਛੀਆਂ ਦਾ ਜੀਵਨ, ਬਨਸਪਤੀ ਅਤੇ ਸਮੁੱਚਾ ਵਾਤਾਵਰਣ ਇਕ ਦੂਜੇ ਨਾਲ ਸਿੱਧੇ ਤੌਰ ’ਤੇ ਜੁੜਿਆ ਇਕ ਅਖੰਡ ਸਿਸਟਮ ਹੈ। ਇਹ ਸੋਚ ਨਵੀਂ ਸਾਇੰਸ ’ਚੋਂ ਪੈਦਾ ਹੋ ਰਹੀ ਹੈ ਅਤੇ ਇਸੇ ਤਰ੍ਹਾਂ ਦੀ ਸੋਚ ਸਾਡੇ ਪੁਰਾਣੇ ਰਹੱਸਵਾਦੀ ਸਿਸਟਮਾਂ ਵਿਚ ਵੀ ਸੀ।

ਕਾਪਰਾ ਨੇ ਇਕ ਪਾਸੇ ਆਧੁਨਿਕ ਸਾਇੰਸ ਦੀਆਂ ਨਵੀਨਤਨ ਖੋਜਾਂ ਅਤੇ ਦੂਜੇ ਇੰਡੀਆ, ਚੀਨ ਅਤੇ ਮੱਧ ਪੂਰਬ ਦੇ ਪੁਰਾਣੇ ਦਾਰਸ਼ਨਿਕ ਸਿਸਟਮਾਂ ਵਿਚਲੀਆਂ ਸਮਾਨਤਾਂ ਨੂੰ ਹਵਾਲਿਆਂ ਨਾਲ ਇਕ ਦੂਜੇ ਦੇ ਸਮਾਨਾਂਤਰ ਰੱਖਿਆ ਹੈ। ਉਨ੍ਹਾਂ ਵਿਚਲੀ ਸਮਾਨਤਾ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਤਾਓਵਾਦ ਚੀਨ ਦੀ ਪੁਰਾਣੀ ਰਹੱਸਵਾਦੀ ਗਿਆਨ ਪਰੰਪਰਾ ਹੈ। ਫਿਜ਼ਿਕਸ ਆਧੁਨਿਕ ਭੌਤਿਕ ਖੋਜ ਦੀ ਸਾਇੰਸ ਹੈ। ਤਾਓ ਔਫ ਫਿਜ਼ਿਕਸ ਇਨ੍ਹਾਂ ਦੋਵਾਂ ਦਾ ਸੰਗਮ ਹੈ।

ਇਸ ਕਿਤਾਬ ਦੀਆਂ ਧਾਰਨਾਵਾਂ ਨਾਲ ਸਹਿਮਤ ਜਾਂ ਅਸਹਿਮਤ ਹੋਣਾ ਜਾਂ ਇਨ੍ਹਾਂ ਨੂੰ ਹੋਰ ਅੱਗੇ ਲੈ ਕੇ ਜਾਣਾ ਇਕ ਵੱਖਰਾ ਸੁਆਲ ਹੈ। ਪਰ ਪਹਿਲਾਂ ਇਨ੍ਹਾਂ ਨੂੰ ਆਪਣੀ ਸਮਝ ਦਾ ਹਿੱਸਾ ਬਣਾਉਣਾ ਨਵੀਂ ਵਿਗਿਆਨਕ ਸੋਚ ਲਈ ਬਹੁਤ ਅਹਿਮ ਹੈ। ਇਸ ਕਿਤਾਬ ਦੇ ਲਿਖੇ ਜਾਣ ਤੋਂ ਬਾਅਦ ਵੀ ਦੁਨੀਆ ਵਿਚ ਬਹੁਤ ਕੁਝ ਹੋਇਆ ਹੈ। ਉਸ ਨੂੰ ਵੀ ਤਦ ਹੀ ਸਮਝਿਆ ਜਾ ਸਕਦਾ ਹੈ, ਜੇ ਪਹਿਲਾਂ ਇਸ ਨੂੰ ਸਮਝਿਆ ਜਾਵੇ। ਹਕੀਕਤ ਦੇ ਸੁਭਾਅ ਨੂੰ ਬਿਆਨ ਕਰਨ ਲਈ ਕਾਪਰਾ ਇਕ ਜ਼ੈੱਨ ਕਹਾਵਤ ਦਾ ਹਵਾਲਾ ਦਿੰਦਾ ਹੈ: “ਜਦੋਂ ਹੀ ਤੁਸੀਂ ਬੋਲਦੇ ਹੋ, ਤੁਸੀਂ ਕੁਝ ਖੁੰਝਾਅ ਦਿੰਦੇ ਹੋ”। ਮਤਲਬ ਕਿ ਹਕੀਕਤ ਐਨੀ ਤਰਲ ਹੈ ਕਿ ਜਦੋਂ ਵੀ ਤੁਸੀਂ ਇਸ ਨੂੰ ਕਿਸੇ ਪਰਿਭਾਸ਼ਾ ਵਿਚ ਬੰਨ੍ਹਣ ਦੀ ਕੋਸ਼ਿਸ਼ ਕਰਦੇ ਹੋ, ਉਹ ਆਪਣਾ ਰੂਪ ਬਦਲ ਲੈਂਦੀ ਹੈ। ਜੇ ਹਕੀਕਤ ਐਨੀ ਤਰਲ ਹੈ ਤਾਂ ਅਸੀਂ ਕੁਝ ਬਣੀਆਂ ਬਣਾਈਆਂ ਧਾਰਨਾਵਾਂ ਵਿਚ ਆਪਣੇ ਆਪ ਨੂੰ ਕੈਦ ਕਰਕੇ ਕੋਈ ਵਿਗਿਆਨਕ ਨਜ਼ਰੀਆ ਨਹੀਂ ਕਾਇਮ ਰੱਖ ਸਕਦੇ।

ਇਸ ਕਰਕੇ ‘ਤਾਓ ਔਫ ਫਿਜ਼ਿਕਸ’ ਦਾ ਪੰਜਾਬੀ ਵਿਚ ਛਪਣਾ ਇਕ ਅਹਿਮ ਗੱਲ ਹੈ। ਇਹ ਸਾਡੀ ਵਿਗਿਆਨਕ ਸੋਚ ਦਾ ਦਾਇਰਾ ਵੱਡਾ ਕਰਨ ਵਿਚ ਮਦਦ ਕਰੇਗੀ।

ਪੰਜਾਬੀ ਵਿਚ ਦੁਨੀਆ ਦੇ ਨਵੇਂ ਵਿਗਿਆਨਕ ਸਾਹਿਤ ਅਤੇ ਹੋਰ ਕਿਤਾਬਾਂ ਦਾ ਅਨੁਵਾਦ ਹੋਣਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲੋ-ਨਾਲ ਇਹ ਵੀ ਜ਼ਰੂਰੀ ਹੈ ਕਿ ਸਾਡੇ ਅਨੁਵਾਦ ਦਾ ਕਲਚਰ ਵੀ ਹੋਰ ਵਿਕਸਤ ਹੋਵੇ। ਮਿਸਾਲ ਦੇ ਤੌਰ ’ਤੇ ਨਾਵਾਂ, ਥਾਂਵਾਂ ਅਤੇ ਅਲੱਗ ਅਲੱਗ ਤਰ੍ਹਾਂ ਦੇ ਸੰਕਲਪਾਂ ਦੇ ਅਨੁਵਾਦ ਬਾਰੇ ਕੋਈ ਇਕਸਾਰਤਾ ਬਣੇ। ਇਹ ਕੰਮ ਕੋਈ ਇਕ ਵਿਅਕਤੀ ਨਹੀਂ ਕਰ ਸਕਦਾ। ਇਸ ਬਾਰੇ ਸੰਸਥਾਵਾਂ ਨੂੰ ਕੋਈ ਸਿਸਟਮ ਵਿਕਸਤ ਕਰਨਾ ਹੋਵੇਗਾ। ਜੋ ਨਾਂ ਦੁਨੀਆ ਦੇ ਅਲੱਗ ਅਲੱਗ ਸਭਿਆਚਾਰਾਂ ’ਚੋਂ ਆ ਰਹੇ ਹਨ, ਉਨ੍ਹਾਂ ਦਾ ਸ਼ੁੱਧ ਉਚਾਰਨ ਤਾਂ ਭਾਵੇਂ ਸਾਰੀਆਂ ਦੂਜੀਆਂ ਭਾਸ਼ਾਵਾਂ ਵਿਚ ਸੰਭਵ ਨਹੀਂ, ਪਰ ਜਿੰਨਾ ਮੂਲ ਦੇ ਨੇੜੇ ਰਿਹਾ ਜਾ ਸਕੇ, ਓਨਾ ਹੀ ਅੱਛਾ ਰਹੇਗਾ। ਤੀਹ ਜਾਂ ਚਾਲੀ ਸਾਲ ਪਹਿਲਾਂ ਕਈ ਕੰਮ ਬਹੁਤ ਮੁਸ਼ਕਲ ਸਨ, ਪਰ ਅੱਜ ਦੀ ਇੰਟਰਨੈੱਟ ਟੈਕਨੌਲੋਜੀ ਕਾਰਨ ਕਿਸੇ ਵੀ ਭਾਸ਼ਾ ਦੇ ਕਿਸੇ ਵੀ ਸ਼ਬਦ ਦਾ ਸਹੀ ਉਚਾਰਨ ਲੱਭਣਾ ਬਹੁਤ ਅਸਾਨ ਹੋ ਗਿਆ ਹੈ। Fritjof Capra ਦੇ ਪਹਿਲੇ ਨਾਂ ਦਾ ਵੈਸਟ ਵਿਚ ਪ੍ਰਚਲਤ ਉਚਾਰਨ ‘ਫ੍ਰਿਚਯੌਫ’ ਹੈ। ਜੇ ਪੰਜਾਬੀ ਵਿਚ ਇਸ ਦੇ ਨੇੜੇ ਰਹਿ ਸਕੀਏ ਤਾਂ ਚੰਗਾ ਰਹੇਗਾ। ਨਹੀਂ ਤਾਂ ਹੌਲੀ ਹੌਲੀ ਉਸਦਾ ਅਜਿਹਾ ਪੰਜਾਬੀ ਨਾਂ ਪਕਾ ਲੈਣਾ ਹੈ, ਜਿਹੜਾ ਮੁੜਕੇ ਬਦਲਣਾ ਔਖਾ ਹੋ ਜਾਣਾ ਹੈ। ਕਿਤਾਬ ਵਿਚ ਇਸ ਦਾ ਨਾਂ ਰਿਜ਼ੌਫ਼ ਕਾਪਰਾ ਲਿਖਿਆ ਗਿਆ ਹੈ। ਅੱਜ ਦੇ ਗਲੋਬਲ ਜਗਤ ਵਿਚ ਜੇ ਨਾਵਾਂ, ਥਾਵਾਂ ਦੇ ਉਚਾਰਨ ਵਿਚ ਇਕਸਾਰਤਾ ਰਹਿ ਸਕੇ ਤਾਂ ਇਹ ਬਹੁਤ ਵੱਡੀ ਸਹੂਲਤ ਹੋਵੇਗੀ।

ਪੰਜਾਬ ਵਿਚ ਜਿਹੜੇ ਲੋਕ ਵਿਗਿਆਨਕ ਚੇਤਨਾ ਦਾ ਦਾਇਰਾ ਵੱਡਾ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਇਹ ਕਿਤਾਬ ਇਕ ਆਧਾਰ ਬਣ ਸਕਦੀ ਹੈ। ਇਸੇ ਤਰ੍ਹਾਂ ਜਿਹੜੇ ਲੋਕ ਰਹੱਸਵਾਦੀ ਦਰਸ਼ਨਾਂ ਦੀ ਗਹਿਰਾਈ ਨੂੰ ਇਕ ਆਧੁਨਿਕ ਮੁਹਾਵਰੇ ਵਿਚ ਸਮਝਣਾ ਚਾਹੁੰਦੇ ਹਨ, ਉਨ੍ਹਾਂ ਲਈ ਵੀ ਇਹ ਕਿਤਾਬ ਇਕ ਨਵਾਂ ਅਕਾਸ਼ ਖੋਲ੍ਹੇਗੀ। ਇਸ ਲਿਹਾਜ਼ ਨਾਲ ਉਨ੍ਹਾਂ ਸਾਰਿਆਂ ਨੂੰ ਇਕ ਦੂਜੇ ਦੇ ਨੇੜੇ ਆਉਣ ਦਾ ਮੌਕਾ ਮਿਲੇਗਾ, ਜਿਹੜੇ ਇਸ ਵਕਤ ਆਪਣੇ ਆਪ ਨੂੰ ਇਕ ਦੂਜੇ ਦੇ ਦੁਸ਼ਮਣ ਸਮਝੀ ਬੈਠੇ ਹਨ।
ਈ-ਮੇਲ: jay.shameel@gmail.com

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All