ਨਿੱਘੀ ਯਾਦ

ਵਿਦਵਤਾ ਦਾ ਸੂਰਜ ਕਦੇ ਨਹੀਂ ਡੁੱਬਦਾ

ਵਿਦਵਤਾ ਦਾ ਸੂਰਜ ਕਦੇ ਨਹੀਂ ਡੁੱਬਦਾ

ਆਤਮਜੀਤ

ਆਤਮਜੀਤ

ਡਾਕਟਰ ਚਮਨ ਆਹੂਜਾ ਨਹੀਂ ਰਹੇ। ਅਠਾਰਾਂ ਜਨਵਰੀ ਨੂੰ ਉਨ੍ਹਾਂ ਦਾ ਦਿੱਲੀ ਦੇ ਇਕ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਨ੍ਹਾਂ ਦਾ ਜਨਮ ਪਹਿਲੀ ਅਪਰੈਲ 1933 ਵਿਚ ਡੇਰਾ ਗ਼ਾਜ਼ੀ ਖਾਂ (ਹੁਣ ਪਾਕਿਸਤਾਨ) ਦੇ ਇਕ ਪਿੰਡ ਵਿਚ ਹੋਇਆ ਸੀ। ਉਹ ਰੰਗਮੰਚ ਦੇ ਸਭ ਤੋਂ ਵੱਡੇ ਹਿੰਦੋਸਤਾਨੀ ਵਿਦਵਾਨਾਂ ਵਿੱਚੋਂ ਇਕ ਸਨ। ਉਨ੍ਹਾਂ ਲਗਪਗ 45 ਸਾਲ ਅੰਗਰੇਜ਼ੀ ਡਰਾਮੇ ਅਤੇ ਨਾਟਕ ਦੇ ਸਿਧਾਂਤ ਨੂੰ ਪੀ.ਐਚਡੀ. ਪੱਧਰ ਤਕ ਪੜ੍ਹਾਇਆ ਤੇ ਪੰਜਾਬ ਯੂਨੀਵਰਸਿਟੀ ਤੋਂ ਪ੍ਰੋਫ਼ੈਸਰ ਵਜੋਂ ਰਿਟਾਇਰ ਹੋਏ; ਅੰਗਰੇਜ਼ੀ ਟ੍ਰਿਬਿਊਨ ਲਈ ਤੇਰਾਂ ਸਾਲ ਨਿਯਮਤ ਤੌਰ ’ਤੇ ਡਰਾਮਾ ਸਮੀਖਿਅਕ ਵੀ ਰਹੇ। ਉਨ੍ਹਾਂ ਦੇਸ਼ ਭਰ ਦੀਆਂ ਹਜ਼ਾਰਾਂ ਪੇਸ਼ਕਾਰੀਆਂ ਨੂੰ ਵੱਖ-ਵੱਖ ਥਾਵਾਂ ’ਤੇ ਦੇਖ ਕੇ ਸੈਂਕੜੇ ਲੇਖ ਲਿਖੇ ਜਿਹੜੇ ‘ਦਿ ਟਾਈਮਜ਼ ਆਫ਼ ਇੰਡੀਆ’, ‘ਦਿ ਹਿੰਦੋਸਤਾਨ ਟਾਈਮਜ਼’, ‘ਦਿ ਪਾਇਨੀਅਰ’, ‘ਦਿ ਇਕਨਾਮਿਕ ਟਾਈਮਜ਼’, ‘ਦਿ ਹਿੰਦੂ’, ‘ਸੰਡੇ ਆਬਜ਼ਰਵਰ’, ‘ਦਿ ਨਿਊਜ਼ ਟਾਈਮ’, ‘ਡੈਕਨ ਕਰਾਨੀਕਲ’ ਆਦਿ ਅਖ਼ਬਾਰਾਂ ਵਿਚ ਅਤੇ ‘ਥੀਏਟਰ ਇੰਡੀਆ’, ‘ਇਨੈਕਟ’, ‘ਨਿਊ ਕੁਐਸਟ’, ‘ਕਾਂਟੈਮਪ੍ਰੇਰੀ ਇੰਡੀਅਨ ਲਿਟਰੇਚਰ’, ‘ਰੀਵਿਊ ਆਫ਼ ਅਮੈਰਿਕਨ ਸਟਡੀਜ਼’, ‘ਨਟਰੰਗ’ ਆਦਿਕ ਰਿਸਾਲਿਆਂ ਵਿਚ ਨਿਰੰਤਰ ਤੌਰ ’ਤੇ ਛਪੇ। ਇਕੱਲੇ ‘ਦਿ ਟ੍ਰਿਬਿਊਨ’ ਵਿਚ ਉਨ੍ਹਾਂ ਦੇ ਲਿਖੇ ਸਾਢੇ ਛੇ ਸੌ ਰੀਵਿਊ ਪ੍ਰਕਾਸ਼ਿਤ ਹੋਏ। ਉਹ ਸੁਣੀਆਂ-ਸੁਣਾਈਆਂ ਗੱਲਾਂ ਉੱਤੇ ਆਧਾਰਿਤ ਟਿੱਪਣੀਆਂ ਨਹੀਂ ਸਨ ਕਰਦੇ, ਨਾ ਹੀ ਦਾਲ ਵਿਚੋਂ ਦਾਣਾ ਟੋਹਣ ਵਾਂਗ ਅੱਧ-ਪਚੱਧਾ ਨਾਟਕ ਦੇਖ ਕੇ ਰੀਵਿਊ ਲਿਖਦੇ ਸਨ। ਉਨ੍ਹਾਂ ਰੰਗਮੰਚ ਦੀ ਆਲੋਚਨਾ ਦਾ ਆਕਾਰ, ਮਿਆਰ ਅਤੇ ਸਤਿਕਾਰ ਸਭ ਕੁਝ ਵਧਾਇਆ।

ਸਭ ਤੋਂ ਵੱਡਾ ਮਿਸਾਲੀ ਕਾਰਜ ਇਹ ਹੈ ਕਿ ਉਨ੍ਹਾਂ ਹਿੰਦੋਸਤਾਨ ਭਰ ਦੇ ਲਗਪਗ ਪੰਜ ਸੌ ਨਿਰਦੇਸ਼ਕਾਂ, ਨਾਟਕਕਾਰਾਂ, ਡਿਜ਼ਾਈਨਰਾਂ ਅਤੇ ਕਲਾਕਾਰਾਂ ਦੇ ਇੰਟਰਵਿਊ ਰਿਕਾਰਡ ਕੀਤੇ ਅਤੇ ਨਾਟਕ ਤੇ ਰੰਗਮੰਚ ਸੰਬੰਧੀ ਵੱਡਮੁੱਲੀ ਸਮੱਗਰੀ ਇਕੱਤਰ ਕੀਤੀ ਜਿਸ ਦਾ ਕਿਸੇ ਵਿਅਕਤੀ ਵਾਸਤੇ ਕਿਆਸ ਕਰਨਾ ਵੀ ਮੁਮਕਿਨ ਨਹੀਂ। ਮੈਂ ਹੈਰਾਨ ਹੁੰਦਾ ਹਾਂ ਕਿ ਇਸ ਇਨਸਾਨ ਨੇ ਆਪਣੀ ਰਿਟਾਇਰਮੈਂਟ ਤੋਂ ਬਾਅਦ ਇੰਨਾ ਵੱਡਾ ਕੰਮ ਕਰਨ ਦਾ ਹੀਆ ਕਿੰਝ ਕੀਤਾ ਜਿਸ ਉੱਤੇ ਤੇਰਾਂ ਵਰ੍ਹੇ ਲੱਗੇ। ਇੰਟਰਵਿਊਆਂ ਵਿਚ ਅਬਰਾਹਮ ਅਲਕਾਜ਼ੀ, ਯੂ.ਆਰ. ਆਨੰਤਮੂਰਤੀ, ਸੁਰੇਸ਼ ਅਵਸਥੀ, ਬੀ ਵੀ ਕਾਰੰਥ, ਮੋਹਨ ਮਹਾਂਰਿਸ਼ੀ, ਕੇ ਐਨ ਪਨੀਕਰ ਅਤੇ ਹਬੀਬ ਤਨਵੀਰ ਵਰਗੇ ਮਹਾਂਰਥੀ ਵੀ ਸ਼ਾਮਿਲ ਹਨ। ਡਾਕਟਰ ਆਹੂਜਾ ਨੇ ਟੇਪਾਂ ਨੂੰ ਸੁਣ-ਸੁਣ ਕੇ ਨੋਟਸ ਬਣਾਏ ਅਤੇ ਫਿਰ ‘ਕਾਂਟੈਮਪ੍ਰੇਰੀ ਥੀਏਟਰ ਆਫ਼ ਇੰਡੀਆ: ਐਨ ਓਵਰਵਿਊ’ ਨਾਂ ਦੀ ਪੁਸਤਕ ਨੈਸ਼ਨਲ ਬੁਕ ਟਰੱਸਟ ਦੁਆਰਾ ਪ੍ਰਕਾਸ਼ਿਤ ਕੀਤੀ। ਇਸ ਵਿਚ ਭਾਰਤੀ ਰੰਗਮੰਚ, ਨਾਟਕ, ਕਾਵਿ ਸ਼ਾਸਤਰ, ਸਮਾਜਿਕ ਅਤੇ ਦੂਸਰੇ ਪਰਿਪੇਖਾਂ ਉੱਤੇ ਭਰਵੀਂ ਸਮੱਗਰ ਚਰਚਾ ਹੋਈ ਹੈ। ਇਹ ਇਕੱਲੀ ਪੁਸਤਕ ਹੈ ਜਿਸ ਵਿਚ ਭਾਰਤੀ ਰੰਗਮੰਚ ਦੇ ਸਮੁੱਚੇ ਸੰਸਾਰ ਨੂੰ ਸਮਝਿਆ, ਨਿਖੇੜਿਆ ਅਤੇ ਸਮੇਟਿਆ ਗਿਆ ਹੈ। ਲੇਖਕ ਨੇ ਆਪਣੀ ਸਮੱਗਰੀ ਦੀ ਤਾਰਕਿਕ ਵੰਡ ਕੀਤੀ ਹੈ। ‘ਹਿੰਦੀ ਰੰਗਮੰਚ’, ‘ਧੁਰ ਉੱਤਰ’, ‘ਪੱਛਮ’, ‘ਦੱਖਣ’, ‘ਪੂਰਬ ਤੇ ਉੱਤਰ ਪੂਰਬ’ ਤੋਂ ਇਲਾਵਾ ‘ਗਾਡਜ਼ ਵਿਦਾਊਟ ਹੋਮਜ਼’ ਨਾਂ ਦਾ ਕਾਂਡ ਘੜਿਆ ਜਿਸ ਵਿਚ ਸੰਸਕ੍ਰਿਤ, ਅੰਗਰੇਜ਼ੀ ਅਤੇ ਉਰਦੂ ਨਾਟਕ ਦੀ ਗੱਲ ਕੀਤੀ। ਪੰਜਾਬੀ ਨਾਟਕ ਬਾਰੇ ਵਿਲੱਖਣ ਟਿੱਪਣੀਆਂ ਹਨ ਜਿਨ੍ਹਾਂ ਵਿਚੋਂ ਇਕ ਇਹ ਹੈ ਕਿ ‘‘ਅਪਾਰ ਸੰਭਾਵਨਾਵਾਂ ਨਾਲ ਭਰੇ ਇਸ ਰੰਗਮੰਚ ਵਿਚ ਕਈ ਵਾਰ ਉਭਾਰ ਆਏ। ਕਈ ਮੌਕਿਆਂ ’ਤੇ ਕਮਾਲ ਦੀ ਸ਼ੁਰੂਆਤ ਹੋਈ ਪਰ ਤਿਆਰ ਹੋਈ ਜ਼ਮੀਨ ਸੰਬੰਧਿਤ ਸਾਰਥਕ ਧਿਰਾਂ ਦੀ ਗ਼ੈਰਮੌਜੂਦਗੀ ਵਿਚ ਖੁੱਸ ਜਾਂਦੀ ਰਹੀ ਤੇ ਵਾਰ-ਵਾਰ ਨਵੀਂ ਸ਼ੁਰੂਆਤ ਕਰਨੀ ਪਈ।’’ ਡਾਕਟਰ ਆਹੂਜਾ ਨੂੰ ਕੁੱਲ ਮਿਲਾ ਕੇ ਇਹ ਵੀ ਦੁੱਖ ਸੀ ਕਿ ਭਾਰਤੀ ਰੰਗਮੰਚ ਕੋਲ ਬਹੁਤ ਸੰਜੀਦਾ ਤੇ ਡੂੰਘਾਈ ਵਾਲਾ ਨਾਟਕ ਨਹੀਂ ਹੈ; ਨਾ ਹੀ ਨਾਟਕ ਲਿਖਣ ਦੀ ਕਲਾ ਨੂੰ ਉਤਸ਼ਾਹਤ ਕਰਨ ਦਾ ਕੋਈ ਹੀਲਾ ਹੋਇਆ ਹੈ।

ਉਪਰੋਕਤ ਇੰਟਰਵਿਊ ਡਿਜੀਟਾਈਜ਼ ਕਰਕੇ ਤੀਨ ਮੂਰਤੀ ਹਾਊਸ ਨਵੀਂ ਦਿੱਲੀ ਵਿਚ ਰੱਖੇ ਜਾ ਚੁੱਕੇ ਹਨ। ਇਨ੍ਹਾਂ ਇੰਟਰਵਿਊਆਂ ਉੱਤੇ ਆਧਾਰਿਤ ਦੂਜਾ ਵੱਡਾ ਕੰਮ ਪੁਸਤਕ ‘ਥੀਏਟਰ ਥਿੰਕਿੰਗ ਇਨ ਇੰਡੀਆ’ ਦੇ ਰੂਪ ਵਿਚ ਸਾਰੇ ਵਿਦਵਾਨਾਂ ਅਤੇ ਕਲਾਕਾਰਾਂ ਦੇ ਰੰਗਮੰਚ ਸੰਬੰਧੀ ਵਿਚਾਰਾਂ ਨੂੰ ਵਰਗੀਕਰਨ ਕਰਕੇ ਪੇਸ਼ ਕਰਨਾ ਹੈ। ਕਲਾ, ਸਭਿਆਚਾਰ, ਸੁਹਜ ਸ਼ਾਸਤਰ ਆਦਿ ਵਿਸ਼ਿਆਂ ਤੋਂ ਇਲਾਵਾ ਨਾਟਕ ਅਤੇ ਰੰਗਮੰਚ ਨਾਲ ਸੰਬੰਧਿਤ ਵਿਚਾਰਾਂ ਨੂੰ ਵੱਖ-ਵੱਖ ਸਿਰਲੇਖਾਂ ਹੇਠ ਹੂਬਹੂ ਸੰਮਿਲਿਤ ਕੀਤਾ ਗਿਆ ਹੈ। ਸਮਕਾਲੀ ਲੋਕਾਂ ਤੋਂ ਇਲਾਵਾ ਇਸ ਗ੍ਰੰਥ ਵਿਚ ਰਾਬਿੰਦਰਨਾਥ ਟੈਗੋਰ, ਵਿਜੇ ਤੈਂਦੂਲਕਰ, ਉਤਪਲ ਦੱਤ ਤੇ ਬਾਦਲ ਸਿਰਕਾਰ ਵਰਗੇ ਵਿੱਛੜ ਚੁੱਕੇ ਵੱਡਿਆਂ ਦੇ ਵਿਚਾਰ ਵੀ ਹਨ ਜਿਹੜੇ ਲੇਖਕ ਨੇ ਉਨ੍ਹਾਂ ਦੀਆਂ ਰਚਨਾਵਾਂ ਵਿੱਚੋਂ ਲਏ ਹਨ। ਇਹ ਪੁਸਤਕ ਆਧੁਨਿਕ ਭਾਰਤੀ ਸੁਹਜ-ਸ਼ਾਸਤਰ ਦੀ ਸੋਝੀ ਕਰਵਾਉਂਦੀ ਹੈ। ਇੱਥੇ ਬਸ ਨਹੀਂ, ਉਨ੍ਹਾਂ ਵਿਦਵਾਨਾਂ ਦੇ ਵਿਚਾਰ ਵੀ ਲੱਭਦੇ ਹਨ ਜਿਨ੍ਹਾਂ ਨੂੰ ਉਨ੍ਹਾਂ ਨੇ ਕਿਤੇ ਅੰਕਿਤ ਨਹੀਂ ਕੀਤਾ ਜਿਵੇਂ ਕਿ ਪ੍ਰਸਿੱਧ ਸੰਗੀਤਾਚਾਰੀਆ ਭਾਸਕਰ ਚੰਦਾਵਰਕਰ ਦੇ ਵਿਚਾਰ। ਡਾਕਟਰ ਆਹੂਜਾ ਆਪਣੇ ਜੀਵਨ ਵਿਚ ਬਹੁਤ ਅਪ੍ਰਸੰਨ ਵਿਅਕਤੀ ਸਨ। ਉਨ੍ਹਾਂ ਦਾ ਨਿਰਾਸ਼ਾ ਨਾਲ ਨੇੜਲਾ ਰਿਸ਼ਤਾ ਸੀ ਅਤੇ ਆਪਣੇ ਦੁਆਲੇ ਅਤੇ ਆਪਣੇ-ਆਪ ਨਾਲ ਅਨੇਕ ਸ਼ਿਕਾਇਤਾਂ ਸਨ। ਜਦੋਂ ਮੈਂ ਉਨ੍ਹਾਂ ਦਾ ਨਾਂ ਸੰਗੀਤ ਨਾਟਕ ਅਕਾਦਮੀ ਦੇ ਪੁਰਸਕਾਰ ਸੰਬੰਧੀ ਬੈਠਕ ਵਿਚ ਪੇਸ਼ ਕੀਤਾ ਸੀ ਤਾਂ ਉਹ ਬਹੁਤ ਸੁਖੈਨਤਾ ਅਤੇ ਉਤਸ਼ਾਹ ਨਾਲ ਸਵੀਕਾਰ ਹੋਇਆ ਸੀ ਜਦੋਂਕਿ ਆਮ ਤੌਰ ’ਤੇ ਏਦਾਂ ਨਹੀਂ ਹੁੰਦਾ। ਜਦੋਂ ਮੈਂ ਆਹੂਜਾ ਹੁਰਾਂ ਦਾ ਬਾਇਓਡੈਟਾ ਪੜ੍ਹਿਆ ਤਾਂ ਪ੍ਰਸਿੱਧ ਰੰਗਕਰਮੀ ਭਾਨੂੰ ਭਾਰਤੀ ਨੇ ਆਪਣੇ ਸੁਝਾਏ ਨਾਂ ਨੂੰ ਵਾਪਸ ਲੈ ਲਿਆ। ਫਿਰ ਵੀ ਡਾਕਟਰ ਆਹੂਜਾ ਬਹੁਤੇ ਖ਼ੁਸ਼ ਨਹੀਂ ਸਨ ਹੋਏ। ਉਨ੍ਹਾਂ ਨੂੰ ਲੱਗਦਾ ਸੀ ਜਿਵੇਂ ਉਹ ਜ਼ਿਆਦਾ ਕੰਮ ਕਰ ਸਕਦੇ ਸਨ। ਮੈਂ ਆਪਣੇ ਸੰਬੰਧਾਂ ਦੇ ਆਧਾਰ ’ਤੇ ਇਹ ਨਤੀਜਾ ਕੱਢ ਸਕਦਾ ਹਾਂ ਕਿ ਉਹ ਕਿਸੇ ਵੱਡੀ ਉਦਾਸੀ ਦੇ ਸ਼ਿਕਾਰ ਸਨ। 30-32 ਸਾਲ ਪਹਿਲਾਂ ਮੈਂ ਉਨ੍ਹਾਂ ਨਾਲ ਮੰਗਲ ਢਿੱਲੋਂ ਨਿਰਦੇਸ਼ਿਤ ਨਾਟਕ ‘ਸੰਧਯਾ ਛਾਯਾ’ ਦੇਖਿਆ ਸੀ। ਮੈਨੂੰ ਜਾਪਿਆ ਕਿ ਉਹ ਖ਼ੁਦ ਕਿਸੇ ਨਾ ਕਿਸੇ ਪੱਧਰ ’ਤੇ ਤ੍ਰਸਤ ਸਨ। ਯੂਨੀਵਰਸਟੀ ’ਚੋਂ ਰਿਟਾਇਰ ਹੋਣ ਤੋਂ ਕੁਝ ਵਰ੍ਹੇ ਪਹਿਲਾਂ ਉਨ੍ਹਾਂ ਦੇ ਬਜ਼ੁਰਗ ਮਾਤਾ-ਪਿਤਾ ਦੀ ਮੌਤ ਸੁਭਾਵਿਕ ਗੱਲ ਸੀ। ਪਰ ਕੁਝ ਹੀ ਸਾਲਾਂ ਪਿੱਛੋਂ ਉਨ੍ਹਾਂ ਦਾ ਇਕ ਜਵਾਈ ਜੋਬਨ ਰੁੱਤੇ ਤੁਰ ਗਿਆ। ਉਸ ਤੋਂ ਸਾਲ ਬਾਅਦ ਜਵਾਨ ਪੁੱਤਰ ਅਲਵਿਦਾ ਕਹਿ ਗਿਆ ਤੇ 10-11 ਸਾਲ ਪਹਿਲਾਂ ਜੀਵਨ ਸਾਥਣ ਵੀ ਜੁਦਾ ਹੋ ਗਈ। ਪਿਛਲੇ ਵੀਹ ਸਾਲਾਂ ਤੋਂ ਉਹ ਵੱਖ-ਵੱਖ ਬਿਮਾਰੀਆਂ ਨਾਲ ਜੂਝ ਰਹੇ ਸਨ। ਓ ਨੀਲ, ਸੈਮੂਅਲ ਬੈਕੇ ਅਤੇ ਹੋਰ ਦੁਖਾਂਤ ਨਾਟਕਾਂ ਉੱਤੇ ਕੰਮ ਕਰਨ ਵਾਲੇ ਇਸ ਵਿਦਵਾਨ ਨੂੰ ਵੀ ਦੁੱਖਾਂ ਨੇ ਘੇਰਿਆ ਹੋਇਆ ਸੀ। ਕਾਲਜ ਦੇ ਦਿਨਾਂ ਵਿਚ ਉਰਦੂ ਕਵਿਤਾ ਲਿਖਣ ਵਾਲੇੇ 75 ਸਾਲਾ ਲੇਖਕ ਨੇ ਦੁਬਾਰਾ ਉਰਦੂ ਸ਼ਾਇਰੀ ਦੀ ਸ਼ਰਨ ਲਈ ਤੇ 5-6 ਉਰਦੂ ਪੁਸਤਕਾਂ ਦਾ ਪ੍ਰਕਾਸ਼ਨ ਕੀਤਾ। ਉਨ੍ਹਾਂ ਦੀ ਕਵਿਤਾ ਦਾ ਮੁੱਖ ਵਿਸ਼ਾ ਵੀ ਮੌਤ ਹੈ: ਮੁਝ ਕੋ ਤੋ ਥੀ ਨਾ ਜਲਦੀ, ਸ਼ਾਯਦ ਖ਼ੁਦਾ ਕੋ ਥੀ ਕਬਲ ਮੇਰੀ ਮੌਤ ਕੇ ਹੀ ਭੇਜ ਦੀ ਕਯਾਮਤ ਇਸ ਉਦਾਸੀ ਕਾਰਨ ਹੀ ਉਨ੍ਹਾਂ ਦੀ ਦੋਸਤੀ ਦਾ ਘੇਰਾ ਬਹੁਤ ਸੀਮਤ ਸੀ। ਉਹ ਆਪਣੇ ਕੰਮ ਨਾਲ ਮਤਲਬ ਰੱਖਦੇ ਸਨ। ਇਸੇ ਲਈ ਸਾਰੀ ਉਮਰ ਸਿਰ ਸੁੱਟ ਕੇ ਲੱਗੇ ਰਹੇ। ਇਕ ਟਰੱਸਟ ਦੀ ਗ੍ਰਾਂਟ ਨਾਲ ਇੰਗਲੈਂਡ ਜਾ ਕੇ ਸੈਮੂਅਲ ਬੈਕੇ ’ਤੇ ਕੰਮ ਕੀਤਾ, ਅਮੈਰਿਕਨ ਸਟੱਡੀਜ਼ ਰਿਸਰਚ ਸੈਂਟਰ ਵਿਚ ਉਹ ਸਕਾਲਰ ਇਨ ਰੈਜ਼ੀਡੈਂਸ ਰਹੇ, ਇੰਡੀਅਨ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀਜ਼ ਨੇ ਐਸੋਸੀਏਟ ਬਣਾਇਆ, ਸੰਗੀਤ ਨਾਟਕ ਅਕਾਦਮੀ ਨੇ ਆਪਣਾ ਵਕਾਰੀ ਸਨਮਾਨ ਦਿੱਤਾ, ਭਾਰਤ ਸਰਕਾਰ ਨੇ ਸੀਨੀਅਰ ਫ਼ੈਲੋਸ਼ਿਪ ਦਿੱਤੀ ਤੇ ਯੂ ਜੀ ਸੀ ਨੇ ਇਕ ਮੇਜਰ ਪ੍ਰਾਜੈਕਟ ਦਿੱਤਾ। ਮੇਰੇ ਨਾਲ ਉਨ੍ਹਾਂ ਦੀ ਗੂੜ੍ਹੀ ਸਾਂਝ ਅਤੇ ਮਿੱਤਰਤਾ ਸੀ। ਮੈਂ ਜਾਣਦਾ ਹਾਂ ਕਿ ਉਹ ਕਈ ਹੋਰ ਗੱਲਾਂ ਤੋਂ ਵੀ ਉਦਾਸ ਰਹਿੰਦੇ ਜਿਵੇਂ ‘ਲੋਕ ਪੜ੍ਹਦੇ ਨਹੀਂ’, ‘ਪ੍ਰਕਾਸ਼ਕ ਛਾਪਦੇ ਨਹੀਂ’, ‘ਦਫ਼ਤਰ ਚਿੱਠੀਆਂ ਦਾ ਜਵਾਬ ਨਹੀਂ ਦੇਂਦੇ’, ‘ਵਿਦਿਆਰਥੀ ਤੇ ਅਧਿਆਪਕ ਮਿਹਨਤ ਨਹੀਂ ਕਰਦੇ’ ਆਦਿ। ਉਹ ਅਜਿਹੀਆਂ ਹਕੀਕਤਾਂ ਅਤੇ ਵਿਸੰਗਤੀਆਂ ਦੇ ਭੰਨੇ ਹੋਏ ਸਨ। ਪਰ ਹੈਰਤ ਇਸ ਗੱਲ ਦੀ ਹੈ ਕਿ ਇਸ ਘੋਰ ਉਦਾਸੀ ਦੇ ਬਾਵਜੂਦ ਉਨ੍ਹਾਂ ਇਮਾਨਦਾਰ ਅਤੇ ਬੇਲਾਗ ਮਿਹਨਤ ਦਾ ਪੱਲਾ ਨਹੀਂ ਛੱਡਿਆ ਅਤੇ ਇਕ ਬੇਮਿਸਾਲ ਇਤਿਹਾਸ ਰਚਿਆ ਜਿਵੇਂ ਉਦਾਸੀ ਹੀ ਉਨ੍ਹਾਂ ਦੀ ਊਰਜਾ ਹੋਵੇ। ਉਹ ਪਿਛਲੇ ਛੇ ਮਹੀਨੇ ਤੋਂ ਲਗਾਤਾਰ ਮੈਨੂੰ ਕਹਿ ਰਹੇ ਸਨ ਕਿ ‘‘ਹੁਣ ਕਰਨ ਵਾਲਾ ਕੁਝ ਨਹੀਂ ਬਚਿਆ, ਚਲੇ ਜਾਣਾ ਚਾਹੀਦਾ ਹੈ।’’ ਪੈਂਤੀ ਸਾਲ ਪਹਿਲਾਂ ਉਨ੍ਹਾਂ ਦੇ ਨਾਲ ‘ਸੰਧਯਾ ਛਾਯਾ’ ਮੰਚ ਉੱਤੇ ਦੇਖਿਆ ਸੀ, ਹੁਣ ਜੀਵਨ ਵਿਚ ਉਨ੍ਹਾਂ ਤੋਂ ਬਗੈਰ ਦੇਖ ਰਿਹਾ ਹਾਂ। ਪਰ ਉਨ੍ਹਾਂ ਨੂੰ ਜਿਹੜੀ ਗੱਲ ਮੈਂ ਪੂਰੇ ਜ਼ੋਰ ਨਾਲ ਕਹਿੰਦਾ ਹੁੰਦਾ ਸੀ, ਅੱਜ ਦੁਹਰਾਉਂਦਾ ਹਾਂ ਕਿ ਵਿਦਵਤਾ ਦੀ ਕਦੇ ਸ਼ਾਮ ਨਹੀਂ ਹੁੰਦੀ। ਉਸਦਾ ਸੂਰਜ ਹਮੇਸ਼ਾ ਚੜ੍ਹਿਆ ਰਹਿੰਦਾ ਹੈ। ਇਸ ਲਈ ਮੇਰਾ ਵਿਸ਼ਵਾਸ ਹੈ ਕਿ ਚਮਨ ਆਹੂਜਾ ਦੇ ਲਿਖੇ ਸ਼ਬਦ ਸਦਾ ਮੁੱਲਵਾਨ ਰਹਿਣਗੇ।

ਸੰਪਰਕ: 98760-18501

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All