ਰੁੱਖ ਤੇ ਰਿਸ਼ੀ: ਆਦਰਸ਼ ਮਾਨਵ ਦੀ ਤਲਾਸ਼

ਰੁੱਖ ਤੇ ਰਿਸ਼ੀ: ਆਦਰਸ਼ ਮਾਨਵ ਦੀ ਤਲਾਸ਼

ਪ੍ਰੋ. ਸੁਹਿੰਦਰ ਬੀਰ

ਪ੍ਰੋ. ਸੁਹਿੰਦਰ ਬੀਰ

ਅਠਾਰਾਂ ਸਾਲ ਪਹਿਲਾਂ ਡਾ. ਹਰਿਭਜਨ ਸਿੰਘ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਜਗਤ ਨੂੰ ਪਿਆ ਘਾਟਾ ਅਜੇ ਤੱਕ ਪੂਰਿਆ ਨਹੀਂ ਗਿਆ। ਡਾ. ਹਰਿਭਜਨ ਸਿੰਘ ਦੀ ਸ਼ਖ਼ਸੀਅਤ ਬਹੁ-ਪਾਸਾਰੀ ਅਤੇ ਜਟਿਲ ਸੀ। ਇਸੇ ਕਰਕੇ ਉਨ੍ਹਾਂ ਨੇ ਸਾਹਿਤ ਦੀਆਂ ਵਿਭਿੰਨ ਵਿਧਾਵਾਂ ਵਿਚ ਸਿੱਕੇਬੰਦ, ਮਿਆਰੀ ਅਤੇ ਇਤਿਹਾਸਕ ਸਿਰਜਨਾਤਮਕ ਅਤੇ ਸਮੀਖਿਆਤਮਕ ਕਾਰਜ ਕੀਤਾ। 1920 ਤੋਂ 1950-55 ਤਕ ਉਨ੍ਹਾਂ ਦੇ ਜੀਵਨ ਵਿਚ ਸੰਘਰਸ਼ ਦੇ ਸਾਲ ਸਨ ਜਿਨ੍ਹਾਂ ਨੇ ਉਨ੍ਹਾਂ ਨੂੰ ਕਰਮਸ਼ੀਲ ਵਿਅਕਤੀ ਵਜੋਂ ਪੇਸ਼ ਕੀਤਾ।

‘ਮਾਏ ਨੀ ਕਿ ਅੰਬਰਾਂ ’ਚ ਰਹਿਣ ਵਾਲੀਏ! ਸਾਨੂੰ ਚੰਨ ਦੀ ਗਰਾਹੀ ਦੇ ਦੇ’ ਕਹਿ ਕੇ ਵਿਛੜੀ ਮਾਂ ਤੋਂ ਆਸ਼ੀਰਵਾਦ ਲੈਣ ਵਾਲਾ ਮਨੁੱਖ ਕਦੇ ਵੀ ਨਿਰਾਸ਼ਾ ਦੇ ਆਲਮ ’ਚ ਨਹੀਂ ਡੁੱਬਿਆ ਸਗੋਂ ਹਮੇਸ਼ਾ ਭਵਿੱਖਮਈ ਸੋਚ ਦਾ ਅਨੁਸਾਰੀ ਹੋ ਕੇ ਆਸ਼ਾਵਾਦੀ ਰਵੱਈਆ ਅਖਤਿਆਰ ਕਰਦਾ ਰਿਹਾ। 1956 ਈ. ਤੋਂ ਬਾਅਦ ਦਾ ਸਮਾਂ ਉਨ੍ਹਾਂ ਦੀ ਸਾਹਿਤਕਾਰੀ ਦੇ ਵਿਕਾਸ ਦਾ ਸਮਾਂ ਸੀ। ਉਨ੍ਹਾਂ ਨੇ ਸਿਰਜਣਾ, ਸਮੀਖਿਆ, ਅਧਿਆਪਨ, ਸੰਪਾਦਨ, ਅਨੁਵਾਦ ਆਦਿ ਬੇਸ਼ੁਮਾਰ ਅਕਾਦਮਿਕ ਕਾਰਜ ਕੀਤੇ।

ਉਨ੍ਹਾਂ ਵੱਲੋਂ ਜੀਵਨ ਦੇ ਅੰਤਲੇ ਵਰ੍ਹਿਆਂ ਵਿਚ ਰਚੀ ਗਈ ਲੰਮੀ ਕਵਿਤਾ ‘ਰੁੱਖ ਤੇ ਰਿਸ਼ੀ’ ਬਾਰੇ ਗੱਲ ਕਰਨੀ ਬਣਦੀ ਹੈ। ਇਸ ਕਾਵਿ ਰਚਨਾ ਨੂੰ 1994 ਵਿਚ ਸਰਸਵਤੀ ਪੁਰਸਕਾਰ ਨਾਲ ਨਿਵਾਜਿਆ ਗਿਆ। ਉਨ੍ਹਾਂ ਦੀ ਕਵਿਤਾ ਦੇ ਮੁੱਢਲੇ ਬੀਜ ਭਾਵਨਾ ਅਤੇ ਪ੍ਰਗੀਤ-ਸ਼ੈਲੀ ਵਿਚੋਂ ਉਤਪੰਨ ਹੋਏ, ਪਰ ਰੁੱਖ ਅਤੇ ਰਿਸ਼ੀ ਵਿਚ ਵਿਚਾਰ ਕਾਵਿਕ ਸ਼ੈਲੀ ਰਾਹੀਂ ਇਸ ਤਰ੍ਹਾਂ ਸੂਤਰਬੱਧ ਕੀਤਾ ਗਿਆ ਹੈ ਕਿ ਮਾਨਵੀ ਆਦਰਸ਼ਾਂ ਦਾ ਵਿਸ਼ਵ ਵਿਆਪੀ ਸਰੂਪ ਵਿਲੱਖਣ ਮਾਡਲ ਦੇ ਰੂਪ ਵਿਚ ਹੋਂਦ ਗ੍ਰਹਿਣ ਕਰਦਾ ਹੈ।

ਇਸ ਕਾਵਿ ਕਿਰਤ ਦੇ ਆਰੰਭ ਵਿਚ ਪ੍ਰਭੂ-ਪਰਮਾਤਮਾ ਨੂੰ ਸਨਮੁੱਖ ਰੱਖ ਕੇ ਆਪਣੀ ਆਤਮਕ ਆਵਾਜ਼ ਨੂੰ ਪ੍ਰਗਟਾਇਆ ਗਿਆ ਹੈ। ਇਸ ਵਿਚ ਮੁੱਖ ਤੌਰ ’ਤੇ ਤਿੰਨ ਸੂਤਰ ਉੱਭਰ ਕੇ ਸਾਹਮਣੇ ਆਉਂਦੇ ਹਨ:. ਸਿਰਜਨਾਤਮਕ ਸਾਧਨਾ; ਮਾਨਵੀ ਅਲਾਪ ਅਤੇ ਰੂਹ ਦੀ ਆਵਾਜ਼; ਲਾਲਸਾਵਾਂ ਤੋਂ ਮੁਕਤੀ ਦੀ ਇੱਛਾ।

ਇਸ ਤੋਂ ਪਹਿਲਾਂ ਅਪ੍ਰਮਾਣਕ ਕਵਿਤਾ ਵਿਚ ਕਵੀ ਇਸ ਵਿਚਾਰ ਦਾ ਇਜ਼ਹਾਰ ਕਰ ਚੁੱਕਾ ਸੀ ਕਿ ਜਿਹੜਾ ਮਨੁੱਖ ਇਸ ਸੰਸਾਰ ਵਿਚ ਕੁਝ ਸਿਰਜਦਾ ਨਹੀਂ, ਉਹ ਅਪ੍ਰਮਾਣਕ ਹੈ। ਪ੍ਰਮਾਣਕ ਮਨੁੱਖ ਬਣਨ ਲਈ ਸਿਰਜਕ ਹੋਣ ਦੀ ਜ਼ਰੂਰਤ ਹੈ। ਅਸਿਰਜਕ ਮਨੁੱਖ ਇਕ ਅਜਿਹੇ ਮਾਨਵ ਦੀ ਤਰ੍ਹਾਂ ਹੈ ਜੋ ਕਿਸੇ ਵੇਲੇ ਵੀ ਇਸ ਸੰਸਾਰ ਵਿਚੋਂ ਹੂੰਝਿਆ ਜਾ ਸਕਦਾ ਹੈ। ਸਿਰਜਣਾ ਲਈ ਸਮਾਧੀ ਲਾਜ਼ਮੀ ਹੈ। ਸਮਾਧੀ ਵਿਚ ਮਨੁੱਖ ਬਾਹਰੀ ਵਾਸਤਵਿਕ ਅਨੁਭਵ ਨੂੰ ਆਤਮਿਕ ਕੁਠਾਲੀ ਵਿਚ ਢਾਲ ਕੇ ਜੀਵਨ ਦੇ ਅਜਿਹੇ ਤੱਤਾਂ ਦੀ ਭਾਲ ਕਰ ਲੈਂਦੇ ਹਨ ਜੋ ਜੀਵਨ ਦਾ ਮੁੱਖ ਸੂਤਰ ਬਣ ਜਾਂਦੇ ਹਨ।

ਦੂਸਰਾ ਨੁਕਤਾ ਮਾਨਵ ਭਲਾਈ ਅਤੇ ਆਤਮਾ ਦੀ ਆਵਾਜ਼ ਦਾ ਹੈ। ਇਹ ਨੁਕਤਾ ਵਿਸ਼ਵ ਵਿਆਪੀ ਸੀਮਾਵਾਂ ਅਤੇ ਆਪਸੀ ਖਿੱਚੋਤਾਣਾ ਨਾਲ ਭਰਪੂਰ ਹੈ। ਕਵੀ ਦੀ ਇੱਛਾ ਮਨੁੱਖ ਦੇ ਅਜਿਹੇ ਸਰੂਪ ਨੂੰ ਪੇਸ਼ ਕਰਨਾ ਹੈ ਜਿੱਥੇ ਰੰਗ, ਨਸਲ, ਜ਼ਾਤ-ਪਾਤ, ਭੂਗੋਲਿਕ ਦਾਇਰੇ ਆਦਿ ਲੋਪ ਹੋ ਜਾਣ। ਕਵੀ ਰੂਹ ਦੀ ਆਵਾਜ਼ ਨੂੰ ਮਨੁੱਖੀ ਪਰਖ ਦਾ ਵੱਡਾ ਮਾਪਦੰਡ ਬਣਾਉਂਦਾ ਹੈ। ਕਵੀ ਦਾ ਯਤਨ ਮਨੁੱਖੀ ਵਿਤਕਰਿਆਂ-ਵਖਰੇਵਿਆਂ ਤੋਂ ਮੁਕਤੀ ਹਾਸਿਲ ਕਰਨਾ ਹੈ। ਕਵੀ ਦਾ ਕਾਰਜ ਮਾਨਵੀ ਕਾਰਾਂ-ਵਿਹਾਰਾਂ ਨੂੰ ਸਾਕਾਰਾਤਮਕ ਪੱਖ ਤੋਂ ਦਿਸ਼ਾ ਪ੍ਰਦਾਨ ਕਰਨਾ ਹੁੰਦਾ ਹੈ। ਗੁਰਮਤਿ ਸਾਹਿਤ ਵਿਚ ਹੁਕਮ ਰਜਾਈ ਚਲਣ ਦਾ ਸੰਕਲਪ ਪੇਸ਼ ਹੈ। ਇਹ ਸੰਕਲਪ ਮਨੁੱਖ ਨੂੰ ਰੱਬੀ ਆਵਾਜ਼ ਨਾਲ ਜੋੜਦਾ ਹੈ।

ਇਸ ਕਾਵਿ ਕਿਰਤ ਵਿਚ ਤੀਜਾ ਨੁਕਤਾ ਮਨੁੱਖੀ ਮਨ ਦੀਆਂ ਲਾਲਸਾਵਾਂ ਨਾਲ ਸੰਬੰਧਿਤ ਹੈ। ਮਨੁੱਖ ਸਦਾ ਦੁਨਿਆਵੀ ਵਸਤਾਂ ਦੇ ਜੰਜਾਲ ਵਿਚ ਫਸਿਆ ਰਹਿੰਦਾ ਹੈ। ਕਵੀ ਪਰਮਾਤਮਾ ਅੱਗੇ ਲਾਲਸਾਵਾਂ ਤੋਂ ਮੁਕਤੀ ਹਾਸਿਲ ਕਰਨ ਦੀ ਅਰਜੋਈ ਕਰਦਾ ਹੈ। ਕਵੀ ਆਪਣੀ ਹੀ ਆਤਮਾ ਦੇ ਸਨਮੁੱਖ ਹੋ ਕੇ ਆਪਣੀਆਂ ਕਮੀਆਂ/ਪੇਸ਼ੀਆਂ ਦੇ ਬੋਲ ਪ੍ਰਗਟ ਕਰਦਾ ਹੈ। ਗੁਰਮਤਿ ਫ਼ਲਸਫ਼ੇ ਵਿਚ ਇਨ੍ਹਾਂ ਲਾਲਸਾਵਾਂ ਨੂੰ ਵਿਸ਼ੇ ਵਿਕਾਰਾਂ ਨਾਲ ਸੰਬੋਧਿਤ ਕੀਤਾ ਗਿਆ ਹੈ। ਮਨੋਵਿਗਿਆਨੀਆਂ ਨੇ ਇਨ੍ਹਾਂ ਲਾਲਸਾਵਾਂ ਨੂੰ ਪਸ਼ੂ ਬਿਰਤੀਆਂ ਕਿਹਾ ਹੈ। ਮਨੋਵਿਗਿਆਨੀ ਇਨ੍ਹਾਂ ਭਾਵਨਾਵਾਂ ਨੂੰ ਆਤਮ ਅਤੇ ਬਾਹਰੀ ਹਕੀਕਤ ਨਾਲ ਜੋੜ ਕੇ ਪ੍ਰਕਿਰਤੀ ਅਤੇ ਸੰਸਕ੍ਰਿਤੀ ਦੇ ਤਣਾਉ ਦਾ ਨਾਮ ਦਿੰਦੇ ਹਨ।

ਕਵਿਤਾ ਦੇ ਆਲੋਚਕਾਂ ਦੀ ਇਹ ਮੁੱਖ ਧਾਰਨਾ ਹੈ ਕਿ ਕਵਿਤਾ ਦਾ ਜਨਮ ਪ੍ਰਕਿਰਤੀ ਅਤੇ ਸੰਸਕ੍ਰਿਤੀ ਦੇ ਵਿਰੋਧ ਵਿਚੋਂ ਹੁੰਦਾ ਹੈ। ਮਾਨਵੀ ਪ੍ਰਕਿਰਤੀ ਆਪਣੀ ਸੁਤੰਤਰਤਾ ਅਧੀਨ ਵਿਚਰਨਾ ਚਾਹੁੰਦੀ ਹੈ, ਪਰ ਸਮਾਜ ਨੇ ਸਭਿਅਕ ਜੀਵਨ ਜਿਊਣ ਲਈ ਕੁਝ ਸੀਮਾਵਾਂ ਨਿਸ਼ਚਿਤ ਕੀਤੀਆਂ ਹੁੰਦੀਆਂ ਹਨ। ਮਨੁੱਖ ਨੂੰ ਇਨ੍ਹਾਂ ਸੀਮਾਵਾਂ ਵਿਚ ਹੀ ਵਿਚਰਨ ਦੀ ਮਜਬੂਰੀ ਹੁੰਦੀ ਹੈ। ਮਿਸਾਲ ਵਜੋਂ ਡਾ. ਹਰਿਭਜਨ ਸਿੰਘ ਲਿਖਦੇ ਹਨ:

- ਹੇ ਪਰਮ ਦੇਸ/ ਹੇ ਪਰਮ ਕਾਲ/ ਰੁੱਖ ਦੀ ਸਮਾਧੀ ਹੋ ਜਾਏ ਮੇਰਾ ਜੀਵਨ/ ਹਵਾ ਦੇ ਵਰਕਿਆਂ ਤੇ ਖੁਸ਼ਬੋ ਦੇ ਵਾਕ ਲਿਖਾਂ।

- ਹਰੇ ਹਰੇ ਪੱਤੇ ਮੇਰੇ ਬੋਲ/ ਹੇ ਮਹਾਮੌਨ

ਦੇਵੋ ਮੈਨੂੰ ਚੁੱਪ ਦੀ ਜ਼ੁਬਾਨ

- ਨਕਸ਼ਿਆਂ ’ਚ ਪੋਥੀਆਂ ’ਚ/ ਜੀਵਨ ਦੀ ਲਾਲਸਾ

ਪੱਤਿਆਂ ’ਤੇ ਪਈ ਗਰਦ ਵਾਂਗ ਦਿਉ ਝਾੜ

ਦੁਨੀਆ ਨੇ ਮੇਰੇ ਗਿਰਦ ਵਲੀ ਜੋ ਤੜਾਗੀ

ਉਹਨੂੰ ਤੋੜ ਜਾਣ ਦਿਓ ਬਾਹਰ

ਸਵੈ-ਜੀਵਨੀ-ਪਰਕਤਾ ਦੀ ਵਿਧੀ ਅਨੁਸਾਰ ਲਿਖੀ ਗਈ ਇਸ ਲੰਮੀ ਕਵਿਤਾ ਵਿਚੋਂ ਕਿਸੇ ਨਿਸ਼ਚਿਤ ਬਿਰਤਾਂਤ ਦੀ ਤਲਾਸ਼ ਕਰਨੀ ਬਿਰਥਾ ਹੋਵੇਗੀ। ਬਿਰਤਾਂਤ ਦੇ ਅੰਸ਼ ਜ਼ਰੂਰ ਇਸ ਵਿਚੋਂ ਪ੍ਰਾਪਤ ਹੋ ਸਕਦੇ ਹਨ। ਅਰਾਧਨਾ ਤੋਂ ਬਾਅਦ ਇਹ ਲੰਮੀ ਕਵਿਤਾ ਮੁੱਖ ਖੰਡਾਂ ਵਿਚ ਵੰਡੀ ਗਈ ਹੈ। ਹਰ ਇਕ ਖੰਡ ਦੇ ਕ੍ਰਮਵਾਰ 14, 19, 8, 7, 8, 15 ਉਪ-ਖੰਡ ਹਨ। ਅੰਤਿਕਾ ਵਿਚ ਵੀ ਪੰਜ ਉਪ-ਖੰਡ ਬਣਾਏ ਹਨ। ਇਹ ਲੰਮੀ ਕਵਿਤਾ ਸਵੈ-ਅਲਾਪ ਅਤੇ ਨਾਟਕੀ ਏਕਾਲਾਪ ਦੀ ਸੰਬੋਧਨ ਪ੍ਰਣਾਲੀ ਨੂੰ ਅਪਨਾਉਂਦੀ ਹੈ। ਕਦੇ-ਕਦੇ ਸੰਬੋਧਿਤ ਦਾ ਅਹਿਸਾਸ ਵੀ ਕਰਾਉਂਦੀ ਹੈ। ਕਵੀ ਕਦੇ ਸਵੈ-ਮੁਖ ਹੋ ਕੇ ਆਤਮ ਸੰਵਾਦ ਕਰਨ ਲੱਗਦਾ ਹੈ।

ਰੁੱਖ ਅਤੇ ਰਿਸ਼ੀ ਹਰਿਭਜਨ ਸਿੰਘ ਦੇ ਸਿਖਰਲੇ ਦੌਰ ਦੀ ਰਚਨਾ ਹੈ। ਪਹਿਲੀਆਂ ਕਾਵਿ ਰਚਨਾਵਾਂ ਦੇ ਕੁਝ ਅੰਸ਼ ਬੇਸ਼ੱਕ ਇਸ ਰਚਨਾ ਵਿਚ ਵੀ ਮਿਲ ਜਾਂਦੇ ਹਨ, ਪਰ ਸਮੁੱਚੇ ਤੌਰ ’ਤੇ ਇਹ ਇਕ ਨਿਵੇਕਲੇ ਰਸ ਨਾਲ ਓਤ-ਪੋਤ ਹੈ। ਪੂਰਬੀ ਅਤੇ ਪੱਛਮੀ ਚਿੰਤਨ ਇਸ ਰਚਨਾ ਵਿਚ ਜਟਿਲ ਰੂਪ ਗ੍ਰਹਿਣ ਕਰਦਾ ਹੈ ਤੇ ਮਾਨਵੀ ਹੋਂਦ ਬਾਰੇ ਕੀਤਾ ਗਿਆ ਪ੍ਰਵਚਨ ਗਹਿਰਾਈ ਤੋਂ ਗਹਿਰਾਈ ਵੱਲ ਤੁਰਦਾ ਹੈ। ਫ਼ਲਸਫ਼ਾਨਾ ਅੰਦਾਜ਼ ਵਿਚ ਲਿਖੀ ਗਈ ਇਸ ਕਵਿਤਾ ਦੀ ਥਾਹ ਪਾਉਣੀ ਮੁਸ਼ਕਿਲ ਹੈ। ਇਸ ਕਵਿਤਾ ਵਿਚ ਕਾਵਿ-ਮੈਂ ਜਾਂ ਵਕਤਾ ਰੁੱਖ ਦੇ ਰੂਪਕ ਵਿਚ ਪੇਸ਼ ਹੋਇਆ ਹੈ। ਕਵਿਤਾ ਦੇ ਆਦਿ ਬਿੰਦੂ ’ਤੇ ਮਨੁੱਖ ਮਨੁੱਖ ਨਾਲੋਂ ਫ਼ਾਸਲਾ ਸਥਾਪਿਤ ਕਰਕੇ ਰੁੱਖ ਦੀ ਰਿਸ਼ੀ ਰੂਪੀ ਹਸਤੀ ਨੂੰ ਗ੍ਰਹਿਣ ਕਰਨ ਦੀ ਕਲਪਨਾ ਕਰ ਲੈਂਦਾ ਹੈ। ਮਨੁੱਖ ਅਤੇ ਰੁੱਖ ਇਕ ਦੂਸਰੇ ਵਿੱਚ ਅਭੇਦ ਹੋਏ ਜਾਪਦੇ ਹਨ। ਰੁੱਖ ਅਤੇ ਮਨੁੱਖ ਦੋਵਾਂ ਨੂੰ ਹੀ ਪ੍ਰਾਕ੍ਰਿਤਿਕ ਅਤੇ ਸਾਂਸਕ੍ਰਿਤਿਕ ਚੋਟਾਂ ਸਹਿਣੀਆਂ ਹੀ ਪੈਣੀਆਂ ਹਨ, ਪਰ ਇਨ੍ਹਾਂ ਦੋਹਾਂ ਵਿਚ ਪੁਨਰ ਸੁਰਜੀਤ ਹੋਣ ਦੀ ਭਰਪੂਰ ਸੰਭਾਵਨਾ ਵੀ ਪਈ ਹੁੰਦੀ ਹੈ। ਮਨੁੱਖ ਆਪਣੀ ਜੀਵਨ ਯਾਤਰਾ ਵਿਚ ਪ੍ਰਕਿਰਤੀ ਤੋਂ ਸੰਸਕ੍ਰਿਤੀ ਵੱਲ ਸਫ਼ਰ ਕਰਦਾ ਹੈ ਜਦੋਂਕਿ ਰੁੱਖ ਨਿਰੋਲ ਪ੍ਰਕਿਰਤੀ ਦਾ ਪ੍ਰਤੀਕ ਹੈ। ਹਰਿਭਜਨ ਸਿੰਘ ਦੀ ਕਵਿਤਾ ਵਿਚ ਪਹਿਲਾ ਮੁੱਖ ਨੁਕਤਾ ਪ੍ਰਕਿਰਤੀਮੁਖਤਾ ਦਾ ਹੈ। ਵਿਰੋਧਾਭਾਸ ਇਹ ਹੈ ਕਿ ਰੁੱਖ ਘੇਰੇ ਵਿਚ ਗੱਡਿਆ ਹੁੰਦਾ ਹੈ, ਪਰ ਇਹ ਦੁਨਿਆਵੀ ਘੇਰਿਆਂ ਤੋਂ ਮੁਕਤ ਹੁੰਦਾ ਹੈ। ਧੁੱਪਾਂ ਅਤੇ ਝੱਖੜਾਂ ਸਹਿੰਦਿਆਂ ਰਾਹਗੀਰਾਂ ਨੂੰ ਛਾਂ ਅਤੇ ਫ਼ਲ ਪ੍ਰਦਾਨ ਕਰਦਾ ਹੈ। ਧਰਤ ਮਾਤਾ ਦੇ ਅਖੁੱਟ ਖ਼ਜ਼ਾਨਿਆਂ ਨਾਲ ਭਰਪੂਰ ਰਹਿੰਦਿਆਂ ਦੁਨਿਆਵੀ ਸੀਮਾਵਾਂ ਤੋਂ ਪਾਰ ਵਿਚਰਦਾ ਹੈ। ਇਸ ਦੇ ਵਿਪਰੀਤ ਮਨੁੱਖ ਸਦਾ ਸੰਸਕ੍ਰਿਤਿਕ ਦਾਇਰਿਆਂ ਕਰਕੇ ਹਜ਼ਾਰਾਂ ਸੀਮਾਵਾਂ ਵਿੱਚ ਘਿਰਿਆ ਰਹਿੰਦਾ ਹੈ। ਇਨ੍ਹਾਂ ਸੀਮਾਵਾਂ ਤੋਂ ਪਾਰ ਵਿਚਰਨ ਦੇ ਅਨੇਕਾਂ ਹਵਾਲੇ ਇਸ ਪੁਸਤਕ ਵਿੱਚ ਦਰਜ ਹਨ:

- ਜੂਨਾਂ ਵਿੱਚ ਜੂਨ ਮੇਰੀ ਰੁੱਖ ਹੈ

ਧਰਤੀ ’ਚ ਗੱਡਿਆ ਵੀ ਮੈਂ ਘੇਰਿਆਂ ਤੋਂ ਬਾਹਰ

- ਬੰਦਾ ਨਹੀਂਓ ਰੁੱਖ ਓਏ ਬੰਦਿਆ

ਇਸਦੀ ਛਾਵੇਂ ਬੈਠ ਨਾ ਜਾ

- ਵੇਖ ਕਾਇਨਾਤ ਨੂੰ/ ਮਾਂ ਜਿਵੇਂ ਵੇਖਦੀ ਆਪਣੀ ਕੁੱਖ ਦੇ ਜਾਏ ਨੂੰ

ਬਾਲ ਜਿਵੇਂ ਵੇਖਦੇ ਆਪਣੀ ਜਨਮ-ਦਾਤੀ ਨੂੰ

ਵਿਛਣ ਦੇ ਨਜ਼ਰ ਨੂੰ ਨਿਝੱਕ/ ਸਾਰੇ ਜੀਆ ਜੰਤ ਤੇ

ਵਿਛਦੀ ਸਵੇਰ ਜਿਵੇਂ ਧਰਤੀ ਦੇ ਪਿੰਡੇ ’ਤੇ

ਜਿਵੇਂ ਰੁੱਖ ਬਿਨਾਂ ਕਿਸੇ ਭੇਦਭਾਵ ਸਾਰੀ ਮਾਨਵਤਾ ਨੂੰ ਛਾਂ ਅਤੇ ਫ਼ਲ ਪ੍ਰਦਾਨ ਕਰਦਾ ਹੈ। ਕਵੀ ਨੂੰ ਮਨੁੱਖ ਪਾਸੋਂ ਵੀ ਅਜਿਹੀ ਹੀ ਤਵੱਕੋ ਹੈ। ਉਚੇਰੇ ਸਮਾਜ ਦੀ ਸਥਾਪਨਾ ਲਈ ਉਚੇਰੀਆਂ ਕਦਰਾਂ ਕੀਮਤਾਂ ਵਾਲਾ ਉਸਾਰੂ ਆਦਰਸ਼ ਹੈ, ਵਕਤਾ ਖ਼ੁਦ ਇਸ ਆਦਰਸ਼ ਵੱਲ ਪੁਲਾਂਘ ਪੁੱਟਦਾ ਹੈ। ਡਾ. ਹਰਿਭਜਨ ਸਿੰਘ ਦੀ ਸਮੁੱਚੀ ਕਵਿਤਾ ਵਿਚ ਇਸਤਰੀ, ਦੁੱਖ ਅਤੇ ਮਾਸੂਮੀਅਤ ਨੂੰ ਵਿਸ਼ੇਸ਼ ਸਥਾਨ ਹਾਸਿਲ ਹੋਇਆ ਹੈ। ਇਨ੍ਹਾਂ ਤਿੰਨਾਂ ਦੇ ਪ੍ਰਸੰਗ ਵਿੱਚ ਕਵੀ ਦੀ ਦ੍ਰਿਸ਼ਟੀ ਯਥਾਰਥਕ ਰਹੀ ਹੈ। ਇਹ ਯਥਾਰਥਕ ਦ੍ਰਿਸ਼ਟੀ ਕਵੀ ਨੂੰ ਸੂਝ ਅਤੇ ਗਿਆਨ ਦੀ ਰਾਹੇ ਤੋਰਦੀ ਹੈ। ਮਿਸਾਲ ਵਜੋਂ:

ਮੈਥੋਂ ਦੂਰ ਚਲੇ ਗਿਆਂ ਦੀ ਖੁਸ਼ਬੋਈ

ਮੇਰੇ ਤਕ ਪਹੁੰਚਦੀ ਰਹੀ

ਤੁਰ ਗਿਆ ਨੂੰ ਵਾਜ਼ ਮੈਂ ਨਹੀਂ ਮਾਰੀ ਕਦੇ

ਚਲੇ ਗਿਆ ਸੋ ਚੰਦਨ

ਉਹਦੀ ਸੋਭਾ ਮੇਰੇ ਤਕ ਆਉਂਦੀ ਰਹੀ

ਕਵੀ ਤੁਰ ਗਿਆ ਨੂੰ ਵਾਪਸ ਨਹੀਂ ਬੁਲਾਉਂਦਾ ਸਗੋਂ ਜ਼ਿੰਦਗੀ ਦੀ ਗਹਿਨਤਾ ਨੂੰ ਸਮਝਦਾ ਹੈ। ਦੁੱਖ ਕਵੀ ਨੂੰ ਦਰਸ਼ਨ ਦੇ ਰਾਹ ਤੋਰਦਾ ਹੈ।

ਕਵੀ ਦਾ ਇਕ ਹੋਰ ਮੁੱਖ ਨੁਕਤਾ ਇਹ ਹੈ ਕਿ ਮਨੁੱਖ ਜਨਮ ਲੈਂਦਾ ਹੈ ਤਾਂ ਪ੍ਰਕਿਰਤੀ ਦੇ ਬਹੁਤ ਕਰੀਬ ਹੁੰਦਾ ਹੈ, ਪਰ ਸੰਸਕ੍ਰਿਤੀ ਦੇ ਮੇਲ-ਜੋਲ ਅਤੇ ਵਿਕਾਸ ਨਾਲ ਮਨੁੱਖ ਦੀ ਮਾਸੂਮੀਅਤ ਉੱਪਰ ਨਾਮ, ਰੰਗ, ਨਸਲ, ਜਾਤ ਪਾਤ, ਦੇਸ, ਹੱਦਾਂ ਸਰਹੱਦਾਂ ਆਦਿ ਦੇ ਲੇਪ ਚੜ੍ਹਦੇ ਜਾਂਦੇ ਹਨ ਜੋ ਮਾਨਵੀ ਆਦਰਸ਼ਾਂ ਨੂੰ ਢਾਹ ਲਾਉਂਦੇ ਹਨ। ਉਹ ਲਿਖਦੇ ਹਨ:

- ਜਨਮ ਸਮੇਂ ਹੁੰਦਾ ਆਦਮੀ ਮੂਲ ਪਾਠ

ਰਚਨਾ ਰਚਨਹਾਰ ਦੀ/ ਫੇਰ ਵਾੜਾਂ ਦੀਵਾਰਾਂ

ਨਾਲੇ ਕੰਡੇਦਾਰ ਤਾਰਾਂ ਦੀਆਂ ਭਾਂਤ ਭਾਂਤ ਬੋਲੀਆਂ ’ਚ

ਜਾਂਦਾ ਅਨੁਵਾਦਿਆ/ ਇਕ ਹੀ ਮਨੁੱਖ ਜਿਉਂਦਾ ਏਨਾ ਅਨੁਵਾਦ

ਪਤਾ ਵੀ ਨਾ ਲੱਗਦਾ ਉਹ ਇਕ ਜਾਂ ਰੁੱਖ ਅਨੇਕ

ਕਰਤਾ ਹੈਰਾਨ/ਪਰੇਸ਼ਾਨ ਪਸ਼ੇਮਾਨ

ਇਕ ਹੀ ਆਦਮੀ ਦੀ ਭੀੜ ਵਿੱਚ ਲੱਭਦਾ ਹੈ

ਮੇਰਾ ਮੂਲ਼ ਪਾਠ ਕਿਥੇ ਹੈ?

- ਜ਼ਿੰਦਗੀ ਆਪਣੇ ਤੋਂ ਦੂਰ

ਹੋਰ ਹੋਰ ਦੂਰ/ ਹੁੰਦੇ ਜਾਣ ਦਾ ਸਫ਼ਰ ਹੈ

ਡਾ. ਹਰਿਭਜਨ ਸਿੰਘ ਦੀ ਹਥਲੀ ਰਚਨਾ ਵਿਚ ਰੱਬ ਅਤੇ ਰਿਸ਼ੀ ਇਕ ਦੂਸਰੇ ਵਿਚ ਅਭੇਦ ਕਰਕੇ ਇਹਹਿਰੇ ਅਰਥ ਵਜੋਂ ਵਰਤ ਲਿਆ ਗਿਆ ਹੈ। ਰੱਬ ਦੀ ਪਛਾਣ ਲਈ ਬਾਹਰੀ ਰਸਤੇ ਨਹੀਂ ਸਗੋਂ ਆਤਮਕ ਰਸਤਿਆਂ ਵਿਚੋਂ ਗੁਜ਼ਰਨ ਦੀ ਲੋੜ ਹੁੰਦੀ ਹੈ। ਮਨੁੱਖ ਦਾ ਦੁਖਾਂਤ ਇਹ ਬਣਿਆ ਰਿਹਾ ਹੈ ਕਿ ਰੱਬ ਦੇ ਨਾਮ ’ਤੇ ਆਡੰਬਰ ਰਚਾ ਰਚਾ ਕੇ ਮਨੁੱਖ ਨੂੰ ਅੰਤਰਮੁਖੀ ਦੀ ਬਜਾਏ ਬਾਹਰਮੁਖੀ ਬਣਾ ਲਿਆ ਹੈ। ਕੋਈ ਜ਼ਮਾਨਾ ਸੀ ਜਦੋਂ ਮਨੁੱਖ ਨਿਰੋਲ ਆਤਮਕ ਸਾਧਨਾ ਜ਼ਰੀਏ ਰਿਸ਼ੀ ਦੀ ਪਦਵੀ ਗ੍ਰਹਿਣ ਕਰਦੇ ਸਨ। ਅੱਜ ਰਿਸ਼ੀ ਦੀ ਹੋਂਦ ਕਲਪਨਾ ਅਤੇ ਕਿਤਾਬਾਂ ਵਿਚ ਹੀ ਰਹਿ ਗਈ ਹੈ। ਕਵੀ ਦੀ ਹਥਲੀ ਕਿਰਤ ਵਿੱਚ ਰੁੱਖ ਨੂੰ ਰਿਸ਼ੀ ਦਾ ਦਰਜਾ ਦਿੱਤਾ ਗਿਆ ਹੈ। ਇਨ੍ਹਾਂ ਸਤਰਾਂ ਵਿੱਚ ਰਿਸ਼ੀ ਦਾ ਮੁਹਾਂਦਰਾ ਦੇਖਿਆ ਜਾ ਸਕਦਾ ਹੈ:

- ਰੁੱਖ ਤੋਂ ਵੱਡਾ ਰਿਸ਼ੀ ਹੋਰ ਭਲਾ ਕੌਣ ਹੈ?

ਧੁੱਪਾਂ ਵਿਚ ਪਾਲਿਆਂ ਵਿਚ ਅਚਲ ਸਮਾਧੀ

ਮਹਿਕ ਦਾ ਪ੍ਰਵਚਨ...

ਮੁੜ ਆ, ਰੁਖ ਦੇਵ, ਮੁੜ, ਤੂੰ ਹੀ ਰਿਸ਼ਦੇਵ।

- ਰਿਸ਼ੀ ਪਾਸ ਦਰਸ਼ਨ ਹਿਤ ਜਾਣ ਵਾਲੇ ਬਾਲਕਾ

ਤੇਰੇ ਪਾਸ ਰਿਸ਼ੀ ਅੱਗੇ ਧਰਨ ਜੋਗਾ ਕੀ ਹੈ?

- ਰਿਸ਼ੀ ਉਹ ਰੁੱਖ ਹੈ

ਪੱਤੇ ਜਿਹਦੇ ਕਿਸੇ ਪੀੜ ਨਾਲ ਝੜਦੇ ਨੇ

- ਰੱਬ ਮਹਾਂ-ਮੌਲਿਕਤਾ ਆਪਣੇ ਤੋਂ ਆਪ ਤੱਕ ਯਾਤਰਾ

ਨਵੀਆਂ ਕਿਤਾਬਾਂ ਵਿਚ ਦੂਜਿਆਂ ਦਾ ਦਖਲ ਹੈ

ਰਬ ਮਹਾਮੌਨ ਮਹਾਂ ਏਕਤਾ/ ਪੋਥੀਆਂ ’ਚ ਭੀੜ

ਪੱਤਰਿਆਂ ’ਚ ਰੌਲਾ ਪਿਆ ਕੂਕਦਾ ਅਨੇਕ ਦਾ

ਰਿਸ਼ੀ ਕੋਲ ਜਾਣਾ/ ਆਪਣੇ ਨਿਰੋਲ ਵਿੱਚ ਝਾਕਣਾ

ਛੱਤਾਂ, ਦੀਵਾਰਾਂ ਨਾਲੇ ਕੰਡੇਦਾਰ ਤਾਰਾਂ ਨਾਲ

ਤੋੜ ਰਿਸ਼ਤਾ ਆਪਣਾ/ ਤੇਰੇ ਲਈ ਰੱਬ ਰਿਸ਼ੀ ਰੌਸ਼ਨੀ

ਸਾਰੇ ਹੀ ਨਿਖੁੱਟ ਗਏ

- ਰਿਸ਼ੀ ਦਾ ਮੇਲ ਨਿਰੀ ਸੰਭਾਵਨਾ

ਬੰਦੇ ਦੇ ਪਤਨ ਦੀ ਉਹੋ ਘੜੀ

ਬੰਦੇ ਤੋਂ ਜਦੋਂ ਉਹਦੀ ਖ਼ੁਸ਼ਬੋ ਖੁੱਸ ਜਾਂਦੀ ਹੈ।

ਕਵੀ ਦੀ ਦ੍ਰਿਸ਼ਟੀ ਸੰਸਾਰ ਨੂੰ ਮਾਨਵਤਾ ਦੇ ਉਚੇਰੇ ਆਦਰਸ਼ਾਂ ਨਾਲ ਜੋੜਨ ਦੀ ਕੋਸ਼ਿਸ਼ ਕਰਦੀ ਹੈ ਕਿਉਂਕਿ ਮਨੁੱਖ ਆਪਣੀ ਆਤਮਾ ਵੱਲੋਂ ਬੇਮੁੱਖ ਹੋ ਕੇ ਵਿਸ਼ੇ ਵਿਕਾਰਾਂ, ਨਫ਼ਸ ਜਾਂ ਪਸ਼ੂ ਬਿਰਤੀਆਂ ਅਤੇ ਸੰਕੀਰਣ ਦਾਇਰਿਆਂ ਵਿਚ ਘਿਰਿਆ ਹੋਇਆ ਹੈ। ਇਨ੍ਹਾਂ ਸਭਨਾਂ ਦਾ ਤਿਆਗ ਕਰਕੇ ਮਨੁੱਖ ਨੂੰ ਆਪਣੀ ਮਨੋ-ਕਲਪਨਾ ਵਿਚ ਪ੍ਰਕਿਤੀ ਮੁਖ ਹੋਣਾ ਚਾਹੀਦਾ ਹੈ। ਇਸ ਨਾਲ ਮਾਨਵੀ ਵਿਹਾਰ ਵਿਚ ਪ੍ਰੇਮ ਭਾਵਨਾ ਵਧੇਗੀ ਅਤੇ ਮਨੁੱਖਾਂ ਦੀ ਆਪਸੀ ਕੁੜੱਤਣ ਵੀ ਦੂਰ ਹੋਵੇਗੀ।

ਅੱਜ ਦੇ ਮਨੁੱਖ ਪਾਸ ਉਨ੍ਹਾਂ ਕਰਤੱਵਾਂ ਅਤੇ ਵਿਹਾਰਾਂ ਦੀ ਕਮੀ ਹੈ ਜਿਨ੍ਹਾਂ ਦੇ ਸਹਿਯੋਗ ਨਾਲ ਕੋਈ ਮਾਨਵ ਪ੍ਰਬੁੱਧ ਹਸਤੀ ਨੂੰ ਹਾਸਿਲ ਕਰ ਸਕਦਾ ਹੈ। ਕਵੀ ਨੇ ਇਸ ਵਿਚਾਰ ਨੂੰ ਪ੍ਰਸ਼ਨੋਤਰੀ ਦੇ ਰੂਪ ਵਿੱਚ ਪੇਸ਼ ਕੀਤਾ ਹੈ। ਇਸ ਦਾ ਭਾਵ ਇਹ ਹੈ ਕਿ ਅਜੋਕਾ ਮੁੱਖ ਮਾਨਵੀ ਆਦਰਸ਼ਾਂ ਤੋ ਬੇਮੁਖ ਹੋ ਕੇ ਉਲਟ ਦਿਸ਼ਾ ਵਿਚ ਵਿਚਰ ਰਿਹਾ ਹੈ। ਨਿੱਜੀ ਹਿੱਤਾਂ, ਲਾਲਸਾਵਾਂ, ਤ੍ਰਿਸ਼ਨਾਵਾਂ ਅਤੇ ਵਸਤਾਂ ਦਾ ਸੁਚੇਤ ਤੌਰ ’ਤੇ ਤਿਆਗ ਕਰਨ ਵਾਲੇ ਮਾਨਵ ਅਤੀਤ ਵਿਚ ਵਿਚਰੇ ਹੋਣ ਕਰਕੇ ਮਿੱਥਕ ਚਰਿੱਤਰ ਬਣ ਗਏ ਹਨ। ਉਚੇਰੇ ਮਾਨਵੀ ਆਦਰਸ਼ਾਂ ’ਤੇ ਤੁਰਨ ਵਾਲਿਆਂ ਦਾ ਅਜੋਕੇ ਸਮਿਆਂ ਵਿੱਚ ਮਾਨੋ ਕਾਲ ਹੀ ਪਿਆ ਹੋਇਆ ਹੈ। ਡਾ. ਹਰਿਭਜਨ ਸਿੰਘ ਅਕਸਰ ਕਹਿੰਦੇ ਸਨ ਕਿ ਅਜੋਕੇ ਸਮਿਆਂ ਵਿਚ ਸੁਹਿਰਦਤਾ ਦਾ ਕਾਲ ਪਿਆ ਹੋਇਆ ਹੈ। ਇਹ ਸੁਹਿਰਦਤਾ ਦੀ ਕਮੀ ਹੈ ਜਿਹੜੀ ਮਨੁੱਖ ਦੀ ਮਨੁੱਖ ਨਾਲ, ਮਨੁੱਖ ਦੀ ਸਮੇਂ ਸਥਾਨ ਨਾਲ ਅਤੇ ਮਨੁੱਖ ਦੀ ਆਪਣੇ ਆਪੇ ਨਾਲ ਹੈ। ਅਸੁਹਿਰਦਤਾ ਮਨੁੱਖੀ ਸਮਾਜ ਨੂੰ ਪਤਨ ਵਾਲ ਲੈ ਜਾਂਦੀ ਹੈ। ਅੱਜ ਅਸੀਂ ਦੇਖ ਸਕਦੇ ਹਾਂ ਕਿ ਸਾਰਾ ਵਿਸ਼ਵ ਪ੍ਰਕਿਰਤੀ ਤੋਂ ਬੇਮੁਖਤਾ ਕਰਕੇ ਮਾਨਵੀ ਸੰਕਟਾਂ ਨਾਲ ਜੂਝ ਰਿਹਾ ਹੈ। ਕਵੀ ਮਨੁੱਖ ਦੀ ਚੇਤਨਾ ਨੂੰ ਤਿੱਖਿਆਂ ਕਰ ਸਕਦਾ ਹੈ, ਉਸ ਨੂੰ ਸਹਿਜ ਜਾਂ ਸਮਤੋਲ ਵਿੱਚ ਰਹਿਣ ਲਈ ਸੁਚੇਤ ਕਰ ਸਕਦਾ ਹੈ। ਇਹ ਕਾਰਜ ਡਾ. ਹਰਿਭਜਨ ਸਿੰਘ ਨੇ ਰੁੱਖ ਤੇ ਰਿਸ਼ੀ ਵਿਚ ਕੀਤਾ ਹੈ।

ਰਿਸ਼ੀ ਉਹ ਸਚਿਆਰਾ ਮਨੁੱਖ ਹੈ ਜੋ ਕਿਸੇ ਦੇ ਦਰਦ, ਪੀੜ, ਵੇਦਨਾ, ਦੁੱਖ ਨੂੰ ਆਪਣੀ ਸੰਵੇਦਨਾ ਦਾ ਹਿੱਸਾ ਬਣਾ ਲੈਂਦਾ ਹੈ। ਕਵੀ ਅਨੁਸਾਰ ਮਨੁੱਖ ਦਾ ਰਿਸ਼ੀ ਜਾਂ ਸਚਿਆਰਾ ਮਨੁੱਖ ਬਣਨ ਦਾ ਸੁਪਨਾ ਇਕ ਮਹਾਨ ਆਦਰਸ਼ ਦਾ ਰੂਪ ਹੈ। ਇਸ ਵਿਚ ਉਜਲੇ ਭਵਿੱਖ ਦੀ ਸੰਭਾਵਨਾ ਦੇ ਬੀਜ ਹਨ। ਇਸ ਆਦਰਸ਼ ਵੱਲ ਕਦਮ ਦਰ ਕਦਮ ਤੁਰਨਾ ਚਾਹੀਦਾ ਹੈ। ਬੰਦੇ ਦੇ ਪਤਨ/ਸੰਕਟ ਦਾ ਉਹ ਕਾਲ ਹੁੰਦਾ ਹੈ ਜਦੋਂ ਉਸ ਪਾਸੋਂ ਉਸ ਦੀ ਖੁਸ਼ਬੋ/ਮਹਿਕ ਖੁੱਸ ਜਾਂਦੀ ਹੈ। ਇਹ ਮਹਿਕ ਆਤਮਾ ਦੇ ਖੇੜੇ ਵਿਚ ਹੀ ਹੈ। ਵਿਸ਼ੇ ਵਿਕਾਰਾਂ ਅਤੇ ਸੁਆਰਥ ਦੀ ਦਲਦਲ ਵਿਚ ਮਨੁੱਖ ਆਤਮਿਕ ਸ਼ਾਂਤੀ ਹਾਸਲ ਨਹੀਂ ਕਰ ਸਕਦਾ ਸਗੋਂ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਕੇ ਮਨੋਬਲ ਦੇ ਪੱਖ ਤੋਂ ਕਮਜ਼ੋਰ ਹੋ ਜਾਂਦਾ ਹੈ।

ਸੰਸਾਰ ਵਿੱਚ ਕਿਹੜਾ ਸ਼ਖ਼ਸ ਹੈ ਜੋ ਰਿਸ਼ੀ ਪਦ ਨੂੰ ਆਪਣੀ ਹੋਣੀ ਬਣਾ ਲੈਂਦਾ ਹੈ। ਨਿੱਜੀ ਜੀਵਨ ਦੀਆਂ ਸੁਖ-ਸਹੂਲਤਾਂ ਦਾ ਤਿਆਗ ਕਰਕੇ ਮਨੁੱਖ ਹੋਂਦ ਦੇ ਵਿਰਾਟ ਅਰਥਾਂ ਦੀ ਜਾਣਕਾਰੀ ਲਈ ਸਾਧਨਾ ਕਰਦਾ ਹੈ?

ਕਵੀ ਨੇ ਇਸ ਤੱਥ ਬਾਰੇ ਵੀ ਸੰਕੇਤ ਕੀਤੇ ਹਨ:

- ਹਰ ਰਿਸ਼ੀ ਦੇ ਅਤੀਤ ਵਿੱਚ ਕੋਈ ਜ਼ਖ਼ਮ ਹੈ।

- ਜਿਉਣਾ ਤਾਂ ਧੁੱਪੇ ਕਤਲਾਮ ਵਿਚੋਂ ਲੰਘਦਾ

ਹਰ ਘੜੀ ਜ਼ਖ਼ਮ ਹੈ

ਜ਼ਖ਼ਮ ਚਲੇ ਜਾਏ ਉਹਦਾ ਦਾਗ ਨਹੀਂ ਮਿੱਟਦਾ/ਦਾਗ਼ ਨੂੰ ਪਲੋਸਣ ਦੀ ਲੋੜ ਰਹਿ ਜਾਂਦੀ ਹੈ।

ਹਰਿਭਜਨ ਸਿੰਘ ਸਾਦਗੀ ਨਾਲ ਜੀਵਨ ਨਿਰਬਾਹ ਕਰਨ ਵਾਲਾ ਮਹਾਨ ਸ਼ਖ਼ਸ ਸੀ। ਉਸ ਦੇ ਜਨਮ ਵਾਲੇ ਘਰ ਵਿਚ ਕਿਸੇ ਵਸਤੂ ਦੀ ਕਮੀ ਨਹੀਂ ਸੀ। ਤਿੰਨਾਂ ਭੈਣਾਂ ਦਾ ਚੌਥਾ ਭਰਾ ਸੀ। ਉਸ ਦਾ ਪਿਤਾ ਤਪਦਿਕ ਦਾ ਸ਼ਿਕਾਰ ਹੋ ਗਿਆ। ਪਰਿਵਾਰ ਲਮਡਿੰਗ ਤੋਂ ਲਾਹੌਰ ਆ ਗਿਆ। ਪਿਤਾ ਦਾ ਸਾਇਆ ਪੁੱਤਰ ਨੂੰ ਨਸੀਬ ਨਹੀਂ ਸੀ, ਇਕ ਸਾਲ ਦੇ ਅੰਦਰ ਦੁਨੀਆ ਨੂੰ ਅਲਵਿਦਾ ਕਹਿ ਗਿਆ। ਚਾਰ ਸਾਲ ਦੀ ਉਮਰ ਤੱਕ ਹਰਿਭਜਨ ਸਿੰਘ ਦੀ ਮਾਤਾ ਵੀ ਰੱਬ ਨੂੰ ਪਿਆਰੀ ਹੋ ਗਈ। ਨਾਲ ਹੀ ਦੋ ਭੈਣਾਂ ਦਾ ਸਾਥ ਵੀ ਜਾਂਦਾ ਰਿਹਾ। 4/5 ਸਾਲ ਦਾ ਬਾਲ, ਜਦ ਤੱਕ ਰੁਜ਼ਗਾਰ ਹਾਸਿਲ ਕਰਕੇ ਸਵੈ-ਨਿਰਭਰ ਨਾ ਹੋਇਆ ਨੰਗੇ ਪੈਰਾਂ ਨਾਲ ਜੀਵਨ ਦੇ ਪਥਰੀਲੇ ਪੈਂਡਿਆਂ ਦਾ ਸਫ਼ਰ ਕਰਦਾ ਰਿਹਾ। ਇਸੇ ਹਕੀਕਤ ਨੇ ਕਵੀ ਨੂੰ ਅੰਮੜੀ ਦੇ ਵਿਯੋਗ ਦੇ ਦੁੱਖਾਂ ਤੋਂ ਜਾਣੂੰ ਕਰਾਇਆ: ‘ਮਾਏ ਨੀ ਅੰਬਰਾਂ ’ਚ ਰਹਿਣ ਵਾਲੀਏ ਸਾਨੂੰ ਚੰਨ ਦੀ ਗਰਾਹੀ ਦੇ ਦੇ/ ਸੂਈ ’ਚ ਪਰੋ ਕੇ ਚਾਨਣੀ/ ਸਾਡੇ ਗੰਢ ਦੇ ਨਸੀਬ ਲੰਗਾਰੇ’ ਅਤੇ ਜ਼ਿੰਦਗੀ ਬਾਰੇ ਕਿਹਾ ਕਿ ਇਹ ਇਕ ਸੰਘਰਸ਼ ਹੈ। ਇਸੇ ਅਨੁਭਵ ਨੇ ਕਵੀ ਤੋਂ ਇਹ ਅਖਵਾਇਆ ਕਿ ਹਰ ਰਿਸ਼ੀ ਦੇ ਅਤੀਤ ਵਿਚ ਇਕ ਜ਼ਖ਼ਮ ਹੈ, ਦੁੱਖ ਮਨੁੱਖ ਨੂੰ ਇਕੱਲਾ ਕਰ ਦਿੰਦਾ ਹੈ, ਇਹ ਦੁੱਖ ਕਲਾਕਾਰ ਲਈ ਵਰਦਾਨ ਬਣ ਜਾਂਦਾ ਹੈ। ਇਹ ਵਰਦਾਨ ਹੀ ਕਲਾਕਾਰ ਨੂੰ ਗਿਆਨ ਦੇ ਮਾਰਗ ਦਾ ਅਨੁਸਾਰੀ ਬਣਾ ਦਿੰਦਾ ਹੈ।

ਆਦਰਸ਼ ਮਾਨਵ ਦੀ ਘਾੜਤ ਵਿਚ ਉੱਮੀ ਗੁਰੂ ਦਾ ਵਿਸ਼ੇਸ਼ ਜ਼ਿਕਰ ਵੀ ਇਸ ਕਾਵਿ ਰਚਨਾ ਵਿਚ ਇਕ ਤੋਂ ਵਧੀਕ ਵਾਰ ਹੋ ਗਿਆ ਹੈ। ਉੱਮੀ ਉਹ ਸ਼ਖ਼ਸ ਹੈ ਜਿਸ ਨੇ ਕਿਸੇ ਨੇਮਬੱਧ ਤਰੀਕੇ ਨਾਲ ਅੱਖਰ ਗਿਆਨ ਹਾਸਿਲ ਨਹੀਂ ਕੀਤਾ ਅਤੇ ਉਸ ਦੀ ਮਾਨਸਿਕਤਾ ਉੱਪਰ ਬਾਹਰੀ/ਕਿਤਾਬੀ ਗਿਆਨ ਦੀਆਂ ਤਹਿਆਂ ਨਹੀਂ ਲੱਗੀਆਂ। ਹਰਿਭਜਨ ਸਿੰਘ ਨੇ ਉੱਮੀ ਗੁਰੂ ਨੂੰ ਸਰਬਉੱਚ ਦਰਜਾ ਪ੍ਰਦਾਨ ਕੀਤਾ ਹੈ ਕਿ ਉਹ ਮਾਨਵ ਨੂੰ ਵਿਸ਼ਾਲ, ਸਾਂਝੀਵਾਲਤਾ ਅਤੇ ਪ੍ਰੇਮ ਮਾਰਗ ਰਾਹੀਂ ਅਰਥ ਦੇ ਕੇ ਆਦਰਸ਼ਕ ਸੰਸਾਰ ਦੀ ਸਿਰਜਣਾ ਕਰ ਸਕਦਾ ਹੈ। ਉੱਮੀ ਨਾਲ ਸੰਬੰਧਿਤ ਹਵਾਲੇ ਰੁੱਖ ਤੇ ਰਿਸ਼ੀ ਵਿੱਚ ਦਰਜ ਹਨ:

- ਉਹ ਜੀਹਨੇ ਕਿਤੋਂ ਵੀ ਕੁਝ ਨਾ ਸਿੱਖਿਆ

ਗੁਰੂ ਬਣ ਜਾਂਦੇ ਉਹਦੇ ਥੱਥੇ ਜਿਹੇ ਬੋਲ

ਗੂੰਗੀ ਖ਼ਾਮੋਸ਼ ਹਿਰਾ ਗਾਰ ਵਿਚ

ਖ਼ੁਦ-ਬ-ਖ਼ੁਦ ਬੋਲਦੀ ਸੂਰਤ ਕੁਰਾਨ ਦੀ

ਪਿਆਸ ਲਈ ਜ਼ਰੂਰੀ ਹੈ

ਤਾਲਾਸ਼ ਆਪਣੇ ’ਚ ਗੁਆਚੇ ਕਿਸੇ ਉੱਮੀ ਦੀ।

- ਇਲਮ ਦੀਆਂ ਜ਼ਿੱਦਾਂ ਵਿਚ ਉੱਮੀ ਗੁਆਚ ਗਿਆ

ਅੱਖਰਾਂ ਦੀ ਭੀੜ ਵਿੱਚ।

ਸ਼ਕਲੋ ਬੇਸ਼ਕਲ ਕੋਰਾ ਕਾਗਜ਼ ਮੈਨੂੰ ਮੋੜ ਦਿਓ

- ਗਿਆਨ ਹੈ ਹਨੇਰੇ ’ਚ ਗੁਆਚੇ ਹੋਏ ਰਸਤੇ ਦਾ

ਰੌਸ਼ਨ ਹੋ ਜਾਣਾ/ ਪੈਰਾਂ ਦੀਆਂ ਤਲੀਆਂ ’ਚ

ਅੱਖਾਂ ਦਾ ਉਦੈ ਹੋ ਜਾਣਾ

ਗਿਆਨ ਹੈ ਸਹਿਜ ਹੋ ਜਾਣਾ ਕਰਾਮਾਤ ਦਾ

ਉਪਰੋਕਤ ਕਾਵਿ ਸਤਰਾਂ ਦੇ ਹਵਾਲਿਆਂ ਰਾਹੀ ਉੱਮੀ ਦੀ ਅਹਿਮੀਅਤ ਨੂੰ ਪਛਾਣਿਆ ਜਾ ਸਕਦਾ ਹੈ। ਕਵੀ ਅਨੁਸਾਰ ਇਹ ਉੱਮੀ ਗੁਰ ਹਰ ਮਨੁੱਖ ਦੇ ਅਚੇਤ ਵਿੱਚ ਸਥਿਤ ਹੁੰਦਾ ਹੈ, ਪਰ ਸਮਾਜਿਕ ਸੰਬੰਧਾਂ ਦੇ ਅਦਾਨ-ਪ੍ਰਦਾਨ ਅਤੇ ਇਲਮੀ ਗਿਆਨ ਦੀ ਪ੍ਰਾਪਤੀ ਨਾਲ ਸ਼ੁੱਧ ਆਤਮਕ ਗਿਆਨ ਆਪਣੀ ਸ਼ੁੱਧਤਾ ਗਵਾ ਬੈਠਦਾ ਹੈ। ਅਜਿਹੀ ਭਾਵਨਾ ਦੀ ਤਲਾਸ਼ ਕਰਨੀ ਹੋਵੇ ਤਾਂ ਆਪਣੀ ਅੰਦਰੂਨੀ ਹਸਤੀ ਦੇ ਮੂਲ ਪੰਨੇ ਫਰੋਲਣੇ ਚਾਹੀਦੇ ਹਨ। ਹਰਿਭਜਨ ਸਿੰਘ ਦੀ ਆਪਣੀ ਰਚਨਾ ਵਿਚ ‘ਮੇਰੀ ਘਰਵਾਲੀ/ ਘਰ ਦਾ ਕੂੜਾ ਹੂੰਝ ਗਲੀ ’ਚੋਂ ਬਾਹਰ ਸੁੱਟਦੀ ਹੈ/ ਮੈਂ ਡਰਦਾ ਹਾਂ/ ਮੇਰੀ ਘਰਵਾਲੀ ਕਿਤੇ ਮੈਨੂੰ ਨਾ ਵੇਖ ਲਵੇ’, ਜਾਂ ‘ਮੈਂ ਉਸਦਾ ਹਾਸਾ ਤੱਕਿਆ ਸੀ/ ਸੁਣ ਨਹੀਂ ਸਕਿਆ/ ਕੀਕਣ ਸੁਣਦਾ/ ਸਭ ਹੱਸਦੇ ਵਿਚ ਉਹ ਹੱਸਦਾ ਸੀ’ ਆਦਿ ਸਤਰਾਂ ਵਿਚ ਸਾਧਾਰਨ ਮਨੁੱਖ ਦੀ ਲਘੂ ਹੋਂਦ ਦਾ ਪ੍ਰਗਟਾਵਾ ਹੋਇਆ ਹੈ।

ਹਰਿਭਜਨ ਸਿੰਘ ਨੇ ਆਪਣੇ ਸਿਰਜੇ ਹੋਏ ਇਸੇ ਲਘੂ ਮਾਨਵ ਦੀ ਹੋਂਦ ਵਿਚ ਵਿਰਾਟ ਅਰਥ ਪੈਦਾ ਕੀਤੇ ਹਨ। ਲਘੂ ਮਾਨਵ ਦੀ ਸਿਰਜਣਾ ਆਦਰਸ਼ ਮਾਨਵ ਦੀ ਘਾੜਤ ਵਿਚ ਆਪਣਾ ਅਹਿਮ ਯੋਗਦਾਨ ਪਾ ਸਕਦੀ ਹੈ। ਨਿਖੇਧਾਤਮਕਤਾ ਦੇ ਪਾਸਾਰ ਨੂੰ ਸਾਕਾਰਾਤਮਕ ਰੂਪ ਵਿਚ ਪੇਸ਼ ਕਰਨ ਨਾਲ ਹਰਿਭਜਨ ਸਿੰਘ ਦੀ ਦ੍ਰਿਸ਼ਟੀ ਨਿਰੋਲ ਮੌਲਿਕ ਅਤੇ ਉਸਾਰੂ ਬਣਦੀ ਹੈ। ਇਹ ਆਪਣੀ ਤਾਰਕਿਕਤਾ ਵਿਚ ਵੀ ਅਸਰਦਾਇਕ ਪ੍ਰਤੀਤ ਹੁੰਦੀ ਹੈ।

ਰੁੱਖ ਤੇ ਰਿਸ਼ੀ ਵਿਚ ਵਰਤੇ ਗਏ ਸਾਰੇ ਚਿਹਨ ਸਚਿਆਰੀ ਹੋਂਦ (super ego) ਦੇ ਪ੍ਰਮਾਣਕ ਰੂਪ ਬਣਦੇ ਹਨ। ਕਵੀ ਨੇ ਮਨੁੱਖ ਅੰਦਰ ਉਸਦੀ ਸਚਿਆਰੀ ਹੋਂਦ ਨੂੰ ਜਗਾ ਕੇ ਇਕ ਆਦਰਸ਼ ਮਾਨਵ ਦਾ ਬਿੰਬ ਦਿਖਾਇਆ ਹੈ। ਇਹ ਯਤਨ ਬਹੁਤ ਹੀ ਸਾਰਥਕ ਹੈ। ਸਾਹਿਤਕਾਰੀ ਦੇ ਖੇਤਰ ਵਿਚ ਇਹ ਕਾਵਿ ਕਿਰਤ ਸਨਾਤਨੀ ਸਾਹਿਤ ਦੇ ਸਰਮਾਏ ਵਿਚ ਵਾਧਾ ਕਰਨ ਵਾਲੀ ਮਹਾਨ ਰਚਨਾ ਹੈ।

ਸੰਪਰਕ: 98552-04102

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All